ਅੰਮ੍ਰਿਤਸਰ (ਸੰਜੀਵ) : 5 ਰਾਜਾਂ ਦੀਆਂ ਹੋਈਆਂ ਵਿਧਾਨ ਸਭਾ ਚੋਣਾਂ 'ਚ ਭਾਜਪਾ ਨੂੰ ਕਾਂਗਰਸ ਹੱਥੋਂ ਹੋਈ ਕਰਾਰੀ ਹਾਰ ਅਤੇ 3 ਹਿੰਦੀ ਭਾਸ਼ਾਈ ਰਾਜਾਂ 'ਚੋਂ ਸਫਾਇਆ ਹੋਣ ਤੋਂ ਬਾਅਦ ਭਾਜਪਾ ਦਾ ਅੰਦਰੂਨੀ ਕਾਟੋ-ਕਲੇਸ਼ ਤੇਜ਼ ਹੁੰਦਾ ਜਾ ਰਿਹਾ ਹੈ ਅਤੇ ਇਸ ਹਾਰ ਦਾ ਠੀਕਰਾ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਅਮਿਤ ਸ਼ਾਹ ਸਿਰ ਭੰਨਣ ਵਿਚ ਉਨ੍ਹਾਂ ਦੇ ਵਿਰੋਧੀ ਕੋਈ ਵੀ ਮੌਕਾ ਨਹੀਂ ਖੁੰਝਾ ਰਹੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਅਮਿਤ ਸ਼ਾਹ ਦੀ ਤਾਨਾਸ਼ਾਹੀ ਤੋਂ ਤੰਗ ਪਾਰਟੀ ਦੇ ਕਈ ਮੰਤਰੀਆਂ ਤੇ ਸੀਨੀਅਰ ਸੰਸਦ ਮੈਂਬਰਾਂ ਜੋ ਕਿ ਲੰਬੇ ਸਮੇਂ ਤੋਂ ਅਜਿਹੇ ਮੌਕੇ ਦੀ ਤਲਾਸ਼ ਵਿਚ ਸਨ, ਹੁਣ ਇਕਦਮ ਅੱਗੇ ਆ ਕੇ ਬਿਆਨਬਾਜ਼ੀ ਕਰ ਰਹੇ ਹਨ ਤੇ ਉਨ੍ਹਾਂ ਦੇ ਸਮਰਥਕ ਸੋਸ਼ਲ ਮੀਡੀਆ 'ਤੇ ਪਾਰਟੀ ਦੀ ਅਗਵਾਈ ਕਰਨ ਵਾਲਿਆਂ 'ਤੇ ਉਂਗਲਾਂ ਉਠਾ ਰਹੇ ਹਨ। ਪਾਰਟੀ ਦੇ ਸੀਨੀਅਰ ਆਗੂ ਲਾਲ ਕ੍ਰਿਸ਼ਨ ਅਡਵਾਨੀ, ਮੁਰਲੀ ਮਨੋਹਰ ਜੋਸ਼ੀ, ਪ੍ਰਵੀਨ ਤੋਗੜੀਆ, ਜਸਵੰਤ ਸਿਨਹਾ, ਸ਼ਤਰੂਘਨ ਸਿਨਹਾ ਆਦਿ ਨੂੰ ਨੁਕਰੇ ਲਾਉਣ 'ਚ ਕਾਮਯਾਬ ਰਹੇ ਮੋਦੀ ਤੇ ਸ਼ਾਹ ਹੁਣ ਵਿਰੋਧੀਆਂ ਦੇ ਪੂਰੀ ਤਰ੍ਹਾਂ ਨਿਸ਼ਾਨੇ 'ਤੇ ਹਨ। ਆਪਣੀ ਵਿਲੱਖਣ ਕਾਰਗੁਜ਼ਾਰੀ ਕਰ ਕੇ ਚਰਚਾ 'ਚ ਰਹਿਣ ਵਾਲੇ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਇਸ ਹਾਰ ਤੋਂ ਬਾਅਦ ਪਾਰਟੀ ਦੀ ਅਗਵਾਈ ਕਰਨ ਵਾਲਿਆਂ ਨੂੰ ਕਟਹਿਰੇ 'ਚ ਖੜ੍ਹਾ ਕਰ ਦਿੱਤਾ ਹੈ।
ਮਹਾਰਾਸ਼ਟਰ 'ਚ ਹੋਏ ਇਕ ਪ੍ਰੋਗਰਾਮ ਦੌਰਾਨ ਗਡਕਰੀ ਨੇ ਕਿਹਾ ਕਿ ਜੇਕਰ ਜਿੱਤ ਦਾ ਸਿਹਰਾ ਆਪਣੇ ਸਿਰ ਸਾਰੇ ਬੰਨ੍ਹਦੇ ਹਨ ਤਾਂ ਹਾਰ ਦੀ ਜ਼ਿੰਮੇਵਾਰੀ ਵੀ ਲੈਣੀ ਚਾਹੀਦੀ ਹੈ। ਇਸ ਤੋਂ ਬਾਅਦ ਉਨ੍ਹਾਂ ਫਿਰ ਸਵਾਲ ਉਠਾਉਂਦਿਆਂ ਕਿਹਾ ਕਿ ਜੇਕਰ ਕੋਈ ਸੰਸਦ ਮੈਂਬਰ ਤੇ ਵਿਧਾਇਕ ਬਿਹਤਰ ਪ੍ਰਦਰਸ਼ਨ ਨਹੀਂ ਕਰਦਾ ਤਾਂ ਇਸ ਦੀ ਜ਼ਿੰਮੇਵਾਰੀ ਪਾਰਟੀ ਮੁਖੀ ਦੀ ਹੁੰਦੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਸਿਰਫ ਚੰਗਾ ਬੋਲਣ ਨਾਲ ਹੀ ਚੋਣਾਂ ਨਹੀਂ ਜਿੱਤੀਆਂ ਜਾ ਸਕਦੀਆਂ। ਇਸ ਤਰ੍ਹਾਂ ਦੇ ਬਿਆਨ ਦੇ ਕੇ ਗਡਕਰੀ ਨੇ ਭਾਜਪਾ ਵਿਚ ਹਲਚਲ ਮਚਾ ਦਿੱਤੀ ਹੈ। ਉਧਰ ਦੂਜੇ ਪਾਸੇ ਸੋਸ਼ਲ ਮੀਡੀਆ 'ਤੇ ਗਡਕਰੀ ਨੂੰ ਪ੍ਰਧਾਨ ਮੰਤਰੀ ਦੇ ਚਿਹਰੇ ਵਜੋਂ ਪੇਸ਼ ਕਰਨ ਦੀ ਵੀ ਮੰਗ ਬੜੇ ਜ਼ੋਰਦਾਰ ਢੰਗ ਨਾਲ ਉਠਾਈ ਜਾ ਰਹੀ ਹੈ। ਇਸੇ ਤਰ੍ਹਾਂ ਕਿਸੇ ਵੇਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਗੁਜਰਾਤ 'ਚ ਇਕੱਠੇ ਕੰਮ ਕਰਨ ਵਾਲੇ ਪਾਰਟੀ ਦੇ ਸਾਬਕਾ ਰਾਸ਼ਟਰੀ ਮਹਾਮੰਤਰੀ ਸੰਗਠਨ ਸੰਜੇ ਜੋਸ਼ੀ ਦੇ ਸਮਰਥਕਾਂ ਨੇ ਵੀ ਸੋਸ਼ਲ ਮੀਡੀਆਂ 'ਤੇ ਜੋਸ਼ੀ ਨੂੰ ਪਾਰਟੀ ਦੀ ਕਮਾਂਡ ਦੇਣ ਦੀ ਗੱਲ ਕਹੀ ਹੈ। ਜੋਸ਼ੀ ਸਮਰਥਕਾਂ ਨੂੰ ਅੰਦਰਖਾਤੇ ਮੋਦੀ ਤੇ ਅਮਿਤ ਸ਼ਾਹ ਵਿਰੋਧੀ ਗੁੱਟਾਂ ਦੀ ਹਮਾਇਤ ਹਾਸਲ ਹੈ ਤੇ ਇਸ ਸਭ ਕਰ ਕੇ ਆਰ. ਐੱਸ. ਐੱਸ. ਮੁਖੀ ਮੋਹਨ ਭਾਗਵਤ 'ਤੇ ਇਹ ਦਬਾਅ ਪਾਇਆ ਜਾ ਰਿਹਾ ਹੈ ਕਿ ਭਾਜਪਾ ਦੀ ਵਾਗਡੋਰ ਹੁਣ ਅਮਿਤ ਸ਼ਾਹ ਹੱਥੋਂ ਲਈ ਜਾਵੇ। ਗਡਕਰੀ ਤੇ ਜੋਸ਼ੀ ਦੇ ਆਪਸੀ ਸਬੰਧ ਤੇ ਮਿੱਤਰਤਾ ਵੀ ਅਮਿਤ ਸ਼ਾਹ ਲਈ ਖਤਰੇ ਦੀ ਘੰਟੀ ਹੈ। ਸੰਘ ਹੁਣ ਅਜਿਹਾ ਫਾਰਮੂਲਾ ਲੱਭ ਰਿਹਾ ਹੈ ਕਿ ਕਿਵੇਂ ਪਾਰਟੀ ਵਿਚ ਸੰਜੇ ਜੋਸ਼ੀ ਤੇ ਗਡਕਰੀ ਸਣੇ ਅਮਿਤ ਸ਼ਾਹ ਵਿਰੋਧੀ ਧੜੇ ਨੂੰ ਸ਼ਾਂਤ ਕੀਤਾ ਜਾ ਸਕੇ।
ਕੌਣ ਹੈ ਸੰਜੇ ਜੋਸ਼ੀ?
1995 ਅਤੇ 1998 'ਚ ਗੁਜਰਾਤ ਵਿਚ ਭਾਜਪਾ ਦੀ ਸਰਕਾਰ ਬਣਾਉਣ ਵਿਚ ਸੰਜੇ ਜੋਸ਼ੀ ਦਾ ਅਹਿਮ ਯੋਗਦਾਨ ਰਿਹਾ ਹੈ ਤੇ ਉਨ੍ਹਾਂ 9 ਰਾਜਾਂ 'ਚ ਭਾਜਪਾ ਨੂੰ ਸੱਤਾ ਦਿਵਾਉਣ ਵਿਚ ਵੀ ਅਹਿਮ ਰੋਲ ਨਿਭਾਇਆ। ਸੰਜੇ ਜੋਸ਼ੀ 13 ਸਾਲਾਂ ਤੱਕ ਗੁਜਰਾਤ ਵਿਚ ਰਹੇ, ਜਿਥੇ ਰਹਿੰਦਿਆਂ ਉਨ੍ਹਾਂ ਤੇ ਮੋਦੀ ਵਿਚਕਾਰ ਮਨ-ਮੁਟਾਅ ਸ਼ੁਰੂ ਹੋ ਗਿਆ ਸੀ। ਇਸੇ ਕਰ ਕੇ ਹੀ 2012 ਵਿਚ ਸੰਜੇ ਜੋਸ਼ੀ ਨੂੰ ਪਾਰਟੀ ਦੀ ਰਾਸ਼ਟਰੀ ਕਾਰਜਕਾਰਨੀ ਤੇ ਯੂ. ਪੀ. ਇੰਚਾਰਜੀ ਤੋਂ ਅਸਤੀਫਾ ਦੇਣਾ ਪਿਆ ਸੀ ਪਰ ਉਹ ਲਗਾਤਾਰ ਸੰਘ ਨਾਲ ਜੁੜੇ ਰਹੇ। ਅੱਜ ਵੀ ਉਨ੍ਹਾਂ ਦਾ ਗਰਾਊਂਡ ਪੱਧਰ ਦੇ ਪਾਰਟੀ ਵਰਕਰਾਂ ਨਾਲ ਪੂਰਾ ਤਾਲਮੇਲ ਹੈ ਤੇ ਵਰਕਰਾਂ 'ਚ ਉਨ੍ਹਾਂ ਦੀ ਲੋਕਪ੍ਰਿਯਤਾ ਤੋਂ ਸੰਘ ਵੀ ਪੂਰੀ ਤਰ੍ਹਾਂ ਵਾਕਿਫ ਹੈ।
ਫਤਿਹਗੜ੍ਹ ਸਾਹਿਬ ਅੱਜ ਨਤਮਸਤਕ ਹੋਣਗੇ ਕੈਪਟਨ
NEXT STORY