ਬਠਿੰਡਾ (ਪਾਇਲ) — ਪੰਜਾਬ ਵਾਸੀਆਂ ਨੂੰ ਏਡਜ਼ ਵਰਗੀ ਨਾਮੁਰਾਦ ਬੀਮਾਰੀ ਤੋਂ ਨਿਜਾਤ ਦਿਵਾਉਣ ਲਈ ਬੇਸ਼ੱਕ ਪੰਜਾਬ ਏਡਜ਼ ਕੰਟਰੋਲ ਸੁਸਾਇਟੀ (ਪੀ. ਏ. ਸੀ. ਐੱਸ.) ਅਤੇ ਵੱਖ-ਵੱਖ ਸੰਸਥਾਵਾਂ ਵੱਲੋਂ ਬਹੁਤ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਇਸ ਦੇ ਬਾਵਜੂਦ ਪੰਜਾਬ ਵਿਚ ਏਡਜ਼ ਰੂਪੀ ਕਹਿਰ ਰੁਕਣ ਦਾ ਨਾਂ ਨਹੀਂ ਲੈ ਰਿਹਾ। ਦੁੱਖਦਾਇਕ ਗੱਲ ਇਹ ਹੈ ਕਿ ਪੰਜਾਬ ਵਿਚ ਅਪ੍ਰੈਲ 2015 ਤੱਕ ਏਡਜ਼ ਦੇ ਮਰੀਜ਼ਾਂ ਦੀ ਗਿਣਤੀ ਵਧ ਕੇ 45, 948 ਹੋ ਚੁੱਕੀ ਹੈ ਜਦਕਿ ਫਰਵਰੀ 2014 ਤੱਕ ਪੰਜਾਬ ਵਿਚ ਏਡਜ਼ ਦੇ ਮਰੀਜ਼ਾਂ ਦੀ ਗਿਣਤੀ 39625 ਸੀ। ਸਿਹਤ ਵਿਭਾਗ ਪੰਜਾਬ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਇਕ ਸਾਲ ਵਿਚ ਏਡਜ਼ ਦੇ ਮਰੀਜ਼ਾਂ ਦੀ ਗਿਣਤੀ ਵਿਚ 6300 ਦਾ ਵਾਧਾ ਹੋਇਆ ਹੈ ਅਤੇ ਹੁਣ ਤੱਕ 4221 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ।
ਜਾਣਕਾਰੀ ਅਨੁਸਾਰ ਪੰਜਾਬ ਏਡਜ਼ ਕੰਟਰੋਲ ਸੁਸਾਇਟੀ ਵੱਲੋਂ ਅਪ੍ਰੈਲ 2015 ਤੱਕ ਪੰਜਾਬ ਦੇ ਵੱਖ-ਵੱਖ ਜ਼ਿਲਿਆਂ 'ਚ 2816731 ਲੋਕਾਂ ਵਿਚ ਐੱਚ. ਆਈ. ਵੀ. ਟੈਸਟ ਕੀਤੇ ਗਏ, ਜਿਨ੍ਹਾਂ ਵਿਚੋਂ 45,948 ਲੋਕ ਏਡਜ਼ ਪਾਜ਼ੀਟਿਵ ਪਾਏ ਗਏ। ਇਸ ਤੋਂ ਇਲਾਵਾ 34819 ਏਡਜ਼ ਪੀੜਤਾਂ ਨੇ ਏ. ਆਰ. ਟੀ. ਸੈਂਟਰਾਂ ਵਿਚ ਇਲਾਜ ਲਈ ਰਜਿਸਟ੍ਰੇਸ਼ਨ ਕਰਵਾਇਆ ਜਦਕਿ 21587 ਮਰੀਜ਼ਾਂ ਨੇ ਇਲਾਜ ਸ਼ੁਰੂ ਕਰਵਾਇਆ। ਮੌਜੂਦਾ ਸਮੇਂ ਵਿਚ 15575 ਮਰੀਜ਼ ਸੈਂਟਰਾਂ ਵਿਚ ਇਲਾਜ ਕਰਵਾ ਰਹੇ ਹਨ। ਵਿਭਾਗੀ ਰਿਪੋਰਟ ਅਨੁਸਾਰ ਏ. ਆਰ. ਟੀ. ਸੈਂਟਰਾਂ ਵਿਚ ਅਪ੍ਰੈਲ 2015 ਤੱਕ 4221 ਏਡਜ਼ ਦੇ ਮਰੀਜ਼ਾਂ ਦੀ ਮੌਤ ਦਰਜ ਹੋਈ ਹੈ ਤੇ ਰਿਕਾਰਡ ਅਨੁਸਾਰ ਫਰਵਰੀ 2014 ਤੱਕ ਪੰਜਾਬ ਵਿਚ 3367 ਏਡਜ਼ ਦੇ ਮਰੀਜ਼ਾਂ ਦੀ ਮੌਤ ਦਰਜ ਹੋਈ ਸੀ ਜਦਕਿ ਇਕ ਸਾਲ ਦੇ ਅੰਤਰਾਲ ਵਿਚ 854 ਹੋਰ ਮਰੀਜ਼ਾਂ ਦੀ ਮੌਤ ਹੋ ਗਈ ਹੈ। ਜ਼ਿਲਾ ਅੰਮ੍ਰਿਤਸਰ ਵਿਚ ਏਡਜ਼ ਦੇ ਰੋਗੀਆਂ ਦੀ ਗਿਣਤੀ ਸਭ ਤੋਂ ਜ਼ਿਆਦਾ ਹੈ ਜਦਕਿ ਜ਼ਿਲਾ ਫਾਜ਼ਿਲਕਾ ਵਿਚ ਏਡਜ਼ ਦੇ ਮਰੀਜ਼ਾਂ ਦੀ ਗਿਣਤੀ ਸਭ ਤੋਂ ਘੱਟ ਹੈ।
ਵਿਭਾਗੀ ਰਿਪੋਰਟ ਅਨੁਸਾਰ ਜਿਥੇ ਕੁਝ ਫੀਸਦੀ ਲੋਕਾਂ ਦੇ ਏਡਜ਼ਗ੍ਰਸਤ ਹੋਣ ਦਾ ਕਾਰਨ ਅਸੁਰੱਖਿਅਤ ਯੌਨ ਸੰਬੰਧ ਹਨ, ਉਥੇ ਜ਼ਿਆਦਾਤਰ ਉਹ ਲੋਕ ਹਨ, ਜੋ ਨਸ਼ੇ ਦੇ ਸੇਵਨ ਲਈ ਇਸਤੇਮਾਲ ਕੀਤੀਆਂ ਸਰਿੰਜਾਂ ਦਾ ਇਸਤੇਮਾਲ ਕਰਦੇ ਹਨ। ਪੀ. ਏ. ਸੀ. ਐੱਸ. ਵੱਲੋਂ ਉਕਤ ਅੰਕੜਿਆਂ 'ਤੇ ਚਿੰਤਾ ਜਤਾਉਂਦੇ ਹੋਏ ਏਡਜ਼ ਜਾਗਰੂਕਤਾ ਫੈਲਾਉਣ 'ਤੇ ਜ਼ੋਰ ਦਿੱਤਾ ਜਾ ਰਿਹਾ ਹੈ। ਪੀ. ਏ. ਸੀ. ਐੱਸ. ਵੱਲੋਂ ਸੰਸਥਾਵਾਂ ਦੇ ਸਹਿਯੋਗ ਨਾਲ ਵੱਖ-ਵੱਖ ਤਰ੍ਹਾਂ ਦੇ ਪ੍ਰੋਗਰਾਮ ਆਯੋਜਿਤ ਕਰ ਕੇ ਲੋਕਾਂ ਨੂੰ ਏਡਜ਼ ਫੈਲਾਉਣ ਦੇ ਕਾਰਨ ਤੇ ਬਚਾਅ ਸੰਬੰਧੀ ਜਾਗਰੂਕ ਕੀਤਾ ਜਾ ਰਿਹਾ ਹੈ ਤੇ ਨਾਲ ਹੀ ਵੱਖ-ਵੱਖ ਜ਼ਿਲਿਆਂ ਵਿਚ ਏਡਜ਼ ਦੇ ਇਲਾਜ ਲਈ ਸੈਂਟਰ ਵੀ ਖੋਲ੍ਹੇ ਜਾ ਰਹੇ ਹਨ ਪਰ ਇਸ ਦੇ ਬਾਵਜੂਦ ਏਡਜ਼ ਮਰੀਜ਼ਾਂ ਦੇ ਗ੍ਰਾਫ 'ਚ ਗਿਰਾਵਟ ਨਹੀਂ ਆ ਰਹੀ।
ਅਕਾਲੀ ਦਲ ਦੀ ਸਦਭਾਵਨਾ ਰੈਲੀ ਦੁਰਭਾਵਨਾ ਰੈਲੀ ਸਾਬਤ ਹੋਈ : ਕਰੀਮਪੁਰੀ
NEXT STORY