ਚੰਡੀਗੜ੍ਹ (ਸ਼ੀਨਾ) : ਪੀ. ਜੀ. ਆਈ. ਨੇ ਵੱਡੀ ਪ੍ਰਾਪਤੀ ਹਾਸਲ ਕਰਦਿਆਂ ਹੁਣ ਤੱਕ ਗਾਮਾ ਨਾਈਫ ਰੇਡੀਓਸਰਜਰੀ ਤਕਨੀਕ ਨਾਲ 2 ਹਜ਼ਾਰ ਤੋਂ ਵੱਧ ਮਰੀਜ਼ਾਂ ਦਾ ਸਫ਼ਲਤਾ ਪੂਰਵਕ ਇਲਾਜ ਕੀਤਾ ਹੈ। ਇਸ ਪ੍ਰਾਪਤੀ ’ਚ ਡਾ. ਸੁਸ਼ਾਂਤ ਕੁਮਾਰ ਸਾਹੂ, ਡਾ. ਰੇਣੂ ਮਦਾਨ, ਡਾ. ਨਰਿੰਦਰ ਕੁਮਾਰ, ਡਾ. ਐੱਸ. ਐੱਸ. ਢੰਡਪਾਣੀ ਤੇ ਡਾ. ਚਿਰਾਗ ਆਹੂਜਾ ਦੀ ਟੀਮ ਦਾ ਯੋਗਦਾਨ ਹੈ। ਇਹ ਤਕਨੀਕ ਦਿਮਾਗ਼ ਦੇ ਟਿਊਮਰ ਅਤੇ ਹੋਰ ਬਿਮਾਰੀਆਂ ਦਾ ਇਲਾਜ ਬਿਨਾਂ ਚੀਰਾ ਜਾਂ ਵੱਡੇ ਆਪਰੇਸ਼ਨ ਦੇ ਸਟੀਕ ਰੇਡੀਏਸ਼ਨ ਨਾਲ ਕਰਦੀ ਹੈ।
ਡਾਕਟਰਾਂ ਦਾ ਕਹਿਣਾ ਹੈ ਕਿ ਗਾਮਾ ਨਾਈਫ ਨਾਲ, ਉਨ੍ਹਾਂ ਟਿਊਮਰਾਂ ਦਾ ਇਲਾਜ ਕਰਨਾ ਵੀ ਸੰਭਵ ਹੈ ਜੋ ਖੋਪੜੀ ਦੇ ਡੂੰਘੇ ਹਿੱਸੇ ’ਚ ਨਾਜ਼ੁਕ ਨਸਾਂ ਤੇ ਖ਼ੂਨ ਦੀਆਂ ਨਾੜੀਆਂ ਦੇ ਨੇੜੇ ਹਨ, ਜਿਵੇਂ ਕਿ ਮੇਨਿਨਜੀਓਮਾ, ਸੀਪੀ ਐਂਗਲ ਟਿਊਮਰ ਅਤੇ ਕਾਰਡੋਮਾ। ਇਸ ਤੋਂ ਇਲਾਵਾ, ਏ.ਵੀ.ਐੱਮ. ਤੇ ਕੈਵਰਨਸ ਸਾਈਨਸ ਟਿਊਮਰ ਵਰਗੀਆਂ ਗੁੰਝਲਦਾਰ ਸਥਿਤੀਆਂ ਦਾ ਵੀ ਜ਼ਿਆਦਾ ਖ਼ੂਨ ਵਹਿਣ ਤੋਂ ਬਿਨਾਂ ਇਲਾਜ ਕੀਤਾ ਜਾ ਸਕਦਾ ਹੈ। ਟ੍ਰਾਈਜੇਮਿਨਲ ਨਿਊਰਲਜੀਆ ਵਰਗੀਆਂ ਦਰਦਨਾਕ ਬਿਮਾਰੀਆਂ ’ਚ ਵੀ, ਇਹ ਤਕਨੀਕ ਬਹੁਤ ਪ੍ਰਭਾਵਸ਼ਾਲੀ ਸਾਬਤ ਹੋ ਰਹੀ ਹੈ। ਗਾਮਾ ਨਾਈਫ ਤਕਨੀਕ ਦੀ ਸਭ ਤੋਂ ਖ਼ਾਸ ਗੱਲ ਇਹ ਹੈ ਕਿ ਮਰੀਜ਼ਾਂ ਨੂੰ ਵੱਡਾ ਆਪ੍ਰੇਸ਼ਨ ਅਤੇ ਲੰਬੇ ਸਮੇਂ ਤੱਕ ਹਸਪਤਾਲ ’ਚ ਭਰਤੀ ਨਹੀਂ ਹੋਣਾ ਪੈਂਦਾ।
ਇਲਾਜ ਤੋਂ ਬਾਅਦ, ਉਹ ਉਸੇ ਦਿਨ ਹਸਪਤਾਲ ਤੋਂ ਛੁੱਟੀ ਪ੍ਰਾਪਤ ਕਰਕੇ ਵਾਪਸ ਆ ਸਕਦੇ ਹਨ। ਡਾ. ਸੁਸ਼ਾਂਤ ਅਤੇ ਟੀਮ ਨੇ ਗਾਮਾ ਨਾਈਫ ਨਾਲ ਸਬੰਧਿਤ ਕਈ ਨਵੀਆਂ ਖੋਜਾਂ ਅਤੇ ਤਕਨੀਕਾਂ ਵੀ ਵਿਕਸਤ ਕੀਤੀਆਂ ਹਨ। ਘੱਟ ਲਾਗਤ ਤੇ ਘੱਟ ਉਡੀਕ ਸਮੇਂ ਦੇ ਕਾਰਨ, ਹੁਣ ਮਰੀਜ਼ ਨਾ ਸਿਰਫ਼ ਉੱਤਰੀ ਭਾਰਤ ਤੋਂ ਸਗੋਂ ਕੇਰਲ, ਆਂਧਰਾ ਪ੍ਰਦੇਸ਼ ਅਤੇ ਕਰਨਾਟਕ ਵਰਗੇ ਦੂਰ-ਦੁਰਾਡੇ ਸੂਬਿਆਂ ਤੋਂ ਵੀ ਇਲਾਜ ਲਈ ਚੰਡੀਗੜ੍ਹ ਆ ਰਹੇ ਹਨ। ਪੀ.ਜੀ.ਆਈ. ਦੀ ਇਸ ਪ੍ਰਾਪਤੀ ਨੇ ਗੁੰਝਲਦਾਰ ਦਿਮਾਗ਼ੀ ਬਿਮਾਰੀਆਂ ਦੇ ਮਰੀਜ਼ਾਂ ਲਈ ਨਵੀਂ ਉਮੀਦ ਤੇ ਜੀਵਨ ਦੀ ਗੁਣਵੱਤਾ ’ਚ ਸੁਧਾਰ ਲਿਆਂਦਾ ਹੈ।
ਰਾਜਾ ਵੜਿੰਗ ਨੇ PM ਨਰਿੰਦਰ ਮੋਦੀ ਨੂੰ ਲਿਖੀ ਚਿੱਠੀ, 25 ਹਜ਼ਾਰ ਕਰੋੜ ਰੁਪਏ ਰਾਹਤ ਪੈਕੇਜ ਦੀ ਕੀਤੀ ਮੰਗ
NEXT STORY