ਕਾਫੀ ਚਿਰਾਂ ਤੋਂ 'ਦਿ ਸੁਸਾਈਡ ਪੁਆਇੰਟ ਸੁਖਨਾ ਲੇਕ' ਦੀਆਂ ਕੁਝ ਝਲਕੀਆਂ ਸੋਸ਼ਲ ਸਾਈਟਾਂ 'ਤੇ ਨਜ਼ਰ ਆ ਰਹੀਆਂ ਹਨ। ਪਤਾ ਲੱਗਾ ਹੈ ਕਿ ਇਹ ਸਿਰਫ ਤਸਵੀਰਾਂ ਹੀ ਨਹੀਂ, ਸਗੋਂ ਇਕ ਮੁਕੰਮਲ ਪੰਜਾਬੀ ਦੀ ਪਹਿਲੀ ਹਾਰਰ ਫਿਲਮ ਹੈ। ਫਿਲਮ ਨੂੰ ਬਣਾਉਣ ਵਾਲਾ ਲੇਖਕ ਤੇ ਡਾਇਰੈਕਟਰ ਆਰਿਅਨ ਕਪੂਰ ਵੀ ਇਸ ਪੰਜਾਬੀ ਫਿਲਮ ਰਾਹੀਂ ਆਪਣਾ ਡੈਬਿਊ ਕਰ ਰਿਹਾ ਹੈ ਤੇ ਫਿਲਮ ਨੂੰ ਲੀਡ ਕਰਨ ਵਾਲੀ ਅਦਾਕਾਰਾ ਖਵਾਹਿਸ਼ ਅਰੋੜਾ ਵੀ ਪਹਿਲੀ ਵਾਰ ਇਸ ਫਿਲਮ ਰਾਹੀਂ ਪੰਜਾਬੀ ਇੰਡਸਟਰੀ 'ਚ ਕੁੱਦੀ ਹੈ। ਖਵਾਹਿਸ਼ ਇਸ ਫਿਲਮ ਬਾਰੇ ਦੱਸਦੀ ਹੈ ਕਿ ਇਹ ਫਿਲਮ ਉਨ੍ਹਾਂ ਲੋਕਾਂ ਦੇ ਪਰਿਵਾਰਾਂ ਦੀ ਤਰਜਮਾਨੀ ਕਰਦੀ ਹੈ, ਜਿਹੜੇ ਚੰਡੀਗੜ੍ਹ ਸ਼ਹਿਰ ਆਉਂਦੇ ਤਾਂ ਘੁੰਮਣ ਹਨ ਪਰ 'ਸੁਖਨਾ ਲੇਕ' ਵਿਚ ਡੁੱਬ ਕੇ ਮੌਤ ਨੂੰ ਗਲੇ ਲਗਾ ਲੈਂਦੇ ਹਨ। ਅਜਿਹੇ ਵਿਸ਼ੇ ਦੀ ਇਹ ਪਹਿਲੀ ਪੰਜਾਬੀ ਹਾਰਰ ਫਿਲਮ ਹੈ, ਜਿਸ ਨੇ ਮਨੁੱਖੀ ਸੰਵੇਦਨਾ ਦੀ ਗੱਲ ਕਰਦਿਆਂ ਇਕ ਅਜਿਹੇ ਵਿਸ਼ੇ ਨੂੰ ਚੁਣਿਆ ਹੈ, ਜੋ ਕਿ ਅੱਜ ਤਾਈਂ ਫਿਲਮੀ ਰੂਪ 'ਚ ਅਧੂਰਾ ਰਿਹਾ।
ਲੁਧਿਆਣਾ ਸ਼ਹਿਰ ਦੀ ਰਹਿਣ ਵਾਲੀ ਖਵਾਹਿਸ਼ ਮਿਸ ਪੰਜਾਬਣ ਵੀ ਰਹਿ ਚੁੱਕੀ ਹੈ ਅਤੇ ਪੇਸ਼ੇ ਤੋਂ ਕਾਮਯਾਬ ਐਂਕਰ ਹੈ ਤੇ ਨਾਲ ਦੀ ਨਾਲ ਰੰਗਮੰਚ ਨਾਲ ਵੀ ਜੁੜੀ ਹੋਈ ਹੈ। ਇਸ ਫਿਲਮ 'ਚ ਉਸ ਨੇ ਸਿਮਰਨ ਨਾਂ ਦੀ ਕੁੜੀ ਦਾ ਕਿਰਦਾਰ ਅਦਾ ਕੀਤਾ ਹੈ। ਸਿਮਰਨ ਇਕ ਆਜ਼ਾਦ ਖਿਆਲ ਦੀ ਪੱਤਰਕਾਰ ਹੈ, ਜੋ ਆਪਣੇ ਕਰੀਅਰ 'ਚ ਅੱਗੇ ਵਧਣ ਲਈ 'ਸੁਖਨਾ ਲੇਕ' ਦੀ ਸਟੋਰੀ ਕਵਰ ਕਰਨ ਪਹੁੰਚ ਜਾਂਦੀ ਹੈ, ਜਿਥੇ ਉਸ ਨੂੰ ਇਕ ਵੱਖਰੀ ਕਹਾਣੀ ਦੇ ਰੂ-ਬਰੂ ਹੋਣਾ ਪੈਂਦਾ ਹੈ।
ਖਵਾਹਿਸ਼ ਦੱਸਦੀ ਹੈ ਕਿ ਪਿਛਲੇ 15 ਸਾਲਾਂ ਤੋਂ ਤਕਰੀਬਨ 150 ਤੋਂ ਵਧੇਰੇ ਲੋਕ ਇਸ ਸੁਖਨਾ ਲੇਕ 'ਚ ਡੁੱਬ ਮੋਏ ਹਨ। ਜਦ ਇਹ ਗੱਲ ਸਾਨੂੰ ਪਤਾ ਲੱਗੀ ਤਾਂ ਅਸੀਂ ਇਸ 'ਤੇ ਇਕ ਫਿਲਮ ਬਣਾਉਣ ਦੀ ਸੋਚੀ, ਜੋ ਅੱਜ ਤੁਹਾਡੇ ਸਭ ਦੇ ਸਾਹਮਣੇ ਹੈ। ਉਹ ਕਹਿੰਦੀ ਹੈ ਕਿ ਸਭ ਨੇ ਇਸ ਵਿਸ਼ੇ ਦੀ ਸ਼ਲਾਘਾ ਕੀਤੀ ਹੈ ਪਰ ਇਸ ਫਿਲਮ ਦਾ ਪ੍ਰਚਾਰ ਕਰਨ ਲਈ ਕੋਈ ਸਾਡੀ ਬਾਂਹ ਨਹੀਂ ਫੜ ਰਿਹਾ।
ਜਦ ਇਸ ਦਾ ਕਾਰਨ ਪੁੱਛਿਆ ਗਿਆ ਤਾਂ ਉਸ ਨੇ ਦੱਸਿਆ ਕਿ ਸਾਡੀ ਸਾਰੀ ਟੀਮ ਨਵੀਂ ਹੈ, ਸ਼ਾਇਦ ਏਸ ਕਰਕੇ ਕੋਈ ਕੰਪਨੀ ਇਸ ਫਿਲਮ ਦਾ ਪ੍ਰਚਾਰ ਕਰਨ ਤੋਂ ਕੰਨੀਂ ਕਤਰਾ ਰਹੀ ਹੈ। ਸੋਚਣ ਵਾਲੀ ਗੱਲ ਇਹ ਹੈ ਕਿ ਜੇਕਰ ਦਰਸ਼ਕ ਫਿਲਮਾਂ 'ਚ ਨਿਵੇਕਲਾਪਣ ਦੇਖਣਾ ਚਾਹੁੰਦੇ ਹਨ ਤਾਂ ਨਵੇਂ ਟੇਲੈਂਟ ਨੂੰ ਅੱਗੇ ਆਉਣ ਤੋਂ ਕਿਉਂ ਰੋਕਿਆ ਜਾ ਰਿਹਾ ਹੈ। ਫਿਲਮ ਦੇ ਬਾਕੀ ਕਲਾਕਾਰਾਂ ਦੀ ਸੂਚੀ 'ਚ ਸ਼ੈਨ ਸੋਹਲ, ਮਨਿੰਦਰ ਸਿੰਘ, ਹੈਲੀ ਮਲਿਕ, ਪ੍ਰੀਤਾਂਸ਼ਾ, ਸੁਰਖਾਬ ਸੁਰ, ਨਤਾਸ਼ਾ, ਅਵਨੀਤ ਕੌਰ, ਪਰਮਜੀਤ ਕੌਰ, ਮਵਾਲੀ ਸ਼ਾਹ, ਜਸ, ਕਰਤਾਰ ਸਿੰਘ ਤੇ ਰੌਬੀ ਆਦਿ ਸ਼ਾਮਿਲ ਹਨ, ਜਿਨ੍ਹਾਂ ਨੇ ਇਸ ਫਿਲਮ 'ਚ ਖਵਾਹਿਸ਼ ਦਾ ਸਾਥ ਦਿੱਤਾ ਹੈ। ਖਵਾਹਿਸ਼ ਚਾਹੁੰਦੀ ਹੈ ਕਿ ਇਹ ਫਿਲਮ ਜ਼ਰੂਰ ਰਿਲੀਜ਼ ਹੋਵੇ।
- ਗੁਣਜੋਤ ਸਿੰਘ
ਹੀਰੋਇਨ ਨਹੀਂ ਬਣਨਾ ਚਾਹੁੰਦੀ 'ਬੇਬੀ ਡੌਲ' ਦੀ ਗਾਇਕਾਂ
NEXT STORY