ਮਲੋਟ (ਸ਼ਾਮ ਜੁਨੇਜਾ) : ਲੰਬੀ ਦੇ ਪਿੰਡ ਕੱਖਾਂਵਾਲੀ ਵਿਖੇ ਕਾਂਗਰਸੀ ਵਰਕਰਾਂ ਵੱਲੋਂ ਚੋਣਾਂ ਵਾਲੇ ਦਿਨ ਕਾਂਗਰਸ ਪਾਰਟੀ ਵਰਕਰਾਂ ਵਲੋ ਲਾਏ ਬੂਥ ਨੂੰ ਨਾ ਹਟਾਏ ਜਾਣ ’ਤੇ ਭੜਕੇ ਆਮ ਆਦਮੀ ਪਾਰਟੀ ਦੇ ਸਰਪੰਚ ਨੇ ਚੋਣਾਂ ਤੋਂ 3 ਦਿਨ ਬਾਅਦ ਸਾਥੀਆਂ ਨਾਲ ਦੋ ਭਰਾਵਾਂ ’ਤੇ ਹਮਲਾ ਕਰ ਦਿੱਤਾ। ਜਿਸ ’ਤੇ ਇਕ ਦੀ ਮੌਤ ਹੋ ਗਈ ਜਦਕਿ ਦੂਜਾ ਗੰਭੀਰ ਜ਼ਖ਼ਮੀ ਹੋ ਗਿਆ। ਇਸ ਮਾਮਲੇ ’ਚ ਲੰਬੀ ਪੁਲਸ ਨੇ ਮ੍ਰਿਤਕ ਦੇ ਪੁੱਤਰ ਦੇ ਬਿਆਨਾਂ ’ਤੇ ਸਰਪੰਚ ਦਲੀਪ ਰਾਮ ਸਮੇਤ 14 ਵਿਅਕਤੀਆਂ ਵਿਰੁੱਧ ਕਤਲ ਸਮੇਤ ਵੱਖ ਵੱਖ ਧਾਰਾਵਾਂ ਅਧੀਨ ਮਾਮਲਾ ਦਰਜ ਕਰ ਲਿਆ ਹੈ। ਇਸ ਸਬੰਧੀ ਗੁਰਜੰਟ ਰਾਮ ਪੁੱਤਰ ਗੁਰਮੀਤ ਰਾਮ ਵਾਸੀ ਕੱਖਾਂਵਾਲੀ ਨੇ ਲੰਬੀ ਪੁਲਸ ਨੂੰ ਦਰਜ ਬਿਆਨਾਂ ’ਚ ਕਿਹਾ ਹੈ ਕਿ ਵੋਟਾਂ ਵਾਲੇ ਦਿਨ ਉਸਦੇ ਚਾਚੇ ਮਨਜੀਤ ਰਾਮ ਦੇ ਘਰ ਅੱਗੇ ਕਾਂਗਰਸ ਪਾਰਟੀ ਦਾ ਬੂਥ ਲਾਇਆ ਸੀ। ਦਲੀਪ ਰਾਮ ਸਰਪੰਚ ਪੁੱਤਰ ਹਰਬੰਸ ਰਾਮ ਜੋ ਆਮ ਆਦਮੀ ਪਾਰਟੀ ਨਾਲ ਸਬੰਧ ਰੱਖਦਾ ਹੈ, ਨੇ ਇਸ ’ਤੇ ਇਤਰਾਜ਼ ਕੀਤਾ। ਉਸਨੇ ਮੁੱਦਈ ਦੇ ਚਾਚਾ ਮਨਜੀਤ ਰਾਮ ਅਤੇ ਪਿਤਾ ਗੁਰਮੀਤ ਰਾਮ ਨੂੰ ਕਿਹਾ ਸੀ ਕਿ ਤੁਸੀਂ ਆਪਣੇ ਘਰ ਨੇੜੇ ਕਾਂਗਰਸ ਦਾ ਬੂਥ ਨਾ ਲੱਗਣ ਦਿਓ। ਗੁਰਮੀਤ ਰਾਮ ਅਤੇ ਉਸਦੇ ਭਰਾ ਮਨਜੀਤ ਰਾਮ ਨੇ ਕਿਹਾ ਕਿ ਹੁਣ ਤਾਂ ਬੂਥ ਲੱਗ ਹੀ ਗਿਆ ਹੈ।
ਇਸ ਮਾਮਲੇ ’ਤੇ ਦਲੀਪ ਰਾਮ ਸਰਪੰਚ ਗੁੱਸੇ ਹੋ ਕੇ ਚਲਾ ਗਿਆ ਅਤੇ ਕਹਿਣ ਲੱਗਿਆ ਕਿ ਤੁਸੀਂ ਮੇਰੇ ਕਹਿਣ ’ਤੇ ਕਾਂਗਰਸ ਦਾ ਬੂਥ ਨਹੀਂ ਹਟਾਇਆ। ਇਸਦੇ ਸਿੱਟੇ ਤੂਹਾਨੂੰ ਭੁਗਤਣੇ ਪੈਣਗੇ। 4ਜੂਨ ਨੂੰ ਜਦੋਂ ਕਰੀਬ 6.30 ਵਜੇ ਸ਼ਾਮ ਨੂੰ ਮੁਦਈ ਦਾ ਪਿਤਾ ਗੁਰਮੀਤ ਰਾਮ ਅਤੇ ਚਾਚਾ ਮਨਜੀਤ ਰਾਮ ਘਰ ’ਚ ਹਾਜ਼ਰ ਸਨ। ਇਸ ਮੌਕੇ ਪਿੰਡ ਦੇ ਦਲੀਪ ਰਾਮ ਸਰਪੰਚ ਪੁੱਤਰ ਹਰਬੰਸ ਰਾਮ ਉਸਦਾ ਭਰਾ ਮਲਕੀਤ ਰਾਮ, ਬੂਟਾ ਰਾਮ ਪੁੱਤਰ ਹੰਸਾ, ਸੰਦੀਪ ਰਾਮ ਪੁੱਤਰ ਮਲਕੀਤ ਰਾਮ, ਸੰਦੀਪ ਰਾਮ ਪੁੱਤਰ ਹਰਬੰਸ ਰਾਮ, ਗਗਨਦੀਪ ਰਾਮ ਪੁੱਤਰ ਕਸ਼ਮੀਰੀ ਰਾਮ, ਬੂਟਾ ਰਾਮ ਪੁੱਤਰ ਸ਼ੰਕਰ ਰਾਮ, ਬੂਟਾ ਰਾਮ ਪੁੱਤਰ ਹੰਸਾ ਰਾਮ, ਹਰਬੰਸ ਸਿੰਘ ਪੁੱਤਰ ਮੱਲ ਸਿੰਘ, ਹੈਪੀ ਪੁੱਤਰ ਸੱਤਪਾਲ ਸਾਰੇ ਵਾਸੀਆਨ ਕੱਖਾਂਵਾਲੀ ਮਾਰੂ ਹਥਿਆਰ ਨਾਲ ਲੈਸ ਹੋ ਕੇ ਲਲਕਾਰੇ ਮਾਰਦੇ ਹੋਏ ਮਨਜੀਤ ਰਾਮ ਦੇ ਘਰ ਅੰਦਰ ਦਾਖ਼ਲ ਹੋਏ।
ਇਹ ਖ਼ਬਰ ਵੀ ਪੜ੍ਹੋ : ਪੰਜਾਬ ’ਚ ਵੱਡੇ ਫੇਰਬਦਲ ਦੀ ਤਿਆਰੀ ’ਚ ਭਾਜਪਾ ਹਾਈਕਮਾਨ, ਕਈਆਂ ਦੇ ਖੁੱਸ ਜਾਣਗੇ ਅਹੁਦੇ ਤਾਂ ਕਈਆਂ ਦੀ ਸੁਰੱਖਿਆ
ਦਲੀਪ ਰਾਮ ਸਰਪੰਚ ਨੇ ਲਲਕਾਰਾ ਮਾਰ ਕੇ ਕਿਹਾ ਕਿ ਅੱਜ ਇਨ੍ਹਾਂ ਨੂੰ ਕਾਂਗਰਸ ਦਾ ਬੂਥ ਲਾਉਣ ਦਾ ਪਤਾ ਦੱਸ ਦਿਓ। ਇਨ੍ਹਾਂ ਸਾਰਿਆਂ ਨੇ ਹਥਿਆਰਾਂ ਨਾਲ ਮੁੱਦਈ ਦੇ ਪਿਤਾ ਗੁਰਮੀਤ ਰਾਮ ਅਤੇ ਚਾਚੇ ਮਨਜੀਤ ਰਾਮ ਦੇ ਸੱਟਾਂ ਮਾਰੀਆਂ। ਮੁਦਈ ਅਤੇ ਪਰਿਵਾਰ ਜ਼ਖ਼ਮੀਆਂ ਨੂੰ ਲੰਬੀ ਹਸਪਤਾਲ ਲਿਆ ਰਹੇ ਸਨ ਕਿ ਲੰਬੀ ਪਿੰਡ ਦੇ ਨਜ਼ਦੀਕ ਇਹ ਉਕਤ ਸਾਰੇ ਜਣੇ ਆਪਣੇ ਨਾਲ ਜਸਵੀਰ ਸਿੰਘ, ਟੀਨਾ ਪੁੱਤਰ ਬੋਘਾ ਸਿੰਘ,ਹਰਸ਼ਪਿੰਦਰ ਸਿੰਘ ਪੁੱਤਰ ਹਰਦੀਪ ਸਿੰਘ,ਰਮੇਸ਼ ਕੁਮਾਰ ਪੁੱਤਰ ਮਹਿੰਗਾ ਰਾਮ,ਅੰਮ੍ਰਿਤਪਾਲ ਸਿੰਘ ਪੁੱਤਰ ਸਵਰਨ ਸਿੰਘ ਵਾਸੀਆਨ ਪੰਜਾਵਾ ਨੂੰ ਲੈ ਕੇ ਆਏ ਅਤੇ ਦੋਬਾਰਾ ਗੁਰਮੀਤ ਰਾਮ ਅਤੇ ਮਨਜੀਤ ਰਾਮ ਨੂੰ ਮਾਰਨ ਦੇ ਇਰਾਦੇ ਨਾਲ ਹੋਰ ਸੱਟਾਂ ਮਾਰੀਆਂ। ਇਸ ਤੋਂ ਬਾਅਦ ਉਕਤ ਹਮਲਾਵਰ ਫਰਾਰ ਹੋ ਗਏ।
ਪਰਿਵਾਰ ਨੇ ਗੁਰਮੀਤ ਰਾਮ ਅਤੇ ਮਨਜੀਤ ਰਾਮ ਨੂੰ ਸਰਕਾਰੀ ਹਸਪਤਾਲ ਲੰਬੀ ਦਾਖ਼ਲ ਕਰਵਾਇਆ ਗਿਆ। ਸੱਟਾਂ ਜ਼ਿਆਦਾ ਹੋਣ ਕਾਰਨ ਡਾਕਟਰ ਨੇ ਦੋਹਾਂ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਬਠਿੰਡਾ ਰੈਫਰ ਕਰ ਦਿੱਤਾ। ਇਲਾਜ ਦੌਰਾਨ ਸੱਟਾਂ ਜ਼ਿਆਦਾ ਲੱਗਣ ਕਾਰਨ ਗੁਰਮੀਤ ਰਾਮ 50 ਸਾਲ ਦੀ ਰਾਤ ਨੂੰ ਮੌਤ ਹੋ ਗਈ ਜਦਕਿ ਮਨਜੀਤ ਰਾਮ ਇਲਾਜ ਲਈ ਭਰਤੀ ਹੈ। ਇਸ ਮਾਮਲੇ ’ਤੇ ਲੰਬੀ ਪੁਲਸ ਨੇ ਮੁਦਈ ਦੇ ਬਿਆਨਾਂ ’ਤੇ 14 ਹਮਲਵਾਰਾਂ ਵਿਰੁੱਧ ਕਤਲ, ਇਰਾਦਾ ਕਤਲ ਸਮੇਤ ਵੱਖ-ਵੱਖ ਧਾਰਾਵਾਂ ਅਧੀਨ ਮਾਮਲਾ ਦਰਜ ਕਰ ਦਿੱਤਾ ਹੈ। ਦੂਜੇ ਪਾਸੇ ਮ੍ਰਿਤਕ ਦੇ ਪਰਿਵਾਰ ਵੱਲੋਂ ਗੁਰਮੀਤ ਰਾਮ ਦਾ ਸਸਕਾਰ ਨਹੀਂ ਕੀਤਾ ਗਿਆ ਹੈ ਅਤੇ ਚਿਤਾਵਨੀ ਦਿੱਤੀ ਹੈ ਕਿ ਜਦੋਂ ਤੱਕ ਪੁਲਸ ਦੋਸ਼ੀਆਂ ਨੂੰ ਗ੍ਰਿਫ਼ਤਾਰ ਨਹੀਂ ਕਰਦੀ, ਉਦੋਂ ਤੱਕ ਸਸਕਾਰ ਨਹੀਂ ਕੀਤਾ ਜਾਵੇਗਾ।
ਇਹ ਖ਼ਬਰ ਵੀ ਪੜ੍ਹੋ : ਪੰਜਾਬ ’ਚ ‘ਗੱਠਜੋੜ’ ਤੋਂ ਬਿਨਾਂ ‘ਅਕਾਲੀ ਦਲ ਤੇ ਭਾਜਪਾ ਦੇ ਦੋਵੇਂ ਹੱਥ ਖਾਲੀ!, ਬਾਦਲਾਂ ਨੇ ‘ਗੜ੍ਹ’ ਹੀ ਬਚਾਇਆ
‘ਜਗ ਬਾਣੀ’ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਘਰ ਨੇੜੇ ਬੱਸ ਖੜ੍ਹੀ ਕਰਨ ਨੂੰ ਲੈ ਕੇ ਦੋ ਧਿਰਾਂ ਦੀ ਖੂਨੀ ਲੜਾਈ, ਇੱਕ ਦੀ ਮੌਤ
NEXT STORY