ਚੰਡੀਗੜ੍ਹ (ਰਮਨਜੀਤ) - ਸਥਾਨਕ ਸਰਕਾਰਾਂ ਵਿਭਾਗ 'ਚ 'ਸਫਾਈ' ਕਰਨ 'ਚ ਲੱਗੇ ਸਥਾਨਕ ਸਰਕਾਰਾਂ ਮੰਤਰੀ ਨਵਜੋਤ ਸਿੰਘ ਸਿੱਧੂ ਨੇ 4 ਚੀਫ ਸੁਪਰਡੈਂਟ ਇੰਜੀਨੀਅਰਜ਼ (ਐੱਸ. ਈ.)ਨੂੰ ਸਸਪੈਂਡ ਕਰ ਦਿੱਤਾ ਹੈ। ਇਨ੍ਹਾਂ ਦੇ ਨਾਲ ਹੀ ਮਿਊਂਸੀਪਲ ਕਮਿਸ਼ਨਰ ਵਜੋਂ ਤਾਇਨਾਤ ਆਈ. ਏ. ਐੱਸ. ਅਧਿਕਾਰੀ ਸੋਨਾਲੀ ਗਿਰੀ, ਜੀ. ਐੱਸ. ਖਹਿਰਾ ਤੇ ਘਣਸ਼ਾਮ ਥੋਰੀ ਖਿਲਾਫ਼ ਜਾਂਚ ਤੇ ਕਾਰਵਾਈ ਲਈ ਪੰਜਾਬ ਦੇ ਚੀਫ ਸੈਕਟਰੀ ਨੂੰ ਪੱਤਰ ਲਿਖਣ ਦੀ ਗੱਲ ਕਹੀ ਹੈ। ਸਿੱਧੂ ਨੇ ਕਿਹਾ ਕਿ ਕਾਰਵਾਈ ਪਿਛਲੇ ਇਕ ਸਾਲ ਦੌਰਾਨ 'ਅਰਬਨ ਮਿਸ਼ਨ' ਤੇ 'ਹਿਰਦਯ' ਮਿਸ਼ਨ ਤਹਿਤ ਜਾਰੀ ਕੀਤੇ ਗਏ ਲਗਭਗ 800 ਕਰੋੜ ਰੁਪਏ ਦੇ ਸਿਵਲ ਵਰਕ ਆਰਡਰ 'ਚੋਂ 500 ਕਰੋੜ ਦੇ ਸਿੰਗਲ ਜਾਂ ਡਬਲ ਬਿੱਡਰਜ਼ ਦੇ ਜ਼ਰੀਏ ਅਲਾਟ ਕਰਨ 'ਚ ਹੋਈਆਂ ਬੇਨਿਯਮੀਆਂ ਦੇ ਮੱਦੇਨਜ਼ਰ ਕੀਤੀ ਗਈ ਹੈ। ਪੱਤਰਕਾਰਾਂ ਨਾਲ ਗੱਲ ਕਰਦਿਆਂ ਸਿੱਧੂ ਨੇ ਕਿਹਾ ਕਿ ਇਹ ਵੱਡੇ ਭ੍ਰਿਸ਼ਟਾਚਾਰ ਦੀ ਛੋਟੀ ਜਿਹੀ 'ਟਿਪ' ਉਜਾਗਰ ਹੋਈ ਹੈ। ਸਿਰਫ਼ ਇਕ ਸਾਲ ਦੀਆਂ ਫਾਈਲਾਂ ਦੀ ਜਾਂਚ ਤੋਂ ਬਾਅਦ ਹੀ ਐਨੇ ਵੱਡੇ ਭ੍ਰਿਸ਼ਟਾਚਾਰ ਤੋਂ ਪਰਦਾ ਉਠਿਆ ਹੈ ਤੇ ਅਜੇ ਪਿਛਲੇ 10 ਸਾਲਾਂ ਦੀਆਂ ਫਾਈਲਾਂ ਤੋਂ ਵੀ ਹੌਲੀ-ਹੌਲੀ 'ਸਫਾਈ' ਕਰਦੇ ਹੋਏ ਘੱਟਾ ਹਟਾਇਆ ਜਾਵੇਗਾ। ਸਿੱਧੂ ਨੇ ਕਿਹਾ ਕਿ ਇਹ ਵੀ ਸਪਸ਼ਟ ਹੈ ਕਿ ਐਨੇ ਵੱਡੇ ਭ੍ਰਿਸ਼ਟਾਚਾਰ 'ਚ ਸਿਰਫ਼ ਇਨ੍ਹਾਂ ਅਧਿਕਾਰੀਆਂ ਦੇ ਸ਼ਾਮਿਲ ਹੋਣ ਨਾਲ ਕੰਮ ਨਹੀਂ ਬਣਦਾ, ਬਲਕਿ ਇਨ੍ਹਾਂ ਦੇ ਨਾਲ ਹੋਰ ਵੀ ਉਚ ਅਹੁਦਿਆਂ 'ਤੇ ਤਾਇਨਾਤ ਲੋਕਾਂ ਦਾ ਸਾਥ ਰਿਹਾ ਹੋਵੇਗਾ।
ਸਿੱਧੂ ਨੇ ਦੱਸਿਆ ਕਿ ਵਿਭਾਗ ਦੇ ਚੀਫ ਵਿਜੀਲੈਂਸ ਅਧਿਕਾਰੀ ਵਲੋਂ ਅੰਮ੍ਰਿਤਸਰ ਮਿਊਂਸੀਪਲ ਕਾਰਪੋਰੇਸ਼ਨ ਨਾਲ ਸੰਬੰਧਿਤ ਫਾਈਲਾਂ ਦੀ ਜਾਂਚ ਕੀਤੀ ਗਈ ਸੀ, ਇਸ ਸ਼ੁਰੂਆਤੀ ਜਾਂਚ ਦੌਰਾਨ ਹੀ ਗੜਬੜੀਆਂ ਸਾਹਮਣੇ ਆਉਣ ਲੱਗੀਆਂ ਤਾਂ ਜਲੰਧਰ, ਲੁਧਿਆਣਾ ਤੇ ਬਠਿੰਡਾ ਨਗਰ ਨਿਗਮਾਂ ਨਾਲ ਸੰਬੰਧਿਤ ਫਾਈਲਾਂ ਦੀ ਵੀ ਜਾਂਚ ਦਾ ਫੈਸਲਾ ਲਿਆ ਗਿਆ ਤੇ ਸਾਹਮਣੇ ਆਇਆ ਕਿ ਅੰਮ੍ਰਿਤਸਰ, ਜਲੰਧਰ ਤੇ ਲੁਧਿਆਣਾ 'ਚ ਨਿਯਮਾਂ ਦੀ ਪ੍ਰਵਾਹ ਨਾ ਕਰਦੇ ਹੋਏ ਈ-ਟੈਂਡਰਿੰਗ ਤਹਿਤ ਸਿੰਗਲ-ਡਬਲ ਬਿੱਡ ਕਰਵਾ ਕੇ ਕਰੋੜਾਂ ਦੇ ਵਿਕਾਸ ਕੰਮ ਅਲਾਟ ਕੀਤੇ ਜਾਂਦੇ ਰਹੇ।
ਸਿੱਧੂ ਨੇ ਕਿਹਾ ਕਿ ਨਿਯਮ ਇਹ ਕਹਿੰਦੇ ਹਨ ਕਿ 25 ਹਜ਼ਾਰ ਤੋਂ ਉਪਰ ਦੇ ਕਿਸੇ ਵੀ ਵਿਕਾਸ ਕੰਮ ਸਬੰਧੀ ਸੰਬੰਧਿਤ ਨਗਰ ਨਿਗਮ ਦੇ ਹਾਊਸ 'ਚ ਮਤਾ ਪਾਸ ਹੋਣਾ ਜ਼ਰੂਰੀ ਹੈ। ਇਸਦੇ ਨਾਲ ਹੀ ਵੱਡੇ ਕੰਮਾਂ ਲਈ ਐੱਫ. ਐਂਡ ਸੀ. ਸੀ. ਦੀ ਮਨਜ਼ੂਰੀ, ਸੀ. ਵੀ. ਸੀ. ਦਿਸ਼ਾ-ਨਿਰਦੇਸ਼ਾਂ ਦਾ ਪਾਲਣ ਤੇ ਸਥਾਨਕ ਸਰਕਾਰਾਂ ਵਿਭਾਗ ਦੇ ਸਮੇਂ-ਸਮੇਂ 'ਤੇ ਜਾਰੀ ਸਰਕੂਲਰਾਂ ਦੇ ਨਿਰਦੇਸ਼ਾਂ ਨੂੰ ਵੀ ਧਿਆਨ 'ਚ ਰੱਖਣਾ ਹੁੰਦਾ ਹੈ ਪਰ ਇਨ੍ਹਾਂ ਸਾਰੇ ਮਾਮਲਿਆਂ 'ਚ ਕਿਸੇ ਵੀ ਨਿਯਮ ਦਾ ਪਾਲਣ ਨਹੀਂ ਕੀਤਾ ਗਿਆ। ਨਵਜੋਤ ਸਿੱਧੂ ਨੇ ਦੱਸਿਆ ਕਿ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਸਿੰਗਲ ਬਿੱਡ 'ਤੇ ਹਿਰਦਯ ਪ੍ਰੋਜੈਕਟ ਤਹਿਤ ਅੰਮ੍ਰਿਤਸਰ 'ਚ 50 ਕਰੋੜ ਦੇ ਵਰਕ ਆਰਡਰ ਅਰਬਨ ਮਿਸ਼ਨ ਤਹਿਤ 24 ਕਰੋੜ ਦਾ ਕੰਮ ਤੇ ਇਸ ਤਰ੍ਹਾਂ ਹੀ ਜਲੰਧਰ 'ਚ ਅਰਬਨ ਮਿਸ਼ਨ ਤਹਿਤ 15 ਕਰੋੜ ਦੇ ਵਿਕਾਸ ਕੰਮਾਂ ਦਾ ਕੰਮ ਵੀ ਸਿੰਗਲ ਬਿੱਡ 'ਤੇ ਹੀ ਦੇ ਦਿੱਤਾ ਗਿਆ।
ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਇਨ੍ਹਾਂ ਘੋਰ ਬੇਨਿਯਮੀਆਂ ਦੇ ਸਾਹਮਣੇ ਆਉਣ ਤੋਂ ਬਾਅਦ ਐੱਮ. ਸੀ. ਅੰਮ੍ਰਿਤਸਰ ਦੇ ਸੁਪਰਡੈਂਟ ਇੰਜੀਨੀਅਰ ਪੀ. ਕੇ. ਗੋਇਲ, ਐੱਮ. ਸੀ. ਜਲੰਧਰ ਦੇ ਸੁਪਰਡੈਂਟ ਇੰਜੀਨੀਅਰ ਪਵਨ ਸ਼ਰਮਾ ਤੇ ਧਰਮ ਸਿੰਘ ਨੂੰ ਜਾਂਚ ਹੋਣ ਤਕ ਸਸਪੈਂਡ ਕਰ ਦਿੱਤਾ ਗਿਆ। ਇਸਦੇ ਨਾਲ ਹੀ ਐੱਮ. ਸੀ. ਅੰਮ੍ਰਿਤਸਰ ਕਮਿਸ਼ਨਰ ਸੋਨਾਲੀ ਗਿਰੀ, ਐੱਮ. ਸੀ. ਜਲੰਧਰ ਕਮਿਸ਼ਨਰ ਜੀ. ਐੱਸ. ਖਹਿਰਾ ਤੇ ਲੁਧਿਆਣਾ ਐੱਮ. ਸੀ. ਕਮਿਸ਼ਨਰ ਘਣਸ਼ਾਮ ਥੋਰੀ ਖਿਲਾਫ਼ ਚੀਫ ਸੈਕਟਰੀ ਨੂੰ ਪੱਤਰ ਲਿਖ ਕੇ ਜਾਂਚ ਤੇ ਕਾਰਵਾਈ ਕੀਤੇ ਜਾਣ ਨੂੰ ਕਿਹਾ ਜਾਵੇਗਾ।
ਸਿੱਧੂ ਨੇ ਕਿਹਾ ਕਿ ਉਕਤ ਆਈ. ਏ. ਐੱਸ. ਅਧਿਕਾਰੀਆਂ ਨੂੰ ਵੀ ਜ਼ਿੰਮੇਵਾਰੀ ਤੋਂ ਭੱਜਣ ਨਹੀਂ ਦਿੱਤਾ ਜਾਵੇਗਾ ਕਿਉਂਕਿ ਲੋਕਾਂ ਦੇ ਪੈਸੇ ਦੀ ਲੁੱਟ 'ਚ ਸ਼ਾਮਿਲ ਕਿਸੇ ਨੂੰ ਵੀ ਉਹ ਬਰਦਾਸ਼ਤ ਨਹੀਂ ਕਰਨਗੇ। ਐਨੇ ਵੱਡੇ ਭ੍ਰਿਸ਼ਟਾਚਾਰ ਦੇ ਮਾਮਲੇ 'ਚ ਛੋਟੇ ਅਧਿਕਾਰੀਆਂ ਦੀ ਹੀ ਸ਼ਮੂਲੀਅਤ ਸੰਬੰਧੀ ਪੁੱਛੇ ਗਏ ਸਵਾਲ ਦਾ ਜਵਾਬ ਦਿੰਦੇ ਹੋਏ ਸਿੱਧੂ ਨੇ ਕਿਹਾ ਕਿ 'ਅਭੀ ਤੋ ਪਾਰਟੀ ਸ਼ੁਰੂ ਹੋਈ ਹੈ' ਆਗੇ-ਆਗੇ ਦੇਖੀਏ ਕਿਆ-ਕਿਆ ਹੋਤਾ ਹੈ।
ਪੁਲਸ ਨੇ ਹੈਰੋਇਨ ਸਣੇ 3 ਨੂੰ ਕੀਤਾ ਗ੍ਰਿਫਤਾਰ
NEXT STORY