ਮਾਛੀਵਾੜਾ ਸਾਹਿਬ (ਟੱਕਰ) : ਹਲਕਾ ਸਮਰਾਲਾ ਦੇ ਵਿਧਾਇਕ ਅਮਰੀਕ ਸਿੰਘ ਢਿੱਲੋਂ ਵਲੋਂ ਮਾਛੀਵਾੜਾ ਇਲਾਕੇ 'ਚ ਵਪਾਰ ਨੂੰ ਵਧਾਉਣ ਲਈ ਜਲਦ ਹੀ ਇੱਕ ਨਵੀਂ ਪਸ਼ੂ ਮੰਡੀ ਖੋਲ੍ਹਣ ਦਾ ਐਲਾਨ ਕੀਤਾ ਹੈ। ਇਸ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਧਾਇਕ ਢਿੱਲੋਂ ਨੇ ਕਿਹਾ ਕਿ ਨਗਰ ਕੌਂਸਲ ਦੀ ਕਰੀਬ 20 ਏਕੜ ਜ਼ਮੀਨ ਜੋ ਕਿ ਬਲੀਬੇਗ ਬਸਤੀ ਨੇੜ੍ਹੇ ਪਈ ਹੈ, ਉਸ 'ਚ ਪਸ਼ੂ ਮੰਡੀ ਖੋਲ੍ਹਣ ਦੀ ਤਜਵੀਜ਼ ਤਿਆਰ ਕੀਤੀ ਜਾ ਰਹੀ ਹੈ।
ਉਨ੍ਹਾਂ ਦੱਸਿਆ ਕਿ ਪਸ਼ੂ ਮੰਡੀ ਖੋਲ੍ਹਣ ਲਈ ਪੰਜਾਬ ਦੇ ਕੈਬਨਿਟ ਮੰਤਰੀ ਬਲਬੀਰ ਸਿੰਘ ਸਿੱਧੂ ਵਲੋਂ ਹਰੀ ਝੰਡੀ ਦੇ ਦਿੱਤੀ ਹੈ ਅਤੇ ਨਗਰ ਕੌਂਸਲ ਮਾਛੀਵਾੜਾ ਇਸ ਸਬੰਧੀ ਮਤਾ ਪਾ ਕੇ ਦੇਵੇ ਤਾਂ ਜੋ ਸ਼ਾਮਲਾਤ ਪਈ 20 ਏਕੜ ਜ਼ਮੀਨ ਵਿਚ ਇੱਥੇ ਪਸ਼ੂਆਂ ਦਾ ਵਪਾਰ ਸ਼ੁਰੂ ਹੋ ਸਕੇ। ਉਨ੍ਹਾਂ ਦੱਸਿਆ ਕਿ ਪਸ਼ੂ ਮੰਡੀ ਖੁੱਲ੍ਹਣ ਨਾਲ ਨਗਰ ਕੌਂਸਲ ਮਾਛੀਵਾੜਾ ਨੂੰ ਹਰੇਕ ਸਾਲ 20 ਲੱਖ ਰੁਪਏ ਦੀ ਆਮਦਨ ਦਾ ਵਾਧਾ ਹੋਵੇਗਾ, ਜਿਸ ਨਾਲ ਸ਼ਹਿਰ ਦੇ ਵਿਕਾਸ ਕਾਰਜ ਹੋਣਗੇ। ਵਿਧਾਇਕ ਢਿੱਲੋਂ ਨੇ ਕਿਹਾ ਕਿ ਮਾਛੀਵਾੜਾ ਬੇਟ ਖੇਤਰ ਦੇ ਪਿੰਡਾਂ ਦੇ ਲੋਕ ਜੋ ਕਿ ਪਸ਼ੂਆਂ ਦਾ ਕਾਰੋਬਾਰ ਕਰਦੇ ਹਨ ਅਤੇ ਇਸ ਵਪਾਰ ਨੂੰ ਹੋਰ ਪ੍ਰਫੁਲਿੱਤ ਕਰਨ ਤੇ ਲੋਕ ਹਿੱਤਾਂ ਲਈ ਉਨ੍ਹਾਂ ਇਹ ਤਜਵੀਜ਼ ਤਿਆਰ ਕੀਤੀ ਹੈ। ਉਨ੍ਹਾਂ ਦੱਸਿਆ ਕਿ ਅਗਲੇ ਸਾਲ ਤੱਕ ਮਾਛੀਵਾੜਾ ਵਿਚ ਪਸ਼ੂ ਮੰਡੀ ਸ਼ੁਰੂ ਹੋ ਜਾਵੇਗੀ।
ਨੈਸ਼ਨਲ ਕਾਲਜ ਫਾਰ ਵਿਮੈਨ ਨੂੰ ਸਰਕਾਰੀ ਕਾਲਜ ਦਾ ਦਰਜਾ ਦਿਵਾਉਣ ਦੇ ਵਾਅਦੇ ਸਬੰਧੀ ਉਨ੍ਹਾਂ ਕਿਹਾ ਕਿ ਇਹ ਲੋਕਾਂ ਨਾਲ ਕੀਤਾ ਵਾਅਦਾ ਹਰ ਹਾਲਤ ਵਿਚ ਪੂਰਾ ਹੋਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਇਸ ਕਾਲਜ ਨੂੰ ਸਰਕਾਰੀ ਕਾਲਜ ਦਾ ਦਰਜ਼ਾ ਦੇਣ ਲਈ ਪ੍ਰਵਾਨਗੀ ਦੀ ਪ੍ਰਕਿਰਿਆ ਮੁਕੰਮਲ ਹੋ ਚੁੱਕੀ ਹੈ ਅਤੇ ਸੰਭਾਵਨਾ ਹੈ ਜੁਲਾਈ ਤੋਂ ਬਾਅਦ ਅਗਲੇ ਸੈਸ਼ਨ ਵਿਚ ਇੱਥੇ ਸਰਕਾਰੀ ਕਾਲਜ ਤੌਰ 'ਤੇ ਪੜ੍ਹਾਈ ਸ਼ੁਰੂ ਹੋਵੇਗੀ ਜਿਸ ਨਾਲ ਇਲਾਕੇ ਦੇ ਵਿਦਿਆਰਥੀਆਂ ਨੂੰ ਘੱਟ ਫੀਸਾਂ 'ਤੇ ਮਿਆਰੀ ਤੇ ਉਚ ਸਿੱਖਿਆ ਪ੍ਰਾਪਤ ਹੋਵੇਗੀ। ਹਲਕਾ ਸਮਰਾਲਾ ਦੇ ਪਿੰਡਾਂ ਦੀਆਂ ਪੰਚਾਇਤਾਂ ਕੋਲ ਪਈ ਸ਼ਾਮਲਾਤ ਜਮੀਨਾਂ ਦੀ ਆਮਦਨ ਵਧਾਉਣ ਬਾਰੇ ਉਨ੍ਹਾਂ ਕਿਹਾ ਕਿ ਇਨ੍ਹਾਂ ਜਮੀਨਾਂ ਵਿਚ ਫਸਲ ਦੀ ਸਿੰਚਾਈ ਦਾ ਸਾਧਨ ਨਾ ਹੋਣ ਕਾਰਨ ਚਕੌਤੇ ਦੇ ਰੇਟ ਬਹੁਤ ਘੱਟ ਹਨ ਇਸ ਲਈ ਪੰਚਾਇਤਾਂ ਮਤੇ ਪਾ ਕੇ ਲਿਆਉਣ ਜਿਨ੍ਹਾਂ ਵੀ ਪਿੰਡਾਂ 'ਚ ਨਵੇਂ ਮੋਟਰ ਕੁਨੈਕਸ਼ਨਾਂ ਦੀ ਲੋੜ ਹੈ ਉਥੇ ਉਹ ਸਰਕਾਰ ਤੋਂ ਪ੍ਰਵਾਨਗੀ ਲਿਆ ਕੇ ਇਹ ਖੇਤੀਬਾੜੀ ਕੁਨੈਕਸ਼ਨ ਲਗਵਾ ਦਿੱਤੇ ਜਾਣਗੇ। ਵਿਧਾਇਕ ਢਿੱਲੋਂ ਨੇ ਕਿਹਾ ਕਿ ਉਨ੍ਹਾਂ ਦਾ ਟੀਚਾ ਹੈ ਹਲਕਾ ਸਮਰਾਲਾ 'ਚ ਪੰਚਾਇਤੀ ਜਮੀਨਾਂ ਲਈ 200 ਨਵੇਂ ਮੋਟਰ ਕੁਨੈਕਸ਼ਨ ਲਿਆਂਦੇ ਜਾਣ ਜਿਸ ਨਾਲ ਪਿੰਡਾਂ ਦੀ 5 ਕਰੋੜ ਤੋਂ ਵੱਧ ਸਲਾਨਾ ਆਮਦਨ ਵਧੇਗੀ ਅਤੇ ਵਿਕਾਸ ਕਾਰਜ਼ਾਂ ਵਿਚ ਤੇਜ਼ੀ ਆਵੇਗੀ।
ਧੂਰੀ ਵਾਸੀ ਗੰਦੇ ਪਾਣੀ ਕਾਰਨ ਹੋਏ ਪਰੇਸ਼ਾਨ, ਭਗਵੰਤ ਮਾਨ ਨੇ ਲਈ ਸਾਰ
NEXT STORY