ਹਰਪ੍ਰੀਤ ਸਿੰਘ ਕਾਹਲੋਂ ਦੀ ਰਿਪੋਰਟ
ਕਰਤਾਰਪੁਰ ਸਾਹਿਬ ਲਾਂਘਾ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਦਰਬਾਰ ਸਾਹਿਬ ਮੱਥਾ ਟੇਕਣ ਦੇ ਨਾਲ-ਨਾਲ ਅਜਿਹੀ ਸਾਂਝੀ ਥਾਂ ਹੋ ਨਿੱਬੜੀ ਹੈ, ਜਿਸ ਨੇ 1947 ਦੇ ਵਿਛੜੇ ਪੰਜਾਬ ਦੇ ਇੱਕੋ ਸੱਭਿਆਚਾਰ, ਬੋਲੀ ਅਤੇ ਰਹੁ ਰੀਤਾਂ ਦੇ ਲੋਕਾਂ ਨੂੰ ਪਹਿਲੀ ਵਾਰ ਇੱਕਠਾ ਕੀਤਾ ਹੈ। ਇਸ ਇੱਕ ਸਾਲ ਵਿੱਚ ਅਜਿਹੀਆਂ ਕਈ ਕਹਾਣੀਆਂ ਹਨ, ਜਿਹੜੀਆਂ ਇਸ ਥਾਂ 'ਤੇ ਵੱਡੀ ਮਿਸਾਲ ਬਣੀਆਂ ਹਨ। ਦੋਰਾਹੇ ਤੋਂ ਜਸਵੰਤ ਸਿੰਘ ਗਿੱਲ ਦਾ ਵਿਆਹ 1969 ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਵਾਲੇ ਦਿਨ ਹੋਇਆ ਸੀ। ਉਨ੍ਹਾਂ ਆਪਣੇ ਵਿਆਹ ਦੀ 50ਵੀਂ ਵਰ੍ਹੇਗੰਢ ਇੱਥੇ ਹੀ ਮਨਾਈ। ਉਨ੍ਹਾਂ ਦਾ ਪਿਛਲਾ ਪਿੰਡ ਨਿੰਦੋਕੇ ਨਾਰੋਵਾਲ ਹੈ। ਨਾਰੋਵਾਲ ਤੋਂ ਅਬਦੁੱਲ ਗਫ਼ੂਰ ਨੂੰ ਜਦੋਂ ਪਤਾ ਲੱਗਾ ਕਿ ਜਸਵੰਤ ਸਿੰਘ ਆ ਰਹੇ ਨੇ ਤਾਂ ਉਨ੍ਹਾਂ ਦਾ ਪਰਿਵਾਰ ਅਤੇ ਪਿੰਡ ਵਾਲੇ ਵੀ ਕਰਤਾਰਪੁਰ ਸਾਹਿਬ ਆਏ। ਅਬਦੁੱਲ ਗਫ਼ੂਰ ਦੀਆਂ ਦੋ ਧੀਆਂ ਹਨ। ਔਲਾਦ ਲਈ ਅਰਦਾਸ ਉਨ੍ਹਾਂ ਦਰਬਾਰ ਸਾਹਿਬ ਹੀ ਕੀਤੀ ਸੀ।
9 ਨਵੰਬਰ 1919 ਨੂੰ ਸੈਂਟਰਲ ਏਸ਼ੀਆ ਵਿੱਚ ਕਰਤਾਰਪੁਰ ਸਾਹਿਬ ਲਾਂਘਾ ਖੁੱਲ੍ਹਿਆ ਸੀ ਤਾਂ ਇਸ ਤਾਰੀਖ਼ ਤੋਂ 30 ਸਾਲ ਪਹਿਲਾਂ 9 ਨਵੰਬਰ 1989 ਨੂੰ ਬਰਲਿਨ ਦੀ ਕੰਧ ਟੁੱਟੀ ਸੀ। ਮਨੁੱਖੀ ਸੁਭਾਅ ਦੀ ਬੁਨਿਆਦ ਵਿਚ ਜੇ ਵੰਡੀਆਂ ਨਾ ਪੈਣ ਤਾਂ ਮੁਹੱਬਤੀ ਸਾਂਝਾ ਅਤੇ ਮਨੁੱਖਤਾ ਹਮੇਸ਼ਾ ਜਿਓਂਦੀ ਰਹੇਗੀ। ਦੋਹਾਂ ਪਾਸਿਆਂ ਦੇ ਲੋਕ ਇੱਕ ਦੂਜੇ ਦੀਆਂ ਖੁੱਸੀਆਂ ਧਰਤੀਆਂ ਦੀ ਵਾਤ ਪੁੱਛਦੇ, ਦਰਸ਼ਨ ਕਰਦੇ, ਲੰਗਰਾਂ ਲਈ ਰਸਦ ਦੀ ਸੇਵਾ ਕਰਦੇ, ਕਰਤਾਰਪੁਰ ਸਾਹਿਬ ਆ ਹਾਜ਼ਰ ਹੁੰਦੇ ਹਨ।
![PunjabKesari](https://static.jagbani.com/multimedia/12_41_526511665location kps-ll.jpg)
ਤਵਾਰੀਖ਼ ਦੀਆਂ ਸੁਨਹਿਰੀ ਤਾਰੀਖ਼ਾਂ
ਭਵੀਸ਼ਨ ਸਿੰਘ ਗੁਰਾਇਆ, ਜਿਨ੍ਹਾਂ ਦਾ ਕਰਤਾਰਪੁਰ ਸਾਹਿਬ ਦੇ ਲਾਂਘੇ ਬਾਰੇ ਬਹੁਤ ਨਿਰੋਲ ਕੰਮ ਹੈ, ਉਨ੍ਹਾਂ ਮੁਤਾਬਕ ਕਰਤਾਰਪੁਰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਸਾਉਣ ਤੋਂ ਬਾਅਦ ਇਹਦੇ ਪੜਾਅ ਦਰ ਪੜਾਅ ਕੁਝ ਇੰਝ ਸਮਝ ਆਉਂਦੇ ਹਨ :-
1 - ਗੁਰੂ ਨਾਨਕ ਦੇਵ ਜੀ ਨੇ ਇਸ ਸ਼ਹਿਰ ਦੀ ਨੀਂਹ 9 ਜਨਵਰੀ 1516 ਈਸਵੀ ਵਿੱਚ ਰੱਖੀ। ਇਸ ਨਗਰ ਦੀ ਸਥਾਪਨਾ ਵੇਲੇ ਪਿੰਡ ਦੋਦੇ ਤੋਂ ਦੋਦਾ ਰੰਧਾਵਾ ਅਤੇ ਪੱਖੋਕੇ ਤੋਂ ਚੌਧਰੀ ਅਜਿੱਤਾ ਰੰਧਾਵਾ ਅਤੇ ਦੁਨੀ ਚੰਦ ਕਰੋੜੀ ਮੱਲ ਦਾ ਯੋਗਦਾਨ ਸੀ। 1521 ਈਸਵੀ ਤੱਕ ਗੁਰੂ ਨਾਨਕ ਦੇਵ ਜੀ ਇੱਥੇ ਪੱਕੇ ਤੌਰ ’ਤੇ ਵੱਸ ਚੁੱਕੇ ਸਨ। 1522-25 ਦੀ ਜਮ੍ਹਾਬੰਦੀ ਮੁਤਾਬਕ ਕਰਤਾਰਪੁਰ ਸਾਹਿਬ ਦੇ ਨਾਮ 171 ਕਿੱਲੇ ਜ਼ਮੀਨ ਦਰਜ ਹੈ।
2 - ਕਰਤਾਰਪੁਰ ਸਾਹਿਬ ਵਿਖੇ ਦੂਜੇ ਗੁਰੂ 'ਗੁਰੂ ਅੰਗਦ ਦੇਵ ਜੀ' ਖਡੂਰ ਸਾਹਿਬ ਜਾਣ ਤੋਂ ਪਹਿਲਾਂ ਰਹਿੰਦੇ ਰਹੇ ਅਤੇ ਬਾਬਾ ਸ੍ਰੀ ਚੰਦ ਨੇ ਇੱਥੇ ਬਕਾਇਦਾ ਇਮਾਰਤ ਦੀ ਉਸਾਰੀ ਕਰਵਾਈ ਸੀ। ਪੱਖੋਕੇ ਟਾਹਲੀ ਸਾਹਿਬ ਕੂਚ ਕਰਨ ਤੋਂ ਪਹਿਲਾਂ ਬਾਬਾ ਸ੍ਰੀ ਚੰਦ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਿੱਕੇ ਪੁੱਤਰ ਲੱਖਮੀ ਦਾਸ ਇੱਥੇ ਹੀ ਰਹਿੰਦੇ ਰਹੇ ਹਨ। ਲਖਮੀ ਦਾਸ ਹੁਣਾਂ ਦਾ ਵਿਆਹ ਵੀ ਇੱਥੇ ਹੀ ਹੋਇਆ।
3 - ਇਸ ਤੋਂ ਬਾਅਦ ਗੁਰਦੁਆਰਾ ਕਰਤਾਰਪੁਰ ਸਾਹਿਬ ਦੀ ਸੇਵਾ 'ਲਾਲਾ ਨਾਨਕ ਚੰਦ' ਨੇ ਕਰਵਾਈ ਸੀ। ਬਾਦਸ਼ਾਹ ਅਕਬਰ ਦੇ ਨੌਂ ਰਤਨ ਸਨ। ਇਨ੍ਹਾਂ 9 ਰਤਨਾਂ ਵਿੱਚੋਂ ਦੀਵਾਨ ਟੋਡਰ ਮਲ ਸਨ। ਲਾਲਾ ਨਾਨਕ ਚੰਦ ਦੀਵਾਨ ਟੋਡਰ ਮੱਲ ਦਾ ਪੋਤਰਾ ਸੀ। ਅਕਬਰ ਦੇ ਦੌਰ ਅੰਦਰ ਹੈਦਰਾਬਾਦ ਸਟੇਟ ਦਾ ਪ੍ਰਧਾਨ ਮੰਤਰੀ ਲਾਲਾ ਚੂਨੀ ਲਾਲ, ਲਾਲਾ ਨਾਨਕ ਚੰਦ ਦਾ ਭਤੀਜਾ ਸੀ। ਮੁਗ਼ਲ ਹਕੂਮਤ ਦੌਰਾਨ ਲਾਲਾ ਚੁੰਨੀ ਲਾਲ ਨੇ ਗੁਰਦੁਆਰਾ ਕਰਤਾਰਪੁਰ ਸਾਹਿਬ ਲਈ ਸਾਰੀ ਸਹਾਇਤਾ ਮੁਹੱਈਆ ਕਰਵਾਈ ਅਤੇ ਲਾਲਾ ਨਾਨਕ ਚੰਦ ਦੇਖ ਰੇਖ ਵਿੱਚ ਇਮਾਰਤਸਾਜ਼ੀ ਹੋਈ। ਇੰਝ ਹੀ ਦੋਵਾਂ ਨੇ ਡੇਰਾ ਬਾਬਾ ਨਾਨਕ ਵਿਖੇ ਵੀ ਸੇਵਾ ਕਰਵਾਈ ਸੀ।
4 - ਇਸ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਦੇ ਸੇਵਾਦਾਰ ਰਾਜਾ ਸੁਧ ਸਿੰਘ ਨੇ ਕਰਤਾਰਪੁਰ ਸਾਹਿਬ ਦੀ ਸੇਵਾ ਕਰਵਾਈ।
5 - ਲਾਲਾ ਸ਼ਾਮ ਦਾਸ ਨੇ 1911 ਈਸਵੀ ਨੂੰ ਗੁਰਦੁਆਰਾ ਕਰਤਾਰਪੁਰ ਸਾਹਿਬ ਦੀ ਇਮਾਰਤ ਦੀ ਮੁਰੰਮਤ ਕਰਵਾਈ ਸੀ। ਲਾਲਾ ਸ਼ਾਮ ਦਾਸ ਸਿੰਧ ਤੋਂ ਸਿੰਧੀ ਸਿੱਖ ਸੀ ਅਤੇ ਇਹ ਇਮਾਰਤ ਹੀ ਹੜ੍ਹ ਵੇਲੇ ਬਰਬਾਦ ਹੋ ਗਈ ਸੀ।
6 - 20ਵੀਂ ਸਦੀ ਦੇ ਦੂਜੇ ਦਹਾਕੇ ਵਿੱਚ ਰਾਵੀ ਦਰਿਆ ਵਿੱਚ ਆਏ ਭਾਰੀ ਹੜ੍ਹ ਨੇ ਕਰਤਾਰਪੁਰ ਸਾਹਿਬ ਦੀ ਇਮਾਰਤ ਨੂੰ ਵੱਡਾ ਨੁਕਸਾਨ ਪਹੁੰਚਾਇਆ। ਇਸ ਤੋਂ ਬਾਅਦ ਮਹਾਰਾਜਾ ਪਟਿਆਲਾ ਭੁਪਿੰਦਰ ਸਿੰਘ ਨੇ 1925 ਵਿੱਚ ਗੁਰਦੁਆਰਾ ਕਰਤਾਰਪੁਰ ਸਾਹਿਬ ਦੀ ਸੇਵਾ ਕਰਵਾਈ। ਇਸ ਸੇਵਾ ਦੌਰਾਨ 135600 ਰੁਪਏ ਦੀ ਰਾਸ਼ੀ ਸਹਾਇਤਾ ਦਿੱਤੀ ਗਈ ਅਤੇ ਬਾਕਾਇਦਾ ਸੰਗਤਾਂ ਦੇ ਨਾਲ ਕਾਰ ਸੇਵਾ ਵਿੱਢੀ ਗਈ।
ਕਰਤਾਰਪੁਰ ਲਾਂਘੇ ਤੋਂ ਬਾਅਦ ਪ੍ਰਬੰਧ ਦਾ ਮਸਲਾ
ਤਾਜ਼ਾ ਚਰਚਾ ਹੈ ਕਿ ਗੁਰਦੁਆਰਾ ਕਰਤਾਰਪੁਰ ਸਾਹਿਬ ਦਾ ਪ੍ਰਬੰਧ 'ਪ੍ਰਾਜੈਕਟ ਮੈਨੇਜਮੈਂਟ ਯੂਨਿਟ' ਢਾਂਚਾ ਬਣਾਕੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਲੈ ਲਿਆ ਗਿਆ ਹੈ ਅਤੇ ਇਸ ਅਦਾਰੇ ਵਿੱਚ ਕੋਈ ਵੀ ਸਿੱਖ ਨਹੀਂ ਹੈ। ਪਾਕਿਸਤਾਨ ਵੱਲੋਂ ਇਹ ਦਾਅਵਾ ਕੀਤਾ ਜਾਂਦਾ ਹੈ ਕਿ ਲਾਂਘੇ ਦੀ ਉਸਾਰੀ ਲਈ ਉਨ੍ਹਾਂ 1000 ਕਰੋੜ ਖ਼ਰਚਿਆ ਹੈ ਅਤੇ ਇਹਦੀ ਫੀਸ ਉਨ੍ਹਾਂ 20 ਡਾਲਰ ਰੱਖੀ ਹੈ। ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਤਵੰਤ ਸਿੰਘ ਮੁਤਾਬਕ ਕਰਤਾਰਪੁਰ ਸਾਹਿਬ ਦਾ ਪ੍ਰਬੰਧ ਗੁਰਦੁਆਰਾ ਕਮੇਟੀ ਕੋਲ ਹੀ ਹੈ। ਗੁਰਦੁਆਰੇ ਦੇ ਪ੍ਰਬੰਧ ਅਤੇ ਮਰਿਆਦਾ ਵਿਚ ਕੋਈ ਦਖ਼ਲਅੰਦਾਜ਼ੀ ਨਹੀਂ ਹੈ। ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਵੈਕਿਊ ਟ੍ਰਸਟ ਪ੍ਰਾਪਰਟੀ ਬੋਰਡ ਦੇ ਅਧੀਨ ਹੈ ਅਤੇ ਪਕਿਸਤਾਨ 'ਚ 176 ਇਤਿਹਾਸਕ ਗੁਰਦੁਆਰਿਆਂ ਦਾ ਪ੍ਰਬੰਧ ਵੇਖਦਾ ਹੈ। ਸਤਵੰਤ ਸਿੰਘ ਮੁਤਾਬਕ ਪਿਛਲੇ 73 ਸਾਲਾਂ ਵਿਚ 20 ਗੁਰਦੁਆਰੇ ਹੋਰ ਦਰਸ਼ਨਾਂ ਨੂੰ ਖੁੱਲ੍ਹੇ ਹਨ। ਅਵੈਕਿਊ ਬੋਰਡ ਸਾਰਾ ਪ੍ਰਬੰਧ ਆਪਣੇ ਫੰਡਾਂ 'ਤੇ ਵੇਖਦਾ ਹੈ। ਗੁਰਦੁਆਰਿਆਂ 'ਚ ਸੰਗਤ ਦੇ ਚੜ੍ਹਾਵੇ ਅਤੇ ਹੋਰ ਸੇਵਾਵਾਂ ਗੁਰਦੁਆਰਾ ਪ੍ਰਬੰਧਕ ਕਮੇਟੀ ਹੀ ਵੇਖਦੀ ਹੈ।
![PunjabKesari](https://static.jagbani.com/multimedia/12_40_433544287gurdwara kartarpur sahib milestone-ll.jpg)
'ਪ੍ਰਾਜੈਕਟ ਮੈਨੇਜਮੈਂਟ ਯੂਨਿਟ' ਕੋਈ ਨਵੀਂ ਨਹੀਂ ਹੈ। ਕਰਤਾਰਪੁਰ ਸਾਹਿਬ ਲਾਂਘੇ ਵੇਲੇ ਇਸੇ ਤਹਿਤ 800 ਏਕੜ ਜ਼ਮੀਨ ਐਕਵਾਇਰ ਕੀਤੀ ਹੈ। ਪੂਰਾ ਕੰਪਲੈਕਸ ਅਤੇ 4 ਕਿਲੋਮੀਟਰ 'ਚ ਫੈਲੇ ਬਾਕੀ ਰੱਖ ਰਖਾਅ ਨੂੰ ਇਹ ਯੂਨਿਟ ਵੇਖਦਾ ਹੈ। ਗੁਰਦੁਆਰੇ ਦੇ ਅੰਦਰ ਦਾ ਪ੍ਰਬੰਧ ਕਦੀ ਵੀ ਸਿੱਖ ਗੁਰਦੁਆਰਾ ਕਮੇਟੀ ਤੋਂ ਬਾਹਰ ਨਹੀਂ ਗਿਆ।
ਇਸ ਮੁੱਦੇ ਦੇ ਸੰਦਰਭ ਨੂੰ ਸਮਝਣ ਦੀ ਲੋੜ ਹੈ। ਭਾਰਤ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਗੁਰਦੁਆਰਿਆਂ ਦਾ ਪ੍ਰਬੰਧ ਵੇਖਣ ਲਈ ਸਵੈ ਸ਼ਾਸ਼ਤ ਸੰਸਥਾ ਹੈ ਪਰ ਪਾਕਿਸਤਾਨ ਵਿੱਚ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਵੈਕਿਊ ਟ੍ਰਸਟ ਅਧੀਨ ਹੈ। ਦੂਜਾ ਕਰਤਾਰਪੁਰ ਸਾਹਿਬ ਲਾਂਘੇ ਦੇ ਸਬੰਧ ਵਿੱਚ ਪਾਕਿਸਤਾਨ 'ਚ 'ਪ੍ਰਾਜੈਕਟ ਮੈਨੇਜਮੈਂਟ ਕਮੇਟੀ' ਹੈ। ਭਾਰਤ ਵਿੱਚ ਵੀ ਸੁਰੱਖਿਆ ਅਤੇ ਹੋਰ ਪ੍ਰਬੰਧਾਂ ਨੂੰ ਧਿਆਨ ਵਿਚ ਰੱਖਦਿਆਂ 'ਗੁਰਦੁਆਰਾ ਕਰਤਾਰਪੁਰ ਸਾਹਿਬ ਕੋਰੀਡੋਰ ਐਕਜ਼ੀਕਿਊਟਿਵ ਕਮੇਟੀ' ਹੈ। ਇਹਦੇ ਪ੍ਰਬੰਧ ਵਿਚ ਸ਼੍ਰੋਮਣੀ ਗੁਰੁਦੁਆਰਾ ਪ੍ਰਬੰਧਕ ਕਮੇਟੀ ਦੀ ਕੋਈ ਦਖਲਅੰਦਾਜ਼ੀ ਨਹੀਂ ਹੈ। ਇਹ 10 ਮੈਂਬਰੀ ਕਮੇਟੀ ਡਿਪਟੀ ਕਮਿਸ਼ਨਰ ਕਮ ਚੀਫ ਐਡਮਨਿਸਟਰੇਟਰ ਡੇਰਾ ਬਾਬਾ ਨਾਨਕ ਵਿਕਾਸ ਅਥਾਰਟੀ ਦੇ ਅਧੀਨ ਹੈ।
ਇਹ ਉਲਝਣ ਇਸ ਤੋਂ ਵੀ ਬਣਦੀ ਹੈ ਕਿ ਜੇ ਪ੍ਰਾਜੈਕਟ ਕਮੇਟੀ ਪਹਿਲਾਂ ਤੋਂ ਹੀ ਸਰਗਰਮ ਹੈ ਤਾਂ ਇੱਕ ਸਾਲ ਬਾਅਦ 5 ਨਵੰਬਰ ਨੂੰ ਵੱਖਰੀ ਨੋਟੀਫਿਕੇਸ਼ਨ ਕੱਢਣ ਦੀ ਲੋੜ ਕਿਉਂ ਪਈ? ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਪ੍ਰਧਾਨ ਭਾਈ ਗੋਬਿੰਦ ਸਿੰਘ ਲੋਂਗੋਵਾਲ ਦਾ ਕਹਿਣਾ ਹੈ ਕਿ ਜੋ ਪ੍ਰਧਾਨ ਸਤਵੰਤ ਸਿੰਘ ਕਹਿ ਰਹੇ ਹਨ ਤਾਂ ਇਸ ਗੱਲ ਨੂੰ ਪਾਕਿਸਤਾਨ ਸਰਕਾਰ ਦਾ ਨੁੰਮਾਇਦਾ ਸਾਫ਼ ਕਰਕੇ ਭਰੋਸਾ ਦੇਵੇ ਤਾਂ ਕਿ ਕਿਸੇ ਤਰ੍ਹਾਂ ਦੀ ਕੋਈ ਉਲਝਣ ਨਾ ਬਣੇ।
ਸੇਵਾ ਅਤੇ ਸਿੱਖ ਸੰਗਤ
![PunjabKesari](https://static.jagbani.com/multimedia/12_40_580731524coin of 550 from pakistan-ll.jpg)
ਗੁਰਦੁਆਰਿਆਂ ਦੀ ਸੇਵਾ ਸ਼ੁਰੂ ਤੋਂ ਹੀ ਸਿੱਖ ਭਾਵਨਾ ਦਾ ਹਿੱਸਾ ਰਿਹਾ ਹੈ। 1965 ਦੀ ਭਾਰਤ-ਪਾਕਿਸਤਾਨ ਜੰਗ ਤੋਂ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਥਾ 6 ਮਹੀਨੇ ਲਈ ਅੰਮ੍ਰਿਤਸਰ ਤੋਂ ਨਨਕਾਣਾ ਸਾਹਿਬ ਦੀ ਸੇਵਾ ਸੰਭਾਲ ਲਈ ਜਾਂਦਾ ਸੀ। 1965 ਤੋਂ ਇਹ ਸਿਲਸਿਲਾ ਤਲਖੀਆਂ ਕਰਕੇ ਬੰਦ ਹੋ ਗਿਆ।ਗਿਆਨੀ ਪਰਤਾਪ ਸਿੰਘ ਨਨਕਾਣਾ ਸਾਹਿਬ ਹੀ ਰੁੱਕ ਗਏ। 1984 'ਚ ਉਨ੍ਹਾਂ ਦਾ ਇੰਤਕਾਲ ਹੋਇਆ। 1971 ਦੀ ਜੰਗ ਤੋਂ ਬਾਅਦ ਪਸ਼ਤੋ ਸਿੱਖਾਂ ਨੂੰ ਨਫ਼ਰਤ ਦਾ ਸ਼ਿਕਾਰ ਹੋਣਾ ਪਿਆ। ਪਖਤੂਨ ਦੇ ਇਲਾਕੇ ਵਿਚ ਉਨ੍ਹਾਂ ਨੂੰ ਜਬਰੀ ਇਸਲਾਮ ਕਬੂਲ ਕਰਵਾਇਆ। 1972 ਤੱਕ ਪਸ਼ਤੋ ਸਿੱਖ ਆਪਣੀ ਜਾਨ ਬਚਾਕੇ ਨਨਕਾਣਾ ਸਾਹਿਬ ਪਹੁੰਚੇ ਅਤੇ ਮੁੜ ਸਿੱਖ ਬਣੇ। 1972 ਤੋਂ ਪਸ਼ਤੋ ਸਿੱਖ ਨਨਕਾਣਾ ਸਾਹਿਬ ਦੀ ਸੇਵਾ ਸੰਭਾਲ ਰਹੇ ਹਨ।
ਸ਼੍ਰੋਮਣੀ ਕਮੇਟੀ ਐਡੀਸ਼ਨਲ ਸੈਕਟਰੀ ਸੁਖਦੇਵ ਸਿੰਘ ਭੂਰਾਕ੍ਹੋਨਾ ਦੱਸਦੇ ਹਨ ਕਿ 2015 'ਚ ਸ਼੍ਰੋਮਣੀ ਕਮੇਟੀ ਕਰਤਾਰਪੁਰ ਸਾਹਿਬ ਵਿਖੇ ਕਾਰ ਸੇਵਾ ਕਰਨਾ ਚਾਹੁੰਦੀ ਸੀ। ਇਸ ਲਈ ਕਮੇਟੀ ਨੇ 2 ਕਰੋੜ ਦਾ ਬਜਟ ਵੀ ਤੈਅ ਕੀਤਾ ਸੀ ਪਰ ਵਾਰ-ਵਾਰ ਬੇਨਤੀ ਕਰਨ 'ਤੇ ਵੀ ਪਾਕਿਸਤਾਨ ਤੋਂ ਲਿਖਤੀ ਪ੍ਰਵਾਨਗੀ ਨਾ ਆਉਣ ਕਰਕੇ ਸੇਵਾ ਨਾ ਹੋ ਸਕੀ।
ਆਲੌਕਿਕ ਸਥਾਨ ਅਤੇ ਸੰਗਤਾਂ ਦੇ ਦਰਸ਼ਨ
9 ਨਵੰਬਰ 2019 ਨੂੰ ਕਰਤਾਰਪੁਰ ਸਾਹਿਬ ਲਾਂਘਾ ਖੁਲ੍ਹਣ ਤੋਂ ਬਾਅਦ ਹੁਣ ਤੱਕ ਭਾਰਤ ਤੋਂ ਕੁੱਲ 60 ਹਜ਼ਾਰ ਸੰਗਤਾਂ ਦਰਬਾਰ ਸਾਹਿਬ ਵਿਖੇ ਦਰਸ਼ਨ ਕਰ ਚੁੱਕੀਆਂ ਹਨ। 16 ਮਾਰਚ 2020 ਨੂੰ ਕੋਰੋਨਾ ਕਰਕੇ ਲਾਂਘਾ ਬੰਦ ਕਰ ਦਿੱਤਾ ਗਿਆ ਸੀ ਅਤੇ ਪਾਕਿਸਤਾਨ ਵੱਲੋਂ 29 ਜੂਨ 2020 ਨੂੰ ਲਾਂਘਾ ਖੋਲ੍ਹਣ ਤੋਂ ਬਾਅਦ ਅਜੇ ਤੱਕ ਸੰਗਤਾਂ ਦਰਬਾਰ ਸਾਹਿਬ ਨਹੀਂ ਗਈਆਂ। ਭਾਰਤ ਤੋਂ ਅਜੇ ਕੋਰੋਨਾ ਦੇ ਚੱਲਦਿਆਂ ਲਾਂਘਾ ਨਹੀਂ ਖੁੱਲ੍ਹਿਆ।
ਪਾਕਿਸਤਾਨ ਤੋਂ 105000 ਸੰਗਤਾਂ ਕਰਤਾਰਪੁਰ ਸਾਹਿਬ ਵਿਖੇ ਦਰਸ਼ਨਾਂ ਲਈ ਹਾਜ਼ਰੀ ਭਰ ਚੁੱਕੀਆਂ ਹਨ। ਨਾਰੋਵਾਲ ਤੋਂ ਪੱਤਰਕਾਰ ਸ਼ਾਹਿਦ ਜ਼ਿਆ ਦੱਸਦੇ ਹਨ ਕਿ ਨਵੰਬਰ, ਦਸੰਬਰ, ਜਨਵਰੀ 'ਚ ਭਾਰਤ ਤੋਂ ਜਿੱਥੇ 400-1200 ਤੱਕ ਰੋਜ਼ਾਨਾ ਸੰਗਤਾਂ ਦਰਸ਼ਨਾਂ ਨੂੰ ਆਉਂਦੀਆਂ ਸਨ। ਉੱਥੇ ਪਾਕਿਸਤਾਨ ਤੋਂ 1400-2000 ਤੱਕ ਸੰਗਤਾਂ ਦਰਸ਼ਨ ਕਰਨ ਪਹੁੰਚਦੀਆਂ ਸਨ। ਲਾਂਘਾ ਖੁੱਲ੍ਹਣ ਤੋਂ ਬਾਅਦ ਟੀਚਾ 1.5 ਲੱਖ ਦਾ ਸੀ ਪਰ ਭਾਰਤ ਤੋਂ ਪਹਿਲੇ ਮਹੀਨੇ ਸਿਰਫ 16 ਹਜ਼ਾਰ ਸੰਗਤਾਂ ਦਰਸ਼ਨਾਂ ਨੂੰ ਪਹੁੰਚੀਆਂ ਸਨ। ਫਿਲਹਾਲ ਸੰਗਤਾਂ ਨੂੰ ਕਰਤਾਰਪੁਰ ਸਾਹਿਬ ਲਾਂਘੇ ਦੇ ਖੁੱਲ੍ਹਣ ਦੀ ਬੇਸਬਰੀ ਨਾਲ ਉਡੀਕ ਹੈ।
![PunjabKesari](https://static.jagbani.com/multimedia/12_41_313699748kartarpur narowal-ll.jpg)
ਬਾਦਲ ਪਰਿਵਾਰ 'ਤੇ ਬ੍ਰਹਮਪੁਰਾ ਦਾ ਵੱਡਾ ਹਮਲਾ, ਫਿਰ ਚੁੱਕਿਆ ਸੌਦਾ ਸਾਧ ਦਾ ਮੁੱਦਾ
NEXT STORY