ਲੁਧਿਆਣਾ (ਬੇਰੀ) : ਚੋਰੀ ਦੇ ਬਾਈਕ ਅਤੇ ਐਕਟਿਵਾ ’ਤੇ ਲੁੱਟ ਦੀਆਂ ਵਾਰਦਾਤਾਂ ਕਰਨ ਵਾਲੇ 7 ਮੁਲਜ਼ਮਾਂ ਨੂੰ ਏ. ਸੀ. ਪੀ. (ਪੂਰਬੀ) ਗੁਰਦੇਵ ਸਿੰਘ ਦੀ ਅਗਵਾਈ ’ਚ ਥਾਣਾ ਡਵੀਜ਼ਨ ਨੰਬਰ-7 ਦੀ ਪੁਲਸ ਨੇ ਕਾਬੂ ਕੀਤਾ ਹੈ। ਮੁਲਜ਼ਮਾਂ ਦੇ ਕਬਜ਼ੇ ’ਚੋਂ 2 ਮੋਟਰਸਾਈਕਲ, 1 ਐਕਟਿਵਾ, 10 ਮੋਬਾਇਲ ਅਤੇ ਤੇਜ਼ਧਾਰ ਹਥਿਆਰ ਬਰਾਮਦ ਹੋਏ ਹਨ। ਮੋਟਰਸਾਈਕਲਾਂ ’ਤੇ ਜਾਅਲੀ ਨੰਬਰ ਪਲੇਟ ਲੱਗੀ ਹੋਈ ਸੀ। ਮੁਲਜ਼ਮ ਕਮਲਜੀਤ ਸਿੰਘ ਉਰਫ਼ ਵਿਜੇ, ਅੰਕਿਤ ਟੰਡਨ ਉਰਫ਼ ਅੰਕਿਤ, ਅਰਸ਼ਦੀਪ ਸਿੰਘ ਉਰਫ਼ ਬੌਬੀ, ਅਮਨਦੀਪ ਸਿੰਘ ਉਰਫ਼ ਅਮਨ, ਬਲਜੀਤ ਸਿੰਘ ਉਰਫ਼ ਸ਼ੇਰੂ, ਧਰਮਵੀਰ ਸਿੰਘ ਗੋਨੀ ਅਤੇ ਰਮੇਸ਼ ਉਰਫ਼ ਦੀਪਕ ਹਨ।
ਜਾਣਕਾਰੀ ਦਿੰਦੇ ਹੋਏ ਏ. ਸੀ. ਪੀ. (ਪੂਰਬੀ) ਗੁਰਦੇਵ ਸਿੰਘ ਨੇ ਦੱਸਿਆ ਕਿ ਪੁਲਸ ਪਾਰਟੀ ਨੇ ਤਾਜਪੁਰ ਰੋਡ ਵਿਖੇ ਨਾਕਾਬੰਦੀ ਕਰ ਰੱਖੀ ਸੀ। ਇਸੇ ਦੌਰਾਨ ਪੁਲਸ ਨੂੰ ਸੂਚਨਾ ਮਿਲੀ ਕਿ ਮੁਲਜ਼ਮ ਲੁੱਟ-ਖੋਹ ਅਤੇ ਚੋਰੀ ਦੀ ਵਾਰਦਾਤ ਕਰਨ ਦੇ ਆਦੀ ਹਨ। ਮੁਲਜ਼ਮ ਇਸ ਸਮੇਂ ਵੀ ਚੋਰੀ ਦੀ ਯੋਜਨਾ ਬਣਾ ਰਹੇ ਹਨ ਅਤੇ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇ ਸਕਦੇ ਹਨ। ਪੁਲਸ ਨੇ ਮੁਲਜ਼ਮਾਂ ਨੂੰ ਨਾਕਾਬੰਦੀ ਦੌਰਾਨ ਕਾਬੂ ਕਰ ਲਿਆ। ਪੁਲਸ ਨੂੰ ਪੁੱਛਗਿੱਛ ਦੌਰਾਨ ਪਤਾ ਲੱਗਾ ਕਿ ਮੁਲਜ਼ਮਾਂ ਕੋਲ ਜੋ ਮੋਟਰਸਾਈਕਲ, ਐਕਟਿਵਾ ਹਨ, ਉਹ ਚੋਰੀ ਦੇ ਹਨ। ਤਲਾਸ਼ੀ ਦੌਰਾਨ ਮੁਲਜ਼ਮਾਂ ਕੋਲੋਂ ਤੇਜ਼ਧਾਰ ਹਥਿਆਰ ਅਤੇ 10 ਮੋਬਾਇਲ ਬਰਾਮਦ ਹੋਏ ਹਨ।
ਪੁਲਸ ਮੁਤਾਬਕ ਸਾਰੇ ਮੁਲਜ਼ਮਾਂ ਖ਼ਿਲਾਫ਼ ਪਹਿਲਾਂ ਵੀ ਅਪਰਾਧਿਕ ਮਾਮਲੇ ਦਰਜ ਹਨ। ਮੁਲਜ਼ਮ ਜੇਲ੍ਹ ’ਚੋਂ ਬਾਹਰ ਆਉਣ ਤੋਂ ਬਾਅਦ ਫਿਰ ਚੋਰੀ ਅਤੇ ਲੁੱਟ ਦੀਆਂ ਵਾਰਦਾਤਾਂ ਕਰਨ ਲੱਗੇ ਹਨ। ਮੁਲਜ਼ਮ ਪਹਿਲਾਂ ਦੋਪਹੀਆ ਵਾਹਨ ਚੋਰੀ ਕਰਦੇ ਹਨ, ਫਿਰ ਉਨ੍ਹਾਂ ’ਤੇ ਜਾਅਲੀ ਨੰਬਰ ਲਗਾ ਕੇ ਲੁੱਟ ਦੀਆਂ ਵਾਰਦਾਤਾਂ ਕਰਦੇ ਹਨ। ਮੁਲਜ਼ਮ ਹੁਣ ਤੱਕ ਡੇਢ ਦਰਜਨ ਤੋਂ ਵੱਧ ਵਾਰਦਾਤਾਂ ਕਰ ਚੁੱਕੇ ਹਨ। ਪੁਲਸ ਦਾ ਕਹਿਣਾ ਹੈ ਕਿ ਮੁਲਜ਼ਮਾਂ ਨੂੰ ਅਦਾਲਤ ’ਚ ਪੇਸ਼ ਕਰ ਕੇ 2 ਦਿਨ ਦੇ ਪੁਲਸ ਰਿਮਾਂਡ ’ਤੇ ਲਿਆ ਗਿਆ ਹੈ। ਮੁਲਜ਼ਮਾਂ ਤੋਂ ਅਗਲੀ ਪੁੱਛਗਿੱਛ ਕੀਤੀ ਜਾ ਰਹੀ ਹੈ।
ਵੱਡੀ ਵਾਰਦਾਤ: ਭੈਣ ਨੂੰ ਮਿਲਣ ਲਈ ਛੁੱਟੀ 'ਤੇ ਆਏ ਫ਼ੌਜੀ ਦਾ ਗੋਲ਼ੀਆਂ ਮਾਰ ਕੀਤਾ ਕਤਲ
NEXT STORY