ਚੰਡੀਗਡ਼੍ਹ (ਰਮਨਜੀਤ) : ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਬਹਿਬਲ ਕਲਾਂ-ਕੋਟਕਪੂਰਾ ਗੋਲੀ ਕਾਂਡ ਦੀ ਜਾਂਚ ਦੇ ਮਾਮਲਿਆਂ ’ਚ ਕੇਂਦਰ ਅਤੇ ਸੂਬਾ ਸਰਕਾਰ ਦੀਆਂ ਜਾਂਚ ਏਜੰਸੀਆਂ ਵਲੋਂ ਅਪਣਾਏ ਢਿੱਲੇ ਅਤੇ ਡੰਗ-ਟਪਾਊ ਰਵੱਈਏ ਨੂੰ ਸੰਗਤ ਨਾਲ ਧ੍ਰੋਹ ਕਰਾਰ ਦਿੰਦੇ ਹੋਏ ਇਨਸਾਫ਼ ਦੀ ਉਮੀਦ ਛੱਡ ਦਿੱਤੀ ਹੈ। ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ, ਉਪ ਨੇਤਾ ਸਰਬਜੀਤ ਕੌਰ ਮਾਣੂੰਕੇ, ਕੋਰ ਕਮੇਟੀ ਚੇਅਰਮੈਨ ਪ੍ਰਿੰਸੀਪਲ ਬੁੱਧਰਾਮ, ਵਿਧਾਇਕ ਕੁਲਤਾਰ ਸਿੰਘ ਸੰਧਵਾਂ, ਪ੍ਰੋ. ਬਲਜਿੰਦਰ ਕੌਰ, ਰੁਪਿੰਦਰ ਕੌਰ ਰੂਬੀ, ਜੈ ਕ੍ਰਿਸ਼ਨ ਸਿੰਘ ਰੋਡ਼ੀ, ਮਨਜੀਤ ਸਿੰਘ ਬਿਲਾਸਪੁਰ ਅਤੇ ਕੁਲਵੰਤ ਸਿੰਘ ਪੰਡੋਰੀ ਨੇ ਕਿਹਾ ਕਿ ਬਰਗਾਡ਼ੀ ਅਤੇ ਬਹਿਬਲ ਕਲਾਂ ਘਟਨਾਵਾਂ ਲਈ ਸਰਕਾਰਾਂ ਅਸਲੀ ਦੋਸ਼ੀਆਂ ਨੂੰ ਸਜ਼ਾਵਾਂ ਅਤੇ ਸੰਗਤ ਨੂੰ ਇਨਸਾਫ਼ ਦੇਣ ’ਚ ਸ਼ੱਕੀ ਤਰੀਕੇ ਨਾਲ ਅਸਫਲ ਸਾਬਤ ਹੋਈਆਂ ਹਨ।
ਪੰਜਾਬ ਸਰਕਾਰ ਵਿਸ਼ੇਸ਼ ਜਾਂਚ ਟੀਮ ਸਮੇਤ ਤਿੰਨੋਂ ਜਾਂਚ ਏਜੰਸੀਆਂ ਅਤੇ ਕੇਂਦਰ ਸਰਕਾਰ ਅਧੀਨ ਸੀ.ਬੀ.ਆਈ. ਏਜੰਸੀ ਦੀਆਂ ਭੂਮਿਕਾਵਾਂ ਸਿੱਧੇ ਤੌਰ ’ਤੇ ਅਸਲੀ ਦੋਸ਼ੀਆਂ ਨੂੰ ਬਚਾ ਰਹੀਆਂ ਹਨ। ਬਾਦਲ ਪਰਿਵਾਰ ਇਨ੍ਹਾਂ ਦੋਸ਼ਾਂ ਦਾ ਸਿੱਧੇ ਤੌਰ ’ਤੇ ਸਾਹਮਣਾ ਕਰ ਰਿਹਾ ਹੈ ਪਰ ਜਦ ਵੀ ਜਾਂਚ ਦੀ ਸੂਈ ਬਾਦਲਾਂ ਵੱਲ ਜਾਂਦੀ ਹੈ, ਜਾਂਚ ਏਜੰਸੀਆਂ ਇਨ੍ਹਾਂ ਮਾਮਲਿਆਂ ਨੂੰ ਹੋਰ ਉਲਝਾ ਦਿੰਦੀਆਂ ਹਨ। ‘ਆਪ’ ਆਗੂਆਂ ਨੇ ਮੰਗ ਕੀਤੀ ਕਿ ‘ਸਿਟ’ ਦੀ ਜਾਂਚ ’ਚ ਅਡ਼ੰਗੇ ਡਾਹੁਣ ਵਾਲੇ ਅਫ਼ਸਰਾਂ ਨੂੰ ‘ਸਿਟ’ ਤੋਂ ਲਾਂਭੇ ਕਰਕੇ ਜਾਂਚ ਦੀ ਸਮਾਂ ਸੀਮਾ ਤੈਅ ਕੀਤੀ ਜਾਵੇ। ਜੇਕਰ ਕੈ. ਅਮਰਿੰਦਰ ਸਿੰਘ ਦੀ ਸਰਕਾਰ ਅਜਿਹਾ ਨਾ ਕਰਕੇ ‘ਸਿਟ’ ਦੀ ਜਾਂਚ ਨੂੰ ਹੋਰ ਲਟਕਾਵੇਗੀ ਤਾਂ ਕੈਪਟਨ ’ਤੇ ਲੱਗ ਰਹੇ ਇਹ ਸਾਰੇ ਦੋਸ਼ ਸੱਚ ਸਾਬਿਤ ਹੋਣਗੇ ਕਿ ਬਾਦਲਾਂ ਨੂੰ ਬਚਾਉਣ ਲਈ ‘ਸਿਟ’ ਦੀ ਦੁਰਵਰਤੋਂ ਕਰਕੇ ਬੇਅਦਬੀ ਕੇਸਾਂ ਦੀ ਜਾਂਚ ਕਾਂਗਰਸ ਸਰਕਾਰ ਲਟਕਾ ਰਹੀ ਹੈ।
ਪੇਸ਼ੀ ਦੌਰਾਨ ਅਦਾਲਤ ’ਚ ਜ਼ਹਿਰ ਨਿਗਲਣ ਵਾਲੇ ਕਿਸਾਨ ਦੀ ਹੋਈ ਮੌਤ
NEXT STORY