ਗੁਰਾਇਆ, (ਮੁਨੀਸ਼)- ਮੰਗਲਵਾਰ ਸਵੇਰੇ ਨੈਸ਼ਨਲ ਹਾਈਵੇ ’ਤੇ ਫਿਲਮੀ ਸਟਾਈਲ ਵਿਚ ਲੋਕਾਂ ਨੂੰ ਕਾਰ ਦਾ ਸਟੰਟ ਦੇਖਣ ਨੂੰ ਮਿਲਿਆ। ਜਿਸ ਨੂੰ ਦੇਖਣ ਵਾਲੇ ਲੋਕਾਂ ਦਾ ਕਹਿਣਾ ਸੀ ਕਿ ਉਨ੍ਹਾਂ ਨੂੰ ਇਸ ਤਰ੍ਹਾਂ ਲੱਗਾ ਕਿ ਕਿਸੇ ਫਿਲਮ ਜਾਂ ਗਾਣੇ ਦੀ ਸ਼ੂਟਿੰਗ ਦਾ ਸੀਨ ਚਲ ਰਿਹਾ ਹੈ ਪਰ ਹਕੀਕਤ ਕੁਝ ਹੋਰ ਹੀ ਨਿਕਲੀ। ਜਦ ਨੁਕਸਾਨੀ ਹੋਈ ਕਾਰ ਨੂੰ ਚੈੱਕ ਕੀਤਾ ਤਾਂ ਉਸ ਵਿਚ ਨਾਜਾਇਜ਼ ਸ਼ਰਾਬ ਦੀਅਾਂ ਪੇਟੀਆਂ ਭਰੀਅਾਂ ਹੋਈਆਂ ਸਨ। ਜਾਣਕਾਰੀ ਮੁਤਾਬਕ ਲੁਧਿਆਣਾ ਵੱਲੋਂ ਜਲੰਧਰ ਦੀ ਵੱਲ ਆ ਰਹੀ ਇਕ ਅਸਟੀਮ ਕਾਰ ਨੰਬਰ ਡੀ. ਐੱਲ. 2 ਸੀ. ਦੇ 2679 ਜਿਸਨੂੰ ਮੁਕੇਸ਼ ਕੁਮਾਰ ਪੁੱਤਰ ਬਾਲ ਚੰਦ ਵਾਸੀ ਜਲੰਧਰ ਚਲਾ ਰਿਹਾ ਸੀ,ਨਾਲ ਕਾਰ ਵਿਚ ਰਵੀ ਕੁਮਾਰ ਵਾਸੀ ਯੂ.ਪੀ. ਜੋ ਕਿ ਹੁਣ ਜਲੰਧਰ ਵਿਚ ਰਹਿੰਦਾ ਹੈ, ਸਵਾਰ ਸੀ। ਰਵੀ ਕੁਮਾਰ ਨੇ ਦੱਸਿਆ ਕਿ ਉਹ ਜਲੰਧਰ ਵਿਚ ਚਾਹ ਬਣਾਉਣ ਦਾ ਕੰਮ ਕਰਦਾ ਸੀ। ਜਿਸ ਕੋਲ ਮੁਕੇਸ਼ ਚਾਹ ਪੀਣ ਆਉਂਦਾ ਸੀ ਅਤੇ ਉਸਨੂੰ 1000 ਰੁਪਏ ਦਿਹਾਡ਼ੀ ਦੇਣ ਦਾ ਕਹਿ ਕੇ ਨਾਲ ਲੈ ਕੇ ਆਇਆ ਸੀ। ਅੱਜ ਪਹਿਲੇ ਦਿਨ ਉਹ ਉਸਦੇ ਨਾਲ ਆਇਆ ਸੀ। ਫਿਲੌਰ ਦੇ ਪਿੱਛਿਓਂ ਉਨ੍ਹਾਂ ਦੇ ਪਿੱਛੇ ਇਕ ਕਾਲੇ ਰੰਗ ਦੀ ਸਕਾਰਪਿਓ ਗੱਡੀ ਲੱਗੀ ਹੋਈ ਸੀ। ਜਿਸਨੇ ਗੁਰਾਇਆ ਨੈਸ਼ਨਲ ਹਾਈਵੇ ’ਤੇ ਉਨ੍ਹਾਂ ਨੂੰ ਸਾਈਡ ਮਾਰ ਦਿੱਤੀ, ਜਿਸ ਨਾਲ ਉਨ੍ਹਾਂ ਦਾ ਕਾਰ ਬੇਕਾਬੂ ਹੋ ਕੇ ਫੁੱਟਪਾਥ ਨਾਲ ਜਾ ਟਕਰਾਈ।
ਇਸ ਕਾਰਨ ਕਾਰ ਦੇ ਟਾਇਰ ਫੱਟ ਗਏ ਅਤੇ ਐਕਸਲ ਟੁੱਟ ਗਏ। ਕਾਰ ਡਰਾਈਵਰ ਮੁਕੇਸ਼ ਹਾਦਸੇ ਤੋਂ ਬਾਅਦ ਜ਼ਖਮੀ ਹੋ ਗਿਆ, ਜਿਸਨੂੰ ਮੌਕੇ ’ਤੇ ਪਹੁੰਚੀ ਗੁਰਾਇਆ ਪੁਲਸ ਸਿਵਲ ਹਸਪਤਾਲ ਬਡ਼ਾਪਿੰਡ ਲਿਜਾਇਆ ਗਿਆ। ਜਿਥੇ ਡਾਕਟਰ ਨੇ ਕਿਹਾ ਕਿ ਇਸ ਵਿਚ ਮਿਰਗੀ ਦੇ ਲੱਛਣ ਪਾਏ ਗਏ ਹਨ। ਜਿਸਦੇ ਹੱਥ ਪੈਰ ਮੁਡ਼ ਗਏ ਸੀ ਅਤੇ ਮੁੂੰਹ ਵਿਚ ਝਾਗ ਨਿਕਲ ਰਹੀ ਸੀ। ਜਿਸ ਕਾਰਨ ਉਸਨੂੰ ਜਲੰਧਰ ਹਸਪਤਾਲ ਰੈਫਰ ਕਰ ਦਿੱਤਾ ਗਿਆ। ਐੱਸ. ਐੱਚ. ਓ. ਪਰਮਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਨੇ ਕਾਰ ਨੂੰ ਅਤੇ ਸ਼ਰਾਬ ਦੀਅਾਂ ਪੇਟੀਆਂ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ ਹੈ। ਸ਼ਰਾਬ ਦਿੱਲੀ ਮਾਰਕਾ ਹੈ। ਮੁਲਜ਼ਮਾਂ ਨੇ ਦੱਸਿਆ ਕਿ ਉਹ ਹਰਿਆਣਾ ਤੋਂ ਸ਼ਰਾਬ ਲੈ ਕੇ ਆਏ ਸੀ, ਜੋ ਜਲੰਧਰ ਜਾ ਰਹੇ ਸੀ। ਪੁਲਸ ਨੇ ਰਵੀ ਕੁਮਾਰ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਕਾਰ ਵਿਚ 24 ਪੇਟੀਅਾਂ ਸ਼ਰਾਬ ਬਰਾਮਦ ਕੀਤੀ ਹੈ। ਮੁਕੇਸ਼ ਅਤੇ ਰਵੀ ਦੇ ਖਿਲਾਫ ਥਾਣਾ ਗੁਰਾਇਆ ਵਿਖੇ ਐਕਸਾਈਜ਼ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ। ਮੁਕੇਸ਼ ਹੁਣ ਜਲੰਧਰ ਸਿਵਲ ਹਸਪਤਾਲ ਵਿਚ ਜ਼ੇਰੇ ਇਲਾਜ ਹੈ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਚੱਲਦੀ ਰੇਲ ਗੱਡੀ ’ਤੇ ਚਡ਼੍ਹਨ ਸਮੇਂ ਨੌਜਵਾਨ ਡਿੱਗਿਆ, ਜ਼ਖ਼ਮੀ
NEXT STORY