ਮੋਗਾ, (ਸੰਦੀਪ ਸ਼ਰਮਾ)- ਕੋਵਿਡ-19 ਦਾ ਪ੍ਰਕੋਪ ਜ਼ਿਲੇ ਵਿਚ ਜਾਰੀ ਹੈ। ਸ਼ਹਿਰ ਦੇ ਅਹਾਤਾ ਬਦਨ ਸਿੰਘ ਨਿਵਾਸੀ ਇਕ 73 ਸਾਲਾ ਕੋਰੋਨਾ ਪਾਜ਼ੇਟਿਵ ਬਜ਼ੁਰਗ ਦੀ ਮੌਤ ਹੋਣ ਨਾਲ ਜ਼ਿਲੇ ਵਿਚ ਕੋਰੋਨਾ ਪਾਜ਼ੇਟਿਵ ਮਰਨ ਵਾਲਿਆਂ ਦੀ ਗਿਣਤੀ 10 ਹੋ ਗਈ ਹੈ, ਉਥੇ ਪਿਛਲੇ 24 ਘੰਟਿਆਂ ਵਿਚ ਜ਼ਿਲੇ ਵਿਚ ਵੱਖ-ਵੱਖ ਖੇਤਰਾਂ ਨਾਲ ਸਬੰਧਤ 91 ਕੋਰੋਨਾ ਪਾਜ਼ੇਟਿਵ ਮਾਮਲੇ ਸਾਹਮਣੇ ਆਏ ਹਨ। ਸਿਹਤ ਅਧਿਕਾਰੀਆਂ ਅਨੁਸਾਰ ਇਨ੍ਹਾਂ ਵਿਚ ਐਤਵਾਰ ਦੇਰ ਸ਼ਾਮ 34 ਅਤੇ ਸੋਮਵਾਰ ਤੱਕ 57 ਪਾਜ਼ੇਟਿਵ ਮਾਮਲੇ ਸ਼ਾਮਲ ਹਨ, ਜਿਸ ਦੇ ਬਾਅਦ ਜ਼ਿਲੇ ਵਿਚ ਕੁੱਲ ਕੋਰੋਨਾ ਪਾਜ਼ੇਟਿਵ ਮਾਮਲਿਆਂ ਦਾ ਅੰਕੜਾ 857 ਤੱਕ ਪਹੁੰਚ ਗਿਆ ਹੈ। ਸਿਵਲ ਸਰਜਨ ਡਾ. ਅਮਰਪ੍ਰੀਤ ਕੌਰ ਬਾਜਵਾ ਅਨੁਸਾਰ ਜ਼ਿਲੇ ਵਿਚ 381 ਐਕਟਿਵ ਮਾਮਲੇ ਹਨ ਅਤੇ ਪਾਜ਼ੇਟਿਵ ਸਾਹਮਣੇ ਆ ਚੁੱਕੇ ਮਰੀਜ਼ਾਂ ਵਿਚੋਂ 466 ਨੂੰ ਉਨ੍ਹਾਂ ਦੀ ਰਿਪੋਰਟ ਨੈਗੇਟਿਵ ਆਉਣ ਦੇ ਬਾਅਦ ਡਿਸਚਾਰਜ ਕਰ ਕੇ ਉਨ੍ਹਾਂ ਦੇ ਘਰਾਂ ਵਿਚ ਭੇਜਿਆ ਜਾ ਚੁੱਕਾ ਹੈ, ਉਥੇ 300 ਦੇ ਕਰੀਬ ਮਰੀਜ਼ਾਂ ਨੂੰ ਉਨ੍ਹਾਂ ਦੇ ਘਰਾਂ ਵਿਚ ਕੋਵਿਡ-19 ਤਹਿਤ ਨਿਰਧਾਰਿਤ ਨਿਯਮਾਂ ਦੀ ਪਾਲਣਾ ਕਰਦੇ ਹੋਏ ਕੁਆਰੰਟਾਈਨ ਕੀਤਾ ਗਿਆ ਹੈ। 633 ਸ਼ੱਕੀ ਲੋਕਾਂ ਦੀ ਰਿਪੋਰਟ ਆਉਣਾ ਅਜੇ ਵੀ ਬਾਕੀ ਹੈ। ਉਨ੍ਹਾਂ ਦੱਸਿਆ ਕਿ ਜ਼ਿਲੇ ਵਿਚ ਹੁਣ ਤੱਕ ਕੁੱਲ 30,066 ਲੋਕਾਂ ਦੇ ਸੈਂਪਲ ਲਏ ਜਾ ਚੁੱਕੇ ਹਨ, ਜਿਨ੍ਹਾਂ ਵਿਚੋਂ 28,406 ਦੀ ਰਿਪੋਰਟ ਨੈਗੇਟਿਵ ਆ ਚੁੱਕੀ ਹੈ।
ਅੱਜ ਸਾਹਮਣੇ ਆਉਣ ਵਾਲੇ ਮਰੀਜ਼ਾਂ ਵਿਚ 40 ਤੋਂ ਜ਼ਿਆਦਾ ਮਰੀਜ਼ ਸ਼ਹਿਰ ਨਾਲ ਸਬੰਧਤ
ਅੱਜ ਸਾਹਮਣੇ ਆਏ ਮਰੀਜ਼ਾਂ ਵਿਚੋਂ 40 ਤੋਂ ਜ਼ਿਆਦਾ ਮਰੀਜ਼ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਨਾਲ ਸਬੰਧਤ ਦੱਸੇ ਜਾ ਰਹੇ ਹਨ, ਜਿਨ੍ਹਾਂ ਵਿਚ ਸੰਤ ਨਗਰ, ਬੇਦੀ ਨਗਰ, ਵੇਦਾਂਤ ਨਗਰ, ਨਿਊ ਵਿਸ਼ਵਕਰਮਾ ਨਗਰ, ਪੱਤੀ ਉਮੰਗ, ਕਰਤਾਰ ਨਗਰ, ਜੁਝਾਰ ਨਗਰ, ਨਿਊ ਟਾਉਨ, ਰੂਪਾ ਪੱਤੀ, ਦਸਮੇਸ਼ ਨਗਰ, ਦੱਤ ਰੋਡ, ਢਿੱਲੋਂ ਨਗਰ, ਚੱਕੀ ਵਾਲੀ ਗਲੀ, ਗਰੀਨ ਫੀਲਡ ਕਾਲੋਨੀ, ਬਸਤੀ ਗੋਬਿੰਦਗੜ੍ਹ ਦੇ ਨਾਲ-ਨਾਲ ਬਾਕੀ ਮਰੀਜ਼ ਜ਼ਿਲੇ ਦੇ ਪਿੰਡ ਅਟਾਰੀ, ਪਿੰਡ ਭਿੰਡਰ ਕਲਾਂ, ਪਿੰਡ ਧੂੜਕੋਟ, ਮਾਹਲਾ ਕਲਾਂ ਆਦਿ ਦੇ ਹਨ।
ਸ਼ਹਿਰ ਦੇ 5 ਇਲਾਕੇ ਕੰਟੇਨਮੈਂਟ ਜੋਨ ਘੋਸ਼ਿਤ : ਸਿਵਲ ਸਰਜਨ
ਸਿਵਲ ਸਰਜਨ ਡਾ. ਅਮਰਪ੍ਰੀਤ ਕੌਰ ਬਾਜਵਾ ਨੇ ਦੱਸਿਆ ਕਿ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਨਾਲ ਸਬੰਧਤ ਕੋਰੋਨਾ ਪਾਜ਼ੇਟਿਵ ਸਾਹਮਣੇ ਆਉਣ ਦੇ ਚੱਲਦੇ ਜ਼ਿਲਾ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਵਲੋਂ ਕਈ ਇਲਾਕਿਆਂ ਦੀ ਗਿਣਤੀ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਕੰਟੇਨਮੈਂਟ ਘੋਸ਼ਿਤ ਕਰ ਦਿੱਤਾ, ਜਿਨ੍ਹਾਂ ਵਿਚ ਦੱਤ ਰੋਡ, ਨਿਊ ਗੀਤਾ ਕਾਲੋਨੀ, ਵੇਦਾਂਤ ਨਗਰ, ਵਿਸ਼ਵਕਰਮਾ ਨਗਰ ਅਤੇ ਬੇਦੀ ਨਗਰ ਸ਼ਾਮਲ ਹਨ।
ਸਿਹਤ ਟੀਮਾਂ ਕਰ ਰਹੀ ਪ੍ਰਭਵਿਤ ਇਲਾਕਿਆਂ ਵਿਚ ਪਹੁੰਚ ਕੇ ਜਾਗਰੂਕ
ਸਿਹਤ ਵਿਭਾਗ ਵਲੋਂ ਗਠਿਤ ਕੀਤੀਆਂ ਗਈਆਂ ਸਿਹਤ ਟੀਮਾਂ ਵੱਖ-ਵੱਖ ਇਲਾਕਿਆਂ ਵਿਚ ਜਾ ਕੇ ਜਿਥੇ ਲੋਕਾਂ ਨੂੰ ਕੋਰੋਨਾ ਮਹਾਮਾਰੀ ਬਾਰੇ ਜਾਗਰੂਕ ਕਰ ਰਹੀ ਹੈ, ਉਥੇ ਹੀ ਪਾਜ਼ੇਟਿਵ ਆ ਚੁੱਕੇ ਮਰੀਜ਼ਾਂ ਦੀ ਚੇਨ ਦਾ ਪਤਾ ਲਗਾਇਆ ਜਾ ਰਿਹਾ ਹੈ। ਇਕ ਟੀਮ ਦੇ ਮੈਂਬਰ ਕਰਮਜੀਤ ਘੋਲੀਆ, ਗਗਨਪ੍ਰੀਤ, ਪਰਮਜੀਤ ਕੌਰ ਅਤੇ ਪ੍ਰਿਤਪਾਲ ਕੌਰ ਨੇ ਦੱਸਿਆ ਕਿ ਉਨ੍ਹਾਂ ਵਲੋਂ ਕੋਵਿਡ-19 ਤੋਂ ਸੁਰੱਖਿਅਤ ਰਹਿਣ ਅਤੇ ਸੋਸ਼ਲ ਡਿਸਟੈਂਸ ਦੀ ਪਾਲਣਾ ਦੇ ਨਾਲ ਹੋਰ ਬਚਾਅ ਦੇ ਤਰੀਕਿਆਂ ਬਾਰੇ ਲੋਕਾਂ ਨੂੰ ਜਾਣਕਾਰੀ ਦਿੱਤੀ ਜਾ ਰਹੀ ਹੈ।
ਪੰਜਾਬ ਸਰਕਾਰ ਨੇ ਅਨਲਾਕ-3 ਦੌਰਾਨ ਸਾਰੇ ਸ਼ਹਿਰਾਂ 'ਚ ਲਗਾਈਆਂ ਪਾਬੰਦੀਆਂ
NEXT STORY