ਨਵੀਂ ਦਿੱਲੀ - ਕੋਰੋਨਾ ਵਾਇਰਸ ਦੇ ਕਹਿਰ ਦਰਮਿਆਨ ਜਾਰੀ ਲਾਕਡਾਉਨ ਵਿਚ ਆਮ ਲੋਕਾਂ ਨੂੰ ਰਾਹਤ ਦੇਣ ਲਈ ਸਰਕਾਰ ਲਗਾਤਾਰ ਕੋਸ਼ਿਸ਼ ਕਰ ਰਹੀ ਹੈ। ਇਸ ਲੜੀ ਦੇ ਤਹਿਤ ਭਾਰਤ ਸਰਕਾਰ ਈ.ਐਸ.ਆਈ. ਸਕੀਮ ਦੇ ਦਾਇਰੇ ਨੂੰ ਵਧਾਉਣ ਦੀ ਤਿਆਰੀ ਕਰ ਰਹੀ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ, ਸਰਕਾਰ ਘੱਟ ਸੈਲਰੀ ਵਾਲੇ ਜ਼ਿਆਦਾ ਤੋਂ ਜ਼ਿਆਦਾ ਮੁਲਾਜ਼ਮਾਂ ਨੂੰ ਡਾਕਟਰੀ ਅਤੇ ਨਕਦ ਲਾਭ ਪ੍ਰਦਾਨ ਕਰਨ ਲਈ ਈ.ਐਸ.ਆਈ.ਸੀ. ਅਧੀਨ ਕਵਰੇਜ ਦੀ ਹੱਦ ਵਧਾ ਸਕਦੀ ਹੈ। ਕਿਰਤ ਮੰਤਰਾਲੇ ਨੇ ਵਿੱਤ ਮੰਤਰਾਲੇ ਨੂੰ ਕਵਰੇਜ ਲਈ ਕਰਮਚਾਰੀਆਂ ਦੀ ਮੌਜੂਦਾ ਤਨਖਾਹ ਹੱਦ ਵਧਾਉਣ ਲਈ ਪ੍ਰਸਤਾਵ ਦਿੱਤਾ ਹੈ।
30 ਹਜ਼ਾਰ ਰੁਪਏ ਤੱਕ ਦੀ ਤਨਖਾਹ ਵਾਲਿਆਂ ਨੂੰ ਹੋ ਸਕਦੈ ਵੱਡਾ ਲਾਭ
ਸੂਤਰਾਂ ਅਨੁਸਾਰ ਕਰਮਚਾਰੀਆਂ ਦੀ ਵੱਧ ਤੋਂ ਵੱਧ ਕਵਰੇਜ ਲਈ ਤਨਖਾਹ ਦੀ ਹੱਦ ਵਧਾਉਣ ਦਾ ਪ੍ਰਸਤਾਵ ਦਿੱਤਾ ਗਿਆ ਹੈ। ਕਿਰਤ ਮੰਤਰਾਲੇ ਨੇ ਇਹ ਪ੍ਰਸਤਾਵ ਵਿੱਤ ਮੰਤਰਾਲੇ ਨੂੰ ਭੇਜਿਆ ਹੈ। ਇਸ ਪ੍ਰਸਤਾਵ ਤਹਿਤ ਤਨਖਾਹ ਦੀ ਹੱਦ 21000 ਰੁਪਏ ਤੋਂ ਵਧਾ ਕੇ 30,000 ਰੁਪਏ ਕੀਤੀ ਜਾਣੀ ਚਾਹੀਦੀ ਹੈ।
ਇਸ ਦੇ ਤਹਿਤ ਜਿਨ੍ਹਾਂ ਕਰਮਚਾਰੀਆਂ ਦੀ ਕੁੱਲ ਤਨਖਾਹ 30,000 ਰੁਪਏ ਹੈ, ਉਨ੍ਹਾਂ ਕਰਮਚਾਰੀਆਂ ਨੂੰ ਈ.ਐਸ.ਆਈ. ਕਵਰੇਜ ਦਾ ਲਾਭ ਮਿਲੇਗਾ। ਈ.ਐਸ.ਆਈ.ਸੀ. ਸਕੀਮ ਅਧੀਨ ਬਿਮਾਰ ਪੈਣ ਦੀ ਸਥਿਤੀ ਵਿਚ ਤਨਖਾਹ ਦੀ ਸੁਰੱਖਿਆ ਵੀ ਦਿੱਤੀ ਜਾਏਗੀ।
ਯੋਜਨਾ ਦਾ ਦਾਇਰਾ ਵਧਾਉਣ ਨਾਲ ਕੰਪਨੀਆਂ 'ਤੇ ਬੋਝ ਘੱਟ ਹੋਵੇਗਾ। ਇਸ ਦੇ ਨਾਲ ਹੀ,ਲਾਕਡਾਉਨ ਵਿਚ ਜ਼ਰੂਰੀ ਡਾਕਟਰੀ ਕਵਰ ਦਾ ਭਾਰ ਘੱਟ ਹੋਵੇਗਾ। ਇਸ ਸਮੇਂ ਲਗਭਗ 12.50 ਲੱਖ ਕੰਪਨੀਆਂ ਲਾਭ ਪ੍ਰਾਪਤ ਕਰ ਰਹੀਆਂ ਹਨ।
ਤੁਹਾਨੂੰ ਦੱਸ ਦੇਈਏ ਕਿ ਈ.ਐਸ.ਆਈ. ਸਕੀਮ ਦਾ ਲਾਭ ਉਨ੍ਹਾਂ ਕਰਮਚਾਰੀਆਂ ਨੂੰ ਦਿੱਤਾ ਜਾਂਦਾ ਹੈ ਜਿਨ੍ਹਾਂ ਦੀ ਮਹੀਨਾਵਾਰ ਆਮਦਨ 21 ਹਜ਼ਾਰ ਰੁਪਏ ਤੋਂ ਘੱਟ ਹੈ ਅਤੇ ਜੋ ਘੱਟੋ ਘੱਟ 10 ਕਰਮਚਾਰੀਆਂ ਵਾਲੀ ਕੰਪਨੀ ਵਿਚ ਕੰਮ ਕਰਦੇ ਹਨ। ਇਸ ਤੋਂ ਪਹਿਲਾਂ 2016 ਤੱਕ ਮਹੀਨਾਵਾਰ ਆਮਦਨੀ ਦੀ ਹੱਦ 15 ਹਜ਼ਾਰ ਰੁਪਏ ਸੀ, ਜਿਸ ਨੂੰ 1 ਜਨਵਰੀ, 2017 ਤੋਂ ਵਧਾ ਕੇ 21 ਹਜ਼ਾਰ ਰੁਪਏ ਕਰ ਦਿੱਤਾ ਗਿਆ ਸੀ।
ਲਾਕਡਾਉਨ ਦਰਮਿਆਨ ਕੇਂਦਰ ਸਰਕਾਰ ਵੱਲੋਂ ਕੀਤੇ 5 ਵੱਡੇ ਐਲਾਨ
(1) ਸਾਰੀਆਂ ਸਹੂਲਤਾਂ ਉਪਲਬਧ ਹੋਣਗੀਆਂ
ਈ.ਐਸ.ਆਈ.ਸੀ. ਨੇ ਐਲਾਨ ਕੀਤਾ ਹੈ ਕਿ ਲਾਕਡਾਉਨ ਕਾਰਨ ਜਿਹੜੀਆਂ ਵੀ ਕੰਪਨੀਆਂ ਕਰਮਚਾਰੀਆਂ ਦਾ ਸਾਲਾਨਾ ਇਕ ਮੁਸ਼ਤ ਯੋਗਦਾਨ ਪਾਉਣ ਤੋਂ ਅਸਮਰੱਥ ਹਨ ਅਜਿਹੀਆਂ ਕੰਪਨੀਆਂ ਦੇ ਵਰਕਰਾਂ ਦੀਆਂ ਵੀ ਮੈਡੀਕਲ ਸਹੂਲਤਾਂ ਬੰਦ ਨਹੀਂ ਹੋਣਗੀਆਂ।
(2) ਐਕਸਪਾਇਰ ਕਾਰਡ ਦੀ ਹੋ ਸਕੇਗੀ ਵਰਤੋਂ
ਕਰਮਚਾਰੀਆਂ ਕੋਲ ਉਨ੍ਹਾਂ ਦੇ ਮੈਡੀਕਲ ਕਾਰਡ ਹੁੰਦੇ ਹਨ, ਜਿਸ ਰਾਹੀਂ ਉਹ ਡਾਕਟਰੀ ਸੇਵਾਵਾਂ ਪ੍ਰਾਪਤ ਕਰਦੇ ਹਨ ਜੇਕਰ ਉਸ ਕਾਰਡ ਦੀ ਮਿਆਦ ਖਤਮ ਹੋ ਗਈ ਹੈ ਤਾਂ ਉਨ੍ਹਾਂ ਨੂੰ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਹੈ। ਉਹ ਸਾਰੀਆਂ ਸੇਵਾਵਾਂ ਆਪਣੇ ਪੁਰਾਣੇ ਕਾਰਡ ਤੋਂ ਵੀ ਪ੍ਰਾਪਤ ਕਰ ਸਕਦੇ ਹਨ। ਈ.ਐਸ.ਆਈ.ਸੀ. ਨੇ ਕਰਮਚਾਰੀਆਂ ਨੂੰ ਸਾਲਾਨਾ ਇਕਮੁਸ਼ਤ ਯੋਗਦਾਨ ਨੂੰ ਜਮ੍ਹਾ ਨਾ ਕਰਨ ਦੇ ਬਾਵਜੂਦ 30 ਜੂਨ 2020 ਤੱਕ ਕਰਮਚਾਰੀਆਂ ਨੂੰ ਸਾਰੀਆਂ ਡਾਕਟਰੀ ਸੇਵਾਵਾਂ ਪ੍ਰਦਾਨ ਕਰਨ ਦਾ ਐਲਾਨ ਕੀਤਾ ਹੈ।
(3) ਨਿੱਜੀ ਮੈਡੀਕਲ ਸਟੋਰਾਂ ਤੋਂ ਵੀ ਲਈਆਂ ਜਾ ਸਕਦੀਆਂ ਹਨ ਦਵਾਈਆਂ
ਈ.ਐਸ.ਆਈ.ਸੀ. ਨੇ ਕਰਮਚਾਰੀਆਂ ਜਾਂ ਹੋਰ ਲਾਭਪਾਤਰੀਆਂ ਨੂੰ ਲਾਕਡਾਉਨ ਦੌਰਾਨ ਨਿੱਜੀ ਮੈਡੀਕਲ ਸਟੋਰਾਂ ਤੋਂ ਦਵਾਈਆਂ ਖਰੀਦਣ ਦੀ ਸਹੂਲਤ ਵੀ ਮੁਹੱਈਆ ਕਰਵਾਈ ਹੈ। ਕਰਮਚਾਰੀ ਨਿੱਜੀ ਦੁਕਾਨਾਂ ਤੋਂ ਦਵਾਈ ਖਰੀਦਣ ਤੋਂ ਬਾਅਦ ਈਐਸ.ਆਈ.ਸੀ. ਤੋਂ ਖਰਚ ਕੀਤੇ ਪੈਸੇ ਦਾ ਦਾਅਵਾ ਕਰਨ ਦੇ ਯੋਗ ਹੋਣਗੇ। ਅਜਿਹੀ ਸਥਿਤੀ ਵਿਚ ਉਹ ਕਰਮਚਾਰੀ ਜਿਨ੍ਹਾਂ ਦੀਆਂ ਦਵਾਈਆਂ ਨਿਯਮਤ ਹਨ ਅਤੇ ਉਹ ਲਾਕਡਾਉਨ ਕਾਰਨ ਹਸਪਤਾਲ ਨਹੀਂ ਜਾ ਸਕਦੇ ਅਜਿਹੇ ਕਰਮਚਾਰੀਆਂ ਨੂੰ ਰਾਹਤ ਮਿਲੇਗੀ।
(4) ਦੂਸਰੇ ਹਸਪਤਾਲਾਂ ਵਿਚ ਹੋ ਸਕਦਾ ਹੈ ਇਲਾਜ
ਈ.ਐਸ.ਆਈ.ਸੀ. ਹਸਪਤਾਲ ਜਿਹੜੇ ਕਿ ਕੋਵਿਡ -19 ਹਸਪਤਾਲਾਂ ਵਿਚ ਬਦਲ ਗਏ ਹਨ, ਇਲਾਜ ਲਈ ਜਾਣ ਵਾਲੇ ਕਰਮਚਾਰੀਆਂ ਨੂੰ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਹੈ। ਈ.ਐਸ.ਆਈ.ਸੀ. ਨੇ ਇਨ੍ਹਾਂ ਹਸਪਤਾਲਾਂ ਵਿਚ ਨਿਯਮਤ ਤੌਰ 'ਤੇ ਇਲਾਜ ਕੀਤੇ ਜਾਂਦੇ ਕਰਮਚਾਰੀਆਂ ਨੂੰ ਡਾਕਟਰੀ ਸਹੂਲਤਾਂ ਪ੍ਰਦਾਨ ਕਰਨ ਲਈ ਬਹੁਤ ਸਾਰੇ ਹਸਪਤਾਲਾਂ ਨਾਲ ਸਮਝੌਤਾ ਕੀਤਾ ਹੈ। ਕਰਮਚਾਰੀ ਵੀ ਇਨ੍ਹਾਂ ਹਸਪਤਾਲਾਂ ਵਿਚ ਅਸਾਨੀ ਨਾਲ ਇਲਾਜ ਕਰਵਾ ਸਕਣਗੇ।
(5) ਕੰਪਨੀਆਂ ਨੂੰ ਮਿਲੀ ਵੱਡੀ ਰਾਹਤ
ਕਰਮਚਾਰੀ ਰਾਜ ਬੀਮਾ ਨਿਗਮ ਨੇ ਕੰਪਨੀਆਂ ਨੂੰ ਰਾਹਤ ਦਿੰਦਿਆਂ ਫਰਵਰੀ ਅਤੇ ਮਾਰਚ ਦੇ ਮਹੀਨਿਆਂ ਲਈ ਯੋਗਦਾਨ ਜਮ੍ਹਾਂ ਕਰਨ ਦੀ ਆਖਰੀ ਮਿਤੀ 15 ਮਈ, 2020 ਤੱਕ ਵਧਾ ਦਿੱਤੀ ਹੈ। ਇਹ ਫੈਸਲਾ ਦੇਸ਼ ਭਰ ਵਿਚ ਲਾਗੂ ਹੋਏ ਲਾਕਡਾਉਨ ਨੂੰ ਧਿਆਨ ਵਿਚ ਰੱਖਦਿਆਂ ਲਿਆ ਗਿਆ ਹੈ।ਫਰਵਰੀ ਵਿਚ ਕਰਮਚਾਰੀ ਰਾਜ ਬੀਮਾ ਨਿਗਮ (ਈਐਸਆਈਸੀ) ਦੀ ਸਮਾਜਿਕ ਸੁਰੱਖਿਆ ਯੋਜਨਾ ਵਿਚ 11.56 ਲੱਖ ਨਵੇਂ ਮੈਂਬਰ ਸ਼ਾਮਲ ਕੀਤੇ ਗਏ ਸਨ। ਇਸ ਤੋਂ ਪਹਿਲਾਂ ਜਨਵਰੀ ਵਿਚ 12.19 ਲੱਖ ਨਵੇਂ ਮੈਂਬਰ ਈ.ਐਸ.ਆਈ.ਸੀ. ਨਾਲ ਰਜਿਸਟਰ ਹੋਏ ਸਨ।
ਇਹ ਵੀ ਵੇਖੋ:
ਕੈਪਟਨ ਦੀ ਵੱਡੀ ਚਿਤਾਵਨੀ, ਪੰਜਾਬ 'ਚ ਹੋਰ ਵਧੇਗਾ 'ਕੋਰੋਨਾ' ਦਾ ਖਤਰਾ
NEXT STORY