ਇਤਿਹਾਸਕ ਇਮਾਰਤਾਂ, ਪ੍ਰਾਚੀਨ ਗਲੀਆਂ, ਵਿਲੱਖਣ ਮਿਊਜ਼ੀਅਮ ਅਤੇ ਗੈਲਰੀ, ਅਨੋਖੇ ਟਿਵੋਲੀ ਪਾਰਕ ਅਤੇ ਸ਼ਾਹੀ ਘਰਾਂ ਦੇ ਨਜ਼ਾਰੇ ਨਾਲ ਭਰਪੂਰ ਪ੍ਰਾਚੀਨ ਅਤੇ ਨਵੀਆਂ ਤਕਨੀਕਾਂ ਨੂੰ ਸਮੇਟੀ ਬੈਠਾ ਕੋਪਨਹੇਗਨ ਨਾ ਸਿਰਫ ਡੈਨਮਾਰਕ ਦੀ ਰਾਜਧਾਨੀ ਹੈ, ਸਗੋਂ ਦੁਨੀਆ 'ਚ ਆਪਣਾ ਇਕ ਵਿਸ਼ੇਸ਼ ਸਥਾਨ ਵੀ ਰੱਖਦਾ ਹੈ। ਅੱਜ ਦਾ ਕੋਪਨਹੇਗਨ ਆਧੁਨਿਕਤਾ ਦੇ ਨਾਲ ਆਪਣੇ ਅਤੀਤ ਨੂੰ ਵੀ ਸਾਂਭੀ ਬੈਠਾ ਹੈ ਅਤੇ ਆਪਣੀ ਵਿਲੱਖਣ ਵਾਸਤੂਕਲਾ ਅਤੇ ਫੈਸ਼ਨ ਨਾਲ ਭਰਪੂਰ ਸੈਰ-ਸਪਾਟੇ ਯੋਗ ਸਥਾਨ ਹੈ।
ਇਤਿਹਾਸ : ਪੌਰਾਣਿਕ ਸਬੂਤਾਂ ਦੇ ਆਧਾਰ 'ਤੇ ਕੋਪਨਹੇਗਨ ਦੀ ਹੋਂਦ ਲੱਗਭਗ ਛੇ ਹਜ਼ਾਰ ਸਾਲ ਪੁਰਾਣੀ ਮੰਨੀ ਗਈ ਹੈ ਪਰ ਇਸ ਦਾ ਪਹਿਲਾ ਲਿਖਤੀ ਰਿਕਾਰਡ 1043 ਤੋਂ ਮਿਲਦਾ ਹੈ। ਉਸ ਵੇਲੇ ਇਸ ਨੂੰ ਹੈਵਨ ਜਾਂ ਹਾਰਬਰ ਕਿਹਾ ਜਾਂਦਾ ਸੀ ਅਤੇ ਸਮੁੰਦਰ ਦੇ ਵਿਚਾਲੇ ਕੁਝ ਸਮੂਹ ਅਤੇ ਉਨ੍ਹਾਂ ਦੇ ਰਿਹਾਇਸ਼ੀ ਸਥਾਨ ਹੀ ਸਨ। ਉਸ ਵੇਲੇ ਲੋਕਾਂ ਦਾ ਮੁਖ ਕਿੱਤਾ ਓਰਸੈਂਡ (ਡੈਨਮਾਰਕ ਅਤੇ ਸਵੀਡਨ ਨੂੰ ਵੱਖਰਾ ਕਰਨ ਵਾਲੇ ਇਲਾਕੇ) 'ਚ ਮੱਛੀ ਪਾਲਨ ਸੀ। ਹੌਲੀ-ਹੌਲੀ ਰੋਸਕੇਲਾਈਡ 'ਚ ਸ਼ਾਹੀ ਪਰਿਵਾਰ (ਮੌਜੂਦਾ ਸਮੇਂ 'ਚ ਪੱਛਮੀ ਕੋਪਨਹੇਗਨ) ਅਤੇ ਦੱਖਣੀ ਸਵੀਡਨ 'ਚ ਕੈਥੇਡ੍ਰਲ ਆਫ ਲੁੰਡ ਨਾਮੀ ਧਾਰਮਿਕ ਕੇਂਦਰ ਕਾਰਨ ਇਹ ਸ਼ਹਿਰ ਵਿਕਸਿਤ ਹੁੰਦਾ ਗਿਆ। ਉਸ ਵੇਲੇ ਦੱਖਣੀ ਸਵੀਡਨ ਵੀ ਡੈਨਮਾਰਕ ਦਾ ਇਕ ਹਿੱਸਾ ਸੀ। ਇਥੇ ਸੈਰ-ਸਪਾਟੇ ਲਈ ਬਹੁਤ ਸਾਰੇ ਸਥਾਨ ਹਨ, ਜਿਨ੍ਹਾਂ 'ਚ ਮੁਖ ਹਨ :- ਟਿਵੋਲੀ ਪਾਰਕ : ਟਿਵੋਲੀ ਗਾਰਡਨ ਨੂੰ ਸਭ ਤੋਂ ਪਹਿਲਾਂ ਆਮ ਲੋਕਾਂ ਲਈ 1843 'ਚ ਖੋਲ੍ਹਿਆ ਗਿਆ ਸੀ। ਅੱਜ ਇਹ ਸਭ ਤੋਂ ਪੁਰਾਣਾ ਐਮਿਊਜ਼ਮੈਂਟ ਪਾਰਕ ਹੈ। ਇਹ ਅਪ੍ਰੈਲ ਤੋਂ ਸਤੰਬਰ ਤੱਕ ਅਤੇ ਫਿਰ ਦੁਬਾਰਾ ਕ੍ਰਿਸਮਸ ਸੀਜ਼ਨ 'ਚ 18 ਨਵੰਬਰ ਤੋਂ 23 ਦਸੰਬਰ ਤੱਕ ਖੁੱਲ੍ਹਦਾ ਹੈ। 21 ਏਕੜ 'ਚ ਫੈਲੇ ਇਸ ਪਾਰਕ 'ਚ ਬੱਚਿਆਂ ਦੇ ਝੂਲੇ, ਨਿਸ਼ਾਨੇਬਾਜ਼ੀ ਗੈਲਰੀ, ਗੇਮਸ ਆਫ ਚਾਂਸ, ਗਰਮ ਹਵਾ ਦੇ ਗੁਬਾਰੇ ਦੀ ਸੈਰ, ਲੱਕੜੀ ਦਾ ਰੋਲਰ ਕਾਸਟਰ ਅਤੇ ਬਹੁਤ ਸਾਰੇ ਆਕਰਸ਼ਣ ਹਰ ਉਮਰ ਦੇ ਲੋਕਾਂ ਲਈ ਮੁਹੱਈਆ ਹਨ। ਇਸ ਤੋਂ ਇਲਾਵਾ ਆਊਟਡੋਰ ਥਿਏਟਰ ਕੰਸਰਟ ਅਤੇ ਥਿਏਟਰ ਪਰਫਾਰਮੈਂਸ ਵੀ ਇਥੇ ਮੁਹੱਈਆ ਹੈ। ਟਿਵੋਲੀ ਪਾਰਕ ਦੇ ਟਿਕਟ ਆਫਿਸ ਤੋਂ ਗਾਰਡਨ ਬੁੱਕ ਲੈ ਕੇ ਇਥੋਂ ਦੇ ਰੋਜ਼ਾਨਾ ਦੇ ਪ੍ਰੋਗਰਾਮ ਦੀ ਜਾਣਕਾਰੀ ਪ੍ਰਾਪਤ ਕੀਤੀ ਜਾ ਸਕਦੀ ਹੈ। ਪਾਰਕ 'ਚ ਕੈਫੇ, ਰੈਸਟੋਰੈਂਟ ਦੇ ਨਾਲ-ਨਾਲ ਹੰਸਾਂ ਨਾਲ ਭਰੀ ਝੀਲ ਅਤੇ ਹਜ਼ਾਰਾਂ ਖੁਸ਼ਬੂਦਾਰ ਫੁੱਲਾਂ ਨਾਲ ਭਰੇ ਬਗੀਚੇ ਸਭ ਕੁਝ ਹੈ। ਸ਼ਾਮ ਹੁੰਦਿਆਂ ਹੀ ਪਾਰਕ ਹਜ਼ਾਰਾਂ ਬੱਲਬਾਂ ਦੀ ਰੋਸ਼ਨੀ ਨਾਲ ਜਗਮਗਾ ਉੱਠਦਾ ਹੈ ਅਤੇ ਇਕ ਜਾਦੂਈ ਮਾਹੌਲ ਪੈਦਾ ਕਰ ਦਿੰਦਾ ਹੈ। ਹਰ ਸ਼ਨੀਵਾਰ ਨੂੰ ਅੱਧੀ ਰਾਤ ਤੋਂ ਠੀਕ ਪਹਿਲਾਂ ਕੋਪਨਹੇਗਨ ਦਾ ਅਸਮਾਨ, ਟਿਵੋਲੀ ਪਾਰਕ ਤੋਂ ਹੋਣ ਵਾਲੀ ਆਤਿਸ਼ਬਾਜ਼ੀ ਨਾਲ ਜਗਮਗਾ ਉੱਠਦਾ ਹੈ। ਡੈਨਿਸ਼ ਸੱਭਿਆਚਾਰ ਨਾਲ ਰੂ-ਬ-ਰੂ ਹੋਣ ਅਤੇ ਜ਼ਿੰਦਗੀ ਨੂੰ ਸੈਲੀਬ੍ਰੇਟ ਕਰਨ ਦਾ ਸਰਵੋਤਮ ਸਥਾਨ ਹੈ ਟਿਵੋਲੀ ਪਾਰਕ। ਹਰ ਸਾਲ ਪਾਰਕ 'ਚ 4 ਲੱਖ ਤੋਂ ਵਧੇਰੇ ਲੋਕ ਆਉਂਦੇ ਹਨ। 68 ਡੈਨਮਾਰਕ ਕ੍ਰੋਨਰ ਫੀਸ ਲੱਗਦੀ ਹੈ। ਇਥੇ ਵੈਸਟਰ ਬੋਗ੍ਰੇਡ 3 ਮੈਟਰੋ ਸਟੇਸ਼ਨ ਤੋਂ ਪੈਦਲ ਪਹੁੰਚਿਆ ਜਾ ਸਕਦਾ ਹੈ।
ਲਿਟਲ ਮਰਮੇਡ : ਕੋਪਨਹੇਗਨ ਬੰਦਰਗਾਹ ਦੇ ਆਫਸ਼ੋਰ 'ਤੇ ਸਥਿਤ ਲਿਟਲ ਮਰਮੇਡ ਨੂੰ ਡੈਨਮਾਰਕ ਦਾ ਲੈਂਡਮਾਰਕ ਅਤੇ ਕੋਪਨਹੇਗਨ ਸਿਟੀ ਦੀ ਪ੍ਰਤੀਕ ਮੰਨਿਆ ਜਾਂਦਾ ਹੈ। ਡੈਨਿਸ਼ ਲੇਖਕ ਹੈਂਸ ਕ੍ਰਿਸਟੀਅਨ ਐਂਡਰਸਨ ਨੂੰ ਇਸ ਦਾ ਜਨਮਦਾਤਾ ਮੰਨਿਆ ਜਾਂਦਾ ਹੈ। ਐਂਡਰਸਨ ਨੇ 1837 'ਚ 'ਫੇਅਰੀਟੇਲ ਆਫ ਦਿ ਲਿਟਲ ਮਰਮੇਡ' ਲਿਖੀ ਅਤੇ ਡਿਜ਼ਨੀ ਨੇ ਇਸ 'ਤੇ ਫ਼ਿਲਮ ਬਣਾਈ, ਜਦਕਿ ਕੋਪਨਹੇਗਨ ਨੇ ਆਪਣੀ ਬੰਦਰਗਾਹ 'ਤੇ ਇਸ ਦੀ ਮੂਰਤੀ ਸਥਾਪਿਤ ਕੀਤੀ। ਅੱਜ ਵੀ ਲਿਟਲ ਮਰਮੇਡ ਦੀ ਮੂਰਤੀ ਡੈਨਮਾਰਕ ਦਾ ਸੈਰ-ਸਪਾਟੇ ਲਈ ਸਭ ਤੋਂ ਮਨਪਸੰਦ ਸਥਾਨ ਹੈ ਅਤੇ ਇਸ ਨੂੰ ਵਿਸ਼ਵ ਦੀ ਸਭ ਤੋਂ ਵਧੇਰੇ ਚਿਤਰੀ ਗਈ ਮੂਰਤੀ ਵੀ ਮੰਨਿਆ ਜਾਂਦਾ ਹੈ।
ਇਹ ਹਰੇ-ਭਰੇ ਪਾਰਕਾਂ ਦੇ ਕੋਲ ਸਥਿਤ ਹੈ ਅਤੇ ਇਕ ਜੀਵਤ ਆਕਾਰ ਤੋਂ ਥੋੜ੍ਹੀ ਵੱਡੀ ਹੈ। ਕੋਪਨਹੇਗਨ ਦਾ ਸਫਰ ਲਿਟਲ ਮਰਮੇਡ ਨੂੰ ਦੇਖੇ ਬਿਨਾਂ ਅਧੂਰਾ ਮੰਨਿਆ ਜਾਂਦਾ ਹੈ। ਇਸ ਨੂੰ ਕਈ ਵਾਰ ਕੁਝ ਲੋਕਾਂ ਨੇ ਨੁਕਸਾਨਗ੍ਰਸਤ ਵੀ ਕੀਤਾ ਅਤੇ ਇਕ ਵਾਰ ਇਸ ਮੂਰਤੀ ਨੂੰ ਦੁਬਾਰਾ ਮੋਲਡ ਵੀ ਕੀਤਾ ਗਿਆ। ਅਸਲ 'ਚ ਲਿਟਲ ਮਰਮੇਡ ਦੀ ਇਹ ਮੂਰਤੀ ਮੁਖ ਜਾਂ ਪਹਿਲੀ ਬਣੀ ਮੂਰਤੀ ਦੀ ਨਕਲ ਹੈ। ਪਹਿਲੀ ਮੁਖ ਮੂਰਤੀ ਵਾਸਤੂਕਾਰ ਐਡਮਰਡ ਇਰਿਕਸਨ ਦੇ ਵਾਰਸਾਂ ਕੋਲ ਹੈ। ਕੋਪਨਹੇਗਨ ਬੰਦਰਗਾਹ 'ਤੇ ਸਥਿਤ ਇਸ ਮੂਰਤੀ ਦਾ ਭਾਰ ਲੱਗਭਗ 175 ਕਿਲੋਗ੍ਰਾਮ ਅਤੇ ਉੱਚਾਈ 165 ਸੈਂ.ਮੀ. ਹੈ। 23 ਅਗਸਤ 1913 ਨੂੰ ਕਾਰਲ ਮਾਰਕਸ ਵਲੋਂ ਇਹ ਕੋਪਨਹੇਗਨ ਨੂੰ ਦਿੱਤੀ ਗਈ ਸੀ ਅਤੇ ਇਸੇ ਦਿਨ ਇਸ ਦਾ ਜਨਮ ਦਿਨ ਮਨਾਇਆ ਜਾਂਦਾ ਹੈ। ਇਸ ਦੇ ਜਨਮ ਦਿਨ 'ਤੇ ਬਹੁਤ ਸਾਰੇ ਲੋਕ( ਨੌਜਵਾਨ ਅਤੇ ਬਜ਼ੁਰਗ) ਪਾਣੀ 'ਚ ਇਸ ਦੇ ਚਾਰੇ ਪਾਸੇ ਤੈਰਦੇ ਹਨ। ਇਸ ਮੂਰਤੀ ਨੇ ੂਬਹੁਤ ਕਸ਼ਟ ਸਹੇ ਪਰ ਅੱਜ ਵੀ ਇਹ ਅਡੋਲ ਹੈ। ਇਸ ਨੂੰ ਕੈਨਾਲ ਟੂਰ ਜਾਂ ਹੋਰ ਟੂਰ ਰਾਹੀਂ ਦੇਖਿਆ ਜਾ ਸਕਦਾ ਹੈ।
ਏਮੇਲਿਏਨ ਬੋਰਗ ਪੈਲੇਸ : ਕ੍ਰਿਸ਼ਚੀਅਨ ਬੋਰਗ ਪੈਲੇਸ ਸੜਣ ਤੋਂ ਬਾਅਦ 1794 ਤੋਂ ਸ਼ਾਹੀ ਪਰਿਵਾਰ ਦਾ ਅਧਿਕਾਰਕ ਨਿਵਾਸ ਹੈ। ਇਥੇ ਚਾਰ ਵੱਡੇ ਨਿਵਾਸ ਇਕ ਵੱਡੇ ਸਕਵੇਅਰ ਦੇ ਚਾਰੇ ਪਾਸੇ ਬਣੇ ਹਨ। ਇਥੇ ਸ਼ਾਹੀ ਪਰਿਵਾਰ ਦਸੰਬਰ ਤੋਂ ਅਪ੍ਰੈਲ ਤੱਕ ਰਹਿੰਦਾ ਹੈ, ਜਦਕਿ ਮਹਾਰਾਣੀ ਅਤੇ ਉਨ੍ਹਾਂ ਦੇ ਪਤੀ ਗਰਮੀ 'ਚ ਉੱਤਰੀ ਜਿਆਲੈਂਡ ਦੇ ਫ੍ਰੀਡੇਨਸ ਬੋਰਗ ਪੈਲੇਸ 'ਚ ਰਹਿੰਦੇ ਹਨ।
ਇਥੇ ਰਵਾਇਤੀ ਲਿਬਾਸ 'ਚ ਸਜੇ ਸ਼ਾਹੀ ਗਾਰਡ ਰੋਜ਼ਾਨਾ 11:45 ਵਜੇ ਬਦਲਦੇ ਹਨ, ਜਿਨ੍ਹਾਂ ਦੀ ਪਰੇਡ ਦੇਖਣ ਬਹੁਤ ਸਾਰੇ ਲੋਕ ਆਉਂਦੇ ਹਨ। 1994 ਤੋਂ ਬਾਅਦ ਸ਼ਾਹੀ ਮਹੱਲ ਦੇ ਕੁਝ ਇਲਾਕੇ ਨੂੰ ਸੈਲਾਨੀਆਂ ਲਈ ਖੋਲ੍ਹ ਦਿੱਤਾ ਗਿਆ ਹੈ ਅਤੇ ਸੈਲਾਨੀ ਕ੍ਰਿਸਟੀਅਨ ਨੌਵੇਂ ਦੇ ਨਿਜੀ ਕਮਰੇ, ਮਹਾਰਾਣੀ ਲੁਈਸ ਦੇ ਕਮਰੇ ਅਤੇ ਫ੍ਰੈਡਰਿਕ ਅੱਠਵੇਂ ਦੇ ਕਮਰੇ ਨੂੰ ਦੇਖ ਸਕਦੇ ਹਨ। ਕ੍ਰਿਸ਼ਚੀਅਨ ਪੈਲੇਸ ਦਾ ਕੁਝ ਹਿੱਸਾ ਸ਼ਾਹੀ ਪਰਿਵਾਰ ਦੀਆਂ ਵਸਤੂਆਂ ਦੇ ਮਿਊਜ਼ੀਅਮ ਦੇ ਰੂਪ 'ਚ ਰੱਖਿਆ ਗਿਆ ਹੈ। ਇਥੇ ਮੈਟਰੋ ਕੋਨਜੇਨਸ ਨਾਈਟ੍ਰੋਵ ਸਟੇਸ਼ਨ ਤੋਂ 5 ਮਿੰਟ ਪੈਦਲ ਜਾਣਾ ਪਏਗਾ।
ਨੈਸ਼ਨਲ ਗੈਲਰੀ (ਸਟੇਨਸ ਮਿਊਜ਼ੀਅਮ ਫਾਰ ਕੁੰਸਟ) : ਡੈਨਮਾਰਕ ਦਾ ਇਕੋ-ਇਕ ਸਥਾਨ ਹੈ, ਇਥੇ 700 ਸਾਲਾਂ ਦੀ ਪੱਛਮੀ ਕਲਾ ਅਤੇ ਸੱਭਿਆਚਾਰਕ ਇਤਿਹਾਸ ਇਕੋ ਛੱਤ ਹੇਠਾਂ ਦੇਖਿਆ ਜਾ ਸਕਦਾ ਹੈ। ਇਸ ਮਿਊਜ਼ੀਅਮ ਦੀ ਯਾਤਰਾ ਦਾ ਅਰਥ ਹੈ ਕਲਾਸੀਕਲ, ਆਧੁਨਿਕ ਅਤੇ ਕੰਟੈਂਪਰੇਰੀ ਆਰਟ ਨਾਲ ਨਵੀਂ ਅਤੇ ਪ੍ਰਾਚੀਨ ਕਲਾ- ਸੱਭਿਆਚਾਰ ਦਾ ਸੁਮੇਲ ਦੇਖਣਾ। ਅਜਾਇਬਘਰ ਦੀ ਯਾਤਰਾ ਮੁਫਤ ਹੈ, ਜਦਕਿ ਵਿਸ਼ੇਸ਼ ਅਜਾਇਬਘਰ ਲਈ 80 ਕ੍ਰੋਨਰ ਦੀ ਫੀਸ ਲਈ ਜਾਂਦੀ ਹੈ। ਹਰ ਐਤਵਾਰ ਦੁਪਹਿਰ 3 ਵਜੇ ਮਿਊਜ਼ੀਅਮ 'ਚ ਕੰਸਰਟ ਵੀ ਆਯੋਜਿਤ ਕੀਤਾ ਜਾਂਦਾ ਹੈ। ਇਹ ਸੋਮਵਾਰ, 5 ਜੂਨ ਅਤੇ 24, 25 ਤੇ 31 ਦਸੰਬਰ ਨੂੰ ਬੰਦ ਰਹਿੰਦਾ ਹੈ। ਇਸ ਦੇ ਖੁੱਲ੍ਹਣ ਦਾ ਸਮਾਂ ਮੰਗਲ ਤੋਂ ਸ਼ੁੱਕਰਵਾਰ ਤੱਕ 10 ਤੋਂ 5 ਵਜੇ ਤੱਕ ਪਰ ਬੁੱਧਵਾਰ ਨੂੰ 10 ਤੋਂ 8 ਵਜੇ ਤੱਕ ਰਹਿੰਦਾ ਹੈ। ਇਥੇ ਨੋਰੀਪੋਰਟ ਮੈਟਰੋ ਸਟੇਸ਼ਨ ਰਾਹੀਂ ਪਹੁੰਚਿਆ ਜਾ ਸਕਦਾ ਹੈ।
ਦਿ ਰਾਊਂਡ ਟਾਵਰ : ਇਸ ਨੂੰ ਰੂੰਡਟੇਰਨ ਵੀ ਕਿਹਾ ਜਾਂਦਾ ਹੈ। ਇਹ ਯੂਰਪ ਦੀ ਸਭ ਤੋਂ ਪੁਰਾਣੀ ਲੈਬੋਰੇਟਰੀ ਹੈ, ਜੋ 1642 ਤੋਂ ਚਾਲੂ ਹੈ। ਇਸ ਦੇ ਅੰਦਰੂਨੀ ਹਿੱਸੇ 'ਚ ਜ਼ਿਗ ਜ਼ੈਗ ਰਸਤਾ ਹੈ। ਇਸ ਨੂੰ ਕ੍ਰਿਸਟੀਅਨ ਚੌਥੇ ਨੇ ਬਣਾਇਆ ਹੈ। ਐਸਟ੍ਰੋਨੋਮਰ ਅੱਜ ਵੀ ਇਸ ਦੀ ਵਰਤੋਂ ਕਰਦੇ ਹਨ। ਇਹ ਇਕ ਬਾਹਰੀ ਪਲੇਟਫਾਰਮ ਨਾਲ ਘਿਰੀ ਹੈ, ਜਿਸ ਤੋਂ ਸੈਲਾਨੀ ਪੁਰਾਣੇ ਕੋਪਨਹੈਗਨ ਦਾ ਵਿਲੱਖਣ ਨਜ਼ਾਰਾ ਦੇਖ ਸਕਦੇ ਹਨ। ਇਥੇ ਟੇਢੇ-ਮੇਢੇ ਰਸਤੇ ਰਾਹੀਂ ਜਾਣਾ ਪੈਂਦਾ ਹੈ। ਇਹ ਰਸਤਾ ਬਾਹਰੀ ਦੀਵਾਰ 'ਤੇ 268.5 ਮੀਟਰ ਲੰਬਾ ਅਤੇ ਬਿਲਡਿੰਗ ਦੇ ਕੇਂਦਰ ਕੋਲ ਸਿਰਫ 85.5 ਮੀਟਰ ਲੰਬਾ ਹੈ। ਇਸ ਦਾ ਅਰਥ ਹੈ ਕਿ ਸੈਲਾਨੀਆਂ ਨੂੰ ਸਿਰਫ 36 ਮੀਟਰ ਉੱਚੇ ਇਸ ਸਥਾਨ ਤੱਕ ਪਹੁੰਚਣ ਲਈ 209 ਮੀਟਰ ਦੂਰੀ ਤੈਅ ਕਰਨੀ ਪੈਂਦੀ ਹੈ। ਇਹ ਗਰਮੀਆਂ 'ਚ ਐਤਵਾਰ ਦੁਪਹਿਰ ਤੱਕ ਖੁੱਲ੍ਹਦਾ ਹੈ, ਜਦਕਿ ਸਰਦੀਆਂ 'ਚ ਮੰਗਲਵਾਰ ਜਾਂ ਬੁੱਧਵਾਰ ਦੀ ਸ਼ਾਮ ਨੂੰ ਹੀ ਖੁੱਲ੍ਹਦਾ ਹੈ। ਇਸ ਤੋਂ ਇਲਾਵਾ ਇਥੇ ਵਿਸ਼ਾਲ ਲਾਇਬ੍ਰੇਰੀ ਅਤੇ ਓਪੇਰਾ ਹਾਊਸ ਵੀ ਦੇਖਣ ਯੋਗ ਹਨ। ਕੋਪਨਹੇਗਨ ਦਾ ਬਾਜ਼ਾਰ, ਇਥੋਂ ਦੀਆਂ ਇਮਾਰਤਾਂ ਅਤੇ ਕੁਦਰਤੀ ਨਜ਼ਾਰਾ ਪੇਸ਼ ਕਰਦੀਆਂ ਮਨੁੱਖਾਂ ਵਲੋਂ ਬਣਾਈਆਂ ਝੀਲਾਂ ਵੀ ਸੁੰਦਰ ਹਨ। ਇਥੋਂ ਦੇ ਲੋਕਾਂ 'ਚ ਵਾਤਾਵਰਣ ਪ੍ਰਤੀ ਜਾਗਰੂਕਤਾ ਸਪੱਸ਼ਟ ਦੇਖੀ ਜਾ ਸਕਦੀ ਹੈ।
ਮੈਟਰੋ ਬੱਸ ਸੇਵਾ : ਡੈਨਮਾਰਕ 'ਚ ਖਾਸ ਕਰ ਕੋਪਨਹੇਗਨ 'ਚ ਬੱਸ ਅਤੇ ਮੈਟਰੋ ਰੇਲ ਸੇਵਾ ਲੱਗਭਗ ਪੂਰੇ ਸ਼ਹਿਰ 'ਚ ਮੁਹੱਈਆ ਹੈ। ਇਸ ਤੋਂ ਇਲਾਵਾ ਸੈਂਟਰਲ ਸਟੇਸ਼ਨ ਤੋਂ ਹੋਰ ਸ਼ਹਿਰਾਂ ਲਈ ਵੀ ਟਰੇਨਾਂ ਮੁਹੱਈਆ ਹਨ। ਮੈਟਰੋ ਟਰੇਨ ਅਤੇ ਬੱਸ ਸੇਵਾ ਲਈ ਵੱਖ-ਵੱਖ ਕਿਸਮ ਦੇ ਟਿਕਟ ਅਤੇ ਰਿਆਇਤੀ ਪਾਸ ਟਿਕਟ ਹਨ, ਜੋ ਸੈਲਾਨੀਆਂ ਦੀ ਲੋੜ ਅਨੁਸਾਰ ਬਣਾਏ ਜਾ ਸਕਦੇ ਹਨ। ਜ਼ਿਆਦਾਤਰ ਲੋਕ ਸਾਈਕਲ ਜਾਂ ਬੱਸ, ਮੈਟਰੋ ਟ੍ਰੇਨ ਰਾਹੀਂ ਸਫਰ ਕਰਨਾ ਪਸੰਦ ਕਰਦੇ ਹਨ। ਯਕੀਨਨ ਇਸੇ ਕਾਰਨ ਇਥੇ ਵਾਤਾਵਰਣ ਨੂੰ ਸਾਫ ਰੱਖਣ 'ਚ ਮਦਦ ਮਿਲਦੀ ਹੈ। ਇਥੋਂ ਦੀ ਸੁਪਰ ਮਾਰਕੀਟ 'ਚ ਅਸਾਨੀ ਨਾਲ ਜ਼ਰੂਰੀ ਵਸਤੂਆਂ ਖਰੀਦਣ ਦੇ ਨਾਲ-ਨਾਲ ਏ.ਟੀ.ਐੱਮ. ਵਾਂਗ ਵਾਧੂ ਪੈਸਾ ਵੀ ਕਾਰਡ ਸਵੈਪ ਕਰਕੇ ਪ੍ਰਾਪਤ ਕਰ ਸਕਦੇ ਹੋ।
ਕੀ ਹੈ ਖਵਾਹਿਸ਼ ਦੀ ਅਸਲ ਖਾਹਿਸ਼?
NEXT STORY