ਗੁਰਦਾਸਪੁਰ (ਹਰਮਨ)- ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਤਿੱਬੜ ਵਿੱਚ ਅਸਮਾਨੀ ਬਿਜਲੀ ਡਿੱਗਣ ਅਤੇ ਤੇਜ਼ ਹਨ੍ਹੇਰੀ-ਝੱਖੜ ਕਾਰਨ ਇਕ ਨੌਜਵਾਨ ਕਿਸਾਨ ਦੀ ਜ਼ਿੰਦਗੀ ਭਰ ਦੀ ਕਮਾਈ ਕੁਝ ਮਿੰਟਾਂ ਵਿੱਚ ਹੀ ਮਿੱਟੀ ਵਿੱਚ ਮਿਲ ਗਈ। ਬਿਜਲੀ ਡਿੱਗਣ ਨਾਲ ਦੋ ਕਨਾਲ ਜ਼ਮੀਨ 'ਚ ਬਣਾਇਆ ਗਿਆ ਦੋ ਮੰਜ਼ਿਲਾਂ ਮੁਰਗੀਖਾਨਾ ਪੂਰੀ ਤਰ੍ਹਾਂ ਤਹਿਸ-ਨਹਿਸ ਹੋ ਗਿਆ, ਜਿਸ 'ਚ ਮੌਜੂਦ ਕਰੀਬ 8000 ਚੂਚਿਆਂ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ: ਅਗਲੇ 24 ਘੰਟੇ ਅਹਿਮ! ਅਚਾਨਕ ਖੜਕਣ ਲੱਗੇ ਪੰਜਾਬੀਆਂ ਦੇ ਫੋਨ, 27 ਜਨਵਰੀ ਤੱਕ Alert ਜਾਰੀ

ਪੀੜਤ ਕਿਸਾਨ ਹਰਪ੍ਰੀਤ ਸਿੰਘ ਪੁੱਤਰ ਲਖਵਿੰਦਰ ਸਿੰਘ, ਨਿਵਾਸੀ ਪਿੰਡ ਤਿੱਬੜ (ਹਲਕਾ ਗੁਰਦਾਸਪੁਰ) ਨੇ ਦੱਸਿਆ ਕਿ ਉਸ ਨੇ ਬੈਂਕ ਤੋਂ ਕਰਜ਼ਾ ਲੈ ਕੇ ਆਪਣੇ ਹੀ ਖੇਤਾਂ 'ਚ ਦੋ ਕਨਾਲ ਜ਼ਮੀਨ ’ਤੇ ਦੋ ਮੰਜ਼ਿਲਾਂ ਮੁਰਗੀਖਾਨਾ ਤਿਆਰ ਕੀਤਾ ਸੀ ਪਰ ਅਚਾਨਕ ਮੌਸਮ ਦੇ ਭਿਆਨਕ ਮੋੜ ਨੇ ਉਸ ਦੇ ਸਾਰੇ ਸੁਫ਼ਨੇ ਚਕਨਾਚੂਰ ਕਰ ਦਿੱਤੇ। ਕਿਸਾਨ ਮੁਤਾਬਕ ਅਸਮਾਨੀ ਬਿਜਲੀ ਪੈਣ ਨਾਲ ਮੁਰਗੀਖਾਨੇ ਦੀ ਛੱਤ ਡਿੱਗ ਗਈ, ਜਿਸ ਕਾਰਨ ਸਾਰੇ ਚੂਚੇ ਮਲਬੇ ਹੇਠਾਂ ਦੱਬ ਕੇ ਮਰ ਗਏ ਅਤੇ ਅੰਦਰ ਪਿਆ ਸਾਰਾ ਕੀਮਤੀ ਸਾਮਾਨ ਵੀ ਤਬਾਹ ਹੋ ਗਿਆ। ਇਸ ਹਾਦਸੇ 'ਚ ਉਸ ਨੂੰ ਲਗਭਗ 24 ਤੋਂ 25 ਲੱਖ ਰੁਪਏ ਦਾ ਭਾਰੀ ਆਰਥਿਕ ਨੁਕਸਾਨ ਹੋਇਆ ਹੈ।

ਇਹ ਵੀ ਪੜ੍ਹੋ: ਜਲੰਧਰ ਵਾਸੀਆਂ ਲਈ ਅਹਿਮ ਖ਼ਬਰ! 25 ਤੇ 26 ਜਨਵਰੀ ਨੂੰ ਬੰਦ ਰਹਿਣਗੀਆਂ ਇਹ ਦੁਕਾਨਾਂ
ਹਰਪ੍ਰੀਤ ਸਿੰਘ ਨੇ ਦੱਸਿਆ ਕਿ ਉਸ ’ਤੇ ਬੈਂਕ ਦਾ ਵੱਡਾ ਕਰਜ਼ਾ ਹੈ ਅਤੇ ਹਰ ਮਹੀਨੇ ਤਕਰੀਬਨ 34,000 ਰੁਪਏ ਦੀ ਲੋਨ ਕਿਸ਼ਤ ਅਤੇ ਵਿਆਜ ਜਾ ਰਿਹਾ ਹੈ। ਮੁਰਗੀਖਾਨਾ ਹੀ ਉਸ ਦੀ ਆਮਦਨ ਦਾ ਇਕੱਲਾ ਸਹਾਰਾ ਸੀ, ਜਿਸ ਨਾਲ ਉਹ ਆਪਣੇ ਮਾਤਾ-ਪਿਤਾ, ਭਰਾ-ਭਰਜਾਈ ਅਤੇ ਬੱਚਿਆਂ ਦਾ ਪਾਲਣ-ਪੋਸ਼ਣ ਕਰਦਾ ਸੀ। ਅੱਜ ਹਾਲਾਤ ਇਹ ਹਨ ਕਿ ਕਿਸਾਨ ਦਾ ਰੋ-ਰੋ ਕੇ ਬੁਰਾ ਹਾਲ ਹੈ ਅਤੇ ਅੱਗੇ ਦੀ ਜ਼ਿੰਦਗੀ ਉਸ ਨੂੰ ਹਨ੍ਹੇਰੇ ਵਿੱਚ ਨਜ਼ਰ ਆ ਰਹੀ ਹੈ। ਪੀੜਤ ਕਿਸਾਨ ਨੇ ਪੰਜਾਬ ਸਰਕਾਰ, ਜ਼ਿਲ੍ਹਾ ਪ੍ਰਸ਼ਾਸਨ ਅਤੇ ਸਮਾਜ ਸੇਵੀ ਸੰਸਥਾਵਾਂ ਨਾਲ ਨਾਲ ਖਾਲਸਾ ਏਡ ਵਰਗੀਆਂ ਸੰਸਥਾਵਾਂ ਕੋਲੋਂ ਵੀ ਮਦਦ ਦੀ ਗੁਹਾਰ ਲਗਾਈ ਹੈ ਤਾਂ ਜੋ ਉਹ ਮੁੜ ਆਪਣੇ ਪੈਰਾਂ ’ਤੇ ਖੜ੍ਹਾ ਹੋ ਸਕੇ। ਇਸ ਮੌਕੇ ਪਿੰਡ ਵਾਸੀਆਂ ਨੇ ਵੀ ਕਿਸਾਨ ਦੇ ਹੱਕ ਵਿੱਚ ਆਵਾਜ਼ ਚੁੱਕੀ ਹੈ।

ਇਹ ਵੀ ਪੜ੍ਹੋ: ਪੰਜਾਬ ਪੁਲਸ ਵਿਭਾਗ 'ਚ ਵੱਡਾ ਫੇਰਬਦਲ! ਇਨ੍ਹਾਂ 4 ਅਫ਼ਸਰਾਂ ਦੇ ਕੀਤੇ ਗਏ ਤਬਾਦਲੇ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਜਾਤੀ ਸਰਟੀਫਿਕੇਟ ਰੱਦ ਨੂੰ ਲੈ ਕੇ ਹਾਈ ਕੋਰਟ ਨੇ ਘੱਟ ਗਿਣਤੀ ਵਿਭਾਗ ਕੀਤਾ ਤਲਬ
NEXT STORY