ਮੋਹਾਲੀ (ਜ. ਬ., ਪਰਦੀਪ) : ਆਮ ਆਦਮੀ ਪਾਰਟੀ (ਆਪ) ਦੇ ਸੀਨੀਅਰ ਆਗੂ ਹਰਜੋਤ ਸਿੰਘ ਬੈਂਸ ਨੇ ਕਾਂਗਰਸ ਸਰਕਾਰ ’ਤੇ ਵਿਧਾਨ ਸਭਾ ਕਰਮਚਾਰੀਆਂ ਦੀ ਭਰਤੀ ਵਿਚ ਘਪਲਾ ਕਰਨ ਦਾ ਦੋਸ਼ ਲਾਇਆ ਹੈ। ਉਨ੍ਹਾਂ ਕਿਹਾ ਕਿ ਵਿਧਾਨ ਸਭਾ ਵਿਚ ਕਾਂਗਰਸ ਨੇ ਵਿਧਾਇਕਾਂ ਅਤੇ ਮੰਤਰੀਆਂ ਦੇ ਬੱਚਿਆਂ, ਰਿਸ਼ਤੇਦਾਰਾਂ ਅਤੇ ਕਰੀਬੀਆਂ ਨੂੰ ਭਰਤੀ ਕੀਤਾ ਅਤੇ ਯੋਗ ਨੌਜਵਾਨਾਂ ਨੂੰ ਬਾਹਰ ਕੀਤਾ। ਨਿਯਮਾਂ ਨੂੰ ਪਾਸੇ ਕਰ ਕੇ ਪੰਜਾਬੀਆਂ ਦੀ ਬਜਾਏ ਪੰਜਾਬ ਤੋਂ ਬਾਹਰ ਦੇ ਲੋਕਾਂ ਨੂੰ ਵੀ ਨੌਕਰੀ ਦਿੱਤੀ ਗਈ। ਇਹ ਪੰਜਾਬ ਦੇ ਨੌਜਵਾਨਾਂ ਨਾਲ ਸਰਾਸਰ ਧੋਖਾ ਹੈ। ਉਨ੍ਹਾਂ ਕਿਹਾ ਕਿ ਘਰ-ਘਰ ਨੌਕਰੀ ਦਾ ਵਾਅਦਾ ਕਰਨ ਵਾਲੀ ਕਾਂਗਰਸ ਨੇ ਸਰਕਾਰ ਬਣਨ ਤੋਂ ਬਾਅਦ ਰੋਜ਼ਗਾਰ ਮੰਗਣ ਵਾਲੇ ਬੇਰੋਜ਼ਗਾਰ ਨੌਜਵਾਨਾਂ ’ਤੇ ਪੁਲਸ ਦੀਆਂ ਲਾਠੀਆਂ ਚਲਵਾਈਆਂ ਅਤੇ ਆਪਣੇ ਆਗੂਆਂ ਦੇ ਬੱਚਿਆਂ ਨੂੰ ਨੌਕਰੀ ਦਿੱਤੀ। ਪੰਜਾਬ ਦੇ ਬੇਰੋਜ਼ਗਾਰ ਨੌਜਵਾਨ ਨੌਕਰੀ ਲਈ ਪੰਜ ਸਾਲ ਸੜਕਾਂ ’ਤੇ ਅੰਦੋਲਨ ਕਰਦੇ ਰਹੇ ਅਤੇ ਪਾਣੀ ਦੀਆਂ ਟੈਂਕੀਆਂ ’ਤੇ ਚੜ੍ਹਦੇ ਰਹੇ ਪਰ ਕਾਂਗਰਸ ਸਰਕਾਰ ਨੇ ਉਨ੍ਹਾਂ ਨੌਜਵਾਨਾਂ ਨੂੰ ਨੌਕਰੀ ਦੇਣ ਦੇ ਬਦਲੇ ਆਪਣੇ ਪਰਿਵਾਰਾਂ ਅਤੇ ਰਿਸ਼ਤੇਦਾਰਾਂ ਨੂੰ ਪਹਿਲ ਦਿੱਤੀ। ਬੈਂਸ ਨੇ ਪਿਛਲੇ 5 ਸਾਲ ਦੌਰਾਨ ਵਿਧਾਨ ਸਭਾ ਵਿਚ ਹੋਈਆਂ ਭਰਤੀਆਂ ਦੀ ਲਿਸਟ ਜਾਰੀ ਕਰਦਿਆਂ ਕਿਹਾ ਕਿ ਭਰਤੀ ਹੋਏ ਸਾਰੇ ਲੋਕ ਪੰਜਾਬ ਦੇ ਵੱਡੇ ਕਾਂਗਰਸੀ ਆਗੂਆਂ, ਵਿਧਾਇਕਾਂ ਅਤੇ ਮੰਤਰੀਆਂ ਦੇ ਕਰੀਬੀ ਅਤੇ ਰਿਸ਼ਤੇਦਾਰ ਹਨ। ਕਈ ਲੋਕ ਸੀਨੀਅਰ ਅਹੁਦੇਦਾਰਾਂ ਦੇ ਨਜ਼ਦੀਕੀ ਹਨ ।
ਪੰਜਾਬ ਤੋਂ ਬਾਹਰ ਦੇ ਲੋਕਾਂ ਦੀ ਭਰਤੀ ’ਤੇ ਸਵਾਲ ਕਰਦਿਆਂ ਉਨ੍ਹਾਂ ਕਿਹਾ ਕੀ ਕਾਂਗਰਸ ਸਰਕਾਰ ਨੇ ਪੰਜਾਬ ਦੇ ਸਾਰੇ ਨੌਜਵਾਨਾਂ ਨੂੰ ਨੌਕਰੀ ਦੇ ਦਿੱਤੀ ਹੈ? ਉਹ ਹਿਮਾਚਲ ਪ੍ਰਦੇਸ਼ ਅਤੇ ਹਰਿਆਣਾ ਦੇ ਲੋਕਾਂ ਨੂੰ ਨੌਕਰੀ ਕਿਉਂ ਦੇ ਰਹੀ ਹੈ? ਬੈਂਸ ਨੇ ਦੋਸ਼ ਲਾਉਂਦਿਆਂ ਕਿਹਾ ਕਿ ਭਰਤੀ ਕਰਨ ਲਈ ਨਿਯਮਾਂ ਨੂੰ ਪਾਸੇ ਕਰ ਕੇ ਇਕ ਅਪੁਆਇੰਟਮੈਂਟ ਸੈੱਲ ਬਣਾਇਆ ਗਿਆ ਅਤੇ ਉਸਦੇ ਅਧੀਨ ਇਕ ਕਮੇਟੀ ਬਣਾਈ ਗਈ। ਇਸ ਕਮੇਟੀ ਵਿਚ ਉਨ੍ਹਾਂ ਲੋਕਾਂ ਨੂੰ ਹੀ ਸ਼ਾਮਲ ਕੀਤਾ ਗਿਆ, ਜਿਨ੍ਹਾਂ ਨੇ ਕਾਂਗਰਸ ਦੇ ਪ੍ਰਭਾਵ ਹੇਠ ਕੰਮ ਕੀਤਾ ਅਤੇ ਨਿਯੁਕਤੀ ਪੇਪਰਾਂ ’ਤੇ ਦਸਤਖ਼ਤ ਕੀਤੇ। ਇੰਨਾ ਹੀ ਨਹੀਂ, ਦਸਤਖ਼ਤ ਕਰਨ ਵਾਲੇ ਕਮੇਟੀ ਮੈਂਬਰਾਂ ਨੂੰ ਐਵਾਰਡ ਦੇਣ ਲਈ ਉਨ੍ਹਾਂ ਦੇ ਬੱਚਿਆਂ ਨੂੰ ਵੀ ਸੈੱਟ ਕੀਤਾ ਗਿਆ।
ਸੀ. ਬੀ. ਆਈ. ਜਾਂਚ ਦੀ ਮੰਗ
ਬੈਂਸ ਨੇ ਇਸ ਮਾਮਲੇ ਦੀ ਸੀ. ਬੀ. ਆਈ. ਜਾਂਚ ਕਰਵਾਉਣ ਦੀ ਮੰਗ ਕੀਤੀ ਅਤੇ ਨਾਲ ਹੀ ਕਿਹਾ ਕਿ ਪੰਜਾਬ ਵਿਚ ‘ਅਾਪ’ ਦੀ ਸਰਕਾਰ ਬਣਨ ’ਤੇ ਇਸ ਮਾਮਲੇ ਦੀ ਸੀ. ਬੀ. ਆਈ. ਜਾਂਚ ਕਰਵਾਈ ਜਾਵੇਗੀ। ਭਰਤੀ ਕਰਨ ਲਈ ਜਿਨ੍ਹਾਂ ਤੋਂ ਪੈਸਾ ਲਿਆ ਗਿਆ, ਉਨ੍ਹਾਂ ਦਾ ਪੈਸਾ ਉਨ੍ਹਾਂ ਲੋਕਾਂ ਤੋਂ ਹੀ ਵਾਪਸ ਕਰਵਾਇਆ ਜਾਵੇਗਾ। ਇਸਦੇ ਨਾਲ ਹੀ ਜਿੰਨੇ ਵੀ ਅਾਗੂਆਂ ਦੇ ਰਿਸ਼ਤੇਦਾਰ ਭਰਤੀ ਕੀਤੇ ਗਏ ਹਨ, ਉਨ੍ਹਾਂ ਦੀ ਵੀ ਜਾਂਚ ਕਰਵਾਈ ਜਾਵੇਗੀ।
ਜਲੰਧਰ: ਟੋਏ ’ਚੋਂ ਮਿਲੀ ਮਾਪਿਆਂ ਦੇ ਇਕਲੌਤੇ ਪੁੱਤ ਦੀ ਲਾਸ਼, ਪਰਿਵਾਰ ਨੇ ਲਾਏ ਕਤਲ ਦੇ ਦੋਸ਼
NEXT STORY