ਅੰਮ੍ਰਿਤਸਰ (ਜ.ਬ.)-ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਦਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੇ ਅਹੁਦੇ ਤੋਂ ਅਸਤੀਫ਼ਾ ਮਨਜ਼ੂਰ ਹੋਣ ਦੇ ਨਾਲ ਹੀ ਜਿਥੇ ਇਕ ਨਵੇਂ ਅਕਾਲੀ ਦਲ ਦੇ ਗਠਨ ਦੀਆਂ ਤਿਆਰੀਆਂ ਸਬੰਧੀ ਮੀਟਿੰਗ ਕੀਤੀ ਗਈ, ਉਥੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਅਨੁਸਾਰ ਗਠਿਤ 7 ਮੈਂਬਰੀ ਕਮੇਟੀ ਨੂੰ ਦਰਕਿਨਾਰ ਕਰ ਕੇ ਫਿਰ ਤੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਦੀ ਉਲੰਘਣਾ ਕੀਤੀ ਗਈ, ਜਿਸ ਨੂੰ ਲੈ ਕੇ ਪੰਥਕ ਹਲਕਿਆਂ ਵਿਚ ਕਾਫੀ ਚਰਚਾ ਹੈ ਅਤੇ ਅਕਾਲੀ ਦਲ ਦੇ ਲਗਭਗ 70 ਪ੍ਰਤੀਸ਼ਤ ਮੈਂਬਰ ਇਸ ਦਾ ਵਿਰੋਧ ਕਰ ਰਹੇ ਹਨ।
ਜ਼ਿਕਰਯੋਗ ਹੈ ਕਿ ਬੀਤੇ ਦਿਨ ਚੰਡੀਗੜ੍ਹ ਵਿਖੇ ਅਕਾਲੀ ਦਲ ਦੀ ਵਰਕਿੰਗ ਕਮੇਟੀ ਦੀ ਮੀਟਿੰਗ ਹੋਈ, ਜਿਸ ਦੀ ਪ੍ਰਧਾਨਗੀ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਨੇ ਕੀਤੀ। ਪ੍ਰਧਾਨ ਦੇ ਅਹੁਦੇ ਲਈ ਚੋਣਾਂ 1 ਮਾਰਚ ਨੂੰ ਹੋਣਗੀਆਂ। ਗੁਲਜ਼ਾਰ ਸਿੰਘ ਰਣੀਕੇ ਨੂੰ ਮੁੱਖ ਚੋਣ ਅਧਿਕਾਰੀ ਨਿਯੁਕਤ ਕੀਤਾ ਗਿਆ ਹੈ ਅਤੇ ਮੈਂਬਰਸ਼ਿਪ ਮੁਹਿੰਮ 20 ਜਨਵਰੀ ਤੋਂ 20 ਫਰਵਰੀ ਤੱਕ ਸ਼ੁਰੂ ਕੀਤੀ ਜਾਵੇਗੀ, ਜਿਸ ਵਿਚ 25 ਲੱਖ ਮੈਂਬਰਸ਼ਿਪ ਦਾ ਟੀਚਾ ਰੱਖਿਆ ਗਿਆ ਹੈ।
ਸ਼੍ਰੋਮਣੀ ਅਕਾਲੀ ਦਲ ਦੀ ਸਥਾਪਨਾ 14 ਦਸੰਬਰ 1920 ਨੂੰ ਹੋਈ ਸੀ। ਇਸ ਤੋਂ ਬਾਅਦ ਪਾਰਟੀ ਦੇ 20 ਪ੍ਰਧਾਨ ਚੁਣੇ ਜਾ ਚੁੱਕੇ ਹਨ। ਹਾਲਾਂਕਿ, ਪ੍ਰਕਾਸ਼ ਸਿੰਘ ਬਾਦਲ 1995 ਵਿਚ ਪਾਰਟੀ ਦੀ ਵਾਗਡੋਰ ਸੰਭਾਲਣ ਤੋਂ ਬਾਅਦ 2008 ਤੱਕ ਇਸ ਅਹੁਦੇ ’ਤੇ ਰਹੇ। ਇਸ ਤੋਂ ਬਾਅਦ ਸੁਖਬੀਰ ਬਾਦਲ ਨੂੰ ਪ੍ਰਧਾਨ ਬਣਾਇਆ ਗਿਆ। 16 ਨਵੰਬਰ, 2024 ਨੂੰ ਸੁਖਬੀਰ ਬਾਦਲ ਨੇ ਅਸਤੀਫਾ ਦੇ ਦਿੱਤਾ ਸੀ। ਹੁਣ 30 ਸਾਲਾਂ ਬਾਅਦ ਅਜਿਹਾ ਮੌਕਾ ਆਇਆ ਹੈ ਕਿ ਬਾਦਲ ਪਰਿਵਾਰ ਤੋਂ ਇਲਾਵਾ ਕੋਈ ਹੋਰ ਅਕਾਲੀ ਦਲ ਦਾ ਪ੍ਰਧਾਨ ਬਣ ਸਕਦਾ ਹੈ।
ਇਹ ਵੀ ਪੜ੍ਹੋ-ਪੰਜਾਬ 'ਚ ਵੱਡੀ ਵਾਰਦਾਤ, ਪ੍ਰੇਮ ਸਬੰਧਾਂ ਦੇ ਚੱਕਰ 'ਚ ਦੋਸਤ ਨੇ ਹੀ ਦੋਸਤ ਦਾ ਕੀਤਾ ਕਤਲ
ਪ੍ਰਧਾਨ ਦੀ ਵਾਗਡੋਰ ਆਪਣੇ ਹੱਥਾਂ ਵਿਚ ਰੱਖਣਾ ਚਾਹੁੰਦੈ ਬਾਦਲ ਪਰਿਵਾਰ
ਦੂਜੇ ਪਾਸੇ ਪੰਥਕ ਬੁੱਧੀਜੀਵੀਆਂ ਦਾ ਕਹਿਣਾ ਹੈ ਕਿ ਅਕਾਲੀ ਦਲ ਦਾ ਪ੍ਰਧਾਨ ਕੋਈ ਵੀ ਹੋਵੇ ਪਰ ਉਸ ਦੀ ਵਾਗਡੋਰ ਬਾਦਲ ਪਰਿਵਾਰ ਆਪਣੇ ਹੱਥਾਂ ਵਿਚ ਰੱਖਣਾ ਚਾਹੁੰਦਾ ਹੈ। ਇਸ ਕਾਰਨ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਬਣਾਈ ਗਈ ਕਮੇਟੀ ਨੂੰ ਪੂਰੀ ਤਰ੍ਹਾਂ ਅਣਗੌਲਿਆਂ ਕਰ ਕੇ ਆਪਣੇ ਚਹੇਤਿਆਂ ਨੂੰ ਬਾਦਲ ਪਰਿਵਾਰ ਵਲੋਂ ਮੈਂਬਰਸ਼ਿਪ ਦਾ ਕੰਮ ਸੌਂਪਿਆ ਗਿਆ ਹੈ।
ਪੰਥਕ ਸੂਤਰਾਂ ਅਨੁਸਾਰ ਬਾਦਲ ਪਰਿਵਾਰ ਪਿਛਲੇ 30 ਸਾਲਾਂ ਤੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਦੀ ਉਲੰਘਣਾ ਕਰਦਾ ਰਿਹਾ ਹੈ। ਇਸ ਦੀ ਇਕ ਉਦਾਹਰਣ 1988 ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਭਾਈ ਰਣਜੀਤ ਸਿੰਘ ਵਲੋਂ ਪੰਥਕ ਏਕਤਾ ਦਾ ਜਦੋਂ ਹੁਕਮ ਦਿੱਤਾ ਗਿਆ ਤਾਂ ਬਾਦਲ ਪਰਿਵਾਰ ਵਲੋਂ ਇਸ ਨੂੰ ਮੰਨਣ ਤੋਂ ਸਾਫ ਇਨਕਾਰ ਕਰ ਦਿੱਤਾ ਗਿਆ। ਇਸੇ ਤਰ੍ਹਾਂ ਹੀ ਬਾਦਲ ਦਲ ਹਮੇਸ਼ਾ ਹੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰਾਂ ’ਤੇ ਦਬਾਅ ਬਣਾਉਂਦਾ ਰਿਹਾ ਅਤੇ ਆਪਣੇ ਹੁਕਮ ਮੰਨਵਾਉਂਦਾ ਰਿਹਾ।
ਪੰਥਕ ਬੁੱਧੀਜੀਵੀਆਂ ਦਾ ਮੰਨਣਾ ਹੈ ਕਿ ਸਿੱਖ ਭਾਈਚਾਰੇ ਵਿਚ ਇਸ ਸਬੰਧੀ ਬਹੁਤ ਰੋਸ ਹੈ ਅਤੇ ਸੁਖਬੀਰ ਸਿੰਘ ਬਾਦਲ ’ਤੇ 4 ਦਸਬੰਰ ਨੂੰ ਹੋਇਆ ਹਮਲਾ ਅਤੇ ਉਸ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਲ ਦੌਰਾਨ ਉਨ੍ਹਾਂ ’ਤੇ ਹੋਏ ਹਮਲੇ ਇਸੇ ਰੋਸ ਦਾ ਨਤੀਜਾ ਹਨ।
ਇਹ ਵੀ ਪੜ੍ਹੋ- ਪੰਜਾਬ 'ਚ ਵੱਡੀ ਵਾਰਦਾਤ, ਕਮੇਟੀ ਦੀ ਬੋਲੀ ਪਿੱਛੇ ਮਾਰ 'ਤਾ ਬੰਦਾ
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਨੂੰ ਅਣਗੌਲਿਆਂ ਕਰਨ ਵਾਲੇ ਕਿਸ ਮੂੰਹ ਨਾਲ ਕਰਨਗੇ ਸ਼ਕਤੀ ਪ੍ਰਦਰਸ਼ਨ :?
ਦੂਜੇ ਪਾਸੇ, ਭਾਜਪਾ ਦੇ ਸਿੱਖ ਆਗੂ ਅਤੇ ਪੰਜਾਬ ਭਾਜਪਾ ਦੇ ਬੁਲਾਰੇ ਪ੍ਰੋ. ਸਰਚਾਂਦ ਸਿੰਘ ਖਿਆਲਾ ਨੇ ਕਿਹਾ ਕਿ ਅਕਾਲੀ ਦਲ ਬਾਦਲ ਦੀ ਲੀਡਰਸ਼ਿਪ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਨਾਲ ਟਕਰਾਅ ਦਾ ਫੈਸਲਾ ਕਰ ਲਿਆ ਹੈ ਅਤੇ ਅੱਜ ਪਵਿੱਤਰ ਤਖ਼ਤ ਸਾਹਿਬ ਨੂੰ ਨੀਵਾਂ ਦਿਖਾਉਣ ਦੀ ਹਿੰਮਤ ਕੀਤੀ ਹੈ।
ਪ੍ਰੋ. ਸਰਚੰਦ ਸਿੰਘ ਨੇ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਨੂੰ ਅਣਗੌਲਿਆਂ ਕਰਨ ਵਾਲੇ ਅਤੇ ਪੰਥ ਤੋਂ ਮੂੰਹ ਮੋੜਨ ਵਾਲੇ ਮੁਕਤਸਰ ਦੀ ਪਵਿੱਤਰ ਧਰਤੀ ’ਤੇ ਕਿਵੇਂ ਇਕੱਠੇ ਹੋ ਸਕਦੇ ਹਨ ਅਤੇ ਆਪਣੀ ਸ਼ਕਤੀ ਪ੍ਰਦਰਸ਼ਨ ਕਿਵੇਂ ਕਰਨਗੇ, ਜਿੱਥੇ ਜਥੇਦਾਰ ਭਾਈ ਮਹਾ ਸਿੰਘ ਨੇ ਆਪਣੇ ਅਤੇ ਆਪਣੇ ਸਾਥੀਆਂ ਦੀ ਗਲਤੀ ਨੂੰ ਲੈ ਕੇ ਦਸਵੇਂ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੋਂ ਮੁਆਫ਼ੀ ਮੰਗੀ ਅਤੇ ਬੇਦਾਵਾ ਪਾੜ ਕੇ ਗੁਰੂ ਤੋਂ ਟੁੱਟੀ ਗੰਢੀ ਜੋੜਨ ਦਾ ਪਵਿੱਤਰ ਕਾਰਜ ਕੀਤਾ ਸੀ।
ਇਹ ਵੀ ਪੜ੍ਹੋ- ਪੰਜਾਬ 'ਚ ਵੱਡੀ ਵਾਰਦਾਤ, 4 ਵਿਅਕਤੀਆਂ ਨੇ ਮੋਟਰਸਾਈਕਲ ਸਵਾਰ ਨੌਜਵਾਨ ਨੂੰ ਮਾਰੀਆਂ ਗੋਲੀਆਂ
ਉਨ੍ਹਾਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਦਾ ਧੜਾ ਪਿਛਲੇ 6 ਸਾਲਾਂ ਤੋਂ ਤਨਖਾਹੀਆ ਹੋਣ ਅਤੇ ਆਪਣੇ ਅਪਰਾਧਾਂ ਤੋਂ ਬਚਣ ਦੀ ਕੋਸ਼ਿਸ਼ ਕਰ ਰਿਹਾ ਸੀ। ਹੁਣ, ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੇਸ਼ ਹੋ ਕੇ ਉਨ੍ਹਾਂ ਨੇ ਪਹਿਲਾਂ ਗਲਤੀਆਂ ਅਤੇ ਅਪਰਾਧਾਂ ਦਾ ਦੋਸ਼ ਆਪਣੇ ਸਿਰ ਲਿਆ, ਫਿਰ ਆਪਣੇ ਬਿਆਨ ਤੋਂ ਪਿੱਛੇ ਹਟ ਗਏ ਅਤੇ ਦੋਸ਼ਾਂ ਨੂੰ ਝੂਠਾ ਅਤੇ ਰਾਜਨੀਤੀ ਤੋਂ ਪ੍ਰੇਰਿਤ ਦੱਸਿਆ। ਫਿਰ ਉਹ ਗਲਤੀ ਨੂੰ ਮੁਆਫ਼ ਕਰਨ ਲਈ ਅੱਗੇ ਆਏ, ਜਿਸ ਤੋਂ ਬਾਅਦ 2 ਦਸੰਬਰ ਨੂੰ ਉਨ੍ਹਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਸਾਹਮਣੇ ਮੰਨਿਆ ਕਿ ਅਕਾਲੀ ਸਰਕਾਰ ਦੌਰਾਨ ਜਿਨ੍ਹਾਂ ਪੰਥਕ ਮੁੱਦਿਆਂ ਕਾਰਨ ਹਜ਼ਾਰਾਂ ਲੋਕ ਸ਼ਹੀਦ ਹੋਏ, ਉਨ੍ਹਾਂ ਨੂੰ ਭੁਲਾ ਦਿੱਤਾ ਗਿਆ ਅਤੇ ਜਿਨ੍ਹਾਂ ਪੁਲਸ ਅਧਿਕਾਰੀਆਂ ਨੇ ਸਿੱਖ ਨੌਜਵਾਨਾਂ ਦੀ ਅੰਨ੍ਹੇਵਾਹ ਹੱਤਿਆ ਕੀਤੀ, ਉਨ੍ਹਾਂ ਨੂੰ ਤਰੱਕੀ ਦਿੱਤੀ ਗਈ ਹੈ।
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲਿਆਂ ਨੂੰ ਸੁਰੱਖਿਆ ਦਿੱਤੀ, ਕੋਟਕਪੂਰਾ ਗੋਲੀਬਾਰੀ ਦੀ ਜ਼ਿੰਮੇਵਾਰੀ ਲਈ, ਸੌਦਾ ਸਾਧ ਦੀ ਮੁਆਫ਼ੀ ਨੂੰ ਜਾਇਜ਼ ਠਹਿਰਾਉਣ ਲਈ ਇਸ਼ਤਿਹਾਰ ਜਾਰੀ ਕੀਤੇ। ਜਥੇਦਾਰਾਂ ਨੂੰ ਘਰ ਸੱਦ ਕੇ ਮੁਆਫੀ ਦੇਣ ਦਾ ਦਬਾਅ ਬਣਾਇਆ। ਸੌਦਾ ਸਾਧ ਬਾਬਾ ਰਾਮ ਰਹੀਮ ਵਲੋਂ ਕੀਤੀ ਦਸਮ ਪਿਤਾ ਦੀ ਨਕਲ ਕਰਨ ਦਾ ਕੇਸ ਵਾਪਸ ਲੈ ਲਿਆ ਸੀ ਪਰ ਹੈਰਾਨੀ ਵਾਲੀ ਗੱਲ ਇਹ ਹੈ ਕਿ ਹੁਣ ਸੁਖਬੀਰ ਬਾਦਲ ਇਕ ਵਾਰ ਫਿਰ ਕਹਿ ਰਹੇ ਹਨ ਕਿ ਇਹ ਸਭ ਕੁਝ ਮਾਮਲਾ ਖਤਮ ਕਰਨ ਲਈ ਕੀਤਾ ਹੈ, ਸਾਰੇ ਦੋਸ਼ ਝੂਠੇ ਹਨ। ਕੀ ਇਸ ਦਾ ਮਤਲਬ ਇਹ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਪੰਜ ਸਿੰਘ ਸਾਹਿਬਾਨ ਨੇ ਗਲਤ ਫੈਸਲਾ ਦੇ ਕੇ ਗਲਤ ਪਰੰਪਰਾ ਬਣਾ ਦਿੱਤੀ ਹੈ?
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ ਦੇ ਇਸ ਜ਼ਿਲ੍ਹੇ ਦੇ ਸਮੂਹ ਕੇਂਦਰਾਂ 'ਚ ਅੱਜ ਰਹੇਗੀ ਛੁੱਟੀ
NEXT STORY