ਫਰੀਦਕੋਟ : ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਉਮੀਦਵਾਰ ਪਰਮਬੰਸ ਸਿੰਘ ਬੰਟੀ ਰੋਮਾਣਾ ਚੇਅਰਮੈਨ ਯੂਥ ਵਿਕਾਸ ਬੋਰਡ ਨੇ ਦਾਅਵਾ ਕੀਤਾ ਹੈ ਕਿ ਅਕਾਲੀ-ਭਾਜਪਾ ਸਰਕਾਰ ਨੇ ਪਿਛਲੀਆਂ ਚੋਣਾਂ ਦੌਰਾਨ ਜੋ ਵਾਅਦੇ ਕੀਤੇ ਸਨ, ਉਹ ਹਮੇਸ਼ਾ ਹੀ ਨਿਭਾਏ ਹਨ। ਉਨ੍ਹਾਂ ਦੱਸਿਆ ਕਿ ਪਿੰਡਾਂ ਅਤੇ ਸ਼ਹਿਰਾਂ ਦੇ ਵਿਕਾਸ ਤੋਂ ਇਲਾਵਾ ਸ਼ਹਿਰ ਵਾਸੀਆਂ ਲਈ ਤਲਵੰਡੀ ਭਾਈ ਫਾਟਕ 'ਤੇ ਪੁਲ ਬਣਾਉਣ ਅਤੇ 112 ਕਰੋੜ ਰੁਪਏ ਦੀ ਲਾਗਤ ਨਾਲ ਸਾਰੇ ਸ਼ਹਿਰ 'ਚ ਸੀਵਰੇਜ ਪਾਉਣ ਦਾ ਜੋ ਵਾਅਦਾ ਕੀਤਾ ਸੀ, ਉਹ ਪੂਰਾ ਕੀਤਾ ਹੈ। ਸੀਵਰੇਜ ਦਾ ਕੰਮ ਸ਼ੁਰੂ ਹੋ ਚੁੱਕਾ ਹੈ ਜਦੋਂ ਕਿ ਪੁਲ ਦੀ ਉਸਾਰੀ ਦਾ ਕੰਮ ਬਹੁਤ ਜਲਦੀ ਸ਼ੁਰੂ ਹੋਣ ਵਾਲਾ ਹੈ। ਨੀਂਹ-ਪੱਥਰ ਰੱਖਿਆ ਜਾ ਚੁੱਕਾ ਹੈ। ਉਨ੍ਹਾਂ ਕਿਹਾ ਕਿ ਪਾਰਟੀ ਨੇ ਜੋ ਵਾਅਦੇ ਚੋਣਾਂ ਦੌਰਾਨ ਕੀਤੇ ਸਨ, ਉਹ ਸਾਰੇ ਪੂਰੇ ਕਰ ਦਿੱਤੇ ਹਨ।
ਵਾਅਦੇ
ਸ਼ਹਿਰ 'ਚ ਨਵਾਂ ਬੱਸ ਸਟੈਂਡ ਬਣਾਉਣ ਦਾ।
ਸਿੰਚਾਈ ਲਈ ਹਿਠਾੜ ਖੇਤਰ 'ਚ ਨਵੀਆਂ ਕੱਸੀਆਂ ਬਣਾਉਣ ਦਾ।
ਤਲਵੰਡੀ ਰੋਡ ਫਾਟਕ 'ਤੇ ਪੁਲ ਬਣਾਉਣ ਦਾ।
ਸ਼ਹਿਰ ਅੰਦਰ ਸੀਵਰੇਜ ਪਾਉਣ ਦਾ।
ਨੌਜਵਾਨਾਂ ਲਈ ਰੋਜ਼ਗਾਰ ਪੈਦਾ ਕਰਨ ਦਾ।
ਬਾਹਰੋਂ ਉਦਯੋਗ ਲਿਆਉਣ ਦਾ।
ਕਲੱਬਾਂ ਨੂੰ ਖੇਡ ਕਿੱਟਾਂ ਦੇਣ ਦਾ।
ਵਾਅਦੇ ਵਫਾ ਹੋਏ
ਨਵਾਂ ਬੱਸ ਸਟੈਂਡ ਬਣਿਆ
ਸੀਵਰੇਜ ਦਾ ਕੰਮ ਸ਼ੁਰੂ
160 ਪਿੰਡਾਂ ਦੇ ਕਲੱਬਾਂ ਨੂੰ ਖੇਡ ਕਿੱਟਾਂ ਦਿੱਤੀਆਂ।
ਪੁਲ ਦੀ ਉਸਾਰੀ ਲਈ ਨੀਂਹ-ਪੱਥਰ।
ਲੋਕਾਂ ਦੀ ਪ੍ਰਤੀਕਿਰਿਆ
ਸਿੰਚਾਈ ਦੇ ਪਾਣੀ ਦੀ ਘਾਟ : ਇਕਬਾਲ ਸਿੰਘ ਨੇ ਕਿਹਾ ਕਿ ਪਿੰਡਾਂ 'ਚ ਸਿੰਚਾਈ ਲਈ ਪਾਣੀ ਦੀ ਬਹੁਤ ਹੀ ਘਾਟ ਹੈ। ਖਾਸ ਕਰ ਕੇ ਹਿਠਾੜ (ਸਾਦਿਕ) ਵਾਲਾ ਖੇਤਰ ਤਾਂ ਅਜੇ ਵੀ ਪਾਣੀ ਦੀ ਬੂੰਦ-ਬੂੰਦ ਨੂੰ ਤਰਸ ਰਿਹਾ ਹੈ, ਜਿਸ ਕਾਰਨ ਜ਼ਮੀਨਾਂ ਬੰਜਰ ਬਣ ਰਹੀਆਂ ਹਨ।
ਇੰਸਪੈਕਟਰ ਰਾਜ ਤੋਂ ਨਹੀਂ ਮਿਲੀ ਮੁਕਤੀ : ਜਗਜੀਵਨ ਸਿੰਘ ਨੇ ਕਿਹਾ ਕਿ ਪਿਛਲੇ ਕਈ ਸਾਲਾਂ ਤੋਂ ਵਪਾਰੀਆਂ ਨੂੰ ਇੰਸਪੈਕਟਰ ਰਾਜ ਤੋਂ ਮੁਕਤੀ ਦਿਵਾਉਣ ਦੇ ਵਾਅਦੇ ਕੀਤੇ ਜਾ ਰਹੇ ਹਨ ਪਰ ਕਿਸੇ ਵੀ ਸਰਕਾਰ ਨੇ ਅਜੇ ਤੱਕ ਮੁਕਤੀ ਨਹੀਂ ਦਿਵਾਈ। ਹੋਰ ਟੈਕਸਾਂ ਰਾਹੀਂ ਵਪਾਰੀ ਵਰਗ ਨੂੰ ਦਬਾਇਆ ਜਾ ਰਿਹਾ ਹੈ।
ਦਲਿਤਾਂ ਨੂੰ ਸਮੇਂ-ਸਮੇਂ ਸਰਕਾਰਾਂ ਪੈਨਸ਼ਨਾਂ ਅਤੇ ਹੋਰ ਭਲਾਈ ਸਕੀਮਾਂ ਸ਼ੁਰੂ ਕਰ ਕੇ ਸਹੂਲਤਾਂ ਦੇਣ ਦੇ ਵਾਅਦੇ ਕਰਦੀਆਂ ਰਹਿੰਦੀਆਂ ਹਨ। ਅਸਲ ਸਥਿਤੀ ਇਹ ਹੈ ਕਿ ਅਜੇ ਤੱਕ ਸਾਰੇ ਦਲਿਤ ਅਤੇ ਗਰੀਬ ਲੋਕਾਂ ਦੀਆਂ ਪੈਨਸ਼ਨਾਂ ਤੱਕ ਨਹੀਂ ਲੱਗ ਸਕੀਆਂ। ਲੋਕ ਸਹੂਲਤਾਂ ਲਈ ਸਰਕਾਰ ਵੱਲ ਦੇਖ ਰਹੇ ਹਨ। -ਚੰਦੂ ਰਾਮ
ਇਸ ਸਰਕਾਰ ਦੌਰਾਨ ਰੇਤਾ ਅਤੇ ਬਜਰੀ ਮਹਿੰਗੀ ਹੋਣ ਕਾਰਨ ਸਿਰਫ ਰਾਜ ਮਿਸਤਰੀਆਂ ਦਾ ਹੀ ਕਾਰੋਬਾਰ ਨਹੀਂ ਬਲਕਿ ਗੇਟ, ਗਰਿੱਲ ਤੇ ਚੁਗਾਠ ਸਮੇਤ ਲੱਕੜ ਦਾ ਕੰਮ ਕਰਨ ਵਾਲੇ ਕਾਰੀਗਰਾਂ ਦਾ ਵੀ ਭਾਰੀ ਆਰਥਿਕ ਨੁਕਸਾਨ ਹੋਇਆ ਹੈ। ਉਨ੍ਹਾਂ ਕਿਹਾ ਕਿ ਪਿਛਲੇ 4 ਸਾਲਾਂ ਤੋਂ ਕਾਰੋਬਾਰ ਨਾਮਾਤਰ ਦੇ ਬਰਾਬਰ ਰਹਿ ਗਿਆ ਹੈ। -ਗੁਰਦੀਪ ਸਿੰਘ
ਵਿਧਾਨ ਸਭਾ ਹਲਕਾ ਫਰੀਦਕੋਟ : ਗੁੰਡਾਗਰਦੀ, ਨਸ਼ਾ ਅਤੇ ਬੇਰੁਜ਼ਗਾਰੀ ਦੇ ਸਿਵਾਏ ਕੁਝ ਨਹੀਂ ਦਿੱਤਾ
NEXT STORY