ਹੁਸ਼ਿਆਰਪੁਰ, (ਜ.ਬ.)- ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਪੰਡੋਰੀ ਖਜ਼ੂਰ ਵਿਚੋਂ ਲੁਟੇਰਿਆਂ ਨੇ 2 ਚੌਕੀਦਾਰਾਂ 'ਤੇ ਜਾਨਲੇਵਾ ਹਮਲਾ ਕਰ ਕੇ ਅਤੇ ਉਨ੍ਹਾਂ ਨੂੰ ਬੰਧਕ ਬਣਾ ਕੇ 4 ਲੱਖ ਰੁਪਏ ਲੁੱਟ ਲਏ। ਮੌਕੇ 'ਤੇ ਪਹੁੰਚੇ ਪੁਲਸ ਅਧਿਕਾਰੀਆਂ ਨੇ ਘਟਨਾ ਦਾ ਜਾਇਜ਼ਾ ਲਿਆ। ਪੁਲਸ ਨੂੰ ਦਿੱਤੇ ਬਿਆਨ ਵਿਚ ਮਹਿੰਦਰ ਸਿੰਘ ਪੁੱਤਰ ਕਿਸ਼ਨ ਸਿੰਘ ਵਾਸੀ ਹੁਸੈਨਪੁਰਾ ਗੁਰੂ ਕਾ ਨੇ ਦੱਸਿਆ ਕਿ ਉਹ ਆਪਣੇ ਸਾਥੀ ਗੁਲਵਿੰਦਰ ਸਿੰਘ ਪੁੱਤਰ ਨਿਰਮਲ ਸਿੰਘ ਵਾਸੀ ਚੱਕੋਵਾਲ ਸ਼ੇਖਾਂ ਨਾਲ ਉਕਤ ਸਕੂਲ 'ਚ ਚੌਕੀਦਾਰ ਦੀ ਡਿਊਟੀ ਕਰਦਾ ਹੈ। ਅੱਜ ਤੜਕੇ ਕਰੀਬ 3 ਵਜੇ ਜਦੋਂ ਉਹ ਸਕੂਲ 'ਚ ਡਿਊਟੀ ਕਰ ਰਹੇ ਸਨ ਤਾਂ ਇਸ ਦੌਰਾਨ ਉਹ ਸਕੂਲ ਦੇ ਦੂਸਰੇ ਹਿੱਸੇ ਵੱਲ ਗਿਆ ਤਾਂ ਦੇਖਿਆ ਕਿ ਉਥੇ 3 ਨਕਾਬਪੋਸ਼ ਨੌਜਵਾਨ ਅੰਦਰ ਲੁਕੇ ਹੋਏ ਸਨ। ਉਨ੍ਹਾਂ ਨੂੰ ਦੇਖ ਕੇ ਜਿਉਂ ਹੀ ਉਸ ਨੇ ਆਪਣੇ ਦੂਸਰੇ ਸਾਥੀ ਗੁਲਵਿੰਦਰ ਸਿੰਘ ਨੂੰ ਆਵਾਜ਼ ਮਾਰੀ ਤਾਂ ਉਨ੍ਹਾਂ ਰਾਡ ਨਾਲ ਉਸ ਦੇ ਸਿਰ 'ਤੇ ਵਾਰ ਕਰ ਦਿੱਤਾ ਅਤੇ ਤਿੰਨਾਂ ਨੇ ਮਿਲ ਕੇ ਉਸ ਨੂੰ ਕੁਰਸੀ ਨਾਲ ਬੰਨ੍ਹ ਦਿੱਤਾ। ਰੌਲਾ ਪਾਉਣ 'ਤੇ ਉਨ੍ਹਾਂ ਜਾਨੋਂ ਮਾਰਨ ਦੀ ਧਮਕੀ ਦਿੱਤੀ ਅਤੇ ਸਕੂਲ ਦੀ ਅਲਮਾਰੀ ਤੋੜ ਕੇ ਉਸ ਵਿਚ ਰੱਖੀ ਨਕਦੀ ਲੁੱਟ ਕੇ ਫ਼ਰਾਰ ਹੋ ਗਏ।
ਸਵੇਰੇ ਕਰੀਬ 5 ਵਜੇ ਲੁਟੇਰਿਆਂ ਦੇ ਜਾਣ ਤੋਂ ਬਾਅਦ ਜਦੋਂ ਉਸ ਨੇ ਕਿਸੇ ਤਰ੍ਹਾਂ ਆਪਣੇ ਮੂੰਹ ਨਾਲ ਬੰਨ੍ਹੀ ਹੋਈ ਰੱਸੀ ਨੂੰ ਖੋਲ੍ਹ ਕੇ ਸਕੂਲ ਦੇ ਦੂਜੇ ਪਾਸੇ ਜਾ ਕੇ ਆਪਣੇ ਸਾਥੀ ਗੁਲਵਿੰਦਰ ਸਿੰਘ ਨੂੰ ਦੇਖਿਆ ਤਾਂ ਉਸ ਨੂੰ ਵੀ ਲੁਟੇਰਿਆਂ ਬੰਧਕ ਬਣਾਇਆ ਹੋਇਆ ਸੀ ਅਤੇ ਉਸ ਦੇ ਸਿਰ ਵਿਚੋਂ ਖੂਨ ਵਗ ਰਿਹਾ ਸੀ। ਉਨ੍ਹਾਂ ਘਟਨਾ ਦੀ ਸੂਚਨਾ ਸਕੂਲ ਪ੍ਰਬੰਧਕਾਂ ਨੂੰ ਦਿੱਤੀ, ਜਿਨ੍ਹਾਂ ਇਸ ਸਬੰਧੀ ਪੁਲਸ ਨੂੰ ਦੱਸਿਆ।
ਮੌਕੇ 'ਤੇ ਐੱਸ. ਪੀ. (ਡੀ) ਹਰਪ੍ਰੀਤ ਸਿੰਘ ਮੰਡੇਰ, ਡੀ. ਐੱਸ. ਪੀ. (ਆਰ) ਹਰਜਿੰਦਰ ਸਿੰਘ, ਸੀ. ਆਈ. ਏ. ਸਟਾਫ਼ ਦੇ ਇੰਚਾਰਜ ਸੁਖਵਿੰਦਰ ਸਿੰਘ, ਸਪੈਸ਼ਲ ਬ੍ਰਾਂਚ ਇੰਚਾਰਜ ਨਰਿੰਦਰ ਸਿੰਘ ਅਤੇ ਥਾਣਾ ਬੁੱਲ੍ਹੋਵਾਲ ਦੇ ਇੰਚਾਰਜ ਪ੍ਰਦੀਪ ਸਿੰਘ ਪਹੁੰਚੇ। ਡੀ. ਐੱਸ. ਪੀ. ਹਰਜਿੰਦਰ ਸਿੰਘ ਨੇ ਕਿਹਾ ਕਿ ਸਾਰੇ ਪਹਿਲੂਆਂ ਨੂੰ ਧਿਆਨ 'ਚ ਰੱਖ ਕੇ ਜਾਂਚ ਕੀਤੀ ਜਾ ਰਹੀ ਹੈ। ਸਕੂਲ 'ਚ ਲੱਗੇ ਸੀ. ਸੀ. ਟੀ. ਵੀ. ਦੀ ਫੁਟੇਜ ਨੂੰ ਵੀ ਖੰਗਾਲਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਦੋਸ਼ੀਆਂ ਨੂੰ ਜਲਦ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਸਕੂਲ ਪ੍ਰਿੰਸੀਪਲ ਨੇ ਕਿਹਾ ਕਿ ਦੋਵੇਂ ਚੌਕੀਦਾਰ ਸਕੂਲ ਵਿਚ ਪਿਛਲੇ 12 ਸਾਲਾਂ ਤੋਂ ਕੰਮ ਕਰ ਰਹੇ ਹਨ ਅਤੇ ਪਹਿਲਾਂ ਕਦੇ ਅਜਿਹੀ ਕੋਈ ਵਾਰਦਾਤ ਨਹੀਂ ਹੋਈ।
ਪ੍ਰਿੰਸੀਪਲ ਨੇ ਦੱਸਿਆ ਕਿ ਅਕਾਊਂਟੈਂਟ ਵੀ ਛੁੱਟੀ 'ਤੇ ਹੋਣ ਕਾਰਨ ਸਕੂਲ ਦੀ ਅਲਮਾਰੀ ਵਿਚ 4 ਲੱਖ ਰੁਪਏ ਤੋਂ ਵੱਧ ਨਕਦੀ ਸੀ, ਜੋ ਕਿ ਸਕੂਲ ਬੱਸਾਂ ਦੇ ਟਰਾਂਸਪੋਰਟਰਾਂ ਨੂੰ ਦੇਣ ਲਈ ਰੱਖੀ ਹੋਈ ਸੀ। ਇਸ ਦੌਰਾਨ ਚੌਕੀਦਾਰ ਗੁਲਵਿੰਦਰ ਸਿੰਘ ਦੀ ਹਾਲਤ ਗੰਭੀਰ ਹੋਣ ਕਰ ਕੇ ਉਸ ਨੂੰ ਪੀ. ਜੀ. ਆਈ. ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ ਹੈ, ਜਿਥੇ ਉਸ ਦੀ ਹਾਲਤ ਅਜੇ ਵੀ ਗੰਭੀਰ ਬਣੀ ਹੋਈ ਦੱਸੀ ਜਾ ਰਹੀ ਹੈ। ਥਾਣਾ ਬੁੱਲ੍ਹੋਵਾਲ ਦੇ ਇੰਚਾਰਜ ਪ੍ਰਦੀਪ ਸਿੰਘ ਨੇ ਦੱਸਿਆ ਕਿ ਉਕਤ ਘਟਨਾ ਸਬੰਧੀ 3 ਅਣਪਛਾਤੇ ਲੁਟੇਰਿਆਂ ਖਿਲਾਫ਼ ਧਾਰਾ 459, 380 ਆਈ. ਪੀ. ਸੀ. ਤਹਿਤ ਕੇਸ ਦਰਜ ਕਰ ਲਿਆ ਗਿਆ ਹੈ।
ਦੋ ਧਾਰਮਿਕ ਆਗੂਆਂ ਤੇ ਇਕ ਡੇਰਾ ਪੈਰੋਕਾਰ ਦੇ ਕਤਲ ਮਾਮਲੇ 'ਚ 2 ਗ੍ਰਿਫਤਾਰ
NEXT STORY