ਚੰਡੀਗੜ੍ਹ (ਅੰਕੁਰ): ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦਾ ਹਿੱਸਾ ਰਹੇ ਆਗੂਆਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਦਫ਼ਤਰ ’ਚ ਹੋਏ ਫ਼ੈਸਲੇ ਨੂੰ ਪੰਥਕ ਜਮਾਤ ਦੇ ਸਿਰ ਮੜਿਆ ਵੱਡਾ ਪਾਪ ਕਰਾਰ ਦਿੱਤਾ ਹੈ। ਜਾਰੀ ਬਿਆਨ ’ਚ ਗੁਰਪ੍ਰਤਾਪ ਸਿੰਘ ਵਡਾਲਾ, ਬੀਬੀ ਜਗੀਰ ਕੌਰ, ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ, ਪਰਮਿੰਦਰ ਸਿੰਘ ਢੀਂਡਸਾ, ਸੁਰਜੀਤ ਸਿੰਘ ਰੱਖੜਾ ਨੇ ਕਿਹਾ ਕਿ ਅੱਜ ਪੰਥਕ ਸਿਆਸੀ ਜਮਾਤ ’ਤੇ ਕਾਬਜ਼ ਸੁਖਬੀਰ ਸਿੰਘ ਬਾਦਲ ਦੇ ਧੜੇ ਦੀ ਅਗਵਾਈ ਵਾਲੀ ਵਰਕਿੰਗ ਕਮੇਟੀ ਨੇ ਬੇਦਾਵਾ ਲਿਖ ਦਿੱਤਾ ਹੈ।
ਉਨ੍ਹਾਂ ਕਿਹਾ ਕਿ ਅਸਤੀਫਾ ਦੇ ਚੁੱਕੀ ਲੀਡਰਸ਼ਿਪ ਨੂੰ ਬਚਾਉਣ ਲਈ ਤੇ ਕਮੇਟੀ ਦੀ ਬਜਾਏ ਪੁਰਾਣੀ ਰਵਾਇਤ ਮੁਤਾਬਕ ਅਾਬਜ਼ਰਵਰ ਲਗਾ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਹੋਏ ਹੁਕਮਨਾਮੇ ਦਾ ਚੀਰ ਹਰਨ ਕਰਦਿਆਂ ਭਗੌੜੇ ਹੋ ਗਏ, ਜਿਸ ਲੀਡਰਸ਼ਿਪ ਦੀ ਅਗਵਾਈ ਹੇਠ ਲਗਾਤਾਰ ਪੰਜ ਵੱਡੀਆਂ ਹਾਰਾਂ ਦਾ ਸਾਹਮਣਾ ਕਰਨਾ ਪਿਆ, ਜਿਸ ਕਰ ਕੇ ਜਾਰੀ ਹੁਕਮਨਾਮੇ ’ਚ ਵੀ ਇਸ ਗੱਲ ਦਾ ਜ਼ਿਕਰ ਹੈ ਕਿ ਇਹ ਲੀਡਰਸ਼ਿਪ ਪੰਥਕ ਪਾਰਟੀ ਦੀ ਅਗਵਾਈ ਦਾ ਆਧਾਰ ਗੁਆ ਚੁੱਕੀ ਹੈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਸਰਦੀ ਦੀਆਂ ਛੁੱਟੀਆਂ ਤੇ ਸਕੂਲਾਂ ਦੇ ਸਮੇਂ ਨਾਲ ਜੁੜੀ ਅਪਡੇਟ
ਉਨ੍ਹਾਂ ਨੇ ਹੁਕਮਨਾਮੇ ਤੋਂ ਭਗੌੜਾ ਹੋਈ ਲੀਡਰਸ਼ਿਪ ਨੂੰ ਸਵਾਲ ਕੀਤਾ ਕਿ ਤਾਕੀਦ ਅਨੁਸਾਰ ਦਿੱਤੇ ਗਏ ਸਾਰੇ ਅਸਤੀਫ਼ੇ ਸਵੀਕਾਰ ਕਿਉਂ ਨਹੀਂ ਹੋਏ। ਮੈਂਬਰਸ਼ਿਪ ਭਰਤੀ ਕਮੇਟੀ ਨੇ ‘ਧੜ ਅਤੇ ਸਿਰ’ ਤੋਂ ਵੱਖ ਕਰ ਕੇ ਭਗੌੜੇ ਹੋਣ ਦਾ ਸਬੂਤ ਦਿੱਤਾ। ਉਨ੍ਹਾਂ ਕਿਹਾ ਕਿ ਸੋਚੀ-ਸਮਝੀ ਤੇ ਲਿਖਤੀ ਸਕਰਿਪਟ ਅਨੁਸਾਰ ਇਹ ਸਾਰਾ ਡਰਾਮਾ ਸੁਖਬੀਰ ਸਿੰਘ ਬਾਦਲ ਦੀ ਸਿਆਸਤ ਨੂੰ ਬਚਾਉਣ ਲਈ ਕੀਤਾ ਗਿਆ ਤਾਂ ਜੋ ਆਪਣੇ ਗਿਰੋਹ ਦੇ ਚੁਣੇ ਮੈਂਬਰਾਂ ਦੀ ਭਰਤੀ ਕਰ ਕੇ ਸੁਖਬੀਰ ਸਿੰਘ ਬਾਦਲ ਲਈ ਮੁੜ ਪ੍ਰਧਾਨਗੀ ਲਈ ਰਸਤਾ ਤਿਆਰ ਕੀਤਾ ਜਾ ਸਕੇ।
ਉਨ੍ਹਾਂ ਸਮੁੱਚੇ ਸਿੱਖ ਪੰਥ ਨੂੰ ਅਪੀਲ ਕੀਤੀ ਕਿ ਇਸ ਭਗੌੜੇ ਗਿਰੋਹ ਖ਼ਿਲਾਫ਼ ਗੁਰੂ ਦੀ ਫ਼ੌਜ ਬਣ ਕੇ ਖੜ੍ਹੀਏ ਤਾਂ ਜੋ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸੰਕਲਪ ਤੇ ਸਰਵਉੱਚਤਾ ਦੀ ਬਹਾਲੀ ਅਤੇ ਮਰਿਆਦਾ ਨੂੰ ਠੇਸ ਨਾ ਪਹੁੰਚੇ। ਸ਼ਨੀਵਾਰ ਨੂੰ ਪੰਥ ਹਿਤੈਸ਼ੀ ਲੀਡਰਸ਼ਿਪ ਵੱਲੋਂ 3 ਵਜੇ ਪ੍ਰੈੱਸ ਕਾਨਫਰੰਸ ਕਰ ਕੇ ਅਗਲਾ ਪ੍ਰੋਗਰਾਮ ਦੱਸਿਆ ਜਾਵੇਗਾ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਬਣੇਗਾ ਕੋਈ ਹੋਰ ਪਰ ਕਮਾਂਡ ਰਹੇਗੀ ਬਾਦਲ ਪਰਿਵਾਰ ਦੇ ਹੱਥ!
NEXT STORY