ਜਲੰਧਰ(ਪ੍ਰੀਤ)-ਪਠਾਨਕੋਟ ਤੋਂ ਪਰਤਦੇ ਸਮੇਂ ਡੀ. ਏ. ਵੀ. ਯੂਨੀਵਰਸਿਟੀ ਨੇੜੇ ਰਾਤ ਦਰਦਨਾਕ ਤੇ ਭਿਆਨਕ ਹਾਦਸਾ ਸ਼ਾਇਦ ਟਾਟਾ ਸਫਾਰੀ ਚਾਲਕ ਗੁਰਇਕਬਾਲ ਸਿੰਘ ਨੂੰ ਝੋਕ ਲੱਗ ਜਾਣ ਕਾਰਨ ਵਾਪਰਿਆ ਜਿਸ ਨਾਲ ਬੇਕਾਬੂ ਟਾਟਾ ਸਫਾਰੀ ਡਿਵਾਈਡਰ ਕਰਾਸ ਕਰ ਕੇ ਦੂਜੀ ਸਾਈਡ ਚਲੀ ਗਈ। ਇਸ ਦੌਰਾਨ ਜਲੰਧਰ ਤੋਂ ਪਠਾਨਕੋਟ ਜਾ ਰਿਹਾ ਟਰੱਕ ਟਾਟਾ ਸਫਾਰੀ ਨਾਲ ਟਕਰਾ ਕੇ ਬੇਕਾਬੂ ਹੋਇਆ ਤੇ ਦੂਜੀ ਸਾਈਡ ਬਿਜਲੀ ਦੇ ਖੰਭੇ ਨਾਲ ਜਾ ਟਕਰਾਇਆ। ਪੁਲਸ ਨੇ ਘਟਨਾ ਦੇ ਹਰੇਕ ਪਹਿਲੂ ਨੂੰ ਖੰਗਾਲਣ ਤੋਂ ਬਾਅਦ ਹਾਦਸੇ ਵਿਚ ਮਾਰੇ ਗਏ ਤਿੰਨ ਲੋਕਾਂ ਦੀਆਂ ਲਾਸ਼ਾਂ ਧਾਰਾ 374 ਦੇ ਤਹਿਤ ਕਾਰਵਾਈ ਕਰਦਿਆਂ ਪੋਸਟਮਾਰਟਮ ਉਪਰੰਤ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤੀਆਂ। ਜ਼ਿਕਰਯੋਗ ਹੈ ਕਿ ਬੀਤੀ ਰਾਤ ਜਲੰਧਰ-ਪਠਾਨਕੋਟ ਰੋਡ 'ਤੇ ਤੇਜ਼ ਰਫਤਾਰ ਟਾਟਾ ਸਫਾਰੀ ਡਿਵਾਈਡਰ ਕਰਾਸ ਕਰ ਕੇ ਦੂਜੀ ਸਾਈਡ 'ਤੇ ਗਈ ਤੇ ਟਰੱਕ ਨਾਲ ਜਾ ਟਕਰਾਈ। ਭਿਆਨਕ ਹਾਦਸੇ ਵਿਚ ਟਾਟਾ ਸਫਾਰੀ ਚਾਲਕ ਗੁਰਇਕਬਾਲ ਸਿੰਘ, ਜਤਿੰਦਰ ਸਿੰਘ ਤੇ ਆਸ਼ਾ ਦੀ ਮੌਤ ਹੋ ਗਈ ਜਦੋਂਕਿ ਇਕ ਲੜਕੀ ਰੂਬੀ ਬੁਰੀ ਤਰ੍ਹਾਂ ਜ਼ਖਮੀ ਹੋ ਗਈ। ਸੂਚਨਾ ਮਿਲਣ 'ਤੇ ਮੌਕੇ 'ਤੇ ਪਹੁੰਚੇ ਥਾਣਾ ਮਕਸੂਦਾਂ ਦੇ ਏ. ਐੱਸ. ਆਈ. ਰਘੁਨਾਥ ਸਿੰਘ ਨੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ। ਅੱਧੀ ਰਾਤ ਵੇਲੇ ਡੀ. ਐੱਸ. ਪੀ ਕਰਤਾਰਪੁਰ ਸਰਵਜੀਤ ਸਿੰਘ ਰਾਏ ਵੀ ਮੌਕੇ 'ਤੇ ਪਹੁੰਚੇ ਤੇ ਘਟਨਾ ਦੀ ਜਾਂਚ ਕੀਤੀ। ਜਾਂਚ ਅਧਿਕਾਰੀ ਏ. ਐੱਸ. ਆਈ. ਰਘੁਨਾਥ ਸਿੰਘ ਨੇ ਦੱਸਿਆ ਕਿ ਹਾਦਸੇ ਵਿਚ ਟਰੱਕ ਚਾਲਕ ਦੀ ਕੋਈ ਗਲਤੀ ਨਹੀਂ। ਅਸਲ ਵਿਚ ਟਾਟਾ ਸਫਾਰੀ ਦੇ ਚਾਲਕ ਗੁਰਇਕਬਾਲ ਦੀ ਸ਼ਾਇਦ ਝੋਕ ਲੱਗ ਗਈ ਤੇ ਇਹ ਹਾਦਸਾ ਹੋ ਗਿਆ। ਏ. ਐੱਸ. ਆਈ. ਮੁਤਾਬਿਕ ਗੱਡੀ ਗੁਰਇਕਬਾਲ ਚਲਾ ਰਿਹਾ ਸੀ ਤੇ ਰੂਬੀ, ਆਸ਼ਾ ਤੇ ਜਤਿੰਦਰ ਪਿੱਛੇ ਬੈਠੇ ਸਨ। ਗੁਰਇਕਬਾਲ ਤੇ ਜਤਿੰਦਰ ਦੋਵੇਂ ਇਕੱਠੇ ਹੀ ਆਰਕੈਸਟਰਾ ਦਾ ਕੰਮ ਕਰਦੇ ਸਨ। ਰੂਬੀ ਤੇ ਆਸ਼ਾ ਬਤੌਰ ਡਾਂਸਰ ਕੰਮ ਕਰਦੀਆਂ ਸਨ। ਬੀਤੀ ਰਾਤ ਵੀ ਉਹ ਪਠਾਨਕੋਟ ਤੋਂ ਇਕ ਪ੍ਰੋਗਰਾਮ ਕਰ ਕੇ ਵਾਪਸ ਆ ਰਹੇ ਸਨ। ਏ. ਐੱਸ. ਆਈ. ਰਘੁਨਾਥ ਸਿੰਘ ਨੇ ਦੱਸਿਆ ਕਿ ਸ਼ਾਇਦ ਗੱਡੀ ਵਿਚ ਸ਼ਰਾਬ ਚਲ ਰਹੀ ਸੀ ਪਰ ਕੁਝ ਹੋਰ ਇਤਰਾਜ਼ਯੋਗ ਹੋਣ ਦੀ ਪੁਸ਼ਟੀ ਨਹੀਂ ਹੋਈ। ਗੁਰਇਕਬਾਲ ਅੰਮ੍ਰਿਤਧਾਰੀ ਹੈ। ਥਾਣੇਦਾਰ ਨੇ ਦੱਸਿਆ ਕਿ ਤਿੰਨਾਂ ਦੀਆਂ ਲਾਸ਼ਾਂ ਅੱਜ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤੀਆਂ ਗਈਆਂ ਹਨ। ਰੂਬੀ ਦੇ ਬਿਆਨ ਕਲਮਬੱਧ ਕਰ ਕੇ ਤਿੰਨਾਂ ਦੀ ਮੌਤ ਸਬੰਧੀ ਧਾਰਾ 174 ਸੀ. ਆਰ. ਪੀ. ਸੀ. ਤਹਿਤ ਕਾਰਵਾਈ ਕੀਤੀ ਗਈ ਹੈ। ਥਾਣੇਦਾਰ ਰਘੁਨਾਥ ਸਿੰਘ ਮੁਤਾਬਿਕ ਗੁਰਇਕਬਾਲ ਦਾ ਟਰਾਂਸਪੋਰਟ ਦਾ ਵੀ ਚੰਗਾ ਬਿਜ਼ਨੈੱਸ ਹੈ।
ਤਿੰਨਾਂ ਦੇ ਦਿਲ ਵੀ ਪਾਟ ਚੁੱਕੇ ਸਨ
ਉਥੇ ਸ਼ੋਰੀ ਅਨੁਸਾਰ ਸਿਵਲ ਹਸਪਤਾਲ ਵਿਚ ਸੜਕ ਹਾਦਸੇ ਵਿਚ ਮੌਤ ਦਾ ਸ਼ਿਕਾਰ ਬਣੇ ਔਰਤ ਤੇ ਦੋਵਾਂ ਵਿਅਕਤੀਆਂ ਦਾ ਪੋਸਟਮਾਰਟਮ ਡਾ. ਐਲਫ੍ਰੈਡ ਨੇ ਕੀਤਾ। ਸੂਤਰਾਂ ਤੋਂ ਪਤਾ ਲੱਗਾ ਹੈ ਕਿ ਤਿੰਨਾਂ ਦੇ ਸਰੀਰ ਦੀਆਂ ਹੱਡੀਆਂ ਬੁਰੀ ਤਰ੍ਹਾਂ ਟੁੱਟ ਚੁੱਕੀਆਂ ਸਨ। ਪਸਲੀਆਂ ਤੇ ਛਾਤੀਆਂ ਦੀਆਂ ਹੱਡੀਆਂ ਟੁੱਟਣ ਨਾਲ ਹੱਡੀਆਂ ਦਿਲ ਵਿਚ ਖੁੰਭਣ ਕਾਰਨ ਤਿੰਨਾਂ ਦੇ ਦਿਲ ਪਾਟ ਗਏ ਸਨ। ਗੁਰਇਕਬਾਲ ਸਿੰਘ ਤੇ ਜਤਿੰਦਰ ਦੇ ਸਿਰ 'ਤੇ ਗੰਭੀਰ ਸੱਟਾਂ ਵੀ ਲੱਗੀਆਂ ਸਨ, ਜਦੋਂਕਿ ਆਸ਼ਾ ਦੇ ਸਰੀਰ ਵਿਚੋਂ ਖੂਨ ਜ਼ਿਆਦਾ ਵਹਿ ਗਿਆ ਸੀ। ਤਿੰਨਾਂ ਦੀਆਂ ਲਾਸ਼ਾਂ ਪੋਸਟਮਾਰਟਮ ਤੋਂ ਬਾਅਦ ਪਰਿਵਾਰ ਵਾਲਿਆਂ ਦੇ ਹਵਾਲੇ ਕਰ ਦਿੱਤੀਆਂ ਗਈਆਂ।
110 ਗ੍ਰਾਮ ਨਸ਼ੀਲੇ ਪਾਊਡਰ ਸਮੇਤ ਕਾਬੂ
NEXT STORY