ਪਟਿਆਲਾ, (ਮਨਦੀਪ ਜੋਸਨ)- ਜ਼ਿਲ੍ਹਾ ਪ੍ਰਸ਼ਾਸਨ ਪਟਿਆਲਾ ਤੇ ਸਿਹਤ ਵਿਭਾਗ ਵੱਲੋਂ ਕਰਵਾਇਆ ਗਿਆ ਕੋਰੋਨਾ ਵੈਕਸੀਨ ਦਾ ਟੀਕਾਕਰਨ ਅਭਿਆਸ ਸਫ਼ਲਤਾ ਪੂਰਵਕ ਸਮਾਪਤ ਹੋਇਆ। ਡਿਪਟੀ ਕਮਿਸ਼ਨਰ ਕੁਮਾਰ ਅਮਿਤ ਨੇ ਦੱਸਿਆ ਕਿ ਸਰਕਾਰੀ ਰਾਜਿੰਦਰਾ ਹਸਪਤਾਲ, ਸਦਭਾਵਨਾ ਹਸਪਤਾਲ ਅਤੇ ਸੀ. ਐੱਚ. ਸੀ. ਸ਼ੁਤਰਾਣਾ ਵਿਖੇ ਸਿਹਤ ਖੇਤਰ ਨਾਲ ਜੁੜੇ ਡਾਕਟਰਾਂ ਤੇ ਹੋਰ ਅਮਲੇ ਨੂੰ ਕੋਵਿਡ ਵੈਕਸੀਨ ਦਾ ਟੀਕਾ ਲਾਉਣ ਦੀ ਅਜਮਾਇਸ਼ ਸਫ਼ਲਤਾ ਪੂਰਵਕ ਮੁਕੰਮਲ ਕਰ ਲਈ ਗਈ ਹੈ।
ਉਨ੍ਹਾਂ ਦੱਸਿਆ ਸਿਹਤ ਵਿਭਾਗ ਵੱਲੋਂ ਪੰਜਾਬ ’ਚ ਦੂਜੇ ਪੜਾਅ ਤਹਿਤ ਜ਼ਿਲੇ ਨੂੰ ਇਸ ਅਭਿਆਸ ਲਈ ਚੁਣਿਆ ਗਿਆ ਤਾਂ ਕਿ ਸਿਹਤ ਪ੍ਰਣਾਲੀ ’ਚ ਨਵੇਂ ਆਏ ਇਸ ਕੋਵਿਡ ਵੈਕਸੀਨ ਦੇ ਟੀਕਾਕਰਨ ਲਈ ਕੀਤੀ ਗਈ ਤਿਆਰੀ ਨੂੰ ਜਾਂਚਿਆ ਜਾ ਸਕੇ ਤਾਂ ਕਿ ਜੇਕਰ ਕੋਈ ਖਾਮੀ ਰਹਿ ਜਾਵੇ ਤਾਂ ਉਸ ਨੂੰ ਸਮਾਂ ਰਹਿੰਦੇ ਦੂਰ ਕੀਤਾ ਜਾ ਸਕੇ। ਕੁਮਾਰ ਅਮਿਤ ਨੇ ਦੱਸਿਆ ਕਿ ਅੱਜ ਅਜਮਾਇਸ਼ ਵਜੋਂ ਨਿਰਧਾਰਤ ਤਿੰਨੇ ਥਾਵਾਂ ’ਤੇ 25-25 ਹੈਲਥ ਕੇਅਰ ਵਰਕਰਾਂ, ਜਿਨ੍ਹਾਂ ਨੇ ਆਪਣਾ ਨਾਮ ਪਹਿਲਾਂ ਹੀ ਕੋ-ਵਿਨ ਪੋਰਟਲ ’ਤੇ ਦਰਜ ਕਰਵਾਇਆ ਹੋਇਆ ਸੀ, ਨੂੰ ਬੁਲਾਇਆ ਗਿਆ ਸੀ, ਜਿੱਥੇ ਕਿ ਟੀਕੇ ਲਾਉਣ ਦੀ ਪੂਰੀ ਮੌਕ ਡਰਿਲ ਕੀਤੀ ਗਈ।
ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਡਾ. ਪ੍ਰੀਤੀ ਯਾਦਵ ਤੇ ਸਿਵਲ ਸਰਜਨ ਡਾ. ਸਤਿੰਦਰਪਾਲ ਸਿੰਘ ਨੇ ਸੰਯੁਕਤ ਰਾਸ਼ਟਰ ਵਿਕਾਸ ਪ੍ਰੋਗਰਾਮ (ਯੂ. ਐੱਨ. ਡੀ. ਪੀ.) ਅਤੇ ਵਿਸ਼ਵ ਸਿਹਤ ਸੰਗਠਨ ਦੇ ਮਾਹਰਾਂ ਦੀ ਨਿਗਰਾਨੀ ਹੇਠ ਮੁਕੰਮਲ ਕੀਤੇ ਗਏ ਇਸ ਅਭਿਆਸ ਦਾ ਜਾਇਜ਼ਾ ਲਿਆ। ਉਨ੍ਹਾਂ ਰਾਜਿੰਦਰਾ ਹਸਪਤਾਲ ਵਿਖੇ ਗੱਲਬਾਤ ਕਰਦਿਆਂ ਦੱਸਿਆ ਕਿ ਪਹਿਲੇ ਪੜਾਅ ਹੇਠ ਕੋਰੋਨਾ ਟੀਕਾਕਰਨ ਇਲੈਕਟ੍ਰਾਨਿਕ ਐਪਲੀਕੇਸ਼ਨ ਕੋ-ਵਿਨ ਰਾਹੀਂ ਪਹਿਲਾਂ ਪਛਾਣੇ ਗਏ ਲਾਭਪਾਤਰੀਆਂ, ਜਿਨ੍ਹਾਂ ’ਚ ਨਿੱਜੀ ਤੇ ਸਰਕਾਰੀ ਖੇਤਰ ਦੇ ਲਗਭਗ 8800 ਹੈਲਥ ਕੇਅਰ ਵਰਕਰਜ਼ ਨੂੰ ਇਹ ਟੀਕਾ ਲਾਇਆ ਜਾਵੇਗਾ। ਦੂਜੇ ਪੜਾਅ ਹੇਠ ਫਰੰਟਲਾਈਨ ਵਰਕਰਜ਼, 50 ਸਾਲ ਤੋਂ ਵੱਧ ਉਮਰ ਤੇ ਗੰਭੀਰ ਬੀਮਾਰੀ ਤੋਂ ਪੀੜਤ ਅਤੇ ਹੋਰ ਲੋਕਾਂ ਨੂੰ ਇਹ ਟੀਕਾ ਲੱਗੇਗਾ। ਜ਼ਿਲੇ ’ਚ 8800 ਦੇ ਲਗਭਗ ਲਾਭਪਾਤਰੀਆਂ ਦੀ ਪਛਾਣ ਕੀਤੀ ਗਈ ਹੈ। ਇਸ ਵੈਕਸੀਨ ਲਈ 48 ਕੋਲਡ ਚੇਨ ਸਥਾਨ ਨਿਰਧਾਰਿਤ ਕੀਤੇ ਗਏ ਹਨ ਅਤੇ 15 ਥਾਵਾਂ, ਜਿਨਾਂ ’ਚ 12 ਸਰਕਾਰੀ ਹਸਪਤਾਲ ਤੇ 3 ਪ੍ਰਾਈਵੇਟ ਹਸਪਤਾਲ ਸ਼ਾਮਲ ਹਨ, ਵਿਖੇ 229 (ਏ. ਐੱਨ. ਐੱਮ.) ਵੈਕਸੀਨੇਟਰ ਟੀਕਾ ਲਾਉਣ ਦੀ ਪ੍ਰਕ੍ਰਿਆ ਪੂਰੀ ਕਰਨਗੇ।
ਇਸ ਮੌਕੇ ਮੈਡੀਕਲ ਕਾਲਜ ਦੇ ਪ੍ਰਿੰਸੀਪਲ ਡਾ. ਰਾਜਨ ਸਿੰਗਲਾ, ਰਾਜਿੰਦਰਾ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਡਾ. ਐੱਚ. ਐੱਸ. ਰੇਖੀ, ਵਾਈਸ ਪ੍ਰਿੰਸੀਪਲ ਡਾ. ਆਰ. ਪੀ. ਐੱਸ. ਸਿਬੀਆ, ਯੂ. ਐੱਨ. ਡੀ. ਪੀ. ਦੀ ਪ੍ਰਾਜੈਕਟ ਅਫ਼ਸਰ (ਓਪਰੇਸ਼ਨਜ) ਮੀਨਾਕਸ਼ੀ ਦਿਓਲ, ਜਾਵੇਦ ਅਹਿਮਦ, ਵਿਸ਼ਵ ਸਿਹਤ ਸੰਗਠਨ ਤੋਂ ਐੱਸ. ਐੱਮ. ਓ. ਡਾ. ਗਗਨ ਸ਼ਰਮਾ, ਜ਼ਿਲਾ ਟੀਕਾਕਰਨ ਅਫ਼ਸਰ ਡਾ. ਵੀਨੂ ਗੋਇਲ, ਜ਼ਿਲਾ ਸਿਹਤ ਅਫ਼ਸਰ ਡਾ. ਜਤਿੰਦਰ ਕਾਂਸਲ ਵੀ ਮੌਜੂਦ ਸਨ।
ਭਾਜਪਾ ਆਪਣੇ ਸੌੜੇ ਹਿੱਤਾਂ ਲਈ ਰਾਜਪਾਲ ਦੇ ਦਫ਼ਤਰ ਦੀ ਕਰ ਰਹੀ ਹੈ ਦੁਰਵਰਤੋਂ : ਕੈਪਟਨ
NEXT STORY