ਕੋਟਕਪੂਰਾ (ਨਰਿੰਦਰ ਬੈੜ) : ਆਲ ਇੰਡੀਆ ਹਿੰਦੂ ਵੈਲਫੇਅਰ ਕਮੇਟੀ ਦੀ ਸ਼ਿਕਾਇਤ 'ਤੇ ਵਿਜੀਲੈਂਸ ਵਿਭਾਗ ਨੇ ਸਥਾਨਕ ਨਗਰ ਕੌਂਸਲ ਵੱਲੋਂ ਕਰਵਾਏ ਵਿਕਾਸ ਕਾਰਜਾਂ ਦੌਰਾਨ ਗਲੀਆਂ-ਨਾਲੀਆਂ ਦੇ ਨਿਰਮਾਣ ਕਾਰਜਾਂ ਲਈ ਵਰਤੀਆਂ ਗਈਆਂ ਇੰਟਰਲਾਕ ਟਾਈਲਾਂ ਆਦਿ ਦੀ ਜਾਂਚ ਕੀਤੀ। ਸੰਸਥਾ ਦੇ ਪ੍ਰਧਾਨ ਨਰੇਸ਼ ਕੁਮਾਰ ਸਹਿਗਲ ਨੇ ਟਾਈਲਾਂ 'ਤੇ ਆਈ.ਐਸ.ਆਈ. ਮਾਰਕਾ ਨਾ ਲੱਗੇ ਹੋਣ, ਸਾਈਜ਼ ਛੋਟਾ ਹੋਣ ਅਤੇ ਇੰਟਰਲਾਕ ਟਾਇਲਾਂ ਦੀ ਵਰਤੋਂ ਦੌਰਾਨ ਹੋਰ ਬੇਨਿਯਮੀਆਂ ਸਬੰਧੀ ਸਰਕਾਰ ਨੂੰ ਸ਼ਿਕਾਇਤ ਕੀਤੀ ਸੀ ਜਿਸ 'ਤੇ ਵਿਜੀਲੈਂਸ ਵਿਭਾਗ ਦੇ ਇੰਸਪੈਕਟਰ ਸੰਜੀਵ ਕੁਮਾਰ ਦੀ ਅਗਵਾਈ ਵਾਲੀ ਟੀਮ ਨੇ ਸ਼ਹਿਰ ਦੀਆਂ ਕਈ ਥਾਵਾਂ 'ਤੇ ਜਾ ਕੇ ਇੰਟਰਲਾਕ ਟਾਇਲਾਂ ਦੀ ਜਾਂਚ ਕੀਤੀ।

ਇਸ ਦੌਰਾਨ ਟੀਮ ਵੱਲੋਂ ਮੋਗਾ ਰੋਡ ਡਾ.ਪਵਿੱਤਰ ਕੌਰ ਵਾਲੀ ਗਲੀ, ਪੁਰਾਣਾ ਸ਼ਹਿਰ, ਹਰੀ ਨੌ ਰੋਡ ਅਤੇ ਸੁਰਗਾਪੁਰੀ ਇਲਾਕਿਆਂ ਸਮੇਤ 14 ਥਾਵਾਂ 'ਤੇ ਲੱਗੀਆਂ ਇੰਟਰਲਾਕ ਟਾਈਲਾਂ ਨੂੰ ਪੁੱਟ ਕੇ ਉਨ੍ਹਾਂ ਦੀ ਗੁਣਵਤਾ ਦੀ ਜਾਂਚ ਕੀਤੀ। ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਤਤਕਾਲੀਨ ਅਕਾਲੀ-ਭਾਜਪਾ ਗਠਜੋੜ ਸਰਕਾਰ ਦੇ ਕਾਰਜਕਾਲ 'ਚ ਸ਼ਹਿਰ 'ਚ ਵਿਕਾਸ ਕਾਰਜ ਥੋਕ ਦੇ ਭਾਅ ਹੋਏ ਸਨ। ਉਕਤ ਵਿਕਾਸ ਕਾਰਜਾਂ ਦੌਰਾਨ ਗਲੀਆਂ-ਨਾਲੀਆਂ ਦੇ ਨਿਰਮਾਣ 'ਚ ਵੱਡੀ ਗਿਣਤੀ 'ਚ ਇੰਟਰਲਾਕ ਟਾਇਲਾਂ ਦੀ ਵਰਤੋਂ ਕੀਤੀ ਗਈ। ਸ਼ਿਕਾਇਤ ਕਰਤਾ ਨਰੇਸ਼ ਕੁਮਾਰ ਸਹਿਗਲ ਨੇ ਇੰਨ੍ਹਾਂ ਵਿਕਾਸ ਕਾਰਜਾਂ ਦੌਰਾਨ ਹੋਈਆਂ ਬੇਨਿਯਮੀਆਂ ਤੋਂ ਉਚ ਅਧਿਕਾਰੀਆਂ ਨੂੰ ਵੀ ਜਾਣੂ ਕਰਾਇਆ ਸੀ। ਇਸ ਦੌਰਾਨ ਨਰੇਸ਼ ਕੁਮਾਰ ਸਹਿਗਲ ਨੇ ਕਿਹਾ ਕਿ ਵਿਕਾਸ ਕਾਰਜ ਤਾਂ ਵੱਡੀ ਗਿਣਤੀ ਵਿੱਚ ਹੋਏ ਪ੍ਰੰਤੂ ਜਾਂਚ ਕੁੱਝ ਕੁ ਥਾਵਾਂ 'ਤੇ ਹੀ ਕੀਤੀ ਗਈ ਹੈ। ਉਕਤ ਸ਼ਿਕਾਇਤ 'ਤੇ ਕਾਰਵਾਈ ਕਰਦਿਆਂ ਉਚ ਅਧਿਕਾਰੀਆਂ ਦੇ ਹੁਕਮਾਂ 'ਤੇ ਵਿਜੀਲੈਂਸ ਵਿਭਾਗ ਦੇ ਅਧਿਕਾਰੀ ਇੰਸਪੈਕਟਰ ਸੰਜੀਵ ਕੁਮਾਰ ਦੀ ਅਗਵਾਈ ਵਾਲੀ ਟੀਮ ਨੇ ਸ਼ਹਿਰ 'ਚ ਹੋਏ ਵਿਕਾਸ ਕਾਰਜਾਂ ਦੌਰਾਨ ਵਰਤੀਆਂ ਗਈਆਂ ਟਾਇਲਾਂ ਦੀ ਜਾਂਚ ਕੀਤੀ। ਇਸ ਸਬੰਧ ਵਿੱਚ ਇੰਸਪੈਕਟਰ ਸੰਜੀਵ ਕੁਮਾਰ ਨੇ ਕਿਹਾ ਕਿ ਵਿਜੀਲੈਂਸ ਵਿਭਾਗ ਜਾਂਚ ਤੋਂ ਬਾਅਦ ਆਪਣੀ ਪੂਰੀ ਰਿਪੋਰਟ ਉੱਚ ਅਧਿਕਾਰੀਆਂ ਅਤੇ ਸਰਕਾਰ ਨੂੰ ਭੇਜ ਦੇਵੇਗਾ।
ਸਰਕਾਰੀ ਹਸਪਤਾਲ 'ਚ ਮਰੀਜ਼ ਤੋਂ ਪੈਸੇ ਲੈਣ ਦੀ ਵੀਡੀਓ ਵਾਇਰਲ
NEXT STORY