ਜਦੋਂ ਕਿਸੇ ਜੋੜੀ ਦਾ ਨਵਾਂ-ਨਵਾਂ ਵਿਆਹ ਹੁੰਦਾ ਹੈ ਤਾਂ ਪਤੀ ਦੀ ਇੱਛਾ ਹੁੰਦੀ ਹੈ ਕਿ ਪਤਨੀ ਪੇਕੇ ਘਰ ਘੱਟ ਤੋਂ ਘੱਟ ਜਾਵੇ। ਦੂਜੇ ਪਾਸੇ ਪਤਨੀ ਵਾਰ-ਵਾਰ ਜ਼ਿੱਦ ਕਰਦੀ ਹੈ ਕਿ ਪੇਕੇ ਛੱਡ ਆਓ। ਪਤੀ ਬਥੇਰੀਆਂ ਲੇਲ੍ਹੜੀਆਂ ਕੱਢਦਾ, ''... ਭਾਗਵਾਨੇ ਤੇਰੇ ਬਿਨਾਂ ਦਿਲ ਨਹੀਂ ਲੱਗਦਾ.... ਪੂਰੇ ਘਰ 'ਚ ਸੁੰਨ ਪਈ ਰਹਿੰਦੀ ਏ... ਇਕੱਲਪੁਣਾ ਵੱਢ-ਵੱਢ ਖਾਂਦਾ ਏ...।'' ਕਦੇ-ਕਦੇ ਬਿਰਹਾ ਵਿਚ ਤੜਫ ਕੇ ਆਪ-ਮੁਹਾਰੇ ਹੀ ਪਤੀ ਦੀ ਜੀਭ ਤੋਂ ਗੀਤ ਤਿਲਕ-ਤਿਲਕ ਪੈਂਦੈ, ''.....ਤੇਰੇ ਬਗੈਰ ਜ਼ਿੰਦਗੀ ਕੀ ਕਰਾਂਗਾ ਮੈਂ...'' ਪਤੀ ਭਾਵੇਂ ਸੁਰ ਵਿਚ ਗਾਏ ਭਾਵੇਂ ਬੇਸੁਰਾ ਪਰ ਪਤਨੀ 'ਤੇ ਕੋਈ ਪ੍ਰਭਾਵ ਨਹੀਂ ਪੈਂਦਾ। ਆਪਣੀ ਮਰਜ਼ੀ ਆਈਏ-ਜਾਈਏ ਧਾਰਨਾ 'ਤੇ ਦ੍ਰਿੜ੍ਹਤਾ ਨਾਲ ਪਹਿਰਾ ਦਿੱਤਾ ਜਾਂਦਾ।
ਪਤੀ-ਪਤਨੀ ਉਹੀ ਹੁੰਦੇ ਨੇ ਪਰ ਤਿੰਨ-ਚਾਰ ਸਾਲ ਬਾਅਦ ਸਾਰੀ ਸਥਿਤੀ ਉਲਟ ਹੋ ਜਾਂਦੀ ਹੈ। ਨਿਆਣੇ ਹੋਣ ਤੋਂ ਬਾਅਦ ਤਾਂ ਨਜ਼ਾਰਾ ਹੋਰ ਵੀ ਦਿਲਚਸਪ ਹੁੰਦਾ ਜਾਂਦਾ ਹੈ ਪਰ ਵਿਚਾਰਾ ਪਤੀ ਫਿਰ ਵੀ ਤਰਲੇ, ਹਾੜੇ ਤੇ ਲੇਲ੍ਹੜੀਆਂ ਹੀ ਕੱਢਦਾ ਹੈ। ਇਸ ਵਾਰ ਉਹ ਪੇਕੇ ਜਾਣ ਤੋਂ ਰੋਕਣ ਲਈ ਨਹੀਂ ਸਗੋਂ ਪੇਕੇ ਜਾਣ ਲਈ ਕਹਿੰਦਾ ਹੈ। ਥੋੜ੍ਹੇ ਦਿਨ ਆਪਣਾ ਖਹਿੜਾ ਛੁਡਾਉਣ ਲਈ ਪਤਨੀ ਨੂੰ ਆਨੇ-ਬਹਾਨੇ ਪੇਕੇ ਜਾਣ ਲਈ ਤਿਆਰ ਕਰਦਾ ਹੈ। ''....ਆਪਣੀ ਮਾਂ ਨੂੰ ਤਾਂ ਮਿਲ ਆਉਣਾ ਸੀ....ਨਿਆਣੇ ਰੋਜ਼ ਕਹਿੰਦੇ ਆ ਕਿ ਮਾਮੂ ਘਰ ਜਾਣਾ....ਤੇਰੇ ਭਰਾ ਦਾ ਫੋਨ ਆਇਆ ਸੀ ਕਿ ਭੈਣ ਨੂੰ ਛੱਡ ਜਾਓ....ਦੋ ਦਿਨ ਨਿਆਣਿਆਂ ਨੂੰ ਆਊਟਿੰਗ ਹੀ ਕਰਵਾ ਲਿਆ... ਤੇਰੇ ਡੈਡੀ ਨਾਲ ਫੋਨ 'ਤੇ ਗੱਲ ਹੋਈ ਸੀ ਕਿ ਕੁੜੀ ਤੇ ਨਿਆਣਿਆਂ ਨੂੰ ਚਾਰ ਦਿਨ ਛੱਡ ਜਾਓ, ਚਿੱਤ ਹੋਰ ਹੋ ਜੂ....।''
ਕੀ ਮਜ਼ਾਲ ਐ ਪਤਨੀ ਦੀ ਕਿ ਪਤੀ ਦੀ ਕਿਸੇ ਵੀ ਸਕੀਮ ਨੂੰ ਕਾਮਯਾਬ ਹੋਣ ਦੇਵੇ। ਇਕ ਦੀਆਂ ਚਾਰ ਠੁੱਸ ਕਰ ਦਿੰਦੀ ਹੈ। ਐਨੀਆਂ ਜ਼ਬਰਦਸਤ ਦਲੀਲਾਂ ਕਿ ਪਤੀ ਵਿਚਾਰਾ ਅੱਗੋਂ ਕੁਸਕਦਾ ਤਕ ਨਹੀਂ। ''.... ਮਾਂ ਨਾਲ ਰੋਜ਼ ਘੰਟਾ-ਘੰਟਾ ਫੋਨ 'ਤੇ ਗੱਲ ਹੁੰਦੀ ਆ, ਕਿਤੇ ਉਦਾਸ ਨਹੀਂ ਹੋਈ ਬੈਠੀ ਮੇਰੇ ਬਿਨਾਂ... ਨਿਆਣਿਆਂ ਦੀ ਪੜ੍ਹਾਈ ਨਹੀਂ ਖਰਾਬ ਕਰਨੀ....ਟਿਊਸ਼ਨ ਥੋੜਾ ਮਿਸ ਕਰਨੀ ਆ... ਨਿਆਣਿਆਂ ਦੇ ਹਾਊਸ ਟੈਸਟ ਚੱਲਦੇ ਆ.... ਮੈਂ ਚਲੀ ਗਈ ਤਾਂ ਪਿੱਛੋਂ ਤੁਹਾਡਾ ਖਿਆਲ ਕੌਣ ਰੱਖੂ?.... ਤੁਹਾਡੇ ਬਿਨਾਂ ਨਿਆਣਿਆਂ ਦਾ ਵੀ ਦਿਲ ਨਹੀਂ ਲੱਗਣਾ... ਉਥੇ ਜਾ ਕੇ ਨਿਆਣੇ ਭੂਤਰ ਜਾਂਦੇ ਨੇ ਲਾਡ-ਪਿਆਰ ਵਿਚ... ਗਰਮੀਆਂ ਦੀਆਂ ਛੁੱਟੀਆਂ ਵਿਚ ਦੇਖਾਂਗੀ ਇਕ-ਅੱਧਾ ਦਿਨ ਜਾ ਆਵਾਂਗੀ।''
ਪਤੀ ਜੀ ਅੱਗੋਂ ਬਥੇਰੇ ਤਰਕ ਦਿੰਦੇ ਕਿ ਨਰਸਰੀ, ਕੇ. ਜੀ. ਦੀ ਪੜ੍ਹਾਈ ਦਾ ਕਾਹਦਾ ਨੁਕਸਾਨ.... ਮੈਂ ਪਿੱਛੋਂ ਆਪਣਾ ਖਿਆਲ ਆਪੇ ਰੱਖ ਲਵਾਂਗਾ ਪਰ ਸਭ ਬੇਕਾਰ।
ਉਡੀਕਦਿਆਂ-ਉਡੀਕਦਿਆਂ ਗਰਮੀ ਦੀਆਂ ਛੁੱਟੀਆਂ ਵੀ ਆ ਗਈਆਂ ਪਰ ਉਤੋਂ ਸਕੂਲਾਂ ਵਾਲਿਆਂ ਦੇ ਖੇਖਣ ਰਸਤੇ 'ਚ ਰੋੜੇ ਖਿਲਾਰਨ ਦਾ ਕੰਮ ਕਰਨੋਂ ਬਾਜ਼ ਨਹੀਂ ਆਉਂਦੇ। ਕਦੇ ਸਮਰ ਕੈਂਪ, ਕਦੇ ਐਕਸਟਰਾ ਕਲਾਸਾਂ, ਕਦੇ ਭੰਗੜਾ ਤੇ ਕਦੇ ਡਾਂਸ ਪ੍ਰੈਕਟਿਸ। ਬੰਦੇ ਨੂੰ ਉਂਝ ਹੀ ਵੱਟ ਚੜ੍ਹਦਾ ਕਿ ਇਹ ਸਕੂਲਾਂ ਵਾਲੇ ਦੁੱਧ-ਮੂੰਹੇ ਬੱਚਿਆਂ ਨੂੰ ਐਨੀ ਗਰਮੀ ਵਿਚ ਖਬਰੇ ਕਿਹੜੀਆਂ ਐਕਸਟਰਾ ਗਤੀਵਿਧੀਆਂ ਕਰਵਾਉਂਦੇ ਆ, ਜਿਹੜੀਆਂ ਪੂਰੇ ਸਾਲ 'ਚ ਸਕੂਲ ਸਮੇਂ ਨਹੀਂ ਹੋਣੀਆਂ।
ਰਿਵਾਜ ਅਤੇ ਪੰ੍ਰਪਰਾ ਹੀ ਸਹੀ ਜਦੋਂ ਘਰਵਾਲੀ ਪੇਕੇ ਜਾਣ ਲਈ ਤਿਆਰ ਹੁੰਦੀ ਹੈ ਤਾਂ ਪਤੀ ਦੌੜ-ਦੌੜ ਕੇ ਤਿਆਰੀ ਕਰਵਾਉਂਦਾ ਹੈ। ਬੜੇ ਚਾਵਾਂ ਨਾਲ ਨਿਆਣੇ ਤਿਆਰ ਕਰਦਾ ਹੈ। ਕੱਪੜੇ ਲੱਭ-ਲੱਭ ਕੇ ਬੈਗਾਂ 'ਚ ਤੂੜਦਾ ਹੈ। ਨਿਆਣਿਆਂ ਦੇ ਛੁੱਟੀਆਂ ਦੇ ਕੰਮ ਦੀਆਂ ਕਾਪੀਆਂ-ਕਿਤਾਬਾਂ ਚਿਣ-ਚਿਣ ਕੇ ਪੈਕ ਕਰਦਾ ਹੈ। ਐਨੀ ਖੁਸ਼ੀ ਤਾਂ ਪਤੀ ਨੂੰ ਉਦੋਂ ਨਹੀਂ ਹੋਈ ਹੋਣੀ, ਜਦੋਂ ਬਾਰਾਤ ਲੈ ਕੇ ਗਿਆ ਹੋਣਾ। ਪਤਨੀ ਨੂੰ ਪੇਕੇ ਛੱਡਣ ਉਪਰੰਤ ਪਤੀ ਦੀ ਕੋਸ਼ਿਸ਼ ਹੁੰਦੀ ਹੈ ਕਿ ਛੇਤੀ ਹੀ ਘਰ ਵਾਪਸੀ ਕਰ ਲਵਾਂ। ਕੀ ਭਰੋਸਾ ਪਤਨੀ ਦਾ ਕਿ ਹੁਕਮ ਦਾਗ ਦੇਵੇ ਕਿ ਤੁਸੀਂ ਵੀ ਰਾਤ ਰਹਿ ਲਓ ਕੱਲ ਇਕੱਠੇ ਹੀ ਵਾਪਸ ਚੱਲਾਂਗੇ।
ਪਤਨੀ ਨੂੰ ਪੇਕੇ ਛੱਡ ਕੇ ਘਰ ਪਤੀ ਜੀ ਇੰਝ ਮਹਿਸੂਸ ਕਰਦੇ ਨੇ ਜਿਵੇਂ ਸਾਰੇ ਅੰਗਰੇਜ਼ ਭਾਰਤ ਛੱਡ ਕੇ ਜਾ ਚੁੱਕੇ ਹੋਣ। ਪੂਰੀ ਆਜ਼ਾਦੀ, ਸੰਪੂਰਨ ਆਜ਼ਾਦੀ, ਗੁਲਾਮੀ ਦਾ ਨਾਮੋ-ਨਿਸ਼ਾਨ ਹੀ ਨਹੀਂ। ਬੰਦਾ ਸੋਚਦਾ ਕੁਝ ਦਿਨ ਹੀ ਸਹੀ ਵਿਚਾਰੇ ਕੰਨ ਤਾਂ ਥੋੜ੍ਹਾ ਆਰਾਮ ਕਰਨਗੇ। ਰੋਜ਼ਾਨਾ ਦੇ ਬੋਲ ਸੁਣ-ਸੁਣ ਕੇ ਵਿਚਾਰੇ ਕੰਨ ਵੀ ਵੱਜਣ ਲੱਗ ਪਏ ਸੀ।'' .... ਮੈਂ ਕਿਹਾ ਜੀ ਸੁਣਦੇ ਓ...., ਜਦੋਂ ਕੁੱਕਰ ਦੀ ਸੀਟੀ ਵੱਜੇ ਤਾਂ ਗੈਸ ਬੰਦ ਕਰ ਦਿਓ... ਖਬਰਾਂ ਸੁਣਦੇ-ਸੁਣਦੇ ਟੀ. ਵੀ. 'ਚ ਹੀ ਨਾ ਵੜ ਜਾਇਓ.... ਆ ਕਾਕੇ ਨੂੰ ਮਾੜੀ ਜਿਹੀ ਪੋਟੀ ਕਰਵਾਇਓ... ਅਖਬਾਰ 'ਚੋਂ ਖਬਰੇ ਕੀ ਲੱਭਦੇ ਓ ਸਾਰਾ ਦਿਨ, ਨਿਆਣਿਆਂ ਨੂੰ ਨਹਾ ਕੇ ਵਰਦੀ ਪੁਆਇਓ ਜ਼ਰਾ ਕੁ.... ਮੋਬਾਈਲ ਨੂੰ ਪਲੋਸੀ ਜਾਨੇ ਓ, ਨਿਆਣਿਆਂ ਦੀ ਬੱਸ ਦਾ ਟਾਈਮ ਹੋ ਗਿਆ.... ਸਵੇਰੇ-ਸ਼ਾਮ ਫੂਕਾਂ ਮਾਰਦੇ ਓ, ਯੋਗਰਿਸ਼ੀ ਤਾਂ ਨਹੀਂ ਬਣ ਜਾਣਾ, ਕਦੇ ਨਿਆਣਿਆਂ ਨੂੰ ਹੋਮਵਰਕ ਵੀ ਕਰਵਾ ਲਿਆ ਕਰੋ.... ਤੁਹਾਨੂੰ ਕਦੇ ਸਬਜ਼ੀ ਖਰੀਦਣੀ ਨਾ ਆਈ, ਆਹ ਸਾਰੇ ਟਮਾਟਰ ਖਰਾਬ ਨਿਕਲੇ....ਮੇਰੇ ਲਈ ਤਾਂ ਟਾਈਮ ਈ ਹੈਨੀ ਤੁਹਾਡੇ ਕੋਲ... ਮੈਂ ਕਿਹਾ... ਸੁਣਿਆ ਨਹੀਂ... ਇੱਧਰ ਦੇਖਿਓ ਜ਼ਰਾ.. ਇਧਰ ਆਇਓ ਜ਼ਰਾ....।'' ਵਿਚਾਰਾ ਪਤੀ ਰਿਮੋਟ ਵਾਲਾ ਖਿਡੌਣਾ, ਪਤਨੀ ਹੱਥ ਰਿਮੋਟ, ਜਿਸ ਦੇ ਸੈੱਲ ਕਦੇ ਵੀਕ ਨਹੀਂ ਹੁੰਦੇ ਤੇ ਨਾ ਹੀ ਖਤਮ। ਖੁਸ਼ੀ ਜ਼ਿਆਦਾ ਦੇਰ ਨਹੀਂ ਰਹਿੰਦੀ। ਦੋ ਦਿਨਾਂ ਬਾਅਦ ਹੀ ਪੇਕਿਆਂ ਦੇ ਬੈਠੀ ਘਰਵਾਲੀ ਅੰਦਰ ਪਤੀ ਪ੍ਰੇਮ ਜਾਗ ਉੱਠਦਾ ਹੈ। ਫੋਨ 'ਤੇ ਪਤਨੀ ਦਾ ਨੰਬਰ ਦੇਖ ਕੇ ਪਤੀ ਨੂੰ ਲੱਗਦਾ ਜਿਵੇਂ ਖੁਸ਼ੀਆਂ ਨੂੰ ਲਾਂਬੂ ਲੱਗਣ ਵਾਲਾ ਹੋਵੇ। ''ਹੈਲੋ... ਕੀ ਕਰਦੇ ਓ...ਰੋਟੀ ਖਾਧੀ ਟਾਈਮ ਨਾਲ?.. ਦੁੱਧ ਖਰਾਬ ਤਾਂ ਨਹੀਂ ਕਰ ਦਿੱਤਾ?... ਹੁਣ ਅਕਲ ਟਿਕਾਣੇ ਆਈ ਹੋਣੀ ਮੇਰੇ ਬਿਨਾਂ.... ਨਿਆਣਿਆਂ ਦਾ ਦਿਲ ਨਹੀਂ ਲੱਗਦਾ... ਛੋਟੇ ਨੂੰ ਤਾਂ ਕਬਜ਼ੀ ਹੋ ਗਈ ਏ, ਕਹਿੰਦਾ ਪਾਪਾ ਕੋਲੋਂ ਹੀ ਪੋਟੀ ਕਰਨੀ.... ਹੋਮਵਰਕ ਵੀ ਨਹੀਂ ਕਰਦੇ ਪਏ....ਤੁਸੀਂ ਇੱਦਾਂ ਕਰਿਓ, ਕੱਲ ਸਵੇਰੇ ਲੈ ਜਾਓ ਆ ਕੇ....। ਪਤੀ ਵਿਚਾਰਾ ਕੀ ਕਰੇ ਠੰਡਾ ਪਾਣੀ ਪੀ ਮਰੇ...। ਜੋ ਹੁਕਮ ਮੇਰੇ ਆਕਾ ਕਹਿ ਕੇ ਹੁਕਮਾਂ ਦੀ ਇੰਨ-ਬਿਨ ਪਾਲਣਾ ਕਰਦਾ ਹੈ।
ਸਾਥੀਓ ਇਹਨੂੰ ਤਾਂ ਕਹਿੰਦੇ ਨੇ ਦੋਪਹੀਆਂ ਵਾਲੀ ਗੱਡੀ। ਚਲਾਉਣੀ ਤਾਂ ਪੈਣੀ ਹੀ ਹੈ ਜਿਵੇਂ ਮਰਜ਼ੀ ਚਲਾ ਲਓ। ਢੀਚਕ-ਢੀਚਕ ਜਾਂ ਫਿਰ ਚੌਥੇ ਗਿਅਰ 'ਚ...।
—ਪ੍ਰਦੀਪ ਸਿੰਘ ਮੌਜੀ, ਮੁਕੇਰੀਆਂ
ਸੱਤਾਂ ਗੰਨਿਆਂ ਦੀ ਸੁਆਹ
NEXT STORY