ਪਟਿਆਲਾ (ਬਲਜਿੰਦਰ) - ਮੋਦੀ ਸਰਕਾਰ ਦਾ 3 ਸਾਲਾਂ ਦਾ ਰਿਪੋਰਟ ਕਾਰਡ ਪੇਸ਼ ਕਰਨ ਲਈ ਪਹੁੰਚੇ ਭਾਜਪਾ ਆਗੂ ਅਤੇ ਜੰਮੂ-ਕਸ਼ਮੀਰ ਦੇ ਉਪ ਮੁੱਖ ਮੰਤਰੀ ਨਿਰਮਲ ਸਿੰਘ ਨੇ ਦਾਅਵਾ ਕੀਤਾ ਕਿ ਪਵਿੱਤਰ ਅਮਰਨਾਥ ਯਾਤਰਾ ਲਈ ਜੰਮੂ-ਕਸ਼ਮੀਰ ਸਰਕਾਰ ਨੇ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਹੋਏ ਹਨ। ਇਸ ਲਈ ਦੇਸ਼-ਵਾਸੀ ਬਾਬਾ ਬਰਫਾਨੀ ਦੇ ਦਰਸ਼ਨ ਕਰਨ ਲਈ ਬੇਖੌਫ ਹੋ ਕੇ ਜਾਣ। ਉਹ ਸਰਕਟ ਹਾਊਸ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ।
ਉਨ੍ਹਾਂ ਮੋਦੀ ਸਰਕਾਰ ਦਾ 3 ਸਾਲਾਂ ਦਾ ਰਿਪੋਰਟ ਕਾਰਡ ਪੇਸ਼ ਕਰਦਿਆਂ ਸਾਫ ਕੀਤਾ ਕਿ ਜੰਮੂ-ਕਸ਼ਮੀਰ ਵਿਚ ਹਾਲਾਤ ਕੁੱਝ ਬਿਹਤਰ ਹੋਏ ਹਨ। ਜਿੱਥੋਂ ਤੱਕ ਸ਼੍ਰੀ ਅਮਰਨਾਥ ਯਾਤਰਾ ਦਾ ਸਵਾਲ ਹੈ, ਉਸ ਲਈ ਇਸ ਵਾਰ ਅਲੱਗ ਤੋਂ ਸੁਰੱਖਿਆ ਬਲ ਤਾਇਨਾਤ ਕੀਤੇ ਗਏ ਹਨ। ਯਾਤਰੀਆਂ ਦੀ ਸੁਰੱਖਿਆ ਵਾਸਤੇ ਤਿੰਨ ਲੇਅਰਾਂ ਬਣਾਈਆਂ ਗਈਆਂ ਹਨ। ਪਰਬਤਾਂ ਦੀਆਂ ਚੋਟੀਆਂ 'ਤੇ ਆਰਮੀ ਤਾਇਨਾਤ ਰਹੇਗੀ।
ਵਿਚਕਾਰ ਪੈਰਾ-ਮਿਲਟਰੀ ਫੋਰਸ ਅਤੇ ਥੱਲੇ ਸੜਕਾਂ 'ਤੇ ਜੰਮੂ-ਕਸ਼ਮੀਰ ਪੁਲਸ ਤਾਇਨਾਤ ਰਹੇਗੀ। ਜੰਮੂ-ਕਸ਼ਮੀਰ ਦੇ ਉਪ ਮੁੱਖ ਮੰਤਰੀ ਨੇ ਦਾਅਵਾ ਕੀਤਾ ਕਿ ਸੂਬੇ ਵਿਚ ਪੀ. ਡੀ. ਪੀ. ਅਤੇ ਭਾਜਪਾ ਸਰਕਾਰ ਨੇ ਸ਼ਾਂਤੀ ਬਹਾਲ ਕੀਤੀ ਹੈ। ਪਹਿਲੀ ਵਾਰ ਵੱਖਵਾਦੀਆਂ 'ਤੇ ਸ਼ਿਕੰਜਾ ਕੱਸਿਆ ਗਿਆ ਹੈ। ਪਿਛਲੇ ਸਾਲਾਂ ਵਿਚ ਦਰਜਨਾਂ ਅੱਤਵਾਦੀ ਮਾਰ ਦਿੱਤੇ ਗਏ ਹਨ।
ਨਿਰਮਲ ਸਿੰਘ ਨੇ ਕਿਹਾ ਕਿ ਲੰਘੇ ਤਿੰਨ ਸਾਲਾਂ ਵਿਚ ਮੋਦੀ ਸਰਕਾਰ ਨੇ ਲੋਕਾਂ ਦੀਆਂ ਭਲਾਈ ਲਈ 106 ਵੱਡੀਆਂ ਸਕੀਮਾਂ ਚਲਾਈਆਂ ਹਨ। ਕਾਲੇ ਧਨ 'ਤੇ ਸ਼ਿਕੰਜਾ ਕੱਸਣ ਤੋਂ ਇਲਾਵਾ ਅੱਜ ਦੇਸ਼ ਆਈ. ਟੀ. ਖੇਤਰ ਵਿਚ ਦੁਨੀਆ ਦੀ ਨੰਬਰ ਵਨ ਤਾਕਤ ਬਣਨ ਜਾ ਰਿਹਾ ਹੈ। ਗਰੀਬਾਂ ਦੇ ਬੈਂਕਾਂ ਵਿਚ ਖਾਤੇ ਖੋਲ੍ਹੇ ਗਏ। ਚਾਰੇ ਪਾਸੇ ਪਾਰਦਰਸ਼ੀ ਪ੍ਰਸ਼ਾਸਨ ਦਿੱਤਾ ਜਾ ਰਿਹਾ ਹੈ। ਦੇਸ਼ ਵਿਚ 'ਸਵੱਛ ਭਾਰਤ' ਵਰਗੀ ਮੁਹਿੰਮ ਨਾਲ ਸੁੰਦਰਤਾ ਵਧੀ ਹੈ। ਅੰਤਰਰਾਸ਼ਟਰੀ ਪੱਧਰ 'ਤੇ ਭਾਰਤ ਦਾ ਰੁਤਬਾ ਵਧਿਆ ਹੈ। ਇਸ ਮੌਕੇ ਭਾਜਪਾ ਸੂਬਾ ਮੀਤ ਪ੍ਰਧਾਨ ਅਨਿਲ ਸਰੀਨ, ਜੀਵਨ ਗੁਪਤਾ ਭਾਜਪਾ ਸੂਬਾ ਜਨਰਲ ਸਕੱਤਰ, ਸਾਬਕਾ ਚੇਅਰਮੈਨ ਭੁਪੇਸ਼ ਅਗਰਵਾਲ, ਜ਼ਿਲਾ ਪ੍ਰਧਾਨ ਐੈੱਸ. ਕੇ. ਦੇਵ, ਰਾਜ ਕੁਮਾਰ ਪਾਠੀ, ਸੂਬਾ ਸਕੱਤਰ ਗੁਰਤੇਜ ਢਿੱਲੋਂ, ਸੀਨੀਅਰ ਡਿਪਟੀ ਮੇਅਰ ਜਗਦੀਸ਼ ਰਾਏ ਚੌਧਰੀ, ਡਿਪਟੀ ਮੇਅਰ ਹਰਿੰਦਰ ਕੋਹਲੀ, ਸਾਬਕਾ ਜ਼ਿਲਾ ਪ੍ਰਧਾਨ ਅਤੇ ਸਾਬਕਾ ਡਿਪਟੀ ਮੇਅਰ ਅਨਿਲ ਬਜਾਜ, ਸਾਬਕਾ ਪ੍ਰਧਾਨ ਐਡਵੋਕੇਟ ਰਾਮ ਕੁਮਾਰ ਗੋਇਲ, ਜਨਰਲ ਸਕੱਤਰ ਰਮੇਸ਼ ਵਰਮਾ, ਅਵਤਾਰ ਹੈਪੀ, ਵਰੁਣ ਤੇ ਅਕਾਲੀ ਆਗੂ ਜਸਵਿੰਦਰ ਸਿੰਘ ਚੀਮਾ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ।
ਕਰਜ਼ੇ ਤੋਂ ਪ੍ਰੇਸ਼ਾਨ 2 ਵਿਅਕਤੀਆਂ ਵੱਲੋਂ ਆਤਮ-ਹੱਤਿਆ
NEXT STORY