ਜਲੰਧਰ (ਮਹੇਸ਼)— ਬੀਤੇ ਦਿਨੀਂ ਪੀ. ਏ. ਪੀ. ਚੌਕ ਨੇੜੇ ਲੜਕੀ 'ਤੇ ਐਸਿਡ ਅਟੈਕ ਦੇ ਮਾਮਲੇ ਨੂੰ ਪੁਲਸ ਨੇ ਹੱਲ ਕਰਦੇ ਹੋਏ ਅੱਜ ਤਿੰਨ ਨੌਜਵਾਨÎਾਂ ਨੂੰ ਗ੍ਰਿਫਤਾਰ ਕੀਤਾ ਹੈ। ਇਸ ਮਾਮਲੇ 'ਚ ਪੁਲਸ ਵੱਲੋਂ ਵੱਡਾ ਖੁਲਾਸਾ ਕੀਤਾ ਗਿਆ ਹੈ। ਪੁਲਸ ਮੁਤਾਬਕ ਲੜਕੀ 'ਤੇ ਐਸਿਡ ਅਟੈਕ ਮਾਸੀ ਦੇ ਮੁੰਡੇ ਨੇ ਹੀ ਕਰਵਾਇਆ ਸੀ ਅਤੇ ਇਹ ਸੌਦਾ 25000 'ਚ ਤੈਅ ਹੋਇਆ ਸੀ। ਐਸਿਡ ਦਾ ਇੰਤਜ਼ਾਮ ਲੁਧਿਆਣੇ ਤੋਂ ਕੀਤਾ ਗਿਆ ਸੀ। ਪੁਲਸ ਮੁਤਾਬਕ ਦੋਵਾਂ ਵਿਚਾਲੇ ਰਿਸ਼ਤਿਆਂ ਦੀ ਵੀ ਗੱਲ ਸਾਹਮਣੇ ਆਈ ਹੈ। ਦੋਸ਼ੀ ਨੇ ਭੂਆ ਦੇ ਮੁੰਡੇ ਨੂੰ ਵੀ ਇਸ 'ਚ ਸ਼ਾਮਲ ਕੀਤਾ ਗਿਆ ਸੀ। ਗ੍ਰਿਫਤਾਰ ਦੋਸ਼ੀਆਂ ਦੀ ਪਛਾਣ ਜਸਵਿੰਦਰ ਸਿੰਘ ਵਾਸੀ ਹਿਮਾਚਲ ਪ੍ਰਦੇਸ਼, ਗੁਰਦੀਪ ਸਿੰਘ ਵਾਸੀ ਹਿਮਾਚਲ ਪ੍ਰਦੇਸ਼ ਅਤੇ ਮਨੀ ਵਾਸੀ ਲੁਧਿਆਣਾ ਦੇ ਰੂਪ 'ਚ ਹੋਈ ਹੈ ਜਦਕਿ ਇਕ ਪ੍ਰੀਤ ਨਾਂ ਦਾ ਲੜਕਾ ਫਰਾਰ ਦੱਸਿਆ ਜਾ ਰਿਹਾ ਹੈ। ਮੁੱਖ ਮੁਲਜ਼ਮ ਗੁਰਦੀਪ ਸਿੰਘ ਆਰਮੀ ਦਾ ਜਵਾਨ ਹੈ ਅਤੇ ਸਿੱਕਮ ਸਥਿਤ 17 ਸਿੱਖ ਰੈਜੀਮੈਂਟ ਵਿਚ ਤਾਇਨਾਤ ਹੈ।
ਜਲੰਧਰ ਦੇ ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਏ. ਡੀ. ਸੀ. ਪੀ. ਸਿਟੀ-2 ਸੂਡਰਵਿਜੀ ਦੀ ਅਗਵਾਈ 'ਚ ਕੰਮ ਕਰਨ ਵਾਲੀ ਟੀਮ ਦੇ ਮੈਂਬਰਾਂ ਐੱਸ. ਐੱਚ. ਓ. ਕੈਂਟ ਸੁਖਦੇਵ ਸਿੰਘ ਔਲਖ ਅਤੇ ਪਰਾਗਪੁਰ ਪੁਲਸ ਚੌਕੀ ਮੁਖੀ ਐੱਸ. ਆਈ. ਕਮਲਜੀਤ ਸਿੰਘ ਨੇ ਉਕਤ ਮਾਮਲੇ ਵਿਚ ਤਿੰਨ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਜਿਸ 'ਚ ਮਾਸਟਰ ਮਾਈਂਡ ਗੁਰਦੀਪ ਸਿੰਘ ਪੁੱਤਰ ਸੁੱਚਾ ਸਿੰਘ ਵਾਸੀ ਪਿੰਡ ਡਿੱਟਾ ਜ਼ਿਲਾ ਊਨਾ, ਜਸਵਿੰਦਰ ਸਿੰਘ ਉਰਫ ਜੱਸੀ ਪੁੱਤਰ ਗੁਰਨਾਮ ਸਿੰਘ ਵਾਸੀ ਪਿੰਡ ਪੰਜਾਬ ਥਾਣਾ ਹਰੋਲੀ ਜ਼ਿਲਾ ਊਨਾ ਹਿਮਾਚਲ ਸੂਬਾ ਅਤੇ ਮਨੀ ਉਰਫ ਸੋਨੂੰ ਵਾਸੀ ਗੰਜਾ ਕਾਲੋਨੀ ਮੋਤੀ ਨਗਰ ਲੁਧਿਆਣਾ ਅਜੇ ਫਰਾਰ ਹੈ ਅਤੇ ਪੁਲਸ ਉਸ ਦੀ ਗ੍ਰਿਫਤਾਰੀ ਲਈ ਸ਼ੱਕੀ ਥਾਵਾਂ 'ਤੇ ਛਾਪੇਮਾਰੀ ਕਰ ਰਹੀ ਹੈ। ਗੁਰਦੀਪ ਤੇ ਜੱਸੀ ਦੀ ਗ੍ਰਿਫਤਾਰੀ ਹਿਮਾਚਲ ਅਤੇ ਮਨੀ ਦੀ ਗ੍ਰਿਫਤਾਰੀ ਲੁਧਿਆਣਾ ਵਿਚ ਦਿਖਾਈ ਗਈ ਹੈ। ਪ੍ਰੈੱਸ ਕਾਨਫਰੰਸ 'ਚ ਡੀ. ਸੀ. ਪੀ. ਗੁਰਮੀਤ ਸਿੰਘ, ਏ. ਡੀ. ਸੀ. ਪੀ. ਸੂਡਰਵਿਜੀ, ਇੰਸਪੈਕਟਰ ਸੁਖਦੇਵ ਸਿੰਘ ਔਲਖ ਅਤੇ ਪਰਾਗਪੁਰ ਪੁਲਸ ਚੌਕੀ ਮੁਖੀ ਕਮਲਜੀਤ ਸਿੰਘ ਵੀ ਮੌਜੂਦ ਸਨ।

ਪੀੜਤਾ ਨੂੰ ਸਬਕ ਸਿਖਾਉਣ ਲਈ ਰਚੀ ਸੀ ਸਾਜਿਸ਼
ਜਾਂਚ ਅਧਿਕਾਰੀ ਨੇ ਦੱਸਿਆ ਕਿ ਲੜਕੀ ਦੀ ਮਾਸੀ ਦਾ ਮੁੰਡਾ ਗੁਰਦੀਪ ਆਰਮੀ ਦਾ ਜਵਾਨ ਹੈ ਅਤੇ ਸਿੱਕਮ ਸਥਿਤ 17 ਸਿੱਖ ਰੈਜੀਮੈਂਟ ਵਿਚ ਤਾਇਨਾਤ ਹੈ। ਸਿੱਕਮ ਤੋਂ ਗੁਰਦੀਪ ਸਿੰਘ ਮੈਡੀਕਲ ਲੀਵ 'ਤੇ ਆਇਆ ਸੀ। ਉਸ ਨੇ ਕਿਹਾ ਕਿ ਡਿਊਟੀ ਦੌਰਾਨ ਉਸ ਨੂੰ ਸੱਟ ਲੱਗ ਗਈ ਸੀ, ਜਿਸ ਤੋਂ ਬਾਅਦ ਉਹ ਮੈਡੀਕਲ ਲੀਵ 'ਤੇ ਆਪਣੇ ਘਰ ਊਨਾ (ਹਿਮਾਚਲ ਪ੍ਰਦੇਸ਼) ਆ ਗਿਆ ਸੀ। ਗੁਰਦੀਪ ਆਪਣੀ ਹੀ ਮਾਸੀ ਦੀ ਲੜਕੀ 'ਤੇ ਬੁਰੀ ਨਜ਼ਰ ਰੱਖਦਾ ਸੀ ਪਰ ਉਸ ਦੇ ਵੱਲੋਂ ਅਣਦੇਖਿਆ ਕੀਤੇ ਜਾਣ 'ਤੇ ਗੁਰਦੀਪ ਨੇ ਆਪਣੀ ਭੂਆ ਦੇ ਲੜਕੇ ਜਸਵਿੰਦਰ ਦੇ ਨਾਲ ਮਿਲ ਕੇ ਮਨਿੰਦਰ ਨੂੰ ਸਬਕ ਸਿਖਾਉਣ ਦੀ ਸਾਜਿਸ਼ ਰਚੀ। ਇਸ ਕੰਮ ਨੂੰ ਅੰਜਾਮ ਦੇਣ ਲਈ ਜਸਵਿੰਦਰ ਨੇ ਲੁਧਿਆਣਾ ਦੇ ਮਨੀ ਅਤੇ ਪ੍ਰੀਤ ਦੇ ਨਾਲ ਗੱਲਬਾਤ ਕੀਤੀ ਜੋ ਉਸ ਦੇ ਦੋਸਤ ਸਨ। ਇਸ ਦੌਰਾਨ 25 ਹਜ਼ਾਰ 'ਚ ਸੌਦਾ ਤੈਅ ਕੀਤਾ ਗਿਆ ਸੀ। ਉਸ ਨੇ ਕਿਹਾ ਕਿ ਉਹ ਲੜਕੀ ਨੂੰ ਆਪਣੀ ਤਨਖਾਹ ਵਿਚੋਂ ਪੈਸੇ ਵੀ ਦਿੰਦਾ ਸੀ। ਪਹਿਲਾਂ ਉਹ ਉਸ ਨਾਲ ਵਿਆਹ ਕਰਨ ਲਈ ਰਾਜ਼ੀ ਸੀ ਪਰ ਬਾਅਦ 'ਚ ਉਸ ਨੇ ਉਸ ਨਾਲ ਵਿਆਹ ਕਰਨ ਤੋਂ ਮਨ੍ਹਾ ਕਰ ਦਿੱਤਾ। ਗੁੱਸੇ ਵਿਚ ਆ ਕੇ ਉਸ ਨੇ ਉਸ ਨੂੰ ਸਬਕ ਸਿਖਾਉਣ ਦਾ ਇਰਾਦਾ ਬਣਾਇਆ।

28 ਅਤੇ 29 ਜਨਵਰੀ ਨੂੰ ਕੀਤੀ ਗਈ ਸੀ ਰੇਕੀ
ਜਾਂਚ ਅਧਿਕਾਰੀ ਨੇ ਦੱਸਿਆ ਕਿ ਗੁਰਦੀਪ ਅਤੇ ਜਸਵਿੰਦਰ ਨੇ 2 ਦਿਨ 28 ਅਤੇ 29 ਜਨਵਰੀ ਨੂੰ ਲਗਾਤਾਰ ਉਸ ਦੇ ਘਰੋਂ ਚੱਲਣ ਨੂੰ ਲੈ ਕੇ ਹਸਪਤਾਲ ਤੱਕ ਪਹੁੰਚਾਉਣ ਦੀ ਰੇਕੀ ਕੀਤੀ ਅਤੇ ਮਨੀ ਅਤੇ ਪ੍ਰੀਤ ਨੂੰ ਦੱਸਿਆ ਕਿ ਪੀ. ਏ. ਪੀ. ਚੌਕ 'ਚ ਪੀੜਤਾ ਮਨਿੰਦਰ ਆਟੋ ਬਦਲਦੀ ਸੀ। ਵਾਰਦਾਤ ਦੇ ਦਿਨ ਗੁਰਦੀਪ ਅਤੇ ਜਸਵਿੰਦਰ ਵੀ ਵਾਰਦਾਤ ਸਥਾਨ 'ਤੇ ਖੜ੍ਹੇ ਸਨ ਪਰ ਇਹ ਕਿਸੇ ਦੇ ਸਾਹਮਣੇ ਨਹੀਂ ਆਏ, ਜਿਸ ਕਰਕੇ ਪੁਲਸ ਨੂੰ ਜਲਦੀ ਕੋਈ ਸ਼ੱਕ ਨਹੀਂ ਹੋ ਸਕਿਆ। ਵਾਰਦਾਤ ਤੋਂ ਬਾਅਦ ਮਨੀ ਅਤੇ ਪ੍ਰੀਤ ਲੁਧਿਆਣਾ ਚਲੇ ਗਏ ਅਤੇ ਇਨ੍ਹਾਂ ਦੇ ਪਿੱਛੇ ਹੀ ਗੁਰਦੀਪ ਅਤੇ ਜਸਵਿੰਦਰ ਤੈਅ ਸੌਦੇ ਮੁਤਾਬਕ ਰਕਮ ਜੋਕਿ 20 ਹਜ਼ਾਰ ਦੇਣ ਗਏ। ਪੇਸ਼ੀ ਦੇ ਰੂਪ 'ਚ 5 ਹਜ਼ਾਰ ਰੁਪਏ ਪਹਿਲਾਂ ਹੀ ਦਿੱਤੇ ਗਏ ਸਨ।
ਟਾਇਲਟ ਸਾਫ ਕਰਨ ਵਾਲਾ ਪਾਊਡਰ ਲਗਾਇਆ ਸੀ ਲੜਕੀ ਦੇ ਮੂੰਹ 'ਤੇ
ਉਨ੍ਹਾਂ ਨੇ ਦੱਸਿਆ ਕਿ 25 ਹਜ਼ਾਰ 'ਚ ਸੌਦਾ ਤੈਅ ਹੋਣ ਤੋਂ ਬਾਅਦ ਮਨੀ ਅਤੇ ਪ੍ਰੀਤ ਲੁਧਿਆਣਾ ਤੋਂ ਹੀ ਟਾਇਲਟ ਸਾਫ ਕਰਨ ਵਾਲੇ ਪਾਊਡਰ ਦਾ ਇੰਤਜ਼ਾਮ ਕਰਕੇ ਲਿਆਏ ਸਨ। ਮਨੀ ਨੇ ਦੱਸਿਆ ਕਿ ਵਾਰਦਾਤ ਦੇ ਸਮੇਂ ਪ੍ਰੀਤ ਨੇ ਆਪਣਾ ਮੋਟਰਸਾਈਕਲ ਸਟਾਰਟ ਰੱਖਿਆ ਅਤੇ ਮਨੀ ਨੇ ਪੀੜਤ ਲੜਕੀ ਦੇ ਚਿਹਰੇ 'ਤੇ ਟਾਇਲਟ ਸਾਫ ਕਰਨ ਵਾਲਾ ਪਾਊਡਰ ਸੁੱਟ ਦਿੱਤਾ। ਇਸ ਤੋਂ ਬਾਅਦ ਮਨੀ ਪ੍ਰੀਤ ਦੀ ਬਾਈਕ 'ਤੇ ਬੈਠਾ ਅਤੇ ਸਿੱਧੇ ਬੇਖੌਫ ਲੁਧਿਆਣਾ ਪਹੁੰਚ ਗਏ।
2 ਮੋਟਰਸਾਈਕਲ ਅਤੇ 3 ਮੋਬਾਇਲ ਬਰਾਮਦ
ਪੁਲਸ ਨੇ ਮੁਲਜ਼ਮਾਂ ਤੋਂ 2 ਮੋਟਰਸਾਈਕਲ ਅਤੇ 3 ਮੋਬਾਇਲ ਬਰਾਮਦ ਕੀਤੇ ਹਨ। ਦੋਵੇਂ ਮੋਟਰਸਾਈਕਲ ਵਾਰਦਾਤਾਂ ਨੂੰ ਅੰਜਾਮ ਦੇਣ ਲਈ ਵਰਤੇ ਗਏ ਸਨ ਅਤੇ ਬਰਾਮਦ ਕੀਤੇ ਗਏ ਮੋਬਾਇਲਾਂ 'ਤੇ ਉਹ ਇਕ ਦੂਜੇ ਨਾਲ ਗੱਲਬਾਤ ਕਰਦੇ ਸਨ। ਸਪਲੈਂਡਰ ਮਨੀ ਅਤੇ ਪ੍ਰੀਤ ਦੇ ਕੋਲ ਸੀ ਜਦਕਿ ਗੁਰਦੀਪ ਅਤੇ ਜੱਸੀ ਪਲਸਰ ਮੋਟਰਸਾਈਕਲ 'ਤੇ ਸਨ।
ਕੀ ਹੈ ਮਾਮਲਾ
ਜ਼ਿਕਰਯੋਗ ਹੈ ਕਿ ਜਲੰਧਰ ਦੇ ਜੌਹਲ ਹਸਪਤਾਲ 'ਚ ਲੈਬ ਟੈਕਨੀਸ਼ੀਅਨ ਦਾ ਕੰਮ ਕਰਨ ਵਾਲੀ ਇਕ 23 ਸਾਲ ਦੀ ਲੜਕੀ 'ਤੇ ਕੁਝ ਨਾਕਬਪੋਸ਼ ਨੌਜਵਾਨਾਂ ਨੇ ਤੇਜ਼ਾਬ ਸੁੱਟ ਦਿੱਤਾ ਸੀ। ਮੌਕੇ 'ਤੇ ਮੌਜੂਦ ਪੁਲਸ ਕਰਮਚਾਰੀਆਂ ਵੱਲੋਂ ਝੁਲਸੀ ਹਾਲਤ 'ਚ ਲੜਕੀ ਨੂੰ ਹਸਪਾਲ ਪਹੁੰਚਾਇਆ ਗਿਆ ਸੀ। ਪੀੜਤਾ ਦੀ ਪਛਾਣ ਗੁੱਜਾਪੀਰ ਇਲਾਕੇ ਦੀ ਮਨਿੰਦਰ ਕੌਰ ਦੇ ਰੂਪ 'ਚ ਹੋਈ ਸੀ। ਸੂਚਨਾ ਮਿਲਦੇ ਹੀ ਮੌਕੇ 'ਤੇ ਪਹੁੰਚੀ ਥਾਣਾ ਕੈਂਟ ਦੀ ਪੁਲਸ ਮਾਮਲਾ ਦਰਜ ਕਰਕੇ ਨੌਜਵਾਨਾਂ ਦੀ ਭਾਲ ਸ਼ੁਰੂ ਕਰ ਦਿੱਤੀ ਸੀ।
ਮੁਲਜ਼ਮ 2 ਦਿਨ ਦੇ ਪੁਲਸ ਰਿਮਾਂਡ 'ਤੇ
ਮੁਲਜ਼ਮ ਗੁਰਦੀਪ ਸਿੰਘ, ਜਸਵਿੰਦਰ ਸਿੰਘ ਜੱਸੀ ਅਤੇ ਮਨੀ ਉਰਫ ਸੋਨੂੰ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕਰ ਕੇ 2 ਦਿਨ ਦਾ ਪੁਲਸ ਰਿਮਾਂਡ ਹਾਸਲ ਕੀਤਾ ਗਿਆ ਹੈ ਤਾਂ ਜੋ ਉਨ੍ਹਾਂ ਤੋਂ ਪੁੱਛਗਿੱਛ ਕੀਤੀ ਜਾ ਸਕੇ। 4 ਮੁਲਜ਼ਮਾਂ ਖਿਲਾਫ ਥਾਣਾ ਕੈਂਟ 'ਚ 326-ਏ, 120 ਬੀ. ਤੇ 34 ਆਈ. ਪੀ. ਸੀ. ਦਾ ਕੇਸ ਦਰਜ ਹੈ। ਇੰਸਪੈਕਟਰ ਸੁਖਦੇਵ ਸਿੰਘ ਔਲਖ ਅਤੇ ਐੱਸ. ਆਈ. ਕਮਲਜੀਤ ਸਿੰਘ ਮੁਲਜ਼ਮਾਂ ਤੋਂ ਪੁੱਛਗਿੱਛ ਕਰ ਰਹੇ ਹਨ।
ਲੜਕੀ ਨੂੰ ਹਸਪਤਾਲ ਤੋਂ ਮਿਲੀ ਛੁੱਟੀ
ਐਸਿਡ ਅਟੈਕ ਦੀ ਪੀੜਤ ਲੜਕੀ 23 ਸਾਲ ਲੈਬ ਟੈਕਨੀਸ਼ੀਅਨ ਨੂੰ ਅੱਜ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ। ਉਹ 30 ਜਨਵਰੀ ਤੋਂ ਜੌਹਲ ਹਸਪਤਾਲ 'ਚ ਇਲਾਜ ਅਧੀਨ ਸੀ। ਡਾ. ਬੀ. ਐੱਸ. ਜੌਹਲ ਨੇ ਕਿਹਾ ਹੈ ਕਿ ਉਸ ਦੀ ਹਾਲਤ ਬਿਲਕੁਲ ਸਹੀ ਹੈ ਜਿਸ ਕਾਰਨ ਉਸ ਨੂੰ ਹਸਪਤਾਲ ਤੋਂ ਡਿਸਚਾਰਜ ਕਰ ਦਿੱਤਾ ਗਿਆ ਹੈ। ਲੜਕੀ ਤੋਂ ਉਸ ਦੇ ਅਤੇ ਗੁਰਦੀਪ ਵਿਚਕਾਰ ਕੋਈ ਵਿਆਹ ਦੀ ਗੱਲ ਸੀ ਜਾਂ ਨਹੀਂ, ਨੂੰ ਲੈ ਕੇ ਉਸ ਨਾਲ ਗੱਲਬਾਤ ਕਰਨੀ ਚਾਹੀ ਪਰ ਨਹੀਂ ਹੋ ਸਕੀ। ਪੁਲਸ ਨੇ ਕਿਹਾ ਹੈ ਕਿ ਲੜਕੀ ਦੇ ਬਿਆਨ ਦੁਬਾਰਾ ਵੀ ਲਏ ਜਾਣਗੇ ਤਾਂ ਕਿ ਗੁਰਦੀਪ ਦੀਆਂ ਗੱਲਾਂ 'ਚ ਕਿੰਨੀ ਸੱਚਾਈ ਹੈ, ਬਾਰੇ ਪਤਾ ਲਗਾਇਆ ਜਾ ਸਕੇ। ਪੁਲਸ ਹਸਪਤਾਲ ਗਈ ਸੀ ਪਰ ਲੜਕੀ ਉਥੋਂ ਜਾ ਚੁੱਕੀ ਸੀ।
ਸਰਕਾਰੀ ਬੇਰੁਖੀ ਦੇ ਬਾਵਜੂਦ ਅੱਜ ਪ੍ਰਾਈਵੇਟ ਸਕੂਲਾਂ ਨੂੰ ਮਾਤ ਪਾਉਂਦੈ ਪ੍ਰਾਇਮਰੀ ਸਕੂਲ
NEXT STORY