ਬਰਨਾਲਾ/ਧਨੌਲਾ (ਵਿਵੇਕ ਸਿੰਧਵਾਨੀ, ਰਵੀ)- ਭੀਖੀ ਰੋਡ ਧਨੌਲਾ ’ਤੇ ਅੱਜ ਦੁਪਹਿਰ ਭਿਆਨਕ ਸੜਕ ਹਾਦਸਾ ਵਾਪਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਕ ਤੇਜ਼ ਰਫਤਾਰ ਹੌਂਡਾ ਸਿਟੀ ਕਾਰ ਵੱਲੋਂ ਅੱਗੇ ਜਾ ਰਹੇ ਮੋਟਰਸਾਈਕਲ ਨੂੰ ਪਿੱਛੋਂ ਜ਼ੋਰਦਾਰ ਟੱਕਰ ਮਾਰ ਦਿੱਤੀ ਗਈ, ਜਿਸ ਕਾਰਨ ਮੋਟਰਸਾਈਕਲ ਸਵਾਰ ਦੋ ਵਿਅਕਤੀ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਏ। ਟੱਕਰ ਇੰਨੀ ਜ਼ਬਰਦਸਤ ਸੀ ਕਿ ਕਾਰ ਦੇ ਦੋਵੇਂ ਏਅਰਬੈਗ ਖੁੱਲ੍ਹ ਗਏ ਅਤੇ ਮੋਟਰਸਾਈਕਲ ਬੁਰੀ ਤਰ੍ਹਾਂ ਚਕਣਾ-ਚੂਰ ਹੋ ਗਿਆ। ਸੜਕ ਸੁਰੱਖਿਆ ਫੋਰਸ ਦੀ ਮੁਸਤੈਦੀ ਸਦਕਾ ਜ਼ਖਮੀਆਂ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ ਅਤੇ ਸੜਕ ’ਤੇ ਲੱਗਿਆ ਜਾਮ ਖੁੱਲ੍ਹਵਾਇਆ ਗਿਆ।
ਕੰਟਰੋਲ ਰੂਮ ਤੋਂ ਮਿਲੀ ਸੂਚਨਾ, ਐੱਸ. ਐੱਸ. ਐੱਫ. ਨੇ ਸੰਭਾਲਿਆ ਮੋਰਚਾ
ਸੜਕ ਸੁਰੱਖਿਆ ਫੋਰਸ ਦੇ ਇਨਚਾਰਜ ਸਹਾਇਕ ਥਾਣੇਦਾਰ ਅਮਰੀਕ ਸਿੰਘ ਨੇ ਪੱਤਰਕਾਰਾਂ ਨੂੰ ਘਟਨਾ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਦੁਪਹਿਰ ਤਕਰੀਬਨ 1 ਵਜੇ ਕੇ 15 ਮਿੰਟ ’ਤੇ ਰੂਟ ਨੰਬਰ 88307 ’ਤੇ ਤਾਇਨਾਤ ਟੀਮ ਨੂੰ ਵਾਇਰਲੈੱਸ ਰਾਹੀਂ ਕੰਟਰੋਲ ਰੂਮ ਬਰਨਾਲਾ ਤੋਂ ਸੂਚਨਾ ਮਿਲੀ ਸੀ ਕਿ ਭੀਖੀ ਰੋਡ ਧਨੌਲਾ ਵਿਖੇ ਇਕ ਵੱਡਾ ਹਾਦਸਾ ਹੋਇਆ ਹੈ। ਸੂਚਨਾ ਮਿਲਦਿਆਂ ਹੀ ਐੱਸ. ਐੱਸ. ਐੱਫ. ਦੀ ਟੀਮ ਨੇ ਬਿਨਾਂ ਕੋਈ ਸਮਾਂ ਗਵਾਏ ਮੌਕੇ ’ਤੇ ਪਹੁੰਚ ਕੇ ਤੁਰੰਤ ਰਾਹਤ ਕਾਰਜ ਸ਼ੁਰੂ ਕੀਤੇ।
ਮਾਨਸਿਕ ਰੋਗੀ ਦੀ ਦਵਾਈ ਲੈਣ ਜਾ ਰਹੇ ਸਨ ਮੋਟਰਸਾਈਕਲ ਸਵਾਰ
ਪ੍ਰਤੱਖਦਰਸ਼ੀਆਂ ਦੇ ਬਿਆਨਾਂ ਅਨੁਸਾਰ, ਇਕ ਤੇਜ਼ ਰਫਤਾਰ ਹੌਂਡਾ ਸਿਟੀ ਕਾਰ ਜਿਸ ਨੂੰ ਪ੍ਰਿਤਪਾਲ ਸਿੰਘ ਵਾਸੀ ਕੋਟਦੁਨਾਂ ਚਲਾ ਰਿਹਾ ਸੀ ਅਤੇ ਉਹ ਆਪਣੇ ਪਿੰਡ ਤੋਂ ਧਨੌਲੇ ਵੱਲ ਆ ਰਿਹਾ ਸੀ ਨੇ ਅੱਗੇ ਜਾ ਰਹੇ ਮੋਟਰਸਾਈਕਲ ਨੂੰ ਪਿੱਛੋਂ ਬੇਕਾਬੂ ਹੋ ਕੇ ਟੱਕਰ ਮਾਰ ਦਿੱਤੀ। ਮੋਟਰਸਾਈਕਲ ਨੂੰ ਰਣਜੀਤ ਸਿੰਘ ਵਾਸੀ ਹੋਡਲਾਂ ਕਲਾਂ (ਮਾਨਸਾ) ਚਲਾ ਰਿਹਾ ਸੀ। ਉਹ ਆਪਣੇ ਨਾਲ ਆਪਣੇ ਸਾਲੇ ਦੇ ਬੇਟੇ ਹੈਪੀ ਵਾਸੀ ਵੀਰੇਵਾਲਾ (ਮਾਨਸਾ) ਨੂੰ ਲੈ ਕੇ, ਜੋ ਕਿ ਮਾਨਸਿਕ ਤੌਰ ’ਤੇ ਬੀਮਾਰ ਹੈ, ਧਨੌਲਾ ਦੇ ਬਾਂਸਲ ਹਸਪਤਾਲ ਤੋਂ ਦਵਾਈ ਦਿਵਾਉਣ ਜਾ ਰਿਹਾ ਸੀ।
ਨਿੱਜੀ ਗੱਡੀ ਰਾਹੀਂ ਹਸਪਤਾਲ ਪਹੁੰਚਾਇਆ, ਜਾਮ ਖੁੱਲ੍ਹਵਾਇਆ
ਇਸ ਹਾਦਸੇ ’ਚ ਰਣਜੀਤ ਸਿੰਘ ਤੇ ਹੈਪੀ ਦੋਵੇਂ ਗੰਭੀਰ ਰੂਪ ’ਚ ਜ਼ਖਮੀ ਹੋ ਗਏ। ਹਾਦਸੇ ਤੋਂ ਤੁਰੰਤ ਬਾਅਦ ਐੱਸ. ਐੱਸ. ਐੱਫ. ਦੀ ਟੀਮ ਨੇ ਰਾਹਗੀਰਾਂ ਦੀ ਮਦਦ ਨਾਲ ਦੋਵਾਂ ਜ਼ਖਮੀਆਂ ਨੂੰ ਇਕ ਨਿੱਜੀ ਗੱਡੀ ਰਾਹੀਂ ਸਿਵਲ ਹਸਪਤਾਲ ਧਨੌਲਾ ਵਿਖੇ ਦਾਖਲ ਕਰਵਾਇਆ, ਜਿੱਥੇ ਡਾਕਟਰਾਂ ਵੱਲੋਂ ਉਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਹੈ। ਹਾਦਸੇ ਕਾਰਨ ਭੀਖੀ ਰੋਡ ’ਤੇ ਲੰਮਾ ਜਾਮ ਲੱਗ ਗਿਆ ਸੀ, ਜਿਸ ਨੂੰ ਸੜਕ ਸੁਰੱਖਿਆ ਫੋਰਸ ਦੀ ਟੀਮ ਨੇ ਸਖਤ ਮਿਹਨਤ ਕਰ ਕੇ ਖੁੱਲ੍ਹਵਾਇਆ ਅਤੇ ਟ੍ਰੈਫਿਕ ਨੂੰ ਨਿਰਵਿਘਨ ਚਾਲੂ ਕਰਵਾਇਆ।
ਪੁਲਸ ਵੱਲੋਂ ਅਗਲੀ ਕਾਰਵਾਈ ਸ਼ੁਰੂ
ਇਸ ਸਾਰੀ ਘਟਨਾ ਸਬੰਧੀ ਥਾਣਾ ਧਨੌਲਾ ਦੇ ਡਿਊਟੀ ਅਫਸਰ ਏ. ਐੱਸ. ਆਈ. ਬਲਵਿੰਦਰ ਕੁਮਾਰ ਨੂੰ ਸੂਚਿਤ ਕਰ ਦਿੱਤਾ ਗਿਆ ਹੈ, ਜਿਨ੍ਹਾਂ ਵੱਲੋਂ ਮਾਮਲੇ ਦੀ ਜਾਂਚ ਤੇ ਅਗਲੀ ਕਾਨੂੰਨੀ ਕਾਰਵਾਈ ਅਮਲ ’ਚ ਲਿਆਂਦੀ ਜਾ ਰਹੀ ਹੈ। ਹਾਦਸੇ ਦੇ ਸਮੇਂ ਸੜਕ ਸੁਰੱਖਿਆ ਫੋਰਸ ਦੀ ਟੀਮ ’ਚ ਸਹਾਇਕ ਥਾਣੇਦਾਰ ਅਮਰੀਕ ਸਿੰਘ ਦੇ ਨਾਲ ਸਿਪਾਹੀ ਸੰਦੀਪ ਸਿੰਘ, ਲੇਡੀਜ਼ ਸਿਪਾਹੀ ਵੀਰਪਾਲ ਕੌਰ ਅਤੇ ਲੇਡੀਜ਼ ਸਿਪਾਹੀ ਦੀਪਿਕਾ ਰਾਣੀ ਵੀ ਮੁਸਤੈਦੀ ਨਾਲ ਹਾਜ਼ਰ ਸਨ।
ਨਿਹੰਗ ਸਿੰਘ ਤੇ ਸ਼ਿਵ ਸੈਨਾ ਆਗੂ ਫ਼ਿਰ ਹੋਏ ਆਹਮੋ-ਸਾਹਮਣੇ! ਪੁਲਸ ਨੇ ਸ਼ਾਂਤ ਕਰਵਾਇਆ ਮਾਮਲਾ
NEXT STORY