ਚੰਡੀਗੜ੍ਹ : ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕਾਂ ਨੇ ਸ਼ੁੱਕਰਵਾਰ ਨੂੰ ਲੁਧਿਆਣਾ ਹਾਊਸਿੰਗ ਘੁਟਾਲੇ 'ਚ ਘਿਰੇ ਖ਼ੁਰਾਕ ਅਤੇ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਦਾ ਅਸਤੀਫ਼ਾ ਮੰਗਿਆ ਹੈ। ਲੁਧਿਆਣਾ ਦੇ ਗ੍ਰੈਡ ਮੈਨਰ ਹੋਮਸ ਮਾਮਲੇ ਦੀ ਮਾਣਯੋਗ ਪੰਜਾਬ ਐਂਡ ਹਰਿਆਣਾ ਹਾਈਕੋਰਟ ਦੀ ਨਿਗਰਾਨੀ ਹੇਠ ਉੱਚ ਪੱਧਰੀ ਜਾਂਚ ਦੀ ਮੰਗ ਕਰਦੇ ਹੋਏ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਅਤੇ ਉਪ ਨੇਤਾ ਬੀਬੀ ਸਰਬਜੀਤ ਕੌਰ ਮਾਣੂੰਕੇ ਨੇ ਸਦਨ ਤੋਂ ਬਾਹਰ ਮੀਡੀਆ ਨੂੰ ਸੰਬੋਧਨ ਕਰਦੇ ਹੋਏ ਇਸ ਘੁਟਾਲੇ 'ਚ ਸ਼ਾਮਲ ਅਫ਼ਸਰਾਂ ਨੂੰ ਤੁਰੰਤ ਮੁਅੱਤਲ ਕਰਕੇ ਉਨ੍ਹਾਂ ਵਿਰੁੱਧ ਸਖ਼ਤ ਕਾਰਵਾਈ ਮੰਗੀ ਹੈ। ਇਸ ਤੋਂ ਸਦਨ ਅੰਦਰ ਸਰਬਜੀਤ ਕੌਰ ਮਾਣੂੰਕੇ ਨੇ ਮੀਡੀਆ 'ਚ ਛਪੀ ਰਿਪੋਰਟ ਦਿਖਾਉਂਦੇ ਹੋਏ ਇਹ ਮੁੱਦਾ ਚੁੱਕਿਆ।
ਮੀਡੀਆ ਨੂੰ ਜਾਣਕਾਰੀ ਦਿੰਦਿਆਂ ਮਾਣੂੰਕੇ ਨੇ ਦੱਸਿਆ ਕਿ ਇਸ ਮਾਮਲੇ ਦੇ ਪਹਿਲਾ ਡਿਪਟੀ ਕਮਿਸ਼ਨਰ ਦੀ ਰਿਪੋਰਟ 'ਚ ਸਾਹਮਣੇ ਆਇਆ ਕਿ ਗ੍ਰੈਡ ਮੈਨਰ ਹੋਮਸ ਲਈ ਜ਼ਮੀਨ ਦੀ ਸੀ. ਐਲ. ਯੂ ਰਜਿਸਟਰੀ ਤੋਂ ਬਿਨਾਂ ਹੀ 17 ਜਨਵਰੀ, 2018 ਨੂੰ ਹੋ ਗਈ ਜਦਕਿ ਰਜਿਸਟਰੀ ਤੋਂ ਬਿਨਾਂ ਸੀ. ਐੱਲ. ਯੂ. ਅਤੇ ਮਾਲ ਮਹਿਕਮੇ ਦਾ ਰਿਕਾਰਡ ਆਪਸ 'ਚ ਮੇਲ ਨਹੀਂ ਖਾਂਦਾ। ਬਾਅਦ 'ਚ ਸਥਾਨਕ ਸਰਕਾਰਾਂ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਜਾਂਚ ਕਰਵਾਈ ਜਿਸ 'ਚ ਮੰਤਰੀ ਭਾਰਤ ਭੂਸ਼ਣ ਆਸ਼ੂ, ਕਾਂਗਰਸੀ ਨੇਤਾ ਕੰਵਲਜੀਤ ਸਿੰਘ ਕੜਵਲ ਸਮੇਤ 3 ਆਈਏਐਸ ਅਫ਼ਸਰਾਂ ਦਾ ਨਾਂ ਸਿੱਧੇ ਤੌਰ 'ਤੇ ਆਇਆ ਹੈ। ਇਸ ਲਈ ਕੈਪਟਨ ਸਰਕਾਰ ਭਾਰਤ ਭੂਸ਼ਣ ਆਸ਼ੂ ਦਾ ਅਸਤੀਫ਼ਾ ਲੈਣ। ਮਾਣੂੰਕੇ ਨੇ ਕਿਹਾ ਕਿ ਉਨ੍ਹਾਂ ਨੂੰ ਨਵਜੋਤ ਸਿੰਘ ਸਿੱਧੂ ਦੀ ਇਮਾਨਦਾਰੀ 'ਤੇ ਰੱਤੀ ਭਰ ਵੀ ਸ਼ੱਕ ਨਹੀਂ। ਪਰੰਤੂ ਹੁਣ ਇਹ ਨਵਜੋਤ ਸਿੰਘ ਸਿੱਧੂ ਸਮੇਤ ਕੈਪਟਨ ਅਮਰਿੰਦਰ ਸਿੰਘ ਲਈ ਆਸ਼ੂ ਸਮੇਤ ਅਫ਼ਸਰਾਂ ਅਤੇ ਲੈਂਡ ਮਾਫ਼ੀਆ 'ਤੇ ਕਾਰਵਾਈ ਕਰਨ ਦੀ ਕਸੌਟੀ ਦਾ ਵਿਸ਼ਾ ਹੈ।
ਜੇਵਰ ਹਵਾਈ ਅੱਡੇ ਦਾ ਉਦਘਾਟਨ ਕਰਨਗੇ ਮੋਦੀ (ਪੜ੍ਹੋ 23 ਫਰਵਰੀ ਦੀਆਂ ਖਾਸ ਖਬਰਾਂ)
NEXT STORY