ਭਿੱਖੀਵਿੰਡ, ਬੀੜ ਸਾਹਿਬ ( ਭਾਟੀਆ, ਚਾਨਣ, ਬਖਤਾਵਰ, ਹਰਬੰਸ) - ਖੇਤੀਬਾੜੀ ਵਿਭਾਗ ਵੱਲੋ ਕਿਸਾਨਾਂ ਨੂੰ ਫਸਲਾਂ ਦੀ ਰਹਿਦ-ਖੂੰਹਦ ਅਤੇ ਝੋਨੇ ਦੀ ਪਰਾਲੀ ਨੂੰ ਅੱਗ ਲਾਉਣ ਤੋਂ ਰੋਕਣ ਪ੍ਰਤੀ ਸੁਚੇਤ ਕਰਨ ਲਈ ਜਾਗਰੂਕਤਾ ਮੁਹਿੰਮ ਚਲਾਈ ਜਾ ਰਹੀ ਹੈ । ਖੇਤੀਬਾੜੀ ਅਫਸਰ ਡਾ. ਸੁਰਿੰਦਰ ਪਾਲ ਸਿੰਘ ਨੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਝੋਨੇ ਦੀ ਕਟਾਈ ਤੋ ਬਾਅਦ ਪਰਾਲੀ ਨੂੰ ਅੱਗ ਨਾ ਲਗਾਉਣ। ਇਸ ਸਬੰਧੀ ਉਨ੍ਹਾਂ ਦੱਸਿਆਂ ਕਿ ਜਾਗਰੂਕਤਾ ਮੁਹਿੰਮ ਤਹਿਤ ਕਿਸਾਨਾਂ ਨੂੰ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨਵੀਂ ਦਿੱਲੀ ਦੀਆਂ ਹਦਾਇਤਾਂ ਬਾਰੇ ਵੀ ਜਾਣੂ ਕਰਵਾਇਆਂ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅੱਗ ਲਗਾਉਣ ਵਾਲੇ ਕਿਸਾਨਾਂ ਤੇ 24 ਘੰਟੇ ਟਾਸਕ ਫੋਰਸ ਵੱਲੋ ਸੈਟੇਲਾਈਟ ( ਉਪਗ੍ਰਹਿ ) ਰਾਹੀ ਨਜ਼ਰ ਰੱਖੀ ਜਾਵੇਗੀ। ਪਰਾਲੀ ਨੂੰ ਅੱਗ ਲਗਾਉਣ ਦੇ ਨੁਕਸਾਨ ਬਾਰੇ ਜਾਣਕਾਰੀ ਦਿੰਦਿਆਂ ਖੇਤੀਬਾੜੀ ਅਧਿਕਾਰੀ ਡਾ. ਸੁਰਿੰਦਰ ਪਾਲ ਸਿੰਘ ਨੇ ਦੱਸਿਆ ਕਿ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਨਾਲ ਸੜਕਾਂ ਕਿਨਾਰੇ ਲਗਾਏ ਗਏ ਦਰਖਤ ਸੜ ਕੇ ਨਸ਼ਟ ਹੋ ਜਾਂਦੇ ਹਨ। ਪੰਛੀ, ਉਨ੍ਹਾਂ ਦੇ ਆਂਡੇ, ਬੇਟ ਅਤੇ ਜ਼ਮੀਨ ਵਿਚਲੇ ਮਿੱਤਰ ਕੀੜੇ ਜੋ ਕਿ ਦੁਸ਼ਮਣ ਕੀੜਿਆਂ ਤੋ ਫਸਲ ਦੀ ਰੱਖਿਆਂ ਕਰਨ 'ਚ ਮਦਦ ਕਰਦੇ ਹਨ ਉਹ ਵੀ ਅੱਗ ਨਾਲ ਸੜ ਕੇ ਖਤਮ ਹੋ ਜਾਂਦੇ ਹਨ। ਉਨ੍ਹਾਂ ਕਿਹਾ ਕਿ ਪਰਾਲੀ ਦੇ ਸੜਨ ਨਾਲ ਪੈਦਾ ਹੋਏ ਧੂੰਏ ਵਾਲੀ ਹਵਾ 'ਚ ਸਾਹ ਲੈਣ ਨਾਲ ਕਈ ਤਰ੍ਹਾਂ ਦੀਆਂ ਬਿਮਾਰੀਆਂ ਲੱਗਦੀਆਂ ਹਨ। ਧੂੰਏ ਨਾਲ ਵਾਤਾਵਰਣ ਪ੍ਰਦੂਸ਼ਿਤ ਹੋ ਜਾਂਦਾ ਹੈ ਜੋ ਕਿ ਬੱਚਿਆਂ ਅਤੇ ਵੱਡੀ ਉਮਰ ਦੇ ਇਨਸਾਨਾਂ ਨੂੰ ਦੀ ਸਿਹਤ ਲਈ ਵਧੇਰੇ ਘਾਤਕ ਹੁੰਦਾ ਹੈ ਅਤੇ ਕਈ ਵਾਰ ਸੜਕੀ ਹਾਦਸਿਆਂ ਦਾ ਕਾਰਨ ਵੀ ਬਣ ਸਕਦਾ ਹੈ। ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨਵੀਂ ਦਿੱਲੀ ਦੀਆਂ ਹਦਾਇਤਾਂ ਅਨੁਸਾਰ ਫਸਲਾਂ ਦੀ ਰਹਿਦ-ਖੂੰਹਦ ਅਤੇ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਤੇ ਪੂਰਨ ਤੌਰ 'ਤੇ ਪਾਬੰਧੀ ਹੈ ਜੋ ਵੀ ਵਿਅਕਤੀ ਇਨ੍ਹਾਂ ਹੁਕਮਾਂ ਦੀ ਉਲੰਗਣਾ ਕਰੇਗਾ ਉਸ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਨੈਸ਼ਨਲ ਗ੍ਰੀਨ ਟ੍ਰਿਬਿਊਨਲ ਹੁਕਮਾਂ ਦੀ ਉਲੰਘਣਾ ਕਰਨ ਵਾਲੇ ਕਿਸਾਨਾਂ ਨੂੰ 2500 ਰੁਪਏ ਤੋਂ ਲੈ ਕੇ 15 ਹਜ਼ਾਰ ਰੁਪਏ ਤੱਕ ਜੁਰਮਾਨਾ ਹੋ ਸਕਦਾ ਹੈ ਅਖੀਰ ਤੇ ਡਾ. ਸੁਰਿੰਦਰਪਾਲ ਸਿੰਘ ਨੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਵਾਤਾਵਰਨ ਦੀ ਸੰਭਾਲ ਨੂੰ ਮੁੱਖ ਰੱਖਦੇ ਹੋਏ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾਉਣ । ਇਸ ਮੌਕੇ ਏ. ਡੀ. ਓ ਹਰਮੀਤ ਸਿੰਘ, ਏ.ਡੀ.ਓ ਗੁਰਦੀਪ ਸਿੰਘ, ਆਦਿ ਹਾਜ਼ਰ ਸਨ ।
ਪੀਰਾਂ ਦੇ ਅਸਥਾਨ 'ਤੇ ਸੇਵਾਦਾਰ ਨੇ ਫਾਹਾ ਲੈ ਕੇ ਕੀਤੀ ਖੁਦਕੁਸ਼ੀ
NEXT STORY