ਕਰਤਾਰਪੁਰ (ਸਾਹਨੀ)—ਅੱਜ ਸਵੇਰੇ ਸਾਡੇ 8 ਵਜੇ ਜੀ. ਟੀ. ਰੋਡ ਕਰਤਾਰਪੁਰ-ਦਿਆਲਪੁਰ ਵਿਚਕਾਰ ਦਰਦਨਾਕ ਸੜਕ ਹਾਦਸੇ 'ਚ ਇਕ ਪਤੀ-ਪਤਨੀ ਦੀ ਮੌਤ ਹੋ ਗਈ। ਹਾਦਸਾ ਇੰਨਾ ਭਿਆਨਕ ਸੀ ਕਿ ਕਾਰ ਦੇ ਪਰਖੱਚੇ ਉੱਡ ਗਏ ਅਤੇ ਕਾਰ ਵਿਚ ਔਰਤ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਉਸ ਦੇ ਪਤੀ ਦੀ ਹਸਪਤਾਲ ਵਿਚ ਜਾ ਕੇ ਮੌਤ ਹੋ ਗਈ। ਕਾਰ ਚਾਲਕ ਮ੍ਰਿਤਕ ਦਾ ਪੁੱਤਰ ਹੈ, ਜਿਸ ਦੇ ਸੱਟਾਂ ਲੱਗੀਆਂ।
ਇਸ ਸਬੰਧੀ ਕਾਰ ਚਾਲਕ ਹਿਮਾਂਸ਼ੂ ਸੋਢੀ ਪੁੱਤਰ ਰਾਜੀਵ ਸੋਢੀ ਨੇ ਦੱਸਿਆ ਕਿ ਉਹ ਦਿੱਲੀ ਤੋਂ ਆਪਣੇ ਰਿਸ਼ਤੇਦਾਰਾਂ ਨੂੰ ਮਿਲ ਕੇ ਬੀਤੀ ਐਤਵਾਰ ਦੀ ਰਾਤ ਕਰੀਬ ਸਾਡੇ 10 ਵਜੇ ਅੰਮ੍ਰਿਤਸਰ ਗਲੀ ਜੜਾਉ ਫੁੱਲਾਂ ਵਾਲਾ ਚੌਕ ਲਈ ਰਵਾਨਾ ਹੋਏ ਸਨ ਅਤੇ ਸਵੇਰੇ ਲਗਭਗ ਸਾਡੇ 8 ਵਜੇ ਜਦ ਉਹ ਕਰਤਾਰਪੁਰ ਤੋਂ ਥੋੜ੍ਹੀ ਦੂਰ ਜੀ. ਟੀ. ਰੋਡ 'ਤੇ ਜਾ ਰਹੇ ਸਨ ਕਿ ਪਿਛਿਓਂ ਇਕ ਅਣਪਛਾਤੇ ਟਰੱਕ ਨੇ ਉਨ੍ਹਾਂ ਨੂੰ ਫੇਟ ਮਾਰੀ, ਜਿਸ ਨਾਲ ਉਨ੍ਹਾਂ ਦੀ ਕਾਰ ਬੇਕਾਬੂ ਹੋ ਕੇ ਜੀ. ਟੀ. ਰੋਡ ਸੜਕ ਕੰਢੇ ਇਕ ਢਾਬੇ ਦੇ ਸਾਹਮਣੇ ਖੜ੍ਹੇ ਛੋਟੇ ਟਰੱਕ (ਕੈਂਟਰ) 'ਚ ਜ਼ਬਰਦਸਤ ਢੰਗ ਨਾਲ ਵੱਜੀ ਅਤੇ ਇਸ ਤੋਂ ਬਾਅਦ ਉਸ ਨੂੰ ਕੁੱਝ ਨਹੀਂ ਪਤਾ ਲੱਗਾ।
ਮੌਕੇ 'ਤੇ ਪੁੱਜੇ ਥਾਣਾ ਮੁਖੀ ਬਲਵਿੰਦਰ ਸਿੰਘ ਨੇ ਦੱਸਿਆ ਕਿ ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਉਹ ਹਾਦਸੇ ਵਾਲੀ ਥਾਂ 'ਤੇ ਪੁਲਸ ਪਾਰਟੀ ਸਮੇਤ ਪੁੱਜੇ ਅਤੇ ਗੱਡੀ ਵਿਚੋਂ ਜ਼ਖਮੀਆਂ ਨੂੰ ਬਾਹਰ ਕੱਢਿਆ। ਜਿਸ ਵਿਚ ਔਰਤ ਜਿਸ ਦੀ ਪਛਾਣ ਕ੍ਰਿਤੀ ਸੋਢੀ (44) ਦੀ ਮੌਤ ਹੋ ਚੁੱਕੀ ਸੀ, ਜਦਕਿ ਉਸ ਦੇ ਪਤੀ ਰਾਜੀਵ ਸੋਢੀ ਨੂੰ ਗੰਭੀਰ ਜ਼ਖਮੀ ਹਾਲਤ ਵਿਚ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦੀ ਵੀ ਮੌਤ ਹੋ ਗਈ। ਜਦਕਿ ਕਾਰ ਚਾਲਕ ਉਨ੍ਹਾਂ ਦੇ ਪੁੱਤਰ ਹਿਮਾਂਸ਼ੂ ਸੋਢੀ ਨੂੰ ਸੱਟਾਂ ਲੱਗੀਆਂ ਸਨ। ਵਰਣਨਯੋਗ ਹੈ ਕਿ ਜੀ. ਟੀ. ਰੋਡ 'ਤੇ ਸਥਿਤ ਸਰਵਿਸ ਲਾਈਨਾਂ ਤੇ ਇਨ੍ਹਾਂ ਢਾਬਿਆਂ ਕੋਲ ਕੋਈ ਵਿਸ਼ੇਸ਼ ਪਾਰਕਿੰਗ ਦੀ ਸਹੂਲਤ ਨਹੀਂ ਹੈ ਅਤੇ ਲੋਕ ਸੜਕਾਂ 'ਤੇ ਹੀ ਗੱਡੀਆਂ ਪਾਰਕ ਕਰ ਦਿੰਦੇ ਹਨ, ਜਿਸ ਕਾਰਨ ਵਿਸ਼ੇਸ਼ ਤੌਰ 'ਤੇ ਇਸ ਥਾਂ 'ਤੇ ਜ਼ਿਆਦਾ ਹਾਦਸੇ ਹੁੰਦੇ ਹਨ। ਪੁਲਸ ਅਤੇ ਹਾਈਵੇ ਅਥਾਰਟੀ ਨੂੰ ਵੀ ਚਾਹੀਦਾ ਹੈ ਕਿ ਇਸ ਵੱਲ ਵਿਸ਼ੇਸ਼ ਧਿਆਨ ਦੇਵੇ।
ਜਦੋਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਪੀਣ ਵਾਲੇ ਪਾਣੀ ਦੀ ਸਪਲਾਈ ਦੇਣ ਪੁੱਜੀਆਂ ਸਿਵਲ ਹਸਪਤਾਲ!
NEXT STORY