ਜਲੰਧਰ, (ਮਹੇਸ਼)- 12 ਸਾਲ ਦੇ ਬੱਚੇ ਦੀ ਹੱਤਿਆ ਕਰਨ ਤੋਂ ਬਾਅਦ ਹੱਤਿਆਰਿਆਂ ਨੇ ਉਸ ਦੀ ਲਾਸ਼ ਇੰਡਸਟਰੀ ਏਰੀਆ ਵਿਚ ਰਾਮ ਨਗਰ ਨੇੜੇ ਸਾਬਕਾ ਭਾਜਪਾ ਕੌਂਸਲਰ ਕਮਲਜੀਤ ਸਿੰਘ ਬੇਦੀ ਦੇ ਖਾਲੀ ਪਏ ਪਲਾਟ ਵਿਚ ਸੁੱਟ ਦਿੱਤੀ, ਜਿਸ ਨਾਲ ਪੂਰੇ ਇਲਾਕੇ ਵਿਚ ਸਨਸਨੀ ਫੈਲ ਗਈ ਅਤੇ ਲੋਕਾਂ ਵਿਚ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ। ਹਾਲਾਂਕਿ ਮ੍ਰਿਤਕ ਬੱਚੇ ਦੀ ਅਜੇ ਤੱਕ ਪਛਾਣ ਨਹੀਂ ਹੋ ਸਕੀ ਹੈ। ਉਸ ਦੇ ਸਰੀਰ 'ਤੇ ਪਏ ਨਿਸ਼ਾਨ (ਜ਼ਖਮਾਂ) ਤੋਂ ਸਾਫ ਪਤਾ ਲੱਗਦਾ ਹੈ ਕਿ ਉਸ ਦੀ ਹੱਤਿਆ ਕੀਤੀ ਗਈ ਹੈ। ਗਰਦਨ 'ਤੇ ਵੀ ਰੱਸੀ ਦੇ ਨਿਸ਼ਾਨ ਦਿਖਾਈ ਦੇ ਰਹੇ ਹਨ, ਜਿਸ ਨਾਲ ਉਸਦੇ ਗਲੇ ਨੂੰ ਵੀ ਘੁੱਟਣ ਦਾ ਸ਼ੱਕ ਜ਼ਾਹਿਰ ਕੀਤਾ ਜਾ ਰਿਹਾ ਹੈ। ਬੱਚੇ ਦੀ ਹੱਤਿਆ ਦੀ ਸੂਚਨਾ ਨੇ ਕਮਿਸ਼ਨਰੇਟ ਪੁਲਸ ਨੂੰ ਵੀ ਹਿਲਾ ਕੇ ਰੱਖ ਦਿੱਤਾ ਹੈ। ਡੀ. ਸੀ. ਪੀ. ਗੁਰਮੀਤ ਸਿੰਘ, ਏ. ਡੀ. ਸੀ. ਪੀ. 1 ਮਨਦੀਪ ਸਿੰਘ, ਏ. ਡੀ. ਸੀ. ਪੀ. ਕ੍ਰਾਈਮ ਪਰਮਾਰ, ਏ. ਸੀ. ਪੀ. ਨਾਰਥ ਨਵਨੀਤ ਸਿੰਘ ਮਾਹਲ ਅਤੇ ਥਾਣਾ ਨੰਬਰ 1 ਦੇ ਇੰਚਾਰਜ ਇੰਸ. ਰਸ਼ਮਿੰਦਰ ਸਿੰਘ ਨੇ ਮੌਕੇ 'ਤੇ ਪਹੁੰਚ ਕੇ ਮ੍ਰਿਤਕ ਬੱਚੇ ਦੀ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਪਰ ਹੱਤਿਆਰਿਆਂ ਦਾ ਕੋਈ ਪਤਾ ਨਹੀਂ ਲੱਗ ਸਕਿਆ ਹੈ ਅਤੇ ਨਾ ਹੀ ਨਾਬਾਲਗ ਬੱਚੇ ਬਾਰੇ। ਇੰਸ. ਰਸ਼ਮਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਨੇ ਬੱਚੇ ਦੀ ਹੱਤਿਆ ਨੂੰ ਲੈ ਕੇ ਥਾਣਾ ਨੰਬਰ 1 ਵਿਚ ਧਾਰਾ 302 ਦੇ ਤਹਿਤ ਪਰਚਾ ਦਰਜ ਕੀਤਾ ਹੈ।
ਸਾਬਕਾ ਕੌਂਸਲਰ ਨੇ ਦਿੱਤੀ ਪੁਲਸ ਨੂੰ ਜਾਣਕਾਰੀ
ਰਾਮ ਨਗਰ ਸਥਿਤ ਆਪਣੇ ਪਲਾਟ ਵਿਚ ਫੈਕਟਰੀ ਲਾਉਣ ਦੀ ਤਿਆਰੀ ਵਿਚ ਸਾਬਕਾ ਕੌਂਸਲਰ ਕਮਲਜੀਤ ਸਿੰਘ ਬੇਦੀ ਸਭ ਤੋਂ ਪਹਿਲਾਂ ਘਟਨਾ ਵਾਲੀ ਥਾਂ 'ਤੇ ਪਹੁੰਚੇ ਅਤੇ ਉਨ੍ਹਾਂ ਨੇ ਹੀ ਪੁਲਸ ਨੂੰ ਪੂਰੇ ਮਾਮਲੇ ਦੀ ਜਾਣਕਾਰੀ ਦਿੱਤੀ। ਉਨ੍ਹਾਂ ਪੁਲਸ ਨੂੰ ਦੱਸਿਆ ਕਿ ਉਸਦੇ ਪਲਾਟ ਦੇ ਨੇੜੇ ਹੀ ਸੀਵਰੇਜ ਡਿਸਪੋਜ਼ਲ ਪਲਾਂਟ ਅਤੇ ਕੂੜੇ ਦਾ ਡੰਪ ਹੈ। ਲਗਭਗ 8 ਵਜੇ ਉਨ੍ਹਾਂ ਨੂੰ ਉਥੇ ਮੌਜੂਦ ਨਿਗਮ ਕਰਮਚਾਰੀ ਨੇ ਫੋਨ ਕੀਤਾ ਕਿ ਉਨ੍ਹਾਂ ਦੇ ਪਲਾਟ ਦੇ ਬਾਹਰ ਬੱਚੇ ਦੀ ਲਾਸ਼ ਪਈ ਹੈ, ਜਿਸ ਤੋਂ ਬਾਅਦ ਉਹ ਮੌਕੇ 'ਤੇ ਪਹੁੰਚ ਗਏ।
ਰਾਤ 12 ਵਜੇ ਤੱਕ ਘਟਨਾ ਵਾਲੇ ਸਥਾਨ 'ਤੇ ਕੁਝ ਨਹੀਂ ਸੀ
ਰਾਮ ਨਗਰ ਇਲਾਕੇ ਦੇ ਰਹਿਣ ਵਾਲੇ ਇਕ ਵਕੀਲ ਨੇ ਦੱਸਿਆ ਕਿ ਉਹ ਰਾਤ ਨੂੰ 10 ਵਜੇ ਦੇ ਲਗਭਗ ਆਪਣੇ ਕੁੱਤੇ ਨਾਲ ਸੈਰ ਕਰਨ ਲਈ ਨਿਕਲੇ ਸਨ, ਉਦੋਂ ਤੱਕ ਇਥੇ ਕੁਝ ਨਹੀਂ ਸੀ। ਇਸੇ ਤਰ੍ਹਾਂ ਇਥੇ ਸਥਿਤ ਇਕ ਨਾਈ ਦੀ ਦੁਕਾਨ ਵਾਲੇ ਨੇ ਦੱਸਿਆ ਕਿ ਜਦੋਂ ਰਾਤ ਨੂੰ ਉਸ ਨੇ ਆਪਣੀ ਦੁਕਾਨ ਬੰਦ ਕੀਤੀ ਤਾਂ ਪਲਾਟ ਦੇ ਬਾਹਰ ਅਜਿਹੀ ਕੋਈ ਸਥਿਤੀ ਨਹੀਂ ਸੀ। ਸੀਵਰੇਜ ਪਲਾਂਟ 'ਤੇ ਰਾਤ ਦੀ ਡਿਊਟੀ ਕਰਦੇ ਰਮੇਸ਼ ਕੁਮਾਰ ਨਾਮਕ ਸਕਿਓਰਿਟੀ ਗਾਰਡ ਨੇ ਵੀ ਕਿਹਾ ਕਿ ਰਾਤ 12 ਵਜੇ ਤੱਕ ਇਥੇ ਸਭ ਕੁਝ ਠੀਕ ਸੀ।
ਬੱਚੇ ਬਾਰੇ ਕੋਈ ਜਾਣਕਾਰੀ ਨਹੀਂ ਹੈ
ਪੁਲਸ ਨੇ ਬੱਚੇ ਦੀ ਪਛਾਣ ਨੂੰ ਲੈ ਕੇ ਇਲਾਕੇ ਤੋਂ ਜਾਣਕਾਰੀ ਹਾਸਲ ਕੀਤੀ ਪਰ ਕਿਸੇ ਨੇ ਵੀ ਬੱਚੇ ਬਾਰੇ ਕੁਝ ਨਹੀਂ ਦੱਸਿਆ, ਜਿਸ ਤੋਂ ਲੱਗਦਾ ਹੈ ਕਿ ਹਤਿਆਰਿਆਂ ਨੇ ਬੱਚੇ ਦੀ ਹੱਤਿਆ ਕਿਤੇ ਹੋਰ ਕਰਨ ਤੋਂ ਬਾਅਦ ਇਥੇ ਲਿਆ ਕੇ ਉਸ ਦੀ ਲਾਸ਼ ਸੁੱਟ ਦਿੱਤੀ ਹੈ ਤਾਂ ਕਿ ਉਸ ਬਾਰੇ ਕਿਸੇ ਨੂੰ ਕੁਝ ਵੀ ਪਤਾ ਨਾ ਲੱਗ ਸਕੇ। ਕਿਸੇ ਨੇ ਵੀ ਬੱਚੇ ਦੀ ਪਛਾਣ ਨਹੀਂ ਕੀਤੀ। ਪੁਲਸ ਦਾ ਮੰਨਣਾ ਹੈ ਕਿ ਜੇਕਰ ਬੱਚਾ ਇਥੋਂ ਦਾ ਹੁੰਦਾ ਤਾਂ ਉਸ ਦੀ ਪਛਾਣ ਹੋ ਜਾਣੀ ਸੀ।
ਸੀ. ਸੀ. ਟੀ. ਵੀ. ਕੈਮਰਿਆਂ 'ਚ ਵੀ ਨਹੀਂ ਕੈਦ ਹੋਏ ਹਤਿਆਰੇ
ਬੱਚੇ ਦੀ ਹੱਤਿਆ ਕਰਨ ਵਾਲੇ ਹਤਿਆਰੇ ਇੰਨੇ ਚਲਾਕ ਸਨ ਕਿ ਉਹ ਕਿਸੇ ਸੀ. ਸੀ. ਟੀ. ਵੀ. ਕੈਮਰੇ ਵਿਚ ਵੀ ਕੈਦ ਨਹੀਂ ਹੋਏ। ਪੁਲਸ ਨੇ ਨੇੜੇ ਸਥਿਤ ਫੈਕਟਰੀਆਂ ਅਤੇ ਹੋਰ ਥਾਵਾਂ 'ਤੇ ਲੱਗੇ ਲੱਗਭਗ ਇਕ ਦਰਜਨ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਨੂੰ ਕਢਵਾਇਆ ਹੈ ਪਰ ਕਿਸੇ ਵੀ ਕੈਮਰੇ ਵਿਚੋਂ ਕੁਝ ਨਹੀਂ ਮਿਲਿਆ। ਇਸ ਤੋਂ ਪਤਾ ਲੱਗਦਾ ਹੈ ਕਿ ਹਤਿਆਰਿਆਂ ਨੂੰ ਕੈਮਰਿਆਂ ਬਾਰੇ ਵੀ ਜਾਣਕਾਰੀ ਸੀ, ਜਿਸ ਤੋਂ ਬਚਦੇ ਹੋਏ ਉਨ੍ਹਾਂ ਨੇ ਬੱਚੇ ਦੀ ਲਾਸ਼ ਉਥੇ ਸੁੱਟੀ ਅਤੇ ਫਰਾਰ ਹੋ ਗਏ।
ਥਾਣਿਆਂ 'ਚ ਵੀ ਗੁੰਮਸ਼ੁਦਗੀ ਚੈੱਕ ਕਰਵਾਈ
ਏ. ਸੀ. ਪੀ. ਨਵਨੀਤ ਸਿੰਘ ਮਾਹਲ ਨੇ ਕਿਹਾ ਕਿ ਪੁਲਸ ਨੇ ਸ਼ਹਿਰ ਦੇ ਵੱਖ-ਵੱਖ ਥਾਣਿਆਂ ਵਿਚ ਆਉਂਦੇ ਗੁੰਮਸ਼ੁਦਗੀ ਦੇ ਕੇਸਾਂ ਦੀ ਜਾਂਚ ਕਰਵਾਈ ਹੈ ਪਰ ਕਿਸੇ ਵੀ ਥਾਣੇ ਵਿਚ ਇਸ ਬੱਚੇ ਬਾਰੇ ਕੋਈ ਜਾਣਕਾਰੀ ਨਹੀਂ ਮਿਲੀ ਹੈ। ਪੁਲਸ ਨੂੰ ਲੱਗਦਾ ਹੈ ਕਿ ਮ੍ਰਿਤਕ ਬੱਚਾ ਕਿਸੇ ਦਾ ਗੁੰਮ ਹੋਇਆ ਬੱਚਾ ਨਾ ਹੋਵੇ।
ਕਿਸੇ ਤਾਂਤਰਿਕ ਦਾ ਵੀ ਹੋ ਸਕਦਾ ਹੈ ਕਾਰਨਾਮਾ
ਨਾਬਾਲਿਗ ਬੱਚੇ ਦੀ ਹੱਤਿਆ ਤਾਂਤਰਿਕ ਨਾਲ ਵੀ ਜੋੜੀ ਜਾ ਰਹੀ ਹੈ। ਘਟਨਾ ਵਾਲੀ ਥਾਂ 'ਤੇ ਇਕੱਠੇ ਹੋਏ ਲੋਕਾਂ ਦਾ ਪੁਲਸ ਨੂੰ ਇਹ ਵੀ ਕਹਿਣਾ ਸੀ ਕਿ ਬੱਚੇ ਦੇ ਸਰੀਰ 'ਤੇ ਨਹੁੰ ਵਰਗੇ ਨਿਸ਼ਾਨਾਂ ਤੋਂ ਲੱਗਦਾ ਹੈ ਕਿ ਇਹ ਕੰਮ ਕਿਸੇ ਤਾਂਤਰਿਕ ਦਾ ਹੋ ਸਕਦਾ ਹੈ। ਉਸਨੇ ਕਿਸੇ ਲਈ ਬਲੀ ਦੇਣ ਦੇ ਲਈ ਨਾ ਇਸ ਬੱਚੇ ਨੂੰ ਮੌਤ ਦੇ ਘਾਟ ਉਤਾਰਿਆ ਹੋਵੇ। ਪੁਲਸ ਅਧਿਕਾਰੀ ਇਸ ਗੱਲ 'ਤੇ ਘੱਟ ਵਿਸ਼ਵਾਸ ਕਰਦੇ ਦਿਖਾਈ ਦਿੱਤੇ, ਹਾਲਾਂਕਿ ਹੱਤਿਆ ਦੇ ਅਜਿਹੇ ਕਈ ਕੇਸ ਬਲੀ ਨਾਲ ਜੁੜੇ ਹੋਏ ਸਾਹਮਣੇ ਆਏ ਹਨ।
ਪੁਲਸ ਨੇ ਕੀਤੀ ਬੱਚੇ ਦੀ ਤਸਵੀਰ ਜਾਰੀ
ਥਾਣਾ ਨੰਬਰ 1 ਦੀ ਪੁਲਸ ਨੇ ਮ੍ਰਿਤਕ ਬੱਚੇ ਦੀ ਪਛਾਣ ਨੂੰ ਲੈ ਕੇ ਘਟਨਾ ਵਾਲੀ ਥਾਂ ਤੋਂ ਲਈ ਉਸ ਦੀ ਤਸਵੀਰ ਨੂੰ ਆਪਣੇ ਤਰੀਕੇ ਨਾਲ ਤਿਆਰ ਕਰਵਾ ਕੇ ਜਾਰੀ ਕਰ ਦਿੱਤਾ ਹੈ। ਉਸ ਦੀ ਲਾਸ਼ ਨੂੰ ਸਿਵਲ ਹਸਪਤਾਲ ਵਿਚ ਰਖਵਾ ਦਿੱਤਾ ਗਿਆ ਹੈ। ਪੁਲਸ ਚਾਹੁੰਦੀ ਹੈ ਕਿ ਉਸ ਦੀ ਪਛਾਣ ਹੋਣ 'ਤੇ ਹੀ ਉਸ ਦਾ ਪੋਸਟਮਾਰਟਮ ਕਰਵਾਇਆ ਜਾਵੇ।
ਪ੍ਰੋਸੀਕਿਊਸ਼ਨ ਅਤੇ ਡਿਫੈਂਸ ਕੌਂਸਲਾਂ 'ਚ ਹੋਈ ਕਾਨੂੰਨੀ ਬਹਿਸ
NEXT STORY