ਫ਼ਰੀਦਕੋਟ (ਹਾਲੀ) - ਇਸ ਵਾਰ ਦੀ ਦੀਵਾਲੀ ਪ੍ਰਦੂਸ਼ਣ ਮੁਕਤ ਹੋਏ, ਇਸ ਲਈ ਸਰਕਾਰ ਵੱਲੋਂ ਅਦਾਲਤੀ ਹੁਕਮਾਂ ਨੂੰ ਲਾਗੂ ਕਰਵਾਉਣ ਲਈ ਵੱਡੇ ਪੱਧਰ 'ਤੇ ਉਪਰਾਲੇ ਕੀਤੇ ਗਏ ਸਨ। ਪਟਾਕਿਆਂ ਦੀ ਖਰੀਦ-ਵੇਚ ਅਤੇ ਚਲਾਉਣ ਦੇ ਸਮੇਂ ਨਿਰਧਾਰਿਤ ਹੋਣ ਕਾਰਨ ਪਟਾਕਾ ਵਿਕਰੇਤਾਵਾਂ ਨੇ ਚੋਰੀ-ਛਿਪੇ ਪਟਾਕੇ ਵੇਚੇ। ਲੋਕਾਂ ਨੇ ਇਨ੍ਹਾਂ ਪਟਾਕਿਆਂ ਨੂੰ ਚਲਾ ਕੇ ਇਸ ਸੱਚ ਨੂੰ ਨੰਗਾ ਕਰ ਦਿੱਤਾ ਕਿ ਰੋਕ ਕੇ ਬਾਵਜੂਦ ਸਭ ਕੁਝ ਅੰਦਰ ਖਾਤੇ ਹੁੰਦਾ ਰਿਹਾ।
ਦੀਵਾਲੀ ਮਨਾਉਣ ਲਈ ਇਸ ਵਾਰੀ ਪਟਾਕੇ ਨਾ ਚਲਾ ਕੇ ਪ੍ਰਦੂਸ਼ਣ ਰੋਕਣ ਲਈ ਪਹਿਲਾਂ ਤੋਂ ਹੀ ਸਰਕਾਰੀ ਤੌਰ 'ਤੇ ਹਦਾਇਤਾਂ ਆਈਆਂ ਹੋਈਆਂ ਸਨ, ਜਿਨ੍ਹਾਂ ਨੂੰ ਲਾਗੂ ਕਰਵਾਉਣ ਲਈ ਜ਼ਿਲਾ ਪ੍ਰਸ਼ਾਸਨ ਪੱਬਾਂ ਪਾਰ ਹੋਇਆ ਪਿਆ ਸੀ। ਦੀਵਾਲੀ ਦੇ ਦਿਨ ਤੱਕ ਪਟਾਕਾ ਵਿਕਰੇਤਾਵਾਂ ਨੇ ਟੈਂਟ ਲਾ ਰੱਖੇ ਸਨ ਪਰ ਪਟਾਕੇ ਵੇਚਣੇ ਸ਼ੁਰੂ ਨਹੀਂ ਕੀਤੇ ਸਨ। ਦੀਵਾਲੀ ਦੇ ਦਿਨ ਅੰਦਰ ਖਾਤੇ ਤੇ ਚੋਰੀ- ਛਿਪੇ ਇਹ ਪਟਾਕੇ ਵਿਕੇ ਅਤੇ ਕਈ ਲੋਕਾਂ ਨੇ ਨਿਯਮਾਂ ਦੀ ਉਲੰਘਣਾ ਕਰ ਕੇ ਇਹ ਪਟਾਕੇ ਵੀ ਚਲਾਏ। ਫ਼ਿਰ ਵੀ ਬਹੁਤੇ ਲੋਕਾਂ ਨੇ ਦੀਵਾਲੀ ਇਸ ਵਾਰ ਦੀਵਿਆਂ ਅਤੇ ਰੌਸ਼ਨੀਆਂ ਨਾਲ ਹੀ ਮਨਾਈ। ਕਈ ਉਨ੍ਹਾਂ ਵਿਅਕਤੀਆਂ ਨੇ ਵੀ ਪਟਾਕੇ ਚਲਾਏ, ਜਿਨ੍ਹਾਂ ਨੇ ਦੀਵਾਲੀ ਤੋਂ ਪਹਿਲਾਂ ਲੋਕਾਂ ਨੂੰ ਗ੍ਰੀਨ ਦੀਵਾਲੀ ਮਨਾਉਣ ਦੀਆਂ ਨਸੀਹਤਾਂ ਦਿੱਤੀਆਂ ਸਨ।
ਜ਼ਿਲਾ ਪ੍ਰਸ਼ਾਸਨ ਨੇ ਪਟਾਕਿਆਂ ਦੇ ਮਾਮਲੇ ਵਿਚ ਪੂਰੀ ਤਰ੍ਹਾਂ ਚੌਕਸੀ ਵਰਤੀ ਅਤੇ ਜ਼ਿਲੇ ਅੰਦਰ ਪ੍ਰਦੂਸ਼ਣ ਨਿਯਮਾਂ ਦੀ ਉਲੰਘਣਾ ਦੇ ਮਾਮਲੇ ਵਿਚ 2 ਕੇਸ ਦਰਜ ਕੀਤੇ। ਪ੍ਰਦੂਸ਼ਣ ਵਿਭਾਗ ਅੱਜ ਛੁੱਟੀ ਹੋਣ ਕਾਰਨ ਭਾਵੇਂ ਬੰਦ ਸੀ ਅਤੇ ਉਥੋਂ ਪ੍ਰਦੂਸ਼ਣ ਸਬੰਧੀ ਕੋਈ ਅੰਕੜੇ ਨਹੀਂ ਮਿਲ ਸਕੇ।
ਇੰਟਰਨੈੱਟ 'ਤੇ ਵੀ ਸਰਕਾਰ ਵੱਲੋਂ ਗੂਗਲ 'ਤੇ ਪ੍ਰਦੂਸ਼ਣ ਦਾ ਕੋਈ ਅਪਡੇਟ ਨਹੀਂ ਕੀਤਾ ਹੋਇਆ ਸੀ। ਗੂਗਲ 'ਤੇ ਅੰਤਿਮ ਅਪਡੇਟ 20 ਅਕਤੂਬਰ ਨੂੰ 12:46 ਦੁਪਹਿਰ 'ਤੇ ਚੈੱਕ ਕੀਤਾ ਗਿਆ, ਜੋ ਕਿ 'ਨੋ ਡਾਟਾ ਅਵੇਲੇਬਲ' ਦਿਖਾਉਂਦਾ ਰਿਹਾ। ਪੁਲਸ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਥਾਣਾ ਸਦਰ ਫ਼ਰੀਦਕੋਟ ਨੇ ਪਿੰਡ ਗੋਲੇਵਾਲਾ ਦੇ ਚਮਕੌਰ ਸਿੰਘ ਤੇ ਪਿੰਡ ਕਾਬਲਵਾਲਾ ਦੇ ਲਵਪ੍ਰੀਤ ਸਿੰਘ ਖਿਲਾਫ਼ ਅਦਾਲਤੀ ਹੁਕਮਾਂ ਮੁਤਾਬਿਕ ਜ਼ਿਲਾ ਪ੍ਰਸ਼ਾਸਨ ਵੱਲੋਂ ਲਾਈ ਧਾਰਾ 144 ਅਧੀਨ ਪਟਾਕੇ ਚਲਾਉਣ 'ਤੇ ਪਾਬੰਦੀ ਦੀ ਉਲੰਘਣਾ ਦੇ ਸਬੰਧ 'ਚ ਕੇਸ ਦਰਜ ਕੀਤੇ ਹਨ। ਐੱਸ. ਪੀ. ਡੀ. ਸੇਵਾ ਸਿੰਘ ਮੱਲ੍ਹੀ ਨੇ ਦੱਸਿਆ ਕਿ ਪੁਲਸ ਨੇ ਅਦਾਲਤੀ ਹੁਕਮਾਂ ਨੂੰ ਜ਼ਿਲੇ ਅੰਦਰ ਸਖ਼ਤੀ ਨਾਲ ਲਾਗੂ ਕਰਵਾਇਆ ਹੈ ਅਤੇ ਦਰਜ ਕੀਤੇ ਗਏ ਦੋਵਾਂ ਮੁਕੱਦਮਿਆਂ ਵਿਚ ਮੁਖਬਰ ਨੇ ਇਤਲਾਹ ਦਿੱਤੀ ਸੀ ਕਿ ਇਹ ਵਿਅਕਤੀ ਪਟਾਕੇ ਚਲਾਉਣ ਦੇ ਨਿਰਧਾਰਿਤ ਸਮੇਂ ਤੋਂ ਬਾਅਦ ਵੀ ਆਪਣੇ ਘਰਾਂ ਤੋਂ ਬਾਹਰ ਸੜਕ 'ਤੇ ਪਟਾਕੇ ਚਲਾ ਰਹੇ ਹਨ। ਉਨ੍ਹਾਂ ਕਿਹਾ ਕਿ ਅਦਾਲਤੀ ਹੁਕਮਾਂ ਮੁਤਾਬਿਕ ਲਾਈਆਂ ਗਈਆਂ ਜ਼ਿਲਾ ਮੈਜਿਸਟ੍ਰੇਟ ਵੱਲੋਂ ਪਾਬੰਦੀਆਂ ਦੀ ਕਿਸੇ ਨੂੰ ਵੀ ਉਲੰਘਣਾ ਕਰਨ ਦੀ ਮਨਜ਼ੂਰੀ ਨਹੀਂ ਦਿੱਤੀ ਜਾਵੇਗੀ।
ਕੱਤਕ ਮਹਾਉਤਸਵ ਦੌਰਾਨ ਗੋਵਰਧਨ ਪੂਜਾ ਦਾ ਆਯੋਜਨ
NEXT STORY