ਫ਼ਰੀਦਕੋਟ (ਰਾਜਨ)— ਪਿੰਡ ਬੀੜ ਭੋਲੂਵਾਲਾ ਵਿਖੇ ਇਕ ਪ੍ਰਵਾਸੀ ਮਜ਼ਦੂਰ ਦੇ ਪਰਿਵਾਰ ਦੀ ਇਕ 8 ਮਹੀਨਿਆਂ ਦੀ ਬੱਚੀ ਰਾਧਾ ਦੀ ਹਲਕੇ ਕੁੱਤੇ ਦੇ ਵੱਢਣ ਕਾਰਣ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਇਸ ਪਰਿਵਾਰ ਦੀ ਦੂਜੀ 2 ਸਾਲਾਂ ਦੀ ਲੜਕੀ ਤੇ ਇਨ੍ਹਾਂ ਨੂੰ ਬਚਾਉਣ ਆਇਆ ਇਕ ਵਿਅਕਤੀ ਵੀ ਹਲਕੇ ਕੁੱਤੇ ਦੇ ਹਮਲੇ 'ਚ ਜ਼ਖ਼ਮੀ ਹੋ ਗਿਆ, ਜੋ ਕਿ ਜ਼ੇਰੇ ਇਲਾਜ ਹਨ।
ਜਾਣਕਾਰੀ ਅਨੁਸਾਰ ਪ੍ਰਵਾਸੀ ਮਜ਼ਦੂਰ ਸ਼ੰਭੂ ਦਾ ਪਰਿਵਾਰ ਜਦੋਂ ਝੋਨਾ ਲਾ ਰਿਹਾ ਸੀ ਤਾਂ ਪਰਿਵਾਰ ਦੇ ਬੱਚੇ ਉਨ੍ਹਾਂ ਤੋਂ ਥੋੜ੍ਹੀ ਦੂਰੀ 'ਤੇ ਹੀ ਖੇਡ ਰਹੇ ਸਨ ਤਾਂ ਇਕ ਹਲਕੇ ਕੁੱਤੇ ਨੇ ਉਨ੍ਹਾਂ 'ਤੇ ਹਮਲਾ ਕਰ ਦਿੱਤਾ। ਪਿੰਡ ਨਿਵਾਸੀਆਂ ਨੇ ਗਿਲਾ ਕਰਦਿਆਂ ਦੱਸਿਆ ਕਿ ਇਕ ਬੱਚੀ ਮੌਕੇ 'ਤੇ ਹੀ ਦਮ ਤੋੜ ਗਈ, ਜਦਕਿ ਜ਼ਖ਼ਮੀ ਹੋਈ ਦੂਜੀ ਲੜਕੀ ਅਤੇ ਇਨ੍ਹਾਂ ਨੂੰ ਬਚਾਉਣ ਆਏ ਵਿਅਕਤੀ ਨੂੰ ਡਾਕਟਰੀ ਸਹਾਇਤਾ ਦਿਵਾਉਣ ਲਈ ਸ਼ਹਿਰ ਲਿਆਉਣ ਵਾਸਤੇ 108 ਨੰਬਰ 'ਤੇ ਐਂਬੂਲੈਂਸ ਸਹਾਇਤਾ ਲਈ। ਜਦੋਂ ਫ਼ੋਨ ਕੀਤਾ ਗਿਆ ਤਾਂ ਕੋਰਾ ਜਵਾਬ ਮਿਲਣ ਉਪਰੰਤ ਉਨ੍ਹਾਂ ਨੇ ਆਪਣੀ ਪੱਧਰ 'ਤੇ ਪ੍ਰਬੰਧ ਕਰ ਕੇ ਜ਼ਖ਼ਮੀਆਂ ਨੂੰ ਫ਼ਰੀਦਕੋਟ ਲਿਆਂਦਾ।
ਜ਼ਿਕਰਯੋਗ ਹੈ ਕਿ ਮੁਹੱਲਾ ਸੇਠੀਆਂ ਵਿਖੇ ਵੀ ਆਵਾਰਾ ਕੁੱਤਿਆਂ ਦੀ ਭਰਮਾਰ ਮੁਹੱਲਾ ਨਿਵਾਸੀਆਂ ਲਈ ਭਾਰੀ ਸਿਰਦਰਦੀ ਬਣੀ ਹੋਈ ਹੈ, ਜਦਕਿ ਜ਼ਿਲਾ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਵੱਲੋਂ ਇਸ ਪਾਸੇ ਬਿਲਕੁਲ ਧਿਆਨ ਨਹੀਂ ਦਿੱਤਾ ਜਾ ਰਿਹਾ। ਸੂਤਰਾਂ ਅਨੁਸਾਰ ਜ਼ਖ਼ਮੀ ਲੜਕੀ ਦੀ ਹਾਲਤ ਵੀ ਗੰਭੀਰ ਦੱਸੀ ਜਾ ਰਹੀ ਹੈ।
ਪੰਜਾਬ 'ਚ 2950 ਹੈਲਥ ਤੇ ਵੈੱਲਨੈੱਸ ਕਲੀਨਿਕ ਖੋਲ੍ਹੇ ਜਾਣਗੇ : ਸਿੱਧੂ
NEXT STORY