ਮੈਲਬੌਰਨ (ਮਨਦੀਪ ਸਿੰਘ ਸੈਣੀ): ਆਸਟ੍ਰੇਲੀਆ ਸਮੇਤ ਦੱਖਣ-ਪੂਰਬੀ ਏਸ਼ੀਆਈ ਦੇਸ਼ਾਂ ਦੇ ਪ੍ਰਵਾਸੀਆਂ ਅਤੇ ਸੈਲਾਨੀਆਂ ਲਈ ਖੁਸ਼ਖ਼ਬਰੀ ਹੈ ਜੋ ਆਉਣ ਵਾਲੇ ਪਤਝੜ ਅਤੇ ਸਰਦੀਆਂ ਦੇ ਮੌਸਮ ਵਿੱਚ ਪੰਜਾਬ ਦੀ ਯਾਤਰਾ ਕਰਨ ਦੀ ਯੋਜਨਾ ਬਣਾ ਰਹੇ ਹਨ। ਕੁਆਲਾਲੰਪੁਰ ਅਤੇ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਵਿਚਕਾਰ ਮਲੇਸ਼ੀਆ ਦੀ ਮਲਿੰਡੋ ਏਅਰ ਵਲੋਂ 9 ਸਤੰਬਰ ਤੋਂ ਸਿੱਧੀਆਂ ਉਡਾਣਾਂ ਮੁੜ ਸ਼ੁਰੂ ਹੋਣ ਨਾਲ ਪੰਜਾਬ ਅਤੇ ਆਸਟ੍ਰੇਲੀਆ ਦੇ ਵੱਖ-ਵੱਖ ਸ਼ਹਿਰਾਂ ਵਿਚਕਾਰ ਹਵਾਈ ਸਫ਼ਰ ਕਰਨਾ ਹੋਰ ਸੁਖਾਲਾ ਹੋ ਜਾਵੇਗਾ।
ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਦੇ ਗਲੋਬਲ ਕਨਵੀਨਰ ਅਤੇ ਅੰਮ੍ਰਿਤਸਰ ਵਿਕਾਸ ਮੰਚ ਦੇ ਵਿਦੇਸ਼ ਮਾਮਲਿਆਂ ਦੇ ਸਕੱਤਰ ਸਮੀਪ ਸਿੰਘ ਗੁਮਟਾਲਾ ਨੇ ਇਸ ਸੰਬੰਧੀ ਪ੍ਰੈਸ ਨੂੰ ਜਾਰੀ ਬਿਆਨ ਵਿੱਚ ਦੱਸਿਆ ਕਿ ਕੋਵਿਡ ਤੋਂ ਪਹਿਲਾਂ ਮਲੇਸ਼ੀਆ ਦੀ ਏਅਰ ਏਸ਼ੀਆ ਐਕਸ, ਮਲਿੰਡੋ ਅਤੇ ਸਿੰਗਾਪੁਰ ਦੀ ਸਕੂਟ ਅੰਮ੍ਰਿਤਸਰ ਤੋਂ ਸਿੱਧੀਆਂ ਉਡਾਣਾਂ ਨਾਲ ਪੰਜਾਬ ਨੂੰ ਕੁਆਲਾਲੰਪੁਰ ਅਤੇ ਸਿੰਗਾਪੁਰ ਰਾਹੀਂ ਆਸਟ੍ਰੇਲੀਆ ਦੇ ਸ਼ਹਿਰ ਮੈਲਬੌਰਨ, ਸਿਡਨੀ, ਪਰਥ, ਬ੍ਰਿਸਬੇਨ ਅਤੇ ਗੋਲਡ ਕੋਸਟ ਸਮੇਤ ਹੋਰਨਾਂ ਕਈ ਦੱਖਣੀ-ਏਸ਼ੀਆਂ ਦੇ ਮੁਲਕਾਂ ਨਾਲ ਜੋੜਦੀਆਂ ਸਨ।

ਅੰਤਰਰਾਸ਼ਟਰੀ ਉਡਾਣਾਂ ਮੁੜ ਸ਼ੁਰੂ ਹੋਣ ਤੋਂ ਬਾਅਦ ਪੰਜਾਬ ਤੋਂ ਮਲੇਸ਼ੀਆ ਅਤੇ ਆਸਟ੍ਰੇਲੀਆ ਲਈ ਯਾਤਰੀਆਂ ਦੀ ਗਿਣਤੀ ਮੁੜ ਵਧ ਗਈ। ਹੋਰ ਉਡਾਣਾਂ ਦੀ ਲਗਾਤਾਰ ਮੰਗ ਤੋਂ ਬਾਅਦ ਮਲਿੰਡੋ ਏਅਰ ਦੀਆਂ ਉਡਾਣਾਂ ਮੁੜ ਸ਼ੁਰੂ ਕੀਤੀਆਂ ਗਈਆਂ। ਉਡਾਣਾਂ ਦੇ ਮੁੜ ਸ਼ੁਰੂ ਹੋਣ ਨਾਲ ਅੰਮ੍ਰਿਤਸਰ ਤੋਂ ਹੁਣ ਕੁਆਲਾਲੰਪੁਰ ਦੇ ਨਾਲ-ਨਾਲ ਆਸਟ੍ਰੇਲੀਆ ਦੇ ਮੈਲਬੌਰਨ, ਪਰਥ, ਬ੍ਰਿਸਬੇਨ, ਇੰਡੋਨੇਸ਼ੀਆ ਦੇ ਬਾਲੀ, ਬੈਂਕਾਕ ਅਤੇ ਹੋਰ ਮੁਲਕਾਂ ਦਾ ਸਫਰ ਹੋਰ ਆਸਾਨ ਹੋ ਜਾਵੇਗਾ।ਗੁਮਟਾਲਾ ਨੇ ਦੱਸਿਆ ਕਿ ਸਿੰਗਾਪੁਰ ਏਅਰਲਾਈਨਜ਼ ਗਰੁੱਪ ਦੀ ਘੱਟ ਕਿਰਾਏ ਵਾਲੀ ਏਅਰਲਾਈਨ ਸਕੂਟ ਵੀ ਫਰਵਰੀ 2022 ਤੋਂ ਅੰਮ੍ਰਿਤਸਰ ਅਤੇ ਸਿੰਗਾਪੁਰ ਵਿਚਕਾਰ ਉਡਾਣਾਂ ਸ਼ੁਰੂ ਕਰਨ ਤੋਂ ਬਾਅਦ ਹੁਣ ਹਫ਼ਤੇ ਵਿੱਚ ਪੰਜ ਉਡਾਣਾਂ ਦਾ ਸੰਚਾਲਨ ਕਰ ਰਹੀ ਹੈ। ਸਕੂਟ ਵੀ ਆਪਣੀ ਭਾਈਵਾਲ ਸਿੰਗਾਪੁਰ ਏਅਰ ਦੇ ਨਾਲ ਅੰਮ੍ਰਿਤਸਰ ਨੂੰ ਆਸਟ੍ਰੇਲੀਆ (ਮੈਲਬੌਰਨ, ਸਿਡਨੀ, ਬ੍ਰਿਸਬੇਨ, ਪਰਥ), ਅਮਰੀਕਾ (ਸਿਆਟਲ, ਸੈਨ ਫ੍ਰਾਂਸਿਸਕੋ, ਲਾਸ ਏਂਜਲਸ) ਅਤੇ ਕੈਨੇਡਾ ਦੇ ਵੈਨਕੂਵਰ ਸਮੇਤ ਦੁਨੀਆ ਭਰ ਦੇ ਹੋਰ ਕਈ ਹਵਾਈ ਅੱਡਿਆਂ ਨਾਲ ਜੋੜ ਰਹੀ ਹੈ ਜਿੱਥੇ ਪੰਜਾਬੀ ਭਾਈਚਾਰਾ ਵੱਡੀ ਗਿਣਤੀ ਵਿੱਚ ਵੱਸਦਾ ਹੈ।
ਮਲਿੰਡੋ ਏਅਰ ਜੋ ਕਿ ਹੁਣ ਬੈਟਿਕ ਏਅਰ ਵਜੋਂ ਜਾਣੀ ਜਾਂਦੀ ਹੈ, ਦੀ ਵੈੱਬਸਾਈਟ 'ਤੇ ਦਿੱਤੇ ਪ੍ਰੋਗਰਾਮ ਦੇ ਮੁਤਾਬਕ ਏਅਰਲਾਈਨ ਸਤੰਬਰ 'ਚ ਸ਼ੁੱਕਰਵਾਰ ਅਤੇ ਐਤਵਾਰ ਨੂੰ 2-ਹਫ਼ਤਾਵਾਰੀ, ਅਕਤੂਬਰ 'ਚ ਤਿੰਨ ਅਤੇ ਨਵੰਬਰ ਤੋਂ ਚਾਰ ਹਫ਼ਤਾਵਾਰੀ ਉਡਾਣਾਂ ਦਾ ਸੰਚਾਲਨ ਕਰੇਗੀ। ਇਹ ਉਡਾਣ ਕੁਆਲਾਲੰਪੁਰ ਤੋਂ ਸ਼ਾਮ 6:15 ਵਜੇ ਰਵਾਨਾ ਹੋਵੇਗੀ ਅਤੇ ਰਾਤ 9:40 ਵਜੇ ਅੰਮ੍ਰਿਤਸਰ ਪਹੁੰਚੇਗੀ। ਇਹੀ ਜਹਾਜ਼ ਫਿਰ ਰਾਤ ਨੂੰ 10:30 ਵਜੇ ਵਾਪਸੀ ਦੀ ਉਡਾਣ ਭਰੇਗਾ ਅਤੇ ਸਵੇਰੇ 6:50 ਵਜੇ ਕੁਆਲਾਲੰਪੁਰ ਪਹੁੰਚੇਗਾ। ਏਅਰਲਾਈਨ ਇਸ ਰੂਟ 'ਤੇ ਆਪਣੇ ਬੋਇੰਗ 737-8 ਜਹਾਜ਼ ਦੀ ਵਰਤੋਂ ਕਰੇਗੀ।

ਗੁਮਟਾਲਾ ਨੇ ਅੱਗੇ ਕਿਹਾ ਕਿ ਸਰਦੀਆਂ ਦੇ ਮੌਸਮ ਦੀ ਆਮਦ ਤੋਂ ਪਹਿਲਾਂ ਅੰਮ੍ਰਿਤਸਰ ਦੇ ਅੰਤਰਰਾਸ਼ਟਰੀ ਸੰਪਰਕ ਨੂੰ ਇਹ ਇੱਕ ਹੋਰ ਵੱਡਾ ਹੁਲਾਰਾ ਹੈ, ਖਾਸਕਰ ਜਦੋਂ ਸਰਦੀਆਂ ਦੀਆਂ ਛੁੱਟੀਆਂ ਦੋਰਾਨ ਵੱਡੀ ਗਿਣਤੀ ਵਿੱਚ ਪ੍ਰਵਾਸੀ ਪੰਜਾਬ ਦਾ ਦੌਰਾ ਕਰਦੇ ਹਨ। ਅਸੀਂ ਉਮੀਦ ਕਰਦੇ ਹਾਂ ਕਿ ਕੋਵਿਡ-19 ਮਹਾਮਾਰੀ ਤੋਂ ਬਾਅਦ ਹੁਣ ਆਉਣ ਵਾਲੇ ਸਰਦੀਆਂ ਦੇ ਮੌਸਮ ਵਿੱਚ ਅੰਮ੍ਰਿਤਸਰ ਹਵਾਈ ਅੱਡੇ ਤੋਂ ਉਡਾਣਾਂ ਅਤੇ ਯਾਤਰੀਆਂ ਦੀ ਗਿਣਤੀ ਹੋਰ ਵਧੇਗੀ। ਮਾਲਿੰਡੋ ਦੀ ਵਾਪਸੀ ਅੰਮ੍ਰਿਤਸਰ ਲਈ ਉਡਾਣਾਂ ਵਿੱਚ ਵਿਦੇਸ਼ੀ ਏਅਰਲਾਈਨਾਂ ਦੇ ਮਜ਼ਬੂਤ ਵਿਸ਼ਵਾਸ ਨੂੰ ਦਰਸਾਉਂਦੀ ਹੈ। ਇਹ ਹਵਾਈ ਅੱਡਾ ਨਾ ਸਿਰਫ਼ ਪੰਜਾਬ ਸਗੋਂ ਗੁਆਂਢੀ ਸੂਬੇ ਹਿਮਾਚਲ ਪ੍ਰਦੇਸ਼, ਜੰਮੂ ਅਤੇ ਹਰਿਆਣਾ ਦੇ ਕੁਝ ਹਿੱਸਿਆਂ ਤੋਂ ਵੀ ਯਾਤਰੀਆਂ ਦੀ ਹਵਾਈ ਆਵਾਜਾਈ ਨੂੰ ਪੂਰਾ ਕਰਦਾ ਹੈ।
ਪੜ੍ਹੋ ਇਹ ਅਹਿਮ ਖ਼ਬਰ- ਆਸਟ੍ਰੇਲੀਆ : ਅਲਬਾਨੀਜ਼ ਦੀ ਸਰਕਾਰ ਨੇ 100 ਦਿਨ ਪੂਰੇ, PM ਨੇ ਕਹੀਆਂ ਅਹਿਮ ਗੱਲਾਂ
ਗੁਮਟਾਲਾ ਨੇ ਜਾਣਕਾਰੀ ਦਿੱਤੀ ਕਿ ਪੰਜਾਬੀਆਂ ਕੋਲ ਆਸਟ੍ਰੇਲੀਆ ਅਤੇ ਹੋਰ ਦੱਖਣ ਪੂਰਬੀ ਏਸ਼ੀਆਈ ਦੇਸ਼ਾਂ ਦੀ ਯਾਤਰਾ ਲਈ ਹੁਣ ਪਹਿਲਾਂ ਨਾਲੋ ਜਿਆਦਾ ਵਿਕਲਪ ਹੋਣਗੇ। ਯਾਤਰੀ ਸਕੂਟ ਜਾਂ ਮਲਿੰਡੋ ਰਾਹੀਂ ਅੰਮ੍ਰਿਤਸਰ ਅਤੇ ਆਸਟ੍ਰੇਲੀਆ ਦੇ ਵੱਖ-ਵੱਖ ਸ਼ਹਿਰਾਂ ਵਿਚਕਾਰ ਸਿਰਫ਼ 16 ਤੋਂ 19 ਘੰਟਿਆਂ ਵਿੱਚ ਆਪਣਾ ਸਫ਼ਰ ਪੂਰਾ ਕਰ ਸਕਣਗੇ। ਇਹਨਾਂ ਉਡਾਣਾਂ ਦੇ ਕਿਰਾਏ ਦਿੱਲੀ ਤੋਂ ਉਡਾਣਾਂ ਦੇ ਮੁਕਾਬਲੇ ਘੱਟ ਹੁੰਦੇ ਹਨ ਅਤੇ ਉਹਨਾਂ ਨੂੰ ਦਿੱਲੀ ਜਾਣ ਦੀ ਖੱਜਲ-ਖੁਅਰੀ ਵੀ ਨਹੀਂ ਝੱਲਣੀ ਪੈਂਦੀ। ਅਸੀਂ ਪੰਜਾਬੀਆਂ ਨੂੰ ਬੇਨਤੀ ਕਰਦੇ ਹਾਂ ਕਿ ਉਹ ਅੰਮ੍ਰਿਤਸਰ ਲਈ ਇਹਨਾਂ ਉਡਾਣਾਂ ਨੂੰ ਤਰਜੀਹ ਦੇਣ ਤਾ ਜੋ ਅਸੀਂ ਵਧੀਆਂ ਅੰਕੜਿਆਂ ਸਮੇਤ ਹੋਰਨਾਂ ਏਅਰਲਾਈਨ ਨਾਲ ਵੀ ਗੱਲਬਾਤ ਕਰ ਸਕੀਏ।
ਉਹਨਾਂ ਕਿਹਾ ਕਿ ਅਸੀਂ ਕੋਵਿਡ ਤੋਂ ਪਹਿਲਾਂ ਏਅਰ ਏਸ਼ੀਆ ਐਕਸ ਵਲੌਂ ਚਲਾਈਆਂ ਜਾ ਰਹੀਆਂ ਕੁਆਲਾਲੰਪੁਰ-ਅੰਮ੍ਰਿਤਸਰ ਉਡਾਣਾਂ ਦੇ ਮੁੜ ਸ਼ੁਰੂ ਕਰਨ ਲਈ ਏਅਰਲਾਈਨ ਦੇ ਅਧਿਕਾਰੀਆਂ ਨਾਲ ਸੰਪਰਕ ਕੀਤਾ ਹੈ। ਮਲੇਸ਼ੀਆ ਲਈ ਉਡਾਣਾਂ ਦੇ ਸ਼ੁਰੂ ਹੋਣ ਨਾਲ ਪੰਜਾਬ ਦਾ ਸਭ ਤੋਂ ਵੱਡਾ ਹਵਾਈ ਅੱਡਾ ਅੰਮ੍ਰਿਤਸਰ, ਲੰਡਨ, ਬਰਮਿੰਘਮ, ਦੁਬਈ, ਸ਼ਾਰਜਾਹ, ਦੋਹਾ ਅਤੇ ਸਿੰਗਾਪੁਰ ਸਮੇਤ ਵਿਦੇਸ਼ ਦੇ 8 ਅੰਤਰਰਾਸ਼ਟਰੀ ਹਵਾਈ ਅੱਡਿਆਂ ਨਾਲ ਸਿੱਧਾ ਜੁੜ ਜਾਵੇਗਾ।ਅਸੀਂ ਪੰਜਾਬ ਸਰਕਾਰ ਨੂੰ ਪਿਛਲੇ ਕਈ ਸਾਲਾਂ ਤੋਂ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਤੋਂ ਹਵਾਈ ਅੱਡੇ ਲਈ ਬੱਸ ਸੇਵਾ ਸ਼ੁਰੂ ਕਰਨ ਦੀ ਬੇਨਤੀ ਕਰ ਰਹੇ ਹਾਂ ਜਿਸ ਨਾਲ ਯਾਤਰੀਆਂ ਦੀ ਗਿਣਤੀ ਵਿੱਚ ਵੀ ਵਾਧਾ ਹੋਵੇਗਾ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਕੈਪਟਨ ਨੇ PM ਮੋਦੀ ਨਾਲ ਕੀਤੀ ਮੁਲਾਕਾਤ, ਪੰਜਾਬ ਦੇ ਵੱਖ-ਵੱਖ ਮੁੱਦਿਆਂ 'ਤੇ ਕੀਤੀ ਚਰਚਾ
NEXT STORY