ਸੰਗਰੂਰ/ਜਲੰਧਰ (ਸੁਨੀਲ ਧਵਨ) : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ’ਤੇ ਨਿਸ਼ਾਨਾ ਵਿੰਨ੍ਹਦਿਆਂ ਕਿਹਾ ਕਿ ਇਹ ਦੋਵੇਂ ਪਾਰਟੀਆਂ ਪੰਜਾਬ ’ਚ ਪਰਿਵਾਰਵਾਦ ਨੂੰ ਹੱਲਾਸ਼ੇਰੀ ਦਿੰਦੀਆਂ ਰਹੀਆਂ ਹਨ ਜਦਕਿ ਆਮ ਆਦਮੀ ਪਾਰਟੀ ਨੇ ਹਮੇਸ਼ਾ ਆਮ ਆਦਮੀ ਨੂੰ ਪਹਿਲ ਦਿੱਤੀ ਹੈ। ਉਹ ਧੂਰੀ ਵਿਖੇ ਆਮ ਆਦਮੀ ਪਾਰਟੀ ਦੇ ਵਾਲੰਟੀਅਰਾਂ ਨਾਲ ਗੱਲਬਾਤ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦੇ ਇਤਿਹਾਸ ’ਤੇ ਨਜ਼ਰ ਮਾਰੋ, ਇਸ ’ਚ ਸਿਰਫ਼ ਪਰਿਵਾਰਵਾਦ ਹੀ ਨਜ਼ਰ ਆਉਂਦਾ ਹੈ। ਇਹੀ ਹਾਲ ਕਾਂਗਰਸ ਦਾ ਹੈ। ਆਮ ਆਦਮੀ ਪਾਰਟੀ ਦੇ ਕਈ ਅਜਿਹੇ ਵਿਧਾਇਕ ਚੁਣੇ ਗਏ ਹਨ ਜੋ ਆਮ ਪਰਿਵਾਰਾਂ ਨਾਲ ਸਬੰਧਤ ਹਨ।
ਇਹ ਵੀ ਪੜ੍ਹੋ- ਸਿਮਰਨਜੀਤ ਮਾਨ ਸ਼ਾਂਤੀ ਤੇ ਫਿਰਕੂ ਸਦਭਾਵਨਾ ਲਈ ਕਦੇ ਨਹੀਂ ਖੜ੍ਹੇ : ਸੁਖਬੀਰ ਬਾਦਲ
ਉਨ੍ਹਾਂ ਕਿਹਾ ਕਿ ਸੰਗਰੂਰ ਲੋਕ ਸਭਾ ਸੀਟ ਦੀ ਜ਼ਿਮਨੀ ਚੋਣ ਤੋਂ ਪਹਿਲਾਂ ਇਹ ਚਰਚਾ ਕੀਤੀ ਜਾ ਰਹੀ ਸੀ ਕਿ ਆਮ ਆਦਮੀ ਪਾਰਟੀ ਮੇਰੀ ਭਾਵ ਭਗਵੰਤ ਮਾਨ ਦੀ ਭੈਣ ਨੂੰ ਟਿਕਟ ਦੇਵੇਗੀ ਪਰ ਇਹ ਅਫ਼ਵਾਹ ਹੀ ਸਾਬਿਤ ਹੋਈ ਕਿਉਂਕਿ ਪਾਰਟੀ ਨੇ ਇਕ ਆਮ ਵਰਕਰ ਨੂੰ ਟਿਕਟ ਦਿੱਤੀ ਹੈ। ਭਗਵੰਤ ਮਾਨ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਭ੍ਰਿਸ਼ਟਾਚਾਰ ਵਿਰੁੱਧ ਵੱਡਾ ਹਮਲਾ ਕੀਤਾ ਹੈ। ਕਾਂਗਰਸ ਦੇ ਇਕ ਸਾਬਕਾ ਮੰਤਰੀ ਤੇ ਇਕ ਸਾਬਕਾ ਵਿਧਾਇਕ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਅਸੀਂ ਆਪਣੀ ਸਰਕਾਰ ਦੇ ਇਕ ਮੰਤਰੀ ਨੂੰ ਵੀ ਸਲਾਖਾਂ ਪਿੱਛੇ ਡੱਕ ਦਿੱਤਾ ਹੈ ਜੋ ਭ੍ਰਿਸ਼ਟਾਚਾਰ ਵਿਚ ਸ਼ਾਮਲ ਸੀ। ਮੁੱਖ ਮੰਤਰੀ ਨੇ ਕਿਹਾ ਕਿ ਵਿਜੀਲੈਂਸ ਬਿਊਰੋ ਭ੍ਰਿਸ਼ਟਾਚਾਰ ਦੇ ਮਾਮਲੇ ਵਿਚ ਕਾਨੂੰਨ ਅਨੁਸਾਰ ਆਪਣਾ ਕੰਮ ਕਰ ਰਿਹਾ ਹੈ। ਹੁਣ ਕਾਂਗਰਸ ਖਤਮ ਹੋ ਰਹੀ ਹੈ। ਇਸ ਦੇ ਕਈ ਆਗੂ ਹਰ ਰੋਜ਼ ਭਾਜਪਾ ਵਿਚ ਸ਼ਾਮਲ ਹੋ ਰਹੇ ਹਨ। ਕਾਂਗਰਸ ਭ੍ਰਿਸ਼ਟਾਚਾਰੀਆਂ ਦਾ ਸਮਰਥਨ ਕਰਦੀ ਹੈ। ਇਕ ਦਿਨ ਕਾਂਗਰਸੀ ਸਾਬਕਾ ਕਾਂਗਰਸੀ ਮੰਤਰੀ ਸਾਧੂ ਸਿੰਘ ਧਰਮਸੌਤ ਦੇ ਹੱਕ ਵਿਚ ਧਰਨਾ ਦੇਣ ਲਈ ਮੇਰੇ ਘਰ ਆਏ। ਕੈਪਟਨ ਦੇ ਰਾਜ ਦੌਰਾਨ ਕਿਸੇ ਵੀ ਕਾਂਗਰਸੀ ਨੂੰ ਸੀ. ਐੱਮ. ਦੇ ਘਰ ਦਾਖ਼ਲ ਹੋਣ ਦੀ ਇਜਾਜ਼ਤ ਨਹੀਂ ਸੀ।
ਧੂਰੀ ’ਚ ਸੀ. ਐੱਮ. ਦਾ ਦਫ਼ਤਰ ਖੁਲ੍ਹੇਗਾ
ਭਗਵੰਤ ਮਾਨ ਨੇ ਕਿਹਾ ਕਿ ਧੂਰੀ ਵਿਚ ਸੀ. ਐੱਮ. ਦਾ ਦਫਤਰ ਖੋਲ੍ਹਿਆ ਜਾਵੇਗਾ ਤਾਂ ਜੋ ਸਰਕਾਰ ਦੀ ਗੱਲ ਲੋਕਾਂ ਦੇ ਦਰਵਾਜ਼ੇ ਤੱਕ ਪਹੁੰਚ ਸਕੇ। ਸੀ. ਐੱਮ. ਦਾ ਦਫ਼ਤਰ ਖੋਲ੍ਹਣ ਲਈ ਜਲਦੀ ਹੀ ਸਾਰਥਿਕ ਉਪਰਾਲੇ ਕੀਤੇ ਜਾਣਗੇ।
ਇਹ ਵੀ ਪੜ੍ਹੋ- ਕਪੂਰਥਲਾ 'ਚ ਦਿਲ ਦਹਿਲਾ ਦੇਣ ਵਾਲੀ ਘਟਨਾ, ਸਿਰਫਿਰੇ ਨੇ ਔਰਤ 'ਤੇ ਸੁੱਟਿਆ ਤੇਜ਼ਾਬ
ਭਗਵੰਤ ਮਾਨ ਨੇ ਸੰਗਰੂਰ ਜ਼ਿਮਨੀ ਚੋਣ ਬਾਰੇ ਕੇਜਰੀਵਾਲ ਨਾਲ ਕੀਤੀ ਚਰਚਾ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੋਮਵਾਰ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਾਲ ਸੰਗਰੂਰ ਲੋਕ ਸਭਾ ਸੀਟ ਦੀ 23 ਜੂਨ ਨੂੰ ਹੋਣ ਵਾਲੀ ਜ਼ਿਮਨੀ ਚੋਣ ਸਬੰਧੀ ਗੱਲਬਾਤ ਕੀਤੀ। ਇਸ ਮੌਕੇ ਆਮ ਆਦਮੀ ਪਾਰਟੀ ਦੀ ਪੰਜਾਬ ਇਕਾਈ ਦੇ ਇੰਚਾਰਜ ਜਰਨੈਲ ਸਿੰਘ ਵੀ ਹਾਜ਼ਰ ਸਨ। ਮੁੱਖ ਮੰਤਰੀ ਭਗਵੰਤ ਮਾਨ ਨੇ ਦੁਪਹਿਰ ਬਾਅਦ ਕੇਜਰੀਵਾਲ ਦਾ ਪੰਜਾਬ ਪਹੁੰਚਣ ’ਤੇ ਸਾਥੀ ਵਿਧਾਇਕਾਂ ਸਮੇਤ ਸਵਾਗਤ ਕੀਤਾ।
ਨੋਟ- ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਸੰਗਰੂਰ ਜ਼ਿਮਨੀ ਚੋਣ ’ਚ ‘ਆਪ’ ਮਾਰੇਗੀ ਹੈਟ੍ਰਿਕ : ਆਪ ਵਿਧਾਇਕ
NEXT STORY