ਜਲੰਧਰ (ਰਮਨਦੀਪ) : ਸੋਸ਼ਲ ਮੀਡੀਆ 'ਤੇ ਅਕਾਲੀ ਦਲ ਖਿਲਾਫ ਹੋ ਰਹੇ ਪ੍ਰਚਾਰ ਦਾ ਜਵਾਬ ਦੇਣ ਲਈ ਪਾਰਟੀ ਨੇ ਨਵੀਂ ਰਣਨੀਤੀ ਤਿਆਰ ਕੀਤੀ ਹੈ। ਇਸ ਰਣਨੀਤੀ ਤਹਿਤ ਪਾਰਟੀ ਨੇ 10 ਲੋਕ ਸਭਾ ਹਲਕਿਆਂ 'ਚ ਸੋਸ਼ਲ ਮੀਡੀਆ ਇੰਚਾਰਜ ਨਿਯੁਕਤ ਕੀਤੇ ਹਨ। ਅਕਾਲੀ ਦਲ ਦੇ ਇਹ ਸਾਈਬਰ ਸਿਪਾਹੀ ਨਾ ਸਿਰਫ ਪਾਰਟੀ ਦਾ ਪ੍ਰਚਾਰ ਕਰ ਰਹੇ ਹਨ ਬਲਕਿ ਅਕਾਲੀ ਦਲ 'ਤੇ ਸੋਸ਼ਲ ਮੀਡੀਆ 'ਤੇ ਹੋ ਰਹੇ ਹਮਲਿਆਂ ਦਾ ਜਵਾਬ ਵੀ ਦੇ ਰਹੇ ਹਨ। ਇਸ ਸਾਰੇ ਕੰਮ ਦੀ ਸ਼ੁਰੂਆਤ ਅਕਾਲੀ ਦਲ ਵਲੋਂ ਥਾਪੇ ਗਏ ਸੋਸ਼ਲ ਮੀਡੀਆ ਵਿੰਗ ਦੇ ਨਵੇਂ ਇੰਚਾਰਜ ਨਛੱਤਰ ਸਿੰਘ ਗਿੱਲ ਦੀ ਅਗਵਾਈ ਹੇਠ ਹੋ ਰਹੀ ਹੈ। ਨਛੱਤਰ ਗਿੱਲ ਤੋਂ ਪਾਰਟੀ ਦੇ ਨਛੱਤਰ ਬਦਲਣ ਦੀ ਉਮੀਦ ਕੀਤੀ ਜਾ ਰਹੀ ਹੈ। ਗਿੱਲ ਨੇ ਪਾਰਟੀ ਵਲੋਂ ਨਿਯੁਕਤੀ ਪੱਤਰ ਮਿਲਦਿਆਂ ਹੀ ਸੋਸ਼ਲ ਮੀਡੀਆ 'ਤੇ ਅਕਾਲੀ ਦਲ ਦੀ ਸਾਖ ਸੁਧਾਰਨ ਲਈ ਕੰਮ ਸ਼ੁਰੂ ਕਰ ਦਿੱਤਾ ਹੈ।
ਅਕਾਲੀ ਦਲ ਨੇ 10 ਸਾਲ ਸੱਤਾ 'ਚ ਰਹਿੰਦਿਆਂ ਪੰਜਾਬ ਦਾ ਕਾਫੀ ਵਿਕਾਸ ਕੀਤਾ ਸੀ, ਇਸ ਵਿਕਾਸ ਦੀ ਸੋਸ਼ਲ ਮੀਡੀਆ 'ਤੇ ਚਰਚਾ ਨਹੀਂ ਹੋ ਰਹੀ ਸੀ, ਬਲਕਿ ਪਾਰਟੀ ਦੇ ਖਿਲਾਫ ਕੰਮ ਕਰਨ ਵਾਲੀਆਂ ਸਿਆਸੀ ਜਮਾਤਾਂ ਪਾਰਟੀ ਨੂੰ ਬਦਨਾਮ ਕਰਨ ਲਈ ਏਜੰਡਾ ਚਲਾ ਰਹੀਆਂ ਸਨ। ਇਸ ਦਾ ਜਵਾਬ ਦੇਣ ਲਈ ਹੀ ਅਕਾਲੀ ਦਲ ਨੇ ਸਾਰੇ 13 ਲੋਕ ਸਭਾ ਹਲਕਿਆਂ 'ਚ ਸੋਸ਼ਲ ਮੀਡੀਆ ਇੰਚਾਰਜ ਥਾਪਣ ਦਾ ਫੈਸਲਾ ਕੀਤਾ ਹੈ ਤਾਂ ਜੋ ਅਕਾਲੀ ਦਲ ਵਲੋਂ ਕੀਤੇ ਗਏ ਕੰਮਾਂ ਪ੍ਰਤੀ ਜਾਗਰੂਕਤਾ ਫੈਲਾਉਣ ਦੇ ਨਾਲ-ਨਾਲ ਪਾਰਟੀ ਖਿਲਾਫ ਪ੍ਰਚਾਰ ਦਾ ਵੀ ਜਵਾਬ ਦਿੱਤਾ ਜਾ ਸਕੇ।
ਕਿਉਂ ਲੋੜ ਪਈ ਆਈ. ਟੀ. ਵਿੰਗ ਦੀ
ਪਿਛਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਅਕਾਲੀ ਦਲ ਖਿਲਾਫ ਹੋਏ ਜ਼ਮੀਨੀ ਪ੍ਰਚਾਰ ਦੇ ਨਾਲ-ਨਾਲ ਸੋਸ਼ਲ ਮੀਡੀਆ 'ਤੇ ਪਾਰਟੀ ਖਿਲਾਫ ਹੋਏ ਪ੍ਰਚਾਰ ਨੇ ਵੀ ਅਕਾਲੀ ਦਲ ਨੂੰ ਵੱਡੀ ਢਾਹ ਲਾਈ ਹੈ। ਇਸ ਦਾ ਕਾਰਨ ਸੋਸ਼ਲ ਮੀਡੀਆ 'ਤੇ ਅਕਾਲੀ ਦਲ ਖਿਲਾਫ ਹੋਏ ਪ੍ਰਚਾਰ ਦਾ ਜਵਾਬ ਨਾ ਦੇਣਾ ਮੰਨਿਆ ਜਾ ਰਿਹਾ ਹੈ। ਇਕ ਤਰਫਾ ਪ੍ਰਚਾਰ ਕਾਰਨ ਅਕਾਲੀ ਦਲ ਦੇ ਖਿਲਾਫ ਧਾਰਨਾ ਬਣ ਗਈ ਤੇ ਇਸ ਦਾ ਨਤੀਜਾ ਪਾਰਟੀ ਨੂੰ ਚੋਣਾਂ 'ਚ ਭੁਗਤਣਾ ਪਿਆ। ਕੌਮੀ ਪੱਧਰ 'ਤੇ ਕਾਂਗਰਸ ਤੇ ਭਾਜਪਾ ਵਲੋਂ ਸ਼ੁਰੂ ਕੀਤੇ ਗਏ ਆਈ. ਟੀ. ਵਿੰਗਾਂ ਨੇ ਵੀ ਅਕਾਲੀ ਦਲ ਨੂੰ ਸੋਸ਼ਲ ਮੀਡੀਆ ਨਾਲ ਜੁੜਨ ਲਈ ਪ੍ਰੇਰਿਤ ਕੀਤਾ ਹੈ।
ਇੰਝ ਦਿੱਤਾ ਜਾ ਰਿਹੈ ਵਿਰੋਧੀਆਂ ਨੂੰ ਜਵਾਬ
ਅਕਾਲੀ ਦਲ ਦਾ ਆਈ. ਟੀ. ਵਿੰਗ ਹੁਣ ਪਾਰਟੀ ਖਿਲਾਫ ਵਟਸਐਪ, ਫੇਸਬੁਕ ਤੇ ਹੋਰ ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ ਹੋਣ ਵਾਲੇ ਪ੍ਰਚਾਰ ਦੀ ਜਾਣਕਾਰੀ ਮਿਲਦੇ ਹੀ ਸਰਗਰਮ ਹੋ ਜਾਂਦਾ ਹੈ ਤੇ ਇਸ ਪ੍ਰਚਾਰ ਦਾ ਜਵਾਬ ਤੱਥਾਂ ਦੇ ਆਧਾਰ 'ਤੇ ਦੇ ਕੇ ਅਜਿਹੇ ਪ੍ਰਚਾਰ ਨੂੰ ਠੱਲ੍ਹ ਪਾਈ ਜਾ ਰਹੀ ਹੈ। ਬੀਤੇ ਦਿਨੀਂ ਪਾਰਟੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਸ੍ਰੀ ਦਰਬਾਰ ਸਾਹਿਬ ਵਿਖੇ ਕੀਤੀ ਗਈ ਜੋੜੇ ਸਾਫ ਕਰਨ ਦੀ ਸੇਵਾ ਦੌਰਾਨ ਸਪੋਰਟਸ-ਸ਼ੂ ਪਾਲਿਸ਼ ਕਰਨ ਨੂੰ ਲੈ ਕੇ ਵੀ ਮਜ਼ਾਕ ਉਡਾਇਆ ਗਿਆ ਸੀ। ਆਈ.ਟੀ. ਵਿੰਗ ਨੇ ਇਸ ਦੇ ਜਵਾਬ 'ਚ ਸਪੱਸ਼ਟ ਕੀਤਾ ਕਿ ਸੁਖਬੀਰ ਜੋੜੇ ਝਾੜ ਰਹੇ ਸਨ, ਨਾ ਕਿ ਪਾਲਿਸ਼ ਕਰ ਰਹੇ ਸਨ।
ਇਹ ਹਨ ਨਵੀਆਂ ਨਿਯੁਕਤੀਆਂ
ਸ੍ਰੀ ਫਤਿਹਗੜ੍ਹ ਸਾਹਿਬ ਤੋਂ ਸਿਮਰਨਜੀਤ ਸਿੰਘ ਢਿੱਲੋਂ, ਹੁਸ਼ਿਆਰਪੁਰ ਤੋਂ ਤਨਵੀਰ ਸਿੰਘ ਧਾਲੀਵਾਲ, ਸ੍ਰੀ ਅਨੰਦਪੁਰ ਸਾਹਿਬ ਤੋਂ ਸੁਖਪ੍ਰੀਤ ਸਿੰਘ, ਫਿਰੋਜ਼ਪੁਰ ਤੋਂ ਜਸਪ੍ਰੀਤ ਸਿੰਘ ਮਾਨ, ਲੁਧਿਆਣਾ ਤੋਂ ਬਲਰਾਜ ਸਿੰਘ, ਫਰੀਦਕੋਟ ਤੋਂ ਅਮਨ ਗਿੱਲ, ਅੰਮ੍ਰਿਤਸਰ ਤੋਂ ਅੰਮ੍ਰਿਤਪਾਲ ਸਿੰਘ, ਜਲੰਧਰ ਤੋਂ ਗੁਰਪ੍ਰੀਤ ਸਿੰਘ, ਬਠਿੰਡਾ ਤੋਂ ਅਨੂਪ ਕਲਾਰ ਅਤੇ ਪਟਿਆਲਾ ਤੋਂ ਗਗਨਦੀਪ ਪੰਨੂ ਨੂੰ ਆਈ. ਟੀ. ਵਿੰਗ ਦਾ ਹਲਕਾ ਇੰਚਾਰਜ ਨਿਯੁਕਤ ਕੀਤਾ ਗਿਆ ਹੈ।
8 ਨੂੰ ਰਣਸੀਂਹ ਕਲਾਂ ਵਿਖੇ ਹੋਵੇਗੀ ਸਿੱਖ ਕੌਮ ਦੀ ਕਨਵੈਨਸ਼ਨ : ਦਾਦੂਵਾਲ
NEXT STORY