ਜਲੰਧਰ (ਜਤਿੰਦਰ ਚੋਪੜਾ) - ਪੰਜਾਬ 'ਚ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੂੰ ਸੱਤਾ ਸੰਭਾਲੇ 1 ਸਾਲ ਦੇ ਲਗਭਗ ਹੋਣ ਲੱਗਾ ਹੈ ਪਰ ਪਾਰਦਰਸ਼ੀ ਤੇ ਭ੍ਰਿਸ਼ਟਾਚਾਰ ਰਹਿਤ ਰਾਜ ਦੇਣ ਦੇ ਕੈਪਟਨ ਅਮਰਿੰਦਰ ਸਿੰਘ ਦੇ ਦਾਅਵਿਆਂ ਦੀ ਹੁਣ ਤੋਂ ਫੂਕ ਨਿਕਲਦੀ ਨਜ਼ਰ ਆ ਰਹੀ ਹੈ। ਕੈਪਟਨ ਅਮਰਿੰਦਰ ਸਿੰਘ ਪਹਿਲਾਂ ਗੈਰ-ਕਾਨੂੰਨੀ ਖਨਨ ਤੇ ਮਾਫੀਆ ਤੇ ਹੁਣ ਜੋਜੋ ਸਰਵਿਸ ਟੈਕਸ (ਗੁੰਡਾ ਟੈਕਸ) ਦੇ ਚੱਕਰਵਿਊ 'ਚ ਫਸ ਗਈ ਹੈ। ਇਸ ਕਾਰਨ ਕੈਪਟਨ ਅਮਰਿੰਦਰ ਸਿੰਘ ਦੇ ਕੰਮ ਕਰਨ ਦੇ ਢੰਗ ਵੀ ਸਵਾਲਾਂ ਦੇ ਘੇਰੇ 'ਚ ਆ ਗਏ ਹਨ ਕਿ ਆਖਿਰ ਉਨ੍ਹਾਂ ਦੇ ਲੱਖ ਦਾਅਵਿਆਂ ਦੇ ਬਾਵਜੂਦ ਪੰਜਾਬ 'ਚ ਗੈਰ-ਕਾਨੂੰਨੀ ਕਾਰੋਬਾਰ ਕਿਵੇਂ ਪ੍ਰਫੁੱਲਿਤ ਹੋ ਰਹੇ ਹਨ। ਪੰਜਾਬ 'ਚ ਕਾਂਗਰਸ ਨਾਲ ਸਬੰਧਤ ਮੰਤਰੀਆਂ, ਵਿਧਾਇਕਾਂ, ਸੂਬਾਈ ਅਹੁਦੇਦਾਰਾਂ ਤੇ ਉਨ੍ਹਾਂ ਦੇ ਰਿਸ਼ਤੇਦਾਰਾਂ 'ਤੇ ਦੋਸ਼ ਲੱਗ ਰਹੇ ਹਨ ਕਿ ਉਹ ਖਨਨ ਮਾਫੀਆ ਤੇ ਗੁੰਡਾ ਅਨਸਰਾਂ ਨੂੰ ਸਰਪ੍ਰਸਤੀ ਦੇ ਕੇ ਆਪਣੀਆਂ ਭਾਈਵਾਲੀਆਂ ਤੇ ਵਸੂਲੀਆਂ ਕਰਨ 'ਚ ਜੁਟੇ ਹੋਏ ਹਨ। ਸਾਬਕਾ ਕੈਬਨਿਟ ਮੰਤਰੀ ਰਾਣਾ ਗੁਰਜੀਤ ਦਾ ਨਾਂ ਖਨਨ ਦੇ ਠੇਕਿਆਂ 'ਚ ਅਜਿਹਾ ਉਛਲਿਆ ਕਿ ਉਨ੍ਹਾਂ ਨੂੰ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣਾ ਪਿਆ।
ਪੰਜਾਬ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਵਲੋਂ ਪ੍ਰਮੁੱਖਤਾ ਨਾਲ ਉਠਾਏ ਗਏ ਇਸ ਮਾਮਲੇ 'ਚ ਕੈਪਟਨ ਸਰਕਾਰ ਦੀ ਹੋ ਰਹੀ ਕਿਰਕਿਰੀ ਅਜੇ ਖਤਮ ਨਹੀਂ ਹੋਈ ਸੀ ਕਿ 4 ਫਰਵਰੀ ਨੂੰ ਜਲੰਧਰ 'ਚ ਇਕ ਪ੍ਰੈੱਸ ਕਾਨਫਰੰਸ ਦੌਰਾਨ ਲੋਕਲ ਬਾਡੀਜ਼ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਛਾਤੀ ਠੋਕ ਕੇ ਦਾਅਵਾ ਕੀਤਾ ਕਿ ਪੰਜਾਬ 'ਚ ਖਨਨ ਮਾਫੀਆ ਸਰਕਾਰ ਨੂੰ ਸਾਲਾਨਾ 1500 ਕਰੋੜ ਰੁਪਏ ਦਾ ਚੂਨਾ ਲਾ ਰਿਹਾ ਹੈ। ਸਿੱਧੂ ਨੇ ਕਿਹਾ ਸੀ ਕਿ ਜੇ ਉਹ ਸਬੰਧਤ ਵਿਭਾਗ ਦੇ ਮੰਤਰੀ ਹੁੰਦੇ ਤਾਂ ਗੁਆਂਢੀ ਸੂਬੇ ਹਿਮਾਚਲ ਵਾਂਗ ਪੰਜਾਬ 'ਚ ਵੀ ਗੈਰ ਕਾਨੂੰਨੀ ਖਨਨ ਨੂੰ ਰੋਕ ਕੇ ਵਿਖਾ ਦਿੰਦੇ।
ਸਿੱਧੂ ਦੇ ਬੇਬਾਕ ਬਿਆਨ ਪਿੱਛੋਂ ਬਚਾਅ ਦੇ ਅੰਦਾਜ਼ 'ਚ ਆਏ ਕੈਪਟਨ ਅਮਰਿੰਦਰ ਸਿੰਘ ਨੂੰ ਤੁਰੰਤ ਖਨਨ ਮਾਫੀਆ ਵਿਰੁੱਧ ਕਾਰਵਾਈ ਕਰਨ ਦੇ ਹੁਕਮ ਦੇਣ ਲਈ ਮਜਬੂਰ ਹੋਣਾ ਪਿਆ ਕਿਉਂਕਿ ਰਾਣਾ ਗੁਰਜੀਤ ਦੇ ਅਸਤੀਫੇ ਪਿਛੋਂ ਖਨਨ ਵਿਭਾਗ ਦਾ ਕੰਮ ਖੁਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੰਭਾਲਿਆ ਹੋਇਆ ਸੀ ਤੇ ਉਨ੍ਹਾਂ ਦੀ ਨੱਕ ਹੇਠ ਹੀ ਸੂਬੇ 'ਚ ਗੈਰ-ਕਾਨੂੰਨੀ ਖਨਨ ਹੋਣਾ ਉਨ੍ਹਾਂ ਦੇ ਕੰਮ ਕਰਨ ਦੇ ਢੰਗ 'ਤੇ ਸਵਾਲੀਆ ਨਿਸ਼ਾਨ ਲਾ ਰਿਹਾ ਸੀ।
ਹੁਣ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪੰਜਾਬ 'ਚ ਗੁੰਡਾ ਟੈਕਸ ਦੀ ਵਸੂਲੀ ਹੋਣ ਦੇ ਦੋਸ਼ ਲਾ ਕੇ ਸੂਬੇ ਦੀ ਸਿਆਸਤ 'ਚ ਤਰਥੱਲੀ ਮਚਾ ਦਿੱਤੀ ਹੈ। ਸੁਖਬੀਰ ਨੇ ਸੂਬੇ ਦੇ ਵਿੱਤ ਮੰਤਰੀ ਮਨਪ੍ਰੀਤ ਬਾਦਲ 'ਤੇ ਦੋਸ਼ ਲਾਇਆ ਹੈ ਕਿ ਗੁਰੂ ਗੋਬਿੰਦ ਸਿੰਘ ਰਿਫਾਈਨਰੀ ਦੇ ਆਸ-ਪਾਸ ਮਨਪ੍ਰੀਤ ਦੇ ਸਾਲੇ ਜੈਜੀਤ ਸਿੰਘ ਜੌਹਲ (ਜੋਜੋ) ਦੀ ਸਰਪ੍ਰਸਤੀ ਹੇਠ ਗੁੰਡਾ ਟੈਕਸ ਦੀ ਵਸੂਲੀ ਕੀਤੀ ਜਾ ਰਹੀ ਹੈ। ਸੁਖਬੀਰ ਦੇ ਦੋਸ਼ਾਂ ਦੀ ਗੂੰਜ ਪੰਜਾਬ ਮੰਤਰੀ ਮੰਡਲ ਦੀ ਬੈਠਕ 'ਚ ਵੀ ਸੁਣਾਈ ਦਿੱਤੀ। ਵਿੱਤ ਮੰਤਰੀ ਦੇ ਨੇੜਲੇ ਰਿਸ਼ਤੇਦਾਰ 'ਤੇ ਲੱਗੇ ਦੋਸ਼ਾਂ ਕਾਰਨ ਮੁੱਖ ਮੰਤਰੀ ਨੂੰ ਬੈਕਫੁੱਟ 'ਤੇ ਆਉਂਦਿਆਂ ਡੀ. ਜੀ. ਪੀ. ਸੁਰੇਸ਼ ਅਰੋੜਾ ਨੂੰ ਗੁੰਡਾ ਟੈਕਸ ਦੀ ਵਸੂਲੀ ਵਿਰੁੱਧ ਕਾਰਵਾਈ ਕਰਨ ਦੇ ਨਿਰਦੇਸ਼ ਦੇਣੇ ਪਏ।
ਦੱਸਣਯੋਗ ਹੈ ਕਿ ਅਕਾਲੀ ਦਲ ਤੇ ਭਾਜਪਾ ਗੱਠਜੋੜ ਦੀ ਸਾਬਕਾ ਬਾਦਲ ਸਰਕਾਰ ਵੇਲੇ ਪੰਜਾਬ 'ਚ ਲੈਂਡ-ਸੈਂਡ ਮਾਫੀਆ, ਗੁੰਡਾਰਾਜ ਤੇ ਭ੍ਰਿਸ਼ਟਾਚਾਰ ਦੇ ਮੁੱਦਿਆਂ ਨੂੰ ਲੋਕਾਂ ਸਾਹਮਣੇ ਪੇਸ਼ ਕਰਕੇ ਸੱਤਾ 'ਤੇ ਕਾਬਜ਼ ਹੋਈ ਕਾਂਗਰਸ 'ਤੇ ਵੀ ਸਮਾਜ ਵਿਰੋਧੀ ਅਨਸਰਾਂ ਨੂੰ ਸਰਪ੍ਰਸਤੀ ਦੇਣ ਦੇ ਮਾਮਲੇ ਸਾਹਮਣੇ ਆਉਣ ਲੱਗੇ ਹਨ। ਪੰਜਾਬ ਦੇ ਕੁਝ ਮੰਤਰੀ, ਵਿਧਾਇਕ, ਕਾਂਗਰਸ ਦੇ ਅਹੁਦੇਦਾਰ ਅਤੇ ਉਨ੍ਹਾਂ ਦੇ ਰਿਸ਼ਤੇਦਾਰ ਹੀ ਗੈਰ-ਕਾਨੂੰਨੀ ਭਾਈਵਾਲੀਆਂ ਦੀ ਲਾਲਸਾ 'ਚ ਕੈਪਟਨ ਸਰਕਾਰ ਦੀ ਕਿਸ਼ਤੀ ਡੁਬਾਉਣ 'ਚ ਜੁਟ ਗਏ ਹਨ। ਆਪਣਾ ਨਾਂ ਨਾ ਛਾਪਣ ਦੀ ਸ਼ਰਤ 'ਤੇ ਇਕ ਸੀਨੀਅਰ ਕਾਂਗਰਸੀ ਨੇਤਾ ਨੇ ਕਿਹਾ ਕਿ ਪੰਜਾਬ 'ਚ ਕਾਂਗਰਸ ਦੇ ਮੌਜੂਦਾ ਹਾਲਾਤ ਚੰਗੇ ਨਹੀਂ ਹਨ। ਗੰਭੀਰ ਵਿੱਤੀ ਸੰਕਟ 'ਚ ਫਸੀ ਹੋਈ ਸਰਕਾਰ ਚੋਣਾਂ ਦੌਰਾਨ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰਨ 'ਚ ਅਸਮਰੱਥ ਹੈ। ਸਰਕਾਰੀ ਮੁਲਾਜ਼ਮਾਂ ਨੂੰ ਤਨਖਾਹ ਦੇਣ ਦੇ ਲਾਲੇ ਪਏ ਹੋਏ ਹਨ। ਅਜਿਹੇ ਹਾਲਾਤ 'ਚ ਕਾਂਗਰਸੀ ਆਗੂਆਂ ਦੀਆਂ ਸਾਹਮਣੇ ਆ ਰਹੀਆਂ ਕਾਰਗੁਜ਼ਾਰੀਆਂ ਕਾਰਨ ਪਾਰਟੀ ਲਈ ਅਗਲੇ ਸਾਲ ਹੋਣ ਵਾਲੀਆਂ ਲੋਕ ਸਭਾ ਦੀਆਂ ਚੋਣਾਂ ਲਈ ਰਾਹ ਸੌਖਾ ਨਹੀਂ ਹੋਵੇਗਾ।
ਜੰਗਲਾਂ 'ਚ ਸ਼ਰੇਆਮ ਹੋ ਰਹੀ ਹੈ ਖੈਰ ਦੀ ਨਾਜਾਇਜ਼ ਕਟਾਈ
NEXT STORY