ਜਲੰਧਰ (ਰੱਤਾ) : ਪੰਜਾਬ ਹੀ ਨਹੀਂ, ਇਸ ਸਮੇਂ ਪੂਰਾ ਉੱਤਰੀ ਭਾਰਤ ਹਵਾ ਪ੍ਰਦੂਸ਼ਣ ਦੀ ਲਪੇਟ 'ਚ ਹੈ। ਦਿੱਲੀ 'ਚ ਬੀਤੇ 24 ਘੰਟਿਆਂ ਦੌਰਾਨ ਏਅਰ ਕੁਆਲਿਟੀ ਇੰਡੈਕਸ 407 ਦਰਜ ਕੀਤਾ ਗਿਆ, ਜਦਕਿ ਪੰਜਾਬ 'ਚ ਇਹ ਸੂਚਕ ਅੰਕ 224 ਤੋਂ 337 ਦੇ ਵਿਚਕਾਰ ਦਰਜ ਕੀਤਾ ਗਿਆ। ਪੰਜਾਬ 'ਚ ਜਲੰਧਰ ਸਭ ਤੋਂ ਜ਼ਿਆਦਾ ਪ੍ਰਦੂਸ਼ਿਤ ਰਿਹਾ। ਉਸ ਤੋਂ ਬਾਅਦ ਅੰਮ੍ਰਿਤਸਰ ਅਤੇ ਪਟਾਲਾ ਪ੍ਰਦੂਸ਼ਿਤ ਸ਼ਹਿਰਾਂ 'ਚੋਂ ਅੱਗੇ ਰਹੇ। ਪੰਜਾਬ ਵਿਚ ਪ੍ਰਦੂਸ਼ਣ ਦਾ ਵਧਦਾ ਪੱਧਰ ਅਤੇ ਪ੍ਰਦੂਸ਼ਣ ਦੇ ਕਾਰਣ ਸਿਹਤ 'ਤੇ ਪੈ ਰਹੇ ਅਸਰ ਨੂੰ ਵੇਖਦੇ ਹੋਏ 'ਜਗ ਬਾਣੀ' ਸਰੋਕਾਰ ਕਾਲਮ ਸ਼ੁਰੂ ਕੀਤਾ ਗਿਆ। ਕਾਲਮ ਰਾਹੀਂ ਅਸੀਂ ਰੋਜ਼ਾਨਾ ਤੁਹਾਡੇ ਸਾਹਮਣੇ ਸ਼ਹਿਰਾਂ ਦੇ ਸਿਹਤ ਮਾਹਿਰ, ਬੁੱਧੀਜੀਵੀ, ਵਾਤਾਵਰਣ ਮਾਹਿਰਾਂ ਅਤੇ ਸਿੱਖਿਆ ਮਾਹਿਰਾਂ ਦੀ ਸਲਾਹ ਰੱਖਾਂਗੇ ਤਾਂ ਕਿ ਹਵਾ ਪ੍ਰਦੂਸ਼ਣ ਨੂੰ ਰਾਜ ਦੇ ਹਰ ਸ਼ਹਿਰ ਵਿਚ ਘੱਟ ਕੀਤਾ ਜਾ ਸਕੇ ਅਤੇ ਹਰ ਨਾਗਰਿਕ ਸ਼ੁੱਧ ਹਵਾ ਵਿਚ ਸਾਹ ਲੈ ਸਕੇ।
'ਜਗ ਬਾਣੀ ' ਵਲੋਂ ਚੈਸਟ ਅਤੇ ਹਾਰਟ ਸਪੈਸ਼ਲਿਸਟਾਂ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਸਲਾਹ ਦਿੱਤੀ ਕਿ ਹਵਾ ਪ੍ਰਦੂਸ਼ਣ ਕਾਰਨ ਲੋਕਾਂ ਨੂੰ ਸਾਹ ਲੈਣ 'ਚ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹਸਪਤਾਲਾਂ 'ਚ ਹਾਰਟ ਅਤੇ ਛਾਤੀ ਰੋਗਾਂ ਦੇ ਮਰੀਜ਼ਾਂ ਦੀ ਗਿਣਤੀ 20 ਫੀਸਦੀ ਵਧ ਗਈ ਹੈ। ਡਾਕਟਰਾਂ ਨੇ ਬੱਚਿਆਂ ਅਤੇ ਬਜ਼ੁਰਗਾਂ ਨੂੰ ਸਲਾਹ ਦਿੱਤੀ ਹੈ ਕਿ ਸ਼ਾਮ ਨੂੰ ਸੈਰ ਨਾ ਕਰਨ ਕਿਉਂਕਿ ਸਵੇਰੇ ਤੇ ਸ਼ਾਮ ਦੇ ਸਮੇਂ ਪ੍ਰਦੂਸ਼ਣ ਦਾ ਪੱਧਰ ਜ਼ਿਆਦਾ ਹੁੰਦਾ ਹੈ।
ਸਾਰਾ ਸਾਲ ਰਹਿੰਦੀ ਹੈ ਹਵਾ ਪ੍ਰਦੂਸ਼ਣ ਦੀ ਸਮੱਸਿਆ
ਹਵਾ ਪ੍ਰਦੂਸ਼ਣ ਦੀ ਸਮੱਸਿਆ ਸਾਡੇ ਰਾਜ ਵਿਚ ਸਾਲ ਭਰ ਰਹਿੰਦੀ ਹੈ। ਪ੍ਰਦੂਸ਼ਣ ਸਾਡੇ ਹਸਪਤਾਲ ਦੇ ਵਾਤਾਵਰਣ ਵਿਚ ਵਾਹਨ, ਇੰਡਸਟਰੀ ਅਤੇ ਬਾਇਓਮਾਸ (ਗੰਨੇ ਦੀ ਖੋਈ, ਝੋਨੇ ਦੀ ਫੱਕ, ਅਣਉਪਯੋਗੀ ਲੱਕੜ ਆਦਿ) ਨੂੰ ਸਾੜਨ ਕਾਰਨ ਵਧਦਾ ਹੈ ਅਤੇ ਹਰ ਵੇਲੇ ਮੌਜੂਦ ਰਹਿੰਦਾ ਹੈ, ਜਦਕਿ ਇਸਦਾ ਅਹਿਸਾਸ ਸਾਨੂੰ ਅਕਤੂਬਰ ਤੋਂ ਨਵੰਬਰ ਵਿਚ ਹੀ ਹੁੰਦਾ ਹੈ ਜਦੋਂ ਝੋਨੇ ਦੀ ਕਟਾਈ ਤੋਂ ਬਾਅਦ ਕਿਸਾਨ ਪਰਾਲੀ ਸਾੜਨ ਲੱਗਦੇ ਹਨ। ਧੁੰਦ ਅਤੇ ਧੂੰਆਂ ਸਾਨੂੰ ਸਾਫ ਦਿਸਣ ਲੱਗਦਾ ਹੈ। ਸਾਨੂੰ ਸਾਹ ਲੈਣ 'ਚ ਦਿੱਕਤ ਆਉਣ ਲੱਗਦੀ ਹੈ। ਸਾਹ ਰੋਗਾਂ ਤੋਂ ਪੀੜਤ ਲੋਕਾਂ ਦੀ ਸਥਿਤੀ ਬਹੁਤ ਹੀ ਬੇਹਾਲ ਹੋ ਜਾਂਦੀ ਹੈ। ਰਾਜ ਦੇ ਸਾਰੇ ਜ਼ਿਲਿਆਂ 'ਚ ਸਾਹ ਦੇ ਰੋਗੀਆਂ ਦੀ ਗਿਣਤੀ ਵਧਣੀ ਸ਼ੁਰੂ ਹੋ ਜਾਂਦੀ ਹੈ।
* ਜ਼ਿਲਾ ਟੀ. ਬੀ. ਅਧਿਕਾਰੀ ਡਾ. ਰਾਜੀਵ ਸ਼ਰਮਾ ਨੇ ਦੱਸਿਆ ਕਿ ਇਨ੍ਹਾਂ ਦਿਨੀਂ ਹਵਾ ਪ੍ਰਦੂਸ਼ਣ ਦੇ ਕਾਰਣ ਮਰੀਜ਼ਾਂ ਦੀ ਗਿਣਤੀ ਵਿਚ 15 ਤੋਂ 20 ਫੀਸਦੀ ਦਾ ਵਾਧਾ ਹੋਇਆ ਹੈ। ਐੱਨ. ਐੱਚ. ਐੱਸ. ਹਸਪਤਾਲ ਦੇ ਚੈਸਟ ਸਪੈਸ਼ਲਿਸਟ ਡਾ. ਵਿਨੀਤ ਮਹਾਜਨ ਨੇ ਦੱਸਿਆ ਕਿ ਜਿਨ੍ਹਾਂ ਮਰੀਜ਼ਾਂ ਨੂੰ ਅਸਥਮਾ ਦੀ ਬੀਮਾਰੀ ਹੈ ਅਤੇ ਦਵਾਈਆਂ ਨਾਲ ਕੰਟਰੋਲ ਵਿਚ ਸੀ, ਉਨ੍ਹਾਂ ਨੂੰ ਹੁਣ ਫਿਰ ਤੋਂ ਅਸਥਮਾ ਦੇ ਅਟੈਕ ਸ਼ੁਰੂ ਹੋ ਗਏ ਹਨ।
* ਵੇਦਾਂਤਾ ਹਸਪਤਾਲ ਦੇ ਚੈਸਟ ਸਪੈਸ਼ਲਿਸਟ ਡਾ. ਅਰੁਣ ਵਾਲੀਆ ਨੇ ਦੱਸਿਆ ਕਿ ਇਨ੍ਹਾਂ ਦਿਨਾਂ ਵਿਚ ਚੈਸਟ ਇਨਫੈਕਸ਼ਨ, ਨਮੋਨੀਆ ਦੀ ਤਕਲੀਫ ਵਾਲੇ ਮਰੀਜ਼ ਜ਼ਿਆਦਾ ਗਿਣਤੀ ਵਿਚ ਆ ਰਹੇ ਹਨ।
* ਟੈਗੋਰ ਹਸਪਤਾਲ ਦੇ ਪ੍ਰਮੁੱਖ ਕਾਰਡੀਓਲੋਜਿਸਟ ਡਾ. ਨਿਪੁਨ ਮਹਾਜਨ ਨੇ ਦੱਸਿਆ ਕਿ ਜਿਨ੍ਹਾਂ ਮਰੀਜ਼ਾਂ ਨੂੰ ਹਾਰਟ ਦੀ ਪੁਰਾਣੀ ਬੀਮਾਰੀ ਹੈ, ਉਨ੍ਹਾਂ ਨੂੰ ਇਨ੍ਹਾਂ ਦਿਨਾਂ ਵਿਚ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
* ਬੌਰੀ ਮੈਡੀਕਲ ਸੈਂਟਰ ਦੇ ਪ੍ਰਮੁੱਖ ਫਿਜੀਸ਼ੀਅਨ ਡਾ. ਚੰਦਰ ਬੌਰੀ ਨੇ ਦੱਸਿਆ ਕਿ ਉਨ੍ਹਾਂ ਕੋਲ ਗਲੇ ਵਿਚ ਖਰਾਸ਼, ਅੱਖਾਂ ਤੋਂ ਪਾਣੀ ਵਹਿਣਾ ਦੀ ਪ੍ਰੇਸ਼ਾਨੀ ਦੇ ਕਾਰਣ ਆਉਣ ਵਾਲੇ ਕਈ ਮਰੀਜ਼ਾਂ ਨੂੰ ਦਿਲ ਦੀਆਂ ਬੀਮਾਰੀਆਂ ਦੇ ਵੀ ਕਈ ਲੱਛਣ ਨਜ਼ਰ ਆ ਰਹੇ ਹਨ।
* ਸ਼੍ਰੀਮਨ ਹਸਪਤਾਲ ਦੇ ਪ੍ਰਮੁੱਖ ਦਿਲ ਦੇ ਰੋਗਾਂ ਦੇ ਮਾਹਿਰ ਡਾ. ਵੀ. ਪੀ. ਸ਼ਰਮਾ ਨੇ ਦੱਸਿਆ ਕਿ ਇਨ੍ਹਾਂ ਦਿਨਾਂ ਵਿਚ ਹਵਾ ਪ੍ਰਦੂਸ਼ਣ ਕਾਰਣ ਆਕਸੀਜਨ ਦੀ ਕਮੀ ਕਾਰਣ ਹਾਰਟ ਫੇਲੀਅਰ ਦੇ ਮਰੀਜ਼ਾਂ ਦੀ ਗਿਣਤੀ ਵਧ ਰਹੀ ਹੈ ਅਤੇ ਇਸ ਦਾ ਅਸਰ ਬਜ਼ੁਰਗਾਂ 'ਤੇ ਜ਼ਿਆਦਾ ਪੈ ਰਿਹਾ ਹੈ।
*ਸਿਗਮਾ ਹਸਪਤਾਲ ਦੇ ਬਾਲ ਰੋਗ ਮਾਹਿਰ ਡਾ. ਅਸ਼ਵਨੀ ਮਲਹੋਤਰਾ ਨੇ ਦੱਸਿਆ ਕਿ ਹਵਾ ਪ੍ਰਦੂਸ਼ਣ ਦਾ ਅਸਰ ਛੋਟੇ ਬੱਚਿਆਂ 'ਤੇ ਵੀ ਬਹੁਤ ਜ਼ਿਆਦਾ ਪੈ ਰਿਹਾ ਹੈ ਅਤੇ ਉਹ ਛਾਤੀ ਦੀਆਂ ਬੀਮਾਰੀਆਂ ਦੀ ਲਪੇਟ ਵਿਚ ਆ ਰਹੇ ਹਨ।
ਇਨ੍ਹਾਂ ਗੱਲਾਂ ਦਾ ਰੱਖੋ ਧਿਆਨ
ਹਵਾ ਪ੍ਰਦੂਸ਼ਣ ਕਾਰਣ ਵਧ ਰਹੀ ਮਰੀਜ਼ਾਂ ਦੀ ਗਿਣਤੀ ਨੂੰ ਦੇਖਦੇ ਹੋਏ ਮਾਹਿਰ ਡਾਕਟਰਾਂ ਦਾ ਕਹਿਣਾ ਹੈ ਕਿ
* ਬਿਨਾਂ ਕੰਮ ਦੇ ਘਰੋਂ ਬਾਹਰ ਨਾ ਨਿਕਲੋ।
*ਮਾਸਕ ਦੀ ਵਰਤੋਂ ਜ਼ਰੂਰ ਕਰੋ।
*ਮਰੀਜ਼ ਆਪਣੀ ਦਵਾਈ ਨਿਯਮਿਤ ਰੂਪ ਨਾਲ ਲੈਣ।
*ਸਵੇਰ-ਸ਼ਾਮ ਦੀ ਸੈਰ ਕੁਝ ਦਿਨ ਨਾ ਕਰੋ।
*ਗਲੇ ਅਤੇ ਨੱਕ ਵਿਚ ਖਰਾਸ਼ ਅਤੇ ਅੱਖਾਂ ਤੋਂ ਪਾਣੀ ਨਿਕਲਣ 'ਤੇ ਤੁਰੰਤ ਡਾਕਟਰ ਨਾਲ ਸੰਪਰਕ ਕਰੋ।
*ਬਾਹਰ ਦਾ ਖਾਣਾ ਖਾਣ ਤੋਂ ਪ੍ਰਹੇਜ਼ ਕਰੋ।
ਪਰਾਲੀ ਨੂੰ ਅੱਗ ਲਗਾਉਣ ਦੇ ਮਾਮਲੇ 'ਚ 83 ਕਿਸਾਨਾਂ ਦੇ ਖਿਲਾਫ ਹੋਏ ਮਾਮਲੇ ਦਰਜ
NEXT STORY