ਜਲੰਧਰ, (ਰੱਤਾ)— ਵਿਸ਼ਵ ਭਰ ਦੇ ਕਈ ਦੇਸ਼ਾਂ 'ਚ ਫੈਲ ਚੁੱਕੇ ਕੋਰੋਨਾ ਵਾਇਰਸ ਦੇ ਜ਼ਿਲ੍ਹਾ ਜਲੰਧਰ 'ਚ ਵੀ 3 ਕਨਫਰਮ ਮਰੀਜ਼ ਮਿਲਣ ਤੋਂ ਬਾਅਦ ਤੇ ਮੰਗਲਵਾਰ ਨੂੰ ਸਿਵਲ ਹਸਪਤਾਲ 'ਚ ਕੋਰੋਨਾ ਦੇ 5 ਸ਼ੱਕੀ ਮਰੀਜ਼ ਦਾਖਲ ਹੋਣ ਕਰਕੇ ਜਿਥੇ ਸਿਹਤ ਵਿਭਾਗ ਦੇ ਅਧਿਕਾਰੀਆਂ ਦੀ ਨੀਂਦ ਉਡ ਗਈ ਹੈ, ਉਥੇ ਉਨ੍ਹਾਂ ਦੀ ਕਾਰਜ-ਪ੍ਰਣਾਲੀ 'ਤੇ ਵੀ ਪ੍ਰਸ਼ਨ ਚਿੰਨ੍ਹ ਲੱਗ ਗਿਆ ਹੈ। ਜ਼ਿਕਰਯੋਗ ਹੈ ਕਿ ਮੰਗਲਵਾਰ ਨੂੰ ਕੋਰੋਨਾ ਵਾਇਰਸ ਦੇ ਜਿਨ੍ਹਾਂ 3 ਮਰੀਜ਼ਾਂ ਦੀ ਰਿਪੋਰਟ ਵਿਭਾਗ ਨੂੰ ਪਾਜ਼ੇਟਿਵ ਮਿਲੀ ਹੈ, ਉਹ ਪਿਛਲੇ ਕੁਝ ਦਿਨਾਂ ਤੋਂ ਸਿਵਲ ਹਸਪਤਾਲ ਫਿਲੌਰ 'ਚ ਦਾਖਲ ਸਨ ਤੇ ਇਹ ਉਹ ਮਰੀਜ਼ ਹਨ ਜੋ ਨਵਾਂਸ਼ਹਿਰ ਦੇ ਇਕ ਅਜਿਹੇ ਮਰੀਜ਼ ਦੇ ਸੰਪਰਕ 'ਚ ਆਏ ਸਨ, ਜਿਸ ਦੀ ਮੌਤ ਹੋਣ ਤੋਂ ਬਾਅਦ ਉਸਨੂੰ ਕੋਰੋਨਾ ਵਾਇਰਸ ਨਾਲ ਪੀੜਤ ਹੋਣ ਦੀ ਪੁਸ਼ਟੀ ਹੋ ਗਈ ਸੀ। ਕੋਰੋਨਾ ਵਾਇਰਸ ਦੇ ਸ਼ੱਕੀ ਮਰੀਜ਼ ਜੋ ਸਿਵਲ ਹਸਪਤਾਲ 'ਚ ਦਾਖਲ ਹੋਏ ਹਨ, ਉਨ੍ਹਾਂ ਵਿਚੋਂ ਚਾਰ ਅਜਿਹੇ ਹਨ ਜੋ ਨਵਾਂਸ਼ਹਿਰ ਦੇ ਉਸੇ ਮ੍ਰਿਤਕ ਨਾਲ ਸੰਪਰਕ 'ਚ ਆਏ ਸਨ, ਜਦਕਿ 5ਵਾਂ ਮਰੀਜ਼ ਦੁਬਈ ਤੋਂ ਆਇਆ ਹੋਇਆ ਹੈ। ਵਿਭਾਗ 'ਚ ਇਨ੍ਹਾਂ ਪੰਜਾਂ ਰੋਗੀਆਂ ਦੇ ਸੈਂਪਲ ਲੈ ਕੇ ਕੋਰੋਨਾ ਵਾਇਰਸ ਦੀ ਪੁਸ਼ਟੀ ਲਈ ਲੈਬੋਰਟਰੀ 'ਚ ਭੇਜ ਦਿੱਤੇ ਗਏ ਹਨ।
ਕੋਰੋਨਾ ਵਾਇਰਸ : ਵੇਰਕਾ ਨੇ ਦੁੱਧ ਦੀ ਡੋਰ-ਟੂ-ਡੋਰ ਸਪਲਾਈ ਲਈ ਜਾਰੀ ਕੀਤੇ ਨੰਬਰ
NEXT STORY