ਤਹਿਰਾਨ - ਅਮਰੀਕਾ ਅਤੇ ਈਰਾਨ ਵਿਚਾਲੇ ਸ਼ਾਂਤੀ ਸਮਝੌਤੇ ਲਈ ਤਿਆਰ ਕੀਤੇ ਗਏ ਖਰੜੇ ’ਚ ਨਿਊਕਲੀਅਰ ਪ੍ਰੋਗਰਾਮ, ਆਇਲ ਬੈਨ, ਫ੍ਰੀਜ਼ ਜਾਇਦਾਦ ਅਤੇ ਹੋਰਮੁਜ਼ ਨਾਲ ਜੁੜੇ ਮੁੱਦਿਆਂ ’ਤੇ ਸਹਿਮਤੀ ਬਣ ਗਈ ਹੈ। ਰਿਪੋਰਟ ਮੁਤਾਬਕ ਖਰੜੇ ’ਚ ਈਰਾਨ ਨੇ ਕਿਹਾ ਹੈ ਕਿ ਉਹ ਨਾ ਪ੍ਰਮਾਣੂ ਹਥਿਆਰ ਬਣਾਏਗਾ ਅਤੇ ਨਾ ਹੀ ਕਿਸੇ ਦੂਸਰੇ ਦੇਸ਼ ਤੋਂ ਹਾਸਲ ਕਰੇਗਾ। ਫਾਈਨਲ ਸਮਝੌਤਾ ਹੋਣ ਤੱਕ ਈਰਾਨ ਆਪਣੇ ਮੌਜੂਦਾ ਪ੍ਰਮਾਣੂ ਪ੍ਰੋਗਰਾਮ ’ਚ ਕੋਈ ਵੱਡਾ ਬਦਲਾਅ ਨਹੀਂ ਕਰੇਗਾ। ਉਹ ਯੂਰੇਨੀਅਮ ਐਨਰਿਚਡ ਨਹੀਂ ਕਰੇਗਾ ਅਤੇ ਨਵੇਂ ਨਿਊਕਲੀਅਰ ਸੈਂਟਰਸ ਦਾ ਵਿਸਥਾਰ ਵੀ ਨਹੀਂ ਕਰੇਗਾ।
ਈਰਾਨ ਸਾਰੇ ਕਾਰੋਬਾਰੀ ਜਹਾਜ਼ਾਂ ਲਈ ਹੋਰਮੁਜ਼ ਸਟ੍ਰੇਟ ਤੁਰੰਤ ਖੋਲ੍ਹ ਦੇਵੇਗਾ। ਇਸ ਦੇ ਬਦਲੇ ਅਮਰੀਕਾ ਈਰਾਨੀ ਬੰਦਰਗਾਹਾਂ ’ਤੇ ਲੱਗੀ ਆਪਣੀ ਸਮੁੰਦਰੀ ਫੌਜ ਦੀ ਨਾਕੇਬੰਦੀ ਹਟਾਉਣਾ ਸ਼ੁਰੂ ਕਰੇਗਾ। ਅਮਰੀਕਾ ਕੁਝ ਸਮੇਂ ਲਈ ਈਰਾਨ ਦੀ ਤੇਲ ਬਰਾਮਦ ’ਤੇ ਲੱਗੀਆਂ ਪਾਬੰਦੀਆਂ ’ਚ ਵੀ ਛੋਟ ਦੇਵੇਗਾ। ਖਰੜੇ ਮੁਤਾਬਕ, ਅਮਰੀਕਾ ਈਰਾਨ ਦੀ 25 ਅਰਬ ਡਾਲਰ ਦੀ ਜ਼ਬਤ ਕੀਤੀ ਹੋਈ ਜਾਇਦਾਦ ਜਾਰੀ ਕਰੇਗਾ। ਨਾਲ ਹੀ ਅਮਰੀਕਾ ਆਪਣੇ ਸਹਿਯੋਗੀ ਦੇਸ਼ਾਂ ਨਾਲ ਮਿਲ ਕੇ ਈਰਾਨ ਦੇ ਰੀਡਿਵੈਲਪਮੈਂਟ ਅਤੇ ਵਿਕਾਸ ਦੀ ਯੋਜਨਾ ਵੀ ਤਿਆਰ ਕਰੇਗਾ।
ਉੱਥੇ ਹੀ, ਸੰਯੁਕਤ ਰਾਸ਼ਟਰ ’ਚ ਅਮਰੀਕੀ ਰਾਜਦੂਤ ਮਾਈਕ ਵਾਲਟਜ਼ ਨੇ ਕਿਹਾ ਕਿ ਗੱਲਬਾਤ ਮੁਸ਼ਕਿਲ ਜ਼ਰੂਰ ਹੈ ਪਰ ਟਰੰਪ ਪ੍ਰਸ਼ਾਸਨ ਅੱਜ ਵੀ ਡੀਲ ਨੂੰ ਅੰਤਿਮ ਰੂਪ ਦੇਣ ਦੀ ਕੋਸ਼ਿਸ਼ ਕਰ ਰਿਹਾ ਹੈ। ਵਾਲਟਜ਼ ਨੇ ਦਾਅਵਾ ਕੀਤਾ ਕਿ ਈਰਾਨੀ ਪੱਖ ਦੇ ਅੰਦਰ ਕਈ ਮੁੱਦਿਆਂ ’ਤੇ ਸਪੱਸ਼ਟ ਸਹਿਮਤੀ ਨਹੀਂ ਦਿਸਦੀ। ਉਨ੍ਹਾਂ ਮੁਤਾਬਕ, ਵਾਰਤਾਕਾਰਾਂ ਨੂੰ ਕਈ ਵਾਰ ਸੁਪਰੀਮ ਲੀਡਰਸ਼ਿਪ ਤੋਂ ਸਾਫ਼ ਹੁਕਮ ਨਹੀਂ ਮਿਲਦੇ, ਜਿਸ ਨਾਲ ਗੱਲਬਾਤ ਗੁੰਝਲਦਾਰ ਹੋ ਜਾਂਦੀ ਹੈ।
ਅਮਰੀਕਾ ’ਚ ਵਾਅਦੇ ਨਿਭਾਉਣ ਦੀ ਨਾ ਇੱਛਾ ਹੈ, ਨਾ ਸਮਰੱਥਾ : ਗਾਲੀਬਾਫ
ਲਿਬਨਾਨ ਦੀ ਰਾਜਧਾਨੀ ਬੈਰੂਤ ’ਚ ਹੋਏ ਇਜ਼ਰਾਈਲੀ ਹਮਲੇ ਤੋਂ ਬਾਅਦ ਈਰਾਨ ਨੇ ਅਮਰੀਕਾ ਦੀ ਆਲੋਚਨਾ ਕੀਤੀ ਹੈ। ਈਰਾਨੀ ਸੰਸਦ ਸਪੀਕਰ ਅਤੇ ਮੁੱਖ ਵਾਰਤਾਕਾਰ ਮੁਹੰਮਦ ਬਾਘੇਰ ਗਾਲੀਬਾਫ ਨੇ ਕਿਹਾ ਕਿ ਅਮਰੀਕਾ ਜਾਂ ਤਾਂ ਆਪਣੇ ਵਾਅਦੇ ਨਿਭਾਉਣ ਦੀ ਇੱਛਾ ਨਹੀਂ ਰੱਖਦਾ ਜਾਂ ਫਿਰ ਉਨ੍ਹਾਂ ਨੂੰ ਪੂਰਾ ਕਰਨ ਦੀ ਸਮਰੱਥਾ ਨਹੀਂ ਹੈ। ਗਾਲੀਬਾਫ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ’ਤੇ ਲਿਖਿਆ ਕਿ ਬੈਰੂਤ ਦੇ ਦਾਹੀਯੇਹ ਇਲਾਕੇ ’ਤੇ ਹੋਇਆ ਇਜ਼ਰਾਈਲੀ ਹਮਲਾ ਇਕ ਵਾਰ ਫਿਰ ਦਿਖਾਉਂਦਾ ਹੈ ਕਿ ਅਮਰੀਕਾ ਆਪਣੇ ਫ਼ਰਜ਼ਾਂ ਨੂੰ ਪੂਰਾ ਕਰਨ ’ਚ ਨਾਕਾਮ ਰਿਹਾ ਹੈ।
ਈਰਾਨ ਨੇ ਬੈਰੂਤ ’ਤੇ ਹੋਏ ਇਜ਼ਰਾਈਲੀ ਹਵਾਈ ਹਮਲਿਆਂ ਨੂੰ ਲੈ ਕੇ ਸਖ਼ਤ ਪ੍ਰਤੀਕਿਰਿਆ ਦਿੱਤੀ ਹੈ। ਈਰਾਨੀ ਫ਼ੌਜੀ ਅਧਿਕਾਰੀ ਸਰਦਾਰ ਅਸਦੀ ਨੇ ਕਿਹਾ ਕਿ ਇਜ਼ਰਾਈਲ ਦੇ ਇਨ੍ਹਾਂ ਹਮਲਿਆਂ ਦਾ ਜਵਾਬ ਦਿੱਤਾ ਜਾਵੇਗਾ ਅਤੇ ਇਨ੍ਹਾਂ ਨੂੰ ਬਿਨਾਂ ਪ੍ਰਤੀਕਿਰਿਆ ਦੇ ਨਹੀਂ ਛੱਡਿਆ ਜਾਵੇਗਾ।
ਇੰਜਣ ਖ਼ਰਾਬ ਹੋਣ ਪਿੱਛੋਂ ਓਮਾਨ ਤੱਟ ਨੇੜੇ ਭਾਰਤੀ ਝੰਡੇ ਵਾਲਾ ਜਹਾਜ਼ ਡੁੱਬਿਆ, ਚਾਲਕ ਦਲ ਦੇ ਸਾਰੇ 14 ਮੈਂਬਰ ਸੁਰੱਖਿਅਤ
NEXT STORY