ਅੰਮ੍ਰਿਤਸਰ (ਸੰਜੀਵ)- ਖਤਰਨਾਕ ਗੈਂਗਸਟਰਾਂ ਵੱਲੋਂ ਜੇਲਾਂ 'ਚੋਂ ਚਲਾਇਆ ਜਾ ਰਿਹਾ ਨੈੱਟਵਰਕ ਪੁਲਸ ਤੋਂ ਲੁਕਿਆ ਨਹੀਂ ਹੈ। ਕਈ ਵਾਰ ਇਸ ਦੇ ਖੁਲਾਸੇ ਹੋਣ ਦੇ ਬਾਵਜੂਦ ਜੇਲ ਪ੍ਰਸ਼ਾਸਨ ਵਰਦੀ ਦੀ ਆੜ 'ਚ ਖਤਰਨਾਕ ਮੁਲਜ਼ਮਾਂ ਦਾ ਸਾਥ ਦੇਣ ਵਾਲੀਆਂ ਕਾਲੀਆਂ ਭੇਡਾਂ ਦੀ ਨਿਸ਼ਾਨਦੇਹੀ ਕਰਨ ਵਿਚ ਨਾਕਾਮ ਰਿਹਾ ਹੈ, ਜੋ ਜੇਲ ਪ੍ਰਸ਼ਾਸਨ ਦੀ ਭੂਮਿਕਾ 'ਤੇ ਜਿਥੇ ਸਵਾਲੀਆ ਨਿਸ਼ਾਨ ਖੜ੍ਹਾ ਕਰਦਾ ਹੈ, ਉਥੇ ਹੀ ਸਮਾਜ ਲਈ ਵੀ ਖ਼ਤਰਾ ਬਣਿਆ ਹੋਇਆ ਹੈ। ਜੇਲ ਵਿਚ ਕਈ ਗੈਂਗਸਟਰ ਬੰਦ ਹਨ, ਜਿਨ੍ਹਾਂ ਨੂੰ ਪੰਜਾਬ ਪੁਲਸ ਦੇ ਜਾਂਬਾਜ਼ ਅਧਿਕਾਰੀਆਂ ਨੇ ਸਖਤ ਮੁਸ਼ੱਕਤ ਤੋਂ ਬਾਅਦ ਗ੍ਰਿਫਤਾਰ ਕਰ ਕੇ ਜੇਲ ਭੇਜਿਆ ਹੈ ਪਰ ਇਹ ਅਪਰਾਧੀ ਜੇਲ ਤੋਂ ਹੀ ਮੋਬਾਇਲਾਂ ਰਾਹੀਂ ਆਪਣਾ ਨੈੱਟਵਰਕ ਉਸੇ ਤਰ੍ਹਾਂ ਚਲਾ ਰਹੇ ਹਨ ਜਿਸ ਤਰ੍ਹਾਂ ਇਹ ਬਾਹਰੋਂ ਚਲਾਉਂਦੇ ਸਨ।
ਆਏ ਦਿਨ ਜੇਲ 'ਚ ਬੰਦ ਹਵਾਲਾਤੀਆਂ ਤੋਂ ਮਿਲ ਰਹੇ ਮੋਬਾਇਲ ਫੋਨ ਉਨ੍ਹਾਂ ਭ੍ਰਿਸ਼ਟ ਅਧਿਕਾਰੀਆਂ ਵੱਲ ਇਸ਼ਾਰਾ ਕਰ ਰਹੇ ਹਨ ਜਿਨ੍ਹਾਂ ਦੀ ਨਿਗਰਾਨੀ ਅਤੇ ਸਹਾਇਤਾ ਨਾਲ ਇਹ ਮੋਬਾਇਲ ਸਖਤ ਸੁਰੱਖਿਆ ਦੇ ਬਾਵਜੂਦ ਹਵਾਲਾਤੀਆਂ ਦੀਆਂ ਬੈਰਕਾਂ ਤੱਕ ਪਹੁੰਚ ਰਹੇ ਹਨ। ਬੀਤੇ ਦਿਨ ਜੇਲ ਵਿਚ ਹੋਈ ਬੈਰਕਾਂ ਦੀ ਜਾਂਚ ਦੌਰਾਨ ਪ੍ਰਸ਼ਾਸਨ ਵੱਲੋਂ ਗੈਂਗਸਟਰ ਕਮਲ ਕੁਮਾਰ ਉਰਫ ਬੋਰੀ, ਮਨਦੀਪ ਸਿੰਘ ਉਰਫ ਮੋਨੂੰ ਮੋਟਾ, ਸਾਗਰ ਉਰਫ ਬੌਬੀ ਮਲਹੋਤਰਾ ਤੇ ਜਗਦੀਪ ਸਿੰਘ ਉਰਫ ਜੱਗੂ ਭਗਵਾਨਪੁਰੀਆ ਦੀਆਂ ਬੈਰਕਾਂ ਤੋਂ 8 ਮੋਬਾਇਲ ਫੋਨ ਬਰਾਮਦ ਕੀਤੇ ਗਏ। ਬਰਾਮਦ ਹੋਏ ਮੋਬਾਇਲ ਇਹ ਸਾਬਿਤ ਕਰ ਰਹੇ ਹਨ ਕਿ ਉਕਤ ਅਪਰਾਧੀ ਜੇਲ ਤੋਂ ਆਪਣਾ ਨੈੱਟਵਰਕ ਚਲਾਉਣ ਵਿਚ ਕਾਮਯਾਬ ਹੋ ਰਹੇ ਸਨ। ਇਨ੍ਹਾਂ ਚਾਰਾਂ ਮੁਲਜ਼ਮਾਂ ਵਿਰੁੱਧ ਥਾਣਾ ਗੇਟ ਹਕੀਮਾਂ ਦੀ ਪੁਲਸ ਨੇ ਅਪਰਾਧਿਕ ਮਾਮਲਾ ਤਾਂ ਦਰਜ ਕਰ ਲਿਆ ਪਰ ਅਗਲੀ ਕਾਰਵਾਈ ਕੀ ਕੀਤੀ ਜਾਂਦੀ ਹੈ ਇਹ ਇਕ ਵੱਡਾ ਸਵਾਲ ਹੈ। ਜੱਗੂ ਭਗਵਾਨਪੁਰੀਆ ਵੱਲੋਂ ਅਪਲੋਡ ਕੀਤੀ ਜਾ ਰਹੀ ਆਪਣੀ ਫੇਸਬੁੱਕ ਅਤੇ ਹਾਲ ਹੀ 'ਚ ਸਟੇਟ ਸਪੈਸ਼ਲ ਆਪ੍ਰੇਸ਼ਨਲ ਸੈੱਲ ਵੱਲੋਂ ਗ੍ਰਿਫਤਾਰ ਕੀਤੇ ਗਏ ਸਮੱਗਲਰਾਂ ਤੋਂ ਹੋਏ ਖੁਲਾਸੇ ਵਿਚ ਜੱਗੂ ਦਾ ਨਾਂ ਸਾਹਮਣੇ ਆਉਣਾ ਵੀ ਜੇਲ ਦੇ ਕਰਮਚਾਰੀਆਂ ਵਿਚ ਸ਼ਾਮਿਲ ਉਨ੍ਹਾਂ ਕਾਲੀਆਂ ਭੇਡਾਂ ਦੀ ਇਨ੍ਹਾਂ ਮੁਲਜ਼ਮਾਂ ਨਾਲ ਮਿਲੀਭੁਗਤ ਦਾ ਇਸ਼ਾਰਾ ਕਰ ਰਿਹਾ ਹੈ।
ਐੱਸ. ਟੀ. ਐੱਫ. ਵੱਲੋਂ ਗੈਂਗਸਟਰ ਕਮਲ ਕੁਮਾਰ ਉਰਫ ਬੋਰੀ ਦੀ ਗ੍ਰਿਫਤਾਰੀ ਤੋਂ ਬਾਅਦ ਕਈ ਖੁਲਾਸੇ ਕੀਤੇ ਗਏ ਸਨ। ਬਾਵਜੂਦ ਇਸ ਦੇ ਉਸ ਦੀ ਬੈਰਕ 'ਚੋਂ 2 ਮੋਬਾਇਲਾਂ ਦਾ ਮਿਲਣਾ ਕਿਤੇ ਨਾ ਕਿਤੇ ਇਸ ਗੱਲ ਵੱਲ ਵੀ ਇਸ਼ਾਰਾ ਕਰ ਰਿਹਾ ਹੈ ਕਿ ਉਹ ਅੱਜ ਵੀ ਜੇਲ ਵਿਚ ਬੈਠ ਕੇ ਆਪਣੇ ਨੈੱਟਵਰਕ ਨੂੰ ਅੰਜਾਮ ਦੇ ਰਿਹਾ ਹੈ। ਇਹ ਜੇਲ ਦੇ ਉੱਚ ਅਧਿਕਾਰੀਆਂ ਲਈ ਇਕ ਵਿਸ਼ੇਸ਼ ਜਾਂਚ ਦਾ ਵਿਸ਼ਾ ਹੈ।
ਰਣਇੰਦਰ ਦੀ ਰਿਵੀਜ਼ਨ ਅਰਜ਼ੀ 'ਤੇ ਸੁਣਵਾਈ 12 ਅਕਤੂਬਰ ਤਕ ਟਲੀ
NEXT STORY