ਨਾਭਾ (ਜੈਨ) - ਹਲਕਾ ਵਿਧਾਇਕ ਤੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੌਤ ਨੇ ਇਥੇ ਗੱਲਬਾਤ ਕਰਦਿਆਂ ਦੋਸ਼ ਲਾਇਆ ਕਿ ਸੁਖਬੀਰ ਸਿੰਘ ਬਾਦਲ ਨੇ ਪਿਛਲੇ 10 ਸਾਲਾਂ ਦੇ ਸ਼ਾਸਨ ਦੌਰਾਨ ਪੰਜਾਬ ਦੇ ਲੋਕਾਂ ਦਾ ਕਚੂੰਮਰ ਕੱਢਿਆ ਅਤੇ ਸੂਬੇ ਨੂੰ ਕੰਗਾਲ ਕਰ ਦਿੱਤਾ। ਸੁਖਬੀਰ ਬਾਦਲ ਤੇ ਬਿਕਰਮ ਮਜੀਠੀਆ ਦੋਵੇਂ ਗੱਪੀ ਤੇ ਹੰਕਾਰੀ ਹਨ, ਜੋ ਸੱਤਾ ਸੁੱਖ ਭੋਗ ਕੇ ਲੋਕਾਂ ਨੂੰ ਕੇਵਲ ਗੁੰਮਰਾਹ ਕਰਦੇ ਰਹੇ। ਧਰਮਸੌਤ ਨੇ ਕਿਹਾ ਕਿ ਵੱਡਾ ਬਾਦਲ ਸੀ. ਐੱਮ. ਹੋਵੇ, ਬੇਟਾ ਡਿਪਟੀ ਸੀ. ਐੈੱਮ., ਜਵਾਈ ਕੈਬਨਿਟ ਮੰਤਰੀ, ਨੂੰਹ ਕੇਂਦਰੀ ਮੰਤਰੀ, ਬੇਟੇ ਦਾ ਸਾਲਾ ਕੈਬਨਿਟ ਮੰਤਰੀ, ਅਜਿਹੀ ਉਦਾਹਰਣ ਨਾ ਹੀ ਦੇਸ਼ ਦੇ ਕਿਸੇ ਸੂਬੇ ਤੇ ਨਾ ਹੀ ਕਿਸੇ ਵਿਦੇਸ਼ੀ ਸਰਕਾਰ ਵਿਚ ਦੇਖਣ ਨੂੰ ਮਿਲ ਸਕਦੀ ਸੀ। ਉਨ੍ਹਾਂ ਦੋਸ਼ ਲਾਇਆ ਕਿ ਬਾਦਲ ਪਰਿਵਾਰ ਨੇ ਅਕਾਲੀ ਦਲ ਨੂੰ ਪ੍ਰਾਈਵੇਟ ਲਿਮਟਿਡ ਕੰਪਨੀ ਬਣਾ ਕੇ ਰੱਖ ਦਿੱਤਾ ਸੀ। ਹੁਣ ਲੋਕ ਕੈਪਟਨ ਅਮਰਿੰਦਰ ਸਿੰਘ ਦੀ ਕਾਰਗੁਜ਼ਾਰੀ ਤੋਂ ਖੁਸ਼ ਹਨ, ਜਿਸ ਕਰ ਕੇ ਬਾਦਲ ਪਰਿਵਾਰ ਸੱਤਾ ਪ੍ਰਾਪਤੀ ਦੇ ਸੁਪਨੇ ਲੈਣੇ ਬੰਦ ਕਰ ਦੇਵੇ। ਧਰਮਸੌਤ ਨੇ ਕਿਹਾ ਕਿ ਬਾਦਲ ਪਰਿਵਾਰ ਦੋਗਲੀ ਨੀਤੀ ਅਪਣਾ ਕੇ ਲੋਕਾਂ ਨੂੰ ਗੁੰਮਰਾਹ ਕਰਨ ਵਿਚ ਮਾਹਿਰ ਹੈ। ਮਜੀਠੀਆ ਕਾਂਗਰਸ ਨੂੰ ਹਮੇਸ਼ਾ ਗਾਲ੍ਹਾਂ ਕੱਢਣ ਦਾ ਆਦੀ ਹੈ ਜਦੋਂ ਕਿ ਬਿਕਰਮ ਮਜੀਠੀਆ ਦੇ ਦਾਦਾ ਜੀ ਸੁਰਜੀਤ ਸਿੰਘ ਮਜੀਠੀਆ ਕਾਂਗਰਸ ਸਰਕਾਰ ਸਮੇਂ ਕੇਂਦਰ ਵਿਚ ਉਪ ਮੰਤਰੀ ਰਹੇ ਸਨ। ਇਸ ਮੌਕੇ ਸੀਨੀਅਰ ਕੌਂਸਲਰ ਅਮਰਦੀਪ ਖੰਨਾ, ਸਾਬਕਾ ਕੌਂਸਲ ਪ੍ਰਧਾਨ ਗੌਤਮ ਬਾਤਿਸ਼, ਬਲਾਕ ਕਾਂਗਰਸ ਪ੍ਰਧਾਨ ਪਵਨ ਕੁਮਾਰ ਗਰਗ, ਪੀ. ਏ. ਚਰਨਜੀਤ ਬਾਤਿਸ਼ ਅਤੇ ਜਗਤਾਰ ਸਿੰਘ ਸਾਧੋਹੇੜੀ ਉਪ ਪ੍ਰਧਾਨ ਜ਼ਿਲਾ ਕਾਂਗਰਸ ਵੀ ਹਾਜ਼ਰ ਸਨ।
ਦਰਜਾ ਚਾਰ ਕਰਮਚਾਰੀਆਂ ਨੇ ਪੀਪੇ ਵਜਾ ਕੇ ਰੋਸ ਪ੍ਰਦਰਸ਼ਨ ਕੀਤਾ
NEXT STORY