ਮਾਛੀਵਾੜਾ ਸਾਹਿਬ (ਟੱਕਰ) : ਸਤਲੁਜ ਦਰਿਆ ਕਿਨਾਰੇ ਵਸਦੇ ਪਿੰਡ ਨਾਨੋਵਾਲ ਮੰਡ ਦਾ ਨੌਜਵਾਨ ਮਨਜਿੰਦਰ ਸਿੰਘ (23) ਦੀ ਦਰਿਆ ਵਿਚ ਡੁੱਬਣ ਕਾਰਨ ਮੌਤ ਹੋ ਗਈ ਤੇ ਪਰਿਵਾਰ ਨੇ ਆਪਣੇ ਪੁੱਤ ਦਾ ਕਤਲ ਹੋਣ ਦਾ ਦੋਸ਼ ਲਗਾ ਕੇ ਜਾਂਚ ਦੀ ਮੰਗ ਕੀਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮਨਜਿੰਦਰ ਸਿੰਘ ਆਪਣੇ ਦੋਸਤਾਂ ਨਾਲ ਨੇੜੇ ਹੀ ਵਗਦੇ ਸਤਲੁਜ ਦਰਿਆ ਕਿਨਾਰੇ 5 ਅਪ੍ਰੈਲ ਦੀ ਸ਼ਾਮ ਨੂੰ ਜਨਮਦਿਨ ਪਾਰਟੀ ਮਨਾਉਣ ਗਿਆ ਸੀ। ਦੋਸਤਾਂ ਨੇ ਘਰ ਆ ਕੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕੀਤਾ ਕਿ ਉਹ ਦਰਿਆ ਵਿਚ ਡੁੱਬ ਗਿਆ ਅਤੇ ਅਗਲੇ ਦਿਨ 6 ਮਾਰਚ ਨੂੰ ਗੋਤਾਖੋਰਾਂ ਵਲੋਂ ਉਸਦੀ ਲਾਸ਼ ਨੂੰ ਦਰਿਆ ’ਚੋਂ ਬਰਾਮਦ ਕਰ ਲਿਆ ਗਿਆ।
ਸਤਲੁਜ ਦਰਿਆ ਕਿਨਾਰੇ ਵਸਦਾ ਪਿੰਡ ਥਾਣਾ ਬਲਾਚੌਰ ਅਧੀਨ ਪੈਂਦਾ ਹੈ ਜਿਸ ’ਤੇ ਸਬੰਧਿਤ ਪੁਲਸ ਨੇ ਆ ਕੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਪੋਸਟ ਮਾਰਟਮ ਲਈ ਭਿਜਵਾ ਦਿੱਤਾ। ਅੱਜ ਮ੍ਰਿਤਕ ਨੌਜਵਾਨ ਮਨਜਿੰਦਰ ਸਿੰਘ ਦੇ ਦਾਦਾ ਗੁਰਮੁਖ ਸਿੰਘ ਜ਼ਿਲ੍ਹਾ ਰੂਪਨਗਰ ਦੇ ਐੱਸ.ਐੱਸ.ਪੀ. ਨੂੰ ਮਿਲੇ ਜਿਨ੍ਹਾਂ ਇੱਕ ਸ਼ਿਕਾਇਤ ਦਰਜ ਕਰਵਾਈ ਕਿ ਉਨ੍ਹਾਂ ਦੇ ਪੋਤਰੇ ਨੂੰ ਸਤਲੁਜ ਦਰਿਆ ਵਿਚ ਧੱਕਾ ਦੇ ਕੇ ਕਤਲ ਕੀਤਾ ਗਿਆ ਹੈ ਜਿਸਦੀ ਗੰਭੀਰਤਾ ਨਾਲ ਜਾਂਚ ਕਰ ਦੋਸ਼ੀਆਂ ਖਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਪਰਿਵਾਰਕ ਮੈਂਬਰਾਂ ਨੇ ਦੋਸ਼ ਲਗਾਇਆ ਕਿ ਉਨ੍ਹਾਂ ਉੱਪਰ ਫੈਸਲੇ ਲਈ ਦਬਾਅ ਪਾਇਆ ਜਾ ਰਿਹਾ ਹੈ। ਪਰਿਵਾਰ ਨੇ ਪੁਲਸ ਉੱਚ ਅਧਿਕਾਰੀਆਂ ਤੋਂ ਇਨਸਾਫ਼ ਦੀ ਮੰਗ ਕਰਦਿਆਂ ਕਿਹਾ ਕਿ ਇਹ ਹਾਦਸਾ ਨਹੀਂ ਕਤਲ ਹੈ ਜਿਸ ਦੀ ਜਾਂਚ ਕਰ ਦੋਸ਼ੀਆਂ ਨੂੰ ਸਜ਼ਾ ਦਿੱਤੀ ਜਾਵੇ।
ਐੱਸ.ਐੱਸ.ਪੀ. ਵਲੋਂ ਇਸ ਮਾਮਲੇ ਦੀ ਜਾਂਚ ਇੱਕ ਪੁਲਸ ਅਧਿਕਾਰੀ ਨੂੰ ਸੌਂਪ ਦਿੱਤੀ ਹੈ ਜਿਨ੍ਹਾਂ ਪਰਿਵਾਰਕ ਮੈਂਬਰਾਂ ਨੂੰ ਵਿਸ਼ਵਾਸ ਦਿਵਾਇਆ ਕਿ ਇਸ ਮਾਮਲੇ ਵਿਚ ਜੇਕਰ ਕੋਈ ਦੋਸ਼ੀ ਹੋਇਆ ਤਾਂ ਉਸ ਖਿਲਾਫ਼ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਇਸ ਸਬੰਧੀ ਬਲਾਚੌਰ ਦੀ ਥਾਣਾ ਮੁਖੀ ਰਾਜਪਰਮਿੰਦਰ ਕੌਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਪੁਲਸ ਵਲੋਂ ਜਾਂਚ ਕੀਤੀ ਜਾ ਰਹੀ ਹੈ, ਨੌਜਵਾਨ ਦੀ ਮੌਤ ਕਿਵੇਂ ਹੋਈ ਇਸ ਬਾਰੇ ਤਾਂ ਪੋਸਟ ਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਪਤਾ ਲੱਗੇਗਾ। ਉਨ੍ਹਾਂ ਕਿਹਾ ਕਿ ਭਲਕੇ ਮ੍ਰਿਤਕ ਦੀ ਦੇਹ ਦਾ ਪੋਸਟ ਮਾਰਟਮ ਕਰਵਾਇਆ ਜਾਵੇਗਾ ਜਿਸ ਤੋਂ ਬਾਅਦ ਲਾਸ਼ ਵਾਰਿਸਾ ਨੂੰ ਸੌਂਪੀ ਜਾਵੇਗੀ। ਪਿੰਡ ਨਾਨੋਵਾਲ ਮੰਡ ਵਿਚ ਨੌਜਵਾਨ ਦੀ ਮੌਤ ਕਾਰਨ ਸੋਗ ਦੀ ਲਹਿਰ ਪਾਈ ਜਾ ਰਹੀ ਹੈ।
6 ਮਹੀਨੇ ਪਹਿਲਾਂ ਹੀ ਵਿਦੇਸ਼ ਤੋਂ ਪਰਤਿਆ ਸੀ ਨੌਜਵਾਨ
ਨੌਜਵਾਨ ਮਨਜਿੰਦਰ ਸਿੰਘ ਨੂੰ ਪਰਿਵਾਰਕ ਮੈਂਬਰਾਂ ਨੇ ਆਪਣੇ ਚੰਗੇ ਭਵਿੱਖ ਲਈ ਵਿਦੇਸ਼ ਭੇਜਿਆ ਸੀ ਪਰ ਉੱਥੇ ਸੈਟਲ ਨਾ ਹੋਣ ਕਾਰਨ ਉਹ ਵਾਪਸ ਭਾਰਤ ਪਰਤ ਆਇਆ ਸੀ। ਉਸ ਨੂੰ ਵਿਦੇਸ਼ ਤੋਂ ਆਏ 6 ਮਹੀਨੇ ਹੋਏ ਸਨ ਕਿ ਇਹ ਅਣਹੋਣੀ ਵਾਪਰ ਗਈ। ਨੌਜਵਾਨ ਮਨਜਿੰਦਰ ਸਿੰਘ ਅਜੇ ਕੁਆਰਾ ਸੀ ਅਤੇ ਆਪਣੇ ਪਿਤਾ ਨਾਲ ਖੇਤੀਬਾੜੀ ਦਾ ਕੰਮ ਸੰਭਾਲਦਾ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ ਦੇ ਸਰਹੱਦੀ ਜ਼ਿਲ੍ਹਿਆਂ 'ਚ ਹੁਨਰ ਕੇਂਦਰ ਸਥਾਪਤ ਕਰਨਗੇ ਸੰਸਦ ਮੈਂਬਰ ਵਿਕਰਮਜੀਤ ਸਿੰਘ ਸਾਹਨੀ
NEXT STORY