ਚੰਡੀਗੜ੍ਹ : ਆਮ ਆਦਮੀ ਪਾਰਟੀ (ਆਪ) ਦੇ ਸੀਨੀਅਰ ਆਗੂ ਅਤੇ ਵਿਧਾਇਕ ਅਮਨ ਅਰੋੜਾ ਨੇ ਸਿਆਸਤ 'ਚ ਇੱਕ ਨਵੀਂ ਪਿਰਤ ਪਾਉਂਦੇ ਹੋਏ ਪੰਜਾਬ ਵਿਧਾਨ ਸਭਾ ਦੇ ਸਰਦ ਰੁੱਤ ਸੈਸ਼ਨ ਨੂੰ ਪੈਸੇ ਦੀ ਬਰਬਾਦੀ ਕਰਾਰ ਦਿੰਦੇ ਹੋਏ ਸੈਸ਼ਨ ਦੌਰਾਨ 13 ਦਸੰਬਰ ਦੇ ਬਣਦੇ ਟੀ. ਏ./ਡੀ. ਏ ਅਤੇ ਹੋਰ ਭੱਤੇ ਨਾ ਲੈਣ ਦਾ ਫ਼ੈਸਲਾ ਲਿਆ ਹੈ। ਜਾਰੀ ਬਿਆਨ ਰਾਹੀਂ ਅਮਨ ਅਰੋੜਾ ਨੇ ਦੱਸਿਆ ਕਿ ਉਨ੍ਹਾਂ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ. ਪੀ. ਸਿੰਘ ਨੂੰ ਪੱਤਰ ਲਿਖ ਕੇ 13 ਦਸੰਬਰ ਦੇ ਆਪਣੇ ਭੱਤੇ ਨਾ ਲੈਣ ਸੰਬੰਧੀ ਜਾਣਕਾਰੀ ਦੇ ਦਿੱਤੀ ਹੈ। ਅਮਨ ਅਰੋੜਾ ਨੇ ਕਿਹਾ ਕਿ ਪੰਜਾਬ ਵਿਧਾਨ ਸਭਾ 'ਚ 13 ਦਸੰਬਰ ਨੂੰ ਸਿਰਫ਼ 11 ਮਿੰਟਾਂ 'ਚ ਵਿੱਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਦੇ ਕੇ ਸੈਸ਼ਨ ਉਠਾ ਦਿੱਤਾ ਗਿਆ, ਜੋ ਕਿ ਕੰਗਾਲੀ 'ਤੇ ਖੜ੍ਹੇ ਪੰਜਾਬ ਨਾਲ ਬੇਹੱਦ ਭੱਦਾ ਮਜ਼ਾਕ ਹੈ।
ਉਨ੍ਹਾਂ ਸਪੀਕਰ ਨੂੰ ਲਿਖਿਆ ਕਿ ਜਦੋਂ ਕਿ ਹੋਣਾ ਤਾਂ ਇਹ ਚਾਹੀਦਾ ਸੀ ਕਿ ਕੁੱਝ ਵਕਫ਼ੇ ਤੋਂ ਬਾਅਦ ਸੈਸ਼ਨ ਦੁਬਾਰਾ ਬਹਾਲ ਕਰ ਕੇ ਲੋਕਾਂ ਦੇ ਮਸਲੇ ਵਿਚਾਰੇ ਜਾਂਦੇ ਪਰ ਇਸ ਤਰ੍ਹਾਂ ਨਹੀਂ ਕੀਤਾ ਗਿਆ, ਸੋ ਜਿਸ ਦਿਨ ਉਨ੍ਹਾਂ (ਅਮਨ ਅਰੋੜਾ) ਨੇ ਪੰਜਾਬ ਦਾ ਕੋਈ ਕੰਮ ਨਹੀਂ ਕੀਤਾ ਤਾਂ ਉਸ ਦਿਨ ਦੇ ਭੱਤੇ ਅਤੇ ਟੀ. ਏ/ਡੀ. ਏ ਲੈਣ ਨੂੰ ਉਹ ਜਾਇਜ਼ ਨਹੀਂ ਮੰਨਦੇ ਅਤੇ ਉਨ੍ਹਾਂ ਦੀ ਜ਼ਮੀਰ ਉਨ੍ਹਾਂ ਨੂੰ ਇਸ ਦੀ ਇਜਾਜ਼ਤ ਨਹੀਂ ਦਿੰਦੀ। ਅਮਨ ਅਰੋੜਾ ਨੇ ਅੱਗੇ ਲਿਖਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਖ਼ੁਦ ਕਿਹਾ ਸੀ ਕਿ ਇੱਕ ਦਿਨ ਦਾ ਸੈਸ਼ਨ ਚਲਾਉਣ 'ਤੇ 70 ਲੱਖ ਰੁਪਏ ਖ਼ਰਚ ਹੁੰਦੇ ਹਨ। ਅਮਨ ਅਰੋੜਾ ਨੇ ਕਿਹਾ ਕਿ ਜਦੋਂ ਕੈਪਟਨ, ਉਨ੍ਹਾਂ ਦੀ ਸਰਕਾਰ ਅਤੇ ਖ਼ੁਦ ਸਪੀਕਰ ਇਹ ਜਾਣਦੇ ਹਨ ਤਾਂ ਫਿਰ ਲੋਕਾਂ ਦੇ ਖ਼ਜ਼ਾਨੇ ਦੇ 70 ਲੱਖ ਰੁਪਏ ਪਾਣੀ ਵਿਚ ਰੋੜ੍ਹਨ ਲਈ ਜ਼ਿੰਮੇਵਾਰ ਕੌਣ ਹੈ।
ਉਨ੍ਹਾਂ ਅੱਗੇ ਲਿਖਿਆ ਕਿ ਅੱਜ ਢਾਈ ਲੱਖ ਕਰੋੜ ਦੇ ਕਰਜ਼ੇ ਨਾਲ ਪੰਜਾਬ ਕੰਗਾਲੀ ਦੇ ਕੰਢੇ ਖੜ੍ਹਾ ਹੈ, ਕਿਸਾਨ ਕਰਜ਼ਾ ਮੁਆਫ਼ੀ ਉਡੀਕਦੇ-ਉਡੀਕਦੇ ਆਤਮ ਹੱਤਿਆ ਕਰ ਰਹੇ ਹਨ, ਨੌਜਵਾਨ ਬੇਰੋਜ਼ਾਗਰ ਘੁੰਮ ਰਹੇ ਹਨ, ਇੰਡਸਟਰੀ ਅਤੇ ਵਪਾਰ ਮੰਦਹਾਲੀ ਵਿਚੋਂ ਗੁਜਰ ਰਿਹਾ ਹੈ ਅਤੇ ਅਧਿਆਪਕਾਂ ਨੂੰ ਘੱਟ ਤਨਖ਼ਾਹਾਂ 'ਤੇ ਕੰਮ ਕਰਨ ਲਈ ਮਜਬੂਰ ਕੀਤਾ ਜਾ ਰਿਹਾ ਹੈ, ਹਰ ਪਾਸੇ ਮਾਫ਼ੀਆ ਰਾਜ ਚੱਲ ਰਿਹਾ ਹੈ ਅਤੇ ਅਜਿਹੀ ਹਾਲਤ 'ਚ ਬਦਕਿਸਮਤੀ ਨਾਲ ਪੰਜਾਬ ਨੂੰ ਇਸ ਮੰਦਹਾਲੀ ਦੇ ਵਿਚੋਂ ਕੱਢਣ ਲਈ ਪੰਜਾਬ ਸਰਕਾਰ ਆਪਣੀ ਸੋਚ ਅਤੇ ਯੋਜਨਾ ਦਾ ਬਲ਼ੂ ਪ੍ਰਿੰਟ ਦੇਣ ਵਿਚ ਵੀ ਅਸਫਲ ਰਹੀ ਹੈ। ਜਿਸ ਦੀ ਵਜ੍ਹਾ ਕਰ ਕੇ ਅੱਜ ਵੀ ਹਜ਼ਾਰਾਂ ਕਰੋੜ ਰੁਪਏ ਜਿਹੜੇ ਕਿ ਸਰਕਾਰੀ ਖ਼ਜ਼ਾਨੇ ਵਿਚ ਆ ਸਕਦੇ ਸੀ ਉਹ ਸਰਕਾਰੀ ਸਰਪ੍ਰਸਤੀ ਦੀ ਹੇਠ ਚੱਲ ਰਹੇ ਮਾਫ਼ੀਆ ਦੇ ਜੇਬਾਂ ਵਿਚ ਜਾ ਰਹੇ ਹਨ। ਜਿਸ ਨਾਲ ਹਾਲਾਤ ਬਦ ਤੋਂ ਬਦਤਰ ਹੁੰਦੇ ਜਾ ਰਹੇ ਹਨ।
ਉਨ੍ਹਾਂ ਅੱਗੇ ਸਪੀਕਰ ਨੂੰ ਪੰਜਾਬ ਦੀ ਵਿੱਤੀ ਹਾਲਤ ਪ੍ਰਤੀ ਸੰਵੇਦਨਸ਼ੀਲ ਹੋਣ ਦੀ ਅਪੀਲ ਕਰਦੇ ਹੋਏ ਕਿਹਾ ਕਿ ਸਪੀਕਰ ਇਸ ਗੱਲ ਨੂੰ ਅੱਗੇ ਆਉਣ ਵਾਲੇ ਸੈਸ਼ਨਾਂ ਲਈ ਜ਼ਰੂਰੀ ਕਰਨ ਕਿ ਸੈਸ਼ਨਾਂ ਦੇ ਪਹਿਲੇ ਦਿਨ ਸ਼ਰਧਾਂਜਲੀਆਂ ਤੋਂ ਬਾਅਦ ਪੰਜਾਬ ਦੇ ਲੋਕਾਂ ਦੇ ਮਸਲੇ ਵਿਚਾਰਨ ਲਈ ਬੈਠਕ ਹੋਣੀ ਚਾਹੀਦੀ ਹੈ। ਜੇਕਰ ਇਸ ਤਰ੍ਹਾਂ ਨਾ ਹੋ ਕੇ ਸਿਰਫ਼ ਸ਼ਰਧਾਂਜਲੀਆਂ ਹੋਇਆ ਕਰਨਗੀਆਂ ਤਾਂ ਅੱਗੇ ਨੂੰ ਵੀ ਉਹ ਉਸ ਦਿਨ ਦੇ ਟੀ.ਏ/ਡੀ.ਏ ਅਤੇ ਭੱਤੇ ਨਹੀਂ ਲੈਣਗੇ।
ਪੀ. ਯੂ. 'ਚ ਰਾਤ 11 ਵਜੇ ਤੋਂ ਬਾਅਦ ਵੀ ਐਂਟਰੀ ਕਰ ਸਕਣਗੀਆਂ ਕੁੜੀਆਂ
NEXT STORY