ਚੰਡੀਗਡ਼੍ਹ/ਪਟਿਆਲਾ, (ਪਰਮੀਤ)- ਪੰਜਾਬ ਰਾਜ ਬਿਜਲੀ ਨਿਗਮ ਲਿਮਟਿਡ (ਪਾਵਰਕਾਮ) ਨੂੰ ਇਸ ਵੇਲੇ ਆਰਥਕ ਸੰਕਟ ਦੇ ਨਾਲ-ਨਾਲ ਸਰਕਾਰੀ ਵਿਭਾਗਾਂ ਕੋਲੋਂ ਬਿਜਲੀ ਬਿੱਲਾਂ ਦੇ ਪੈਸੇ ਉਗਰਾਹੁਣ ਦੇ ਸੰਕਟ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ। ਸਰਕਾਰੀ ਵਿਭਾਗਾਂ ਵੱਲ ਇਸ ਦੇ ਬਿਜਲੀ ਬਿੱਲਾਂ ਦੇ 1829 ਕਰੋਡ਼ 52 ਲੱਖ ਰੁਪਏ ਬਕਾਇਆ ਖਡ਼੍ਹੇ ਹਨ। ਇਹ ਰਾਸ਼ੀ ਅਪ੍ਰੈਲ 2019 ਤੱਕ ਦੀ ਹੈ। ਪਾਵਰਕਾਮ ਦੇ ਸੂਤਰਾਂ ਦਾ ਕਹਿਣਾ ਹੈ ਕਿ ਅਗਲੇ ਅੰਕਡ਼ਿਆਂ ’ਚ ਹੋਰ ਵਾਧਾ ਹੋਵੇਗਾ ਪਾਵਰਕਾਮ ਨੇ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਕੋਲੋਂ 947 ਕਰੋਡ਼ 87 ਲੱਖ ਰੁਪਏ ਬਿਜਲੀ ਬਿੱਲਾਂ ਦੇ ਲੈਣੇ ਹਨ। ਇਸੇ ਤਰ੍ਹਾਂ ਸਥਾਨਕ ਸਰਕਾਰ ਵਿਭਾਗ ਕੋਲੋਂ 321 ਕਰੋਡ਼ 51 ਲੱਖ ਰੁਪਏ, ਸਿੰਚਾਈ ਵਿਭਾਗ ਕੋਲੋਂ 169 ਕਰੋਡ਼ 21 ਲੱਖ ਰੁਪਏ, ਸਿਹਤ ਅਤੇ ਪਰਿਵਾਰ ਭਲਾਈ ਕੋਲੋਂ 97 ਕਰੋਡ਼ 8 ਹਜ਼ਾਰ ਰੁਪਏ, ਇੰਡਸਟਰੀ ਅਤੇ ਕਾਮਰਸ ਵਿਭਾਗ ਕੋਲੋਂ 60 ਕਰੋਡ਼ 24 ਲੱਖ, ਗ੍ਰਹਿ ਮਾਮਲੇ ਤੇ ਜੇਲ ਵਿਭਾਗ ਕੋਲੋਂ 23 ਕਰੋਡ਼ ਅਤੇ ਸਕੂਲ ਸਿੱਖਿਆ ਵਿਭਾਗ ਕੋਲੋਂ 7 ਕਰੋਡ਼ 82 ਲੱਖ ਰੁਪਏ ਲੈਣੇ ਹਨ। ਜਿਹਡ਼ੇ ਵਿਭਾਗਾਂ ਦਾ ਬਕਾਇਆ ਸਭ ਤੋਂ ਘੱਟ ਹੈ, ਉਨ੍ਹਾਂ ’ਚ ਇਕਨਾਮਿਕ ਐਂਡ ਸਟੈਟਿਸਟਿਕਲ ਆਰਗੇਨਾਈਜ਼ੇਸ਼ਨ ਦੇ 1 ਹਜ਼ਾਰ ਰੁਪਏ, ਅਨੁਸੂਚਿਤ ਜਾਤੀ ਅਤੇ ਪਛਡ਼ੀਆਂ ਸ਼੍ਰੇਣੀਆਂ ਭਲਾਈ ਵਿਭਾਗ 4 ਹਜ਼ਾਰ ਰੁਪਏ, ਸ਼ਿਕਾਇਤ ਨਿਵਾਰਣ ਵਿਭਾਗ ਤੋਂ 9 ਹਜ਼ਾਰ ਰੁਪਏ, ਲੇਬਰ, ਪਲਾਨਿੰਗ ਅਤੇ ਸ਼ਹਿਰੀ ਹਵਾਬਾਜ਼ੀ ਵਿਭਾਗ ਤੋਂ 12-12 ਹਜ਼ਾਰ ਰੁਪਏ ਦੇ ਬਿੱਲਾਂ ਦੀ ਰਾਸ਼ੀ ਵਸੂਲਣੀ ਹੈ। ਪਾਵਰਕਾਮ ਲਈ ਇਹ ਰਾਸ਼ੀ ਉਗਰਾਹੁਣੀ ਵੱਡੀ ਮੁਸੀਬਤ ਬਣੀ ਹੋਈ ਹੈ। ਪੰਜਾਬ ਸਰਕਾਰ ਪਹਿਲਾਂ ਹੀ ਮੰਦਹਾਲੀ ’ਚੋਂ ਲੰਘ ਰਹੀ ਹੈ। ਜਿੱਥੇ ਸਰਕਾਰ ਇਸ ਦੇ ਹਿੱਸੇ ਦੀ ਬਿਜਲੀ ਸਬਸਿਡੀ ਦੇ ਪੈਸੇ ਸਹੀ ਸਮੇਂ ’ਤੇ ਅਦਾ ਨਹੀਂ ਕਰ ਰਹੀ, ਉਥੇ ਹੀ ਵੱਖ-ਵੱਖ ਸਰਕਾਰੀ ਵਿਭਾਗਾਂ ਦੇ ਬਿਜਲੀ ਬਿੱਲ ਵੀ ਪਾਵਰਕਾਮ ਦੇ ਆਰਥਕ ਸੰਕਟ ਨੂੰ ਵਧਾ ਰਹੇ ਹਨ।
ਵਿਭਾਗ ਦਾ ਨਾਂ ਬਕਾਇਆ ਰਾਸ਼ੀ (ਕਰੋਡ਼ਾਂ ’ਚ)
-ਜਲ ਸਪਲਾਈ ਅਤੇ ਸੈਨੀਟੇਸ਼ਨ 947.87
-ਸਥਾਨਕ ਸਰਕਾਰਾਂ 321.51
-ਸਿੰਚਾਈ 169.21
-ਸਿਹਤ ਅਤੇ ਪਰਿਵਾਰ ਭਲਾਈ 97.08
-ਪਬਲਿਕ ਵਰਕਸ 66.79
-ਪੇਂਡੂ ਵਿਕਾਸ ਅਤੇ ਪੰਚਾਇਤਾਂ 62.07
-ਇੰਡਸਟਰੀ ਐਂਡ ਕਾਮਰਸ 60.24
-ਗ੍ਰਹਿ ਮਾਮਲੇ ਅਤੇ ਜੇਲਾਂ 23.89
-ਸਕੂਲ ਸਿੱਖਿਆ 7.82
-ਆਮ ਪ੍ਰਸ਼ਾਸਨ 7.53
-ਲੀਗਲ ਐਂਡ ਲੈਜਿਸਲੇਟਿਵ ਅਫੇਅਰਜ਼ 6.55
-ਖੇਤੀਬਾਡ਼ੀ 4.27
-ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ 3.76
-ਪ੍ਰਸ਼ਾਸਨਿਕ ਸੁਧਾਰ 3.28
-ਪਰਸੋਨਲ 1.75
(ਬਿਜਲੀ ਬਿੱਲਾਂ ਦੀ 1829 ਕਰੋਡ਼ 52 ਲੱਖ ਰੁਪਏ ਦੀ ਰਾਸ਼ੀ ਕੁੱਲ 43 ਵਿਭਾਗਾਂ ਕੋਲ ਫਸੀ ਹੋਈ ਹੈ)
ਸਾਈਡ ਨਾ ਦੇਣ 'ਤੇ ਅਣਪਛਾਤੇ ਵਿਅਕਤੀ ਨੇ ਚਲਾਈ ਗੋਲੀ, ਮਾਮਲਾ ਦਰਜ
NEXT STORY