ਸੁਲਤਾਨਪੁਰ ਲੋਧੀ (ਸੋਢੀ) : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਸੁਲਤਾਨਪੁਰ ਲੋਧੀ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਦੀਆਂ ਤਿਆਰੀਆਂ ਸਬੰਧੀ ਸੰਤ ਸਮਾਜ ਨਾਲ ਰੱਖੀ ਮੀਟਿੰਗ 'ਚ ਸਮੁੱਚੀ ਪ੍ਰੈੱਸ ਨੂੰ ਸ਼ਾਮਲ ਹੋਣ ਤੋਂ ਰੋਕਣ ਦਾ ਮਾਮਲਾ ਚਰਚਾ ਦਾ ਵਿਸ਼ਾ ਬਣਦਾ ਜਾ ਰਿਹਾ ਹੈ। ਇਸ ਸਮੇਂ ਪ੍ਰੈੱਸ ਨੂੰ ਸ਼ਾਮਲ ਹੋਣ ਦੀ ਮਨਾਹੀ ਕੀਤੀ ਗਈ ਪਰ ਫੇਸਬੁੱਕ 'ਤੇ ਮੀਟਿੰਗ ਦੇ ਕੁਝ ਹਿੱਸੇ ਲਾਈਵ ਕੀਤੇ ਗਏ ਹਨ । ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਹ ਮੀਟਿੰਗ ਸੁਲਤਾਨਪੁਰ ਲੋਧੀ 'ਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਅਗਲੇ ਸਾਲ ਆ ਰਹੇ 550ਵੇਂ ਪ੍ਰਕਾਸ਼ ਪੁਰਬ ਦੀਆਂ ਤਿਆਰੀਆਂ ਲਈ ਸੰਤ ਸਮਾਜ ਤੋਂ ਸੁਝਾਅ ਲੈਣ ਲਈ ਰੱਖੀ ਸੀ ਜਿਸ 'ਚ ਸਿਰਫ ਦੋ ਸੰਤਾਂ ਨੂੰ ਹੀ ਬੋਲਣ ਲਈ ਸਮਾਂ ਦਿੱਤਾ ਗਿਆ ਜਦਕਿ ਬਾਕੀ ਸੰਤਾਂ ਨੂੰ ਮੁੱਖ ਮੰਤਰੀ ਦੇ ਭਾਸ਼ਣ ਦੇ ਬਾਅਦ ਸਮਾਂ ਦੇਣ ਦਾ ਲਾਰਾ ਲਗਾਇਆ ਗਿਆ ਪਰ ਜਿਵੇਂ ਹੀ ਮੁੱਖ ਮੰਤਰੀ ਨੇ ਸੰਬੋਧਨ ਕੀਤਾ ਤਾਂ ਆਏ ਸੰਤਾਂ ਦਾ ਸਿਰੋਪਾਓ ਦੇ ਕੇ ਧੰਨਵਾਦ ਕਰ ਦਿੱਤਾ ਗਿਆ ਤੇ ਇਹ ਕਿਹਾ ਗਿਆ ਕਿ ਬਾਕੀ ਸੰਤ ਆਪਣੇ ਸੁਝਾਅ 11 ਮੈਂਬਰੀ ਕਮੇਟੀ ਬਣਾ ਕੇ ਉਸ ਕਮੇਟੀ ਰਾਹੀਂ ਦੇਣ।
ਇਸ ਸਮੇਂ ਮੁੱਖ ਮੰਤਰੀ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ 500 ਬਿਸਤਰਿਆਂ ਵਾਲਾ ਹਸਪਤਾਲ ਵੀ ਸੁਲਤਾਨਪੁਰ ਲੋਧੀ 'ਚ ਖੋਲ੍ਹਣ ਦੀ ਬਜਾਏ ਗੁਰਦਾਸਪੁਰ 'ਚ ਖੋਲ੍ਹਣ ਲਈ ਐਲਾਨ ਕਰ ਦਿੱਤਾ ਗਿਆ, ਜਿਸ ਨੂੰ ਲੈ ਕੇ ਸੁਲਤਾਨਪੁਰ ਲੋਧੀ ਦੀਆਂ ਸੰਗਤਾਂ 'ਚ ਕਾਫੀ ਨਿਰਾਸ਼ਾ ਪਾਈ ਜਾ ਰਹੀ ਹੈ। ਦੱਸ ਦਈਏ ਕਿ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਵੀ ਸੁਲਤਾਨਪੁਰ ਲੋਧੀ 'ਚ ਵੱਡਾ ਮਲਟੀਸਪੈਸ਼ਲਿਟੀ ਹਸਪਤਾਲ ਖੋਲ੍ਹਣ ਦੀ ਮੰਗ ਨੂੰ ਅਣਗੌਲਿਆਂ ਕਰ ਚੁੱਕੇ ਹਨ ਅਤੇ ਹੁਣ ਕੈਪਟਨ ਸਾਹਿਬ ਵੀ ਹਸਪਤਾਲ ਗੁਰਦਾਸਪੁਰ 'ਚ ਖੋਲ੍ਹਣ ਦਾ ਐਲਾਨ ਕਰ ਗਏ, ਸੁਲਤਾਨਪੁਰ ਲੋਧੀ 'ਚ ਸਿਹਤ ਸਹੂਲਤਾਂ ਲਈ ਕੋਈ ਧਿਆਨ ਨਹੀ ਦਿੱਤਾ ਗਿਆ। 550 ਸਾਲਾ ਪ੍ਰਕਾਸ਼ ਪੁਰਬ ਮੌਕੇ ਕਰਵਾਏ ਜਾਣ ਵਾਲੇ ਸਮਾਗਮਾਂ ਦੀ ਰੂਪ ਰੇਖਾ ਉਲੀਕਣ ਤੇ ਸੁਝਾਅ ਲੈਣ ਲਈ ਸੰਤ ਸਮਾਜ ਨਾਲ ਕੀਤੀ ਮੀਟਿੰਗ 'ਚ ਲੋਕਲ ਪੱਤਰਕਾਰਾਂ ਨੂੰ ਰੋਕਣ ਲਈ ਦਿੱਤੇ ਗਏ ਆਦੇਸ਼ਾਂ ਦੀ ਸਖਤ ਨਿਖੇਧੀ ਕਰਦੇ ਹੋਏ ਪ੍ਰੈੱਸ ਕਲੱਬ ਸੁਲਤਾਨਪੁਰ ਲੋਧੀ ਨੇ ਵੀ ਨਿੰਦਾ ਮਤਾ ਪਾਸ ਕੀਤਾ ਹੈ ਅਤੇ ਇਸ ਕਾਰਵਾਈ ਨੂੰ ਪ੍ਰੈਸ ਦੀ ਆਜ਼ਾਦੀ 'ਤੇ ਹਮਲਾ ਕਰਾਰ ਦਿੱਤਾ । ਮੁੱਖ ਮੰਤਰੀ ਪੰਜਾਬ ਵਲੋਂ ਸਿਰਫ ਸਥਾਨਕ ਪ੍ਰੈੱਸ ਨੂੰ ਹੀ ਅਣਗੌਲਿਆ ਨਹੀਂ ਕੀਤਾ ਗਿਆ ਸਗੋਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸੁਲਤਾਨਪੁਰ ਲੋਧੀ 'ਚ ਸੁਸ਼ੋਭਿਤ ਪਾਵਨ ਅਸਥਾਨਾਂ 'ਤੇ ਨਤਮਸਤਕ ਨਾ ਹੋ ਕੇ ਗੁਰੂ ਘਰਾਂ ਨੂੰ ਵੀ ਅਣਗੌਲਿਆਂ ਕੀਤਾ ਗਿਆ ਜਿਸਦੀ ਕਾਫੀ ਚਰਚਾ ਹੋ ਰਹੀ ਹੈ।
ਬੀ. ਐੱਸ. ਐੱਫ. ਦੀ ਭਰਤੀ ਵੇਖਣ ਆਏ ਲੋਕਾਂ ਨੇ ਚੌਕ 'ਚ ਫੈਲਾਈ ਗੰਦਗੀ
NEXT STORY