ਅੰਮ੍ਰਿਤਸਰ (ਮਹਿੰਦਰ) : ਇਕ ਲੜਕੀ ਨੂੰ ਵਿਆਹ ਦਾ ਝਾਂਸਾ ਦੇ ਕੇ ਉਸ ਨੂੰ ਭਜਾ ਲਿਜਾਣ ਦੇ ਦੋਸ਼ 'ਚ ਉਸ ਦੇ ਪਿਉ ਨੇ ਕਥਿਤ ਮੁਲਜ਼ਮ ਖਿਲਾਫ ਮੁਕੱਦਮਾ ਦਰਜ ਕਰਵਾਇਆ ਸੀ। ਸ਼ਿਕਾਇਤਕਰਤਾ ਦੀ ਧੀ ਨੇ ਸ਼ੁਰੂ ਤੋਂ ਹੀ ਨਾ ਸਿਰਫ ਕਥਿਤ ਮੁਲਜ਼ਮ ਦਾ ਬਚਾਅ ਕੀਤਾ, ਸਗੋਂ ਉਸ ਦੇ ਨਾਲ ਹੀ ਆਪਣਾ ਘਰ ਵਸਾ ਲਿਆ ਹੋਇਆ ਸੀ। ਇਕ ਪਾਸੇ ਕਥਿਤ ਮੁਲਜ਼ਮ ਖਿਲਾਫ ਅਦਾਲਤ 'ਚ ਮਾਮਲੇ ਦੀ ਸੁਣਵਾਈ ਚੱਲ ਰਹੀ ਸੀ, ਇਸੇ ਦੌਰਾਨ ਪੀੜਤ ਦੱਸੀ ਗਈ ਲੜਕੀ ਇਕ ਬੱਚੇ ਨੂੰ ਜਨਮ ਦੇਣ ਦੇ ਨਾਲ-ਨਾਲ ਕਥਿਤ ਮੁਲਜ਼ਮ ਦੇ ਨਾਲ ਹੀ ਰਹਿ ਰਹੀ ਸੀ, ਜੋ ਉਸ ਨੂੰ ਮੁਲਜ਼ਮ ਮੰਨਣ ਦੀ ਬਜਾਏ ਆਪਣਾ ਪਤੀ ਹੀ ਮੰਨ ਰਹੀ ਸੀ। ਅਜਿਹੇ 'ਚ ਵਧੀਕ ਜ਼ਿਲਾ ਅਤੇ ਸੈਸ਼ਨ ਜੱਜ ਐੱਸ. ਐੱਸ. ਧਾਲੀਵਾਲ ਦੀ ਅਦਾਲਤ ਨੇ ਸਾਰੇ ਪਹਿਲੂਆਂ ਨੂੰ ਬਾਰੀਕੀ ਨਾਲ ਦੇਖਦਿਆਂ ਕਥਿਤ ਮੁਲਜ਼ਮ ਨੂੰ ਬਰੀ ਕਰ ਦਿੱਤਾ।
ਮਾਮਲੇ ਦੇ ਹਾਲਾਤ
ਇਕ ਵਿਅਕਤੀ ਨੇ 1-2-2017 ਨੂੰ ਥਾਣਾ ਛੇਹਰਟਾ 'ਚ ਸ਼ਿਕਾਇਤ ਕਰ ਕੇ ਆਪਣੇ ਬਿਆਨ ਦਰਜ ਕਰਵਾਏ ਸਨ ਕਿ 28-1-2017 ਨੂੰ ਸ਼ਾਮ ਕਰੀਬ 7.30 ਵਜੇ ਉਸ ਦੇ ਬੇਟੇ ਨੇ ਫੋਨ 'ਤੇ ਜਾਣਕਾਰੀ ਦਿੱਤੀ ਸੀ ਕਿ ਉਨ੍ਹਾਂ ਦੀ ਧੀ ਘਰ ਨਹੀਂ ਹੈ। ਸ਼ਿਕਾਇਤਕਰਤਾ ਦਾ ਕਹਿਣਾ ਸੀ ਕਿ ਛੇਹਰਟਾ ਵਾਸੀ ਤੇ ਕਾਲੇ ਘਣੂਪੁਰ ਖੇਤਰ ਵਿਚ ਕਿਰਾਏ 'ਤੇ ਰਹਿ ਰਹੇ ਅਕਾਸ਼ਦੀਪ ਸਿੰਘ ਨੇ ਪਹਿਲਾਂ ਵੀ ਉਸ ਦੀ ਧੀ ਨੂੰ ਰਸਤੇ 'ਚ ਰੋਕਿਆ ਸੀ, ਜਿਸ ਕਾਰਨ ਉਨ੍ਹਾਂ ਦਾ ਆਪਸ ਵਿਚ ਝਗੜਾ ਵੀ ਹੋਇਆ ਸੀ। ਉਸ ਨੂੰ ਪੂਰਾ ਭਰੋਸਾ ਹੈ ਕਿ ਉਹੀ ਉਸ ਦੀ ਧੀ ਨੂੰ ਆਪਣੇ ਨਾਲ ਭਜਾ ਕੇ ਲੈ ਗਿਆ ਹੈ। ਸ਼ਿਕਾਇਤਕਰਤਾ ਨੇ ਆਪਣੀ ਧੀ ਦੀ ਉਮਰ 17 ਸਾਲ 8 ਮਹੀਨੇ ਦੱਸਦਿਆਂ ਕਥਿਤ ਮੁਲਜ਼ਮ ਖਿਲਾਫ ਮੁਕੱਦਮਾ ਦਰਜ ਕਰਵਾ ਕੇ ਉਸ ਨੂੰ ਗ੍ਰਿਫਤਾਰ ਕਰ ਕੇ ਉਸ ਦੀ ਧੀ ਨੂੰ ਉਸ ਦੇ ਚੁੰਗਲ 'ਚੋਂ ਛੁਡਾਉਣ ਦੀ ਅਪੀਲ ਕੀਤੀ ਸੀ। ਇਸ 'ਤੇ ਪੁਲਸ ਨੇ ਧਾਰਾ 363/366-ਏ ਤਹਿਤ ਕਥਿਤ ਮੁਲਜ਼ਮ ਖਿਲਾਫ ਮੁਕੱਦਮਾ ਨੰਬਰ 33/2017 ਦਰਜ ਕਰ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਸੀ।
ਲੜਕੀ ਨੇ ਮੈਡੀਕਲ ਕਰਵਾਉਣ ਤੋਂ ਕੀਤਾ ਸੀ ਮਨ੍ਹਾ
ਪੁਲਸ ਨੇ ਮਾਮਲੇ ਦੀ ਜਾਂਚ ਕਰਦਿਆਂ ਕਥਿਤ ਮੁਲਜ਼ਮ ਨੂੰ ਕਰੀਬ 5 ਮਹੀਨੇ ਬਾਅਦ 1-7-2017 ਗ੍ਰਿਫਤਾਰ ਕਰ ਕੇ ਉਸ ਦੇ ਕਬਜ਼ੇ 'ਚੋਂ ਲੜਕੀ ਨੂੰ ਬਰਾਮਦ ਕਰਨ ਦਾ ਦਾਅਵਾ ਕੀਤਾ ਸੀ। ਕਥਿਤ ਮੁਲਜ਼ਮ ਦਾ ਮੈਡੀਕਲ ਕਰਵਾਉਣ ਦੇ ਨਾਲ-ਨਾਲ ਜਦੋਂ ਲੜਕੀ ਦਾ ਵੀ ਮੈਡੀਕਲ ਕਰਵਾਉਣ ਲਈ ਅਦਾਲਤ ਵੱਲੋਂ ਪੁਲਸ ਨੇ ਮਨਜ਼ੂਰੀ ਹਾਸਲ ਕੀਤੀ ਤਾਂ ਲੜਕੀ ਨੇ ਸੈਕਸ ਸ਼ੋਸ਼ਣ ਦੇ ਲਾਏ ਦੋਸ਼ਾਂ ਨੂੰ ਗਲਤ ਦੱਸਦਿਆਂ ਆਪਣਾ ਮੈਡੀਕਲ ਕਰਵਾਉਣ ਤੋਂ ਸਾਫ਼ ਮਨ੍ਹਾ ਕਰ ਦਿੱਤਾ ਸੀ। ਅਜਿਹਾ ਕਰ ਕੇ ਲੜਕੀ ਨੇ ਉਸ ਸਮੇਂ ਵੀ ਕਿਸੇ ਨਾ ਕਿਸੇ ਤਰ੍ਹਾਂ ਕਥਿਤ ਮੁਲਜ਼ਮ ਦਾ ਬਚਾਅ ਹੀ ਕੀਤਾ ਸੀ। ਮਾਮਲੇ ਦੀ ਸੁਣਵਾਈ ਦੌਰਾਨ ਜਿਥੇ ਸ਼ਿਕਾਇਤਕਰਤਾ ਪਿਉ ਸ਼ੁਰੂ 'ਚ ਮੁਕੱਦਮੇ ਦੀ ਪੂਰੀ ਕੋਸ਼ਿਸ਼ ਕਰਦਾ ਰਿਹਾ, ਉਥੇ ਹੀ ਪੀੜਤ ਦੱਸੀ ਗਈ ਲੜਕੀ ਸ਼ੁਰੂ ਤੋਂ ਹੀ ਕਿਸੇ ਨਾ ਕਿਸੇ ਤਰ੍ਹਾਂ ਕਥਿਤ ਮੁਲਜ਼ਮ ਦਾ ਬਚਾਅ ਹੀ ਕਰਦੀ ਆ ਰਹੀ ਸੀ।
'ਜਦ ਮੀਆਂ-ਬੀਵੀ ਰਾਜ਼ੀ ਤਾਂ ਕੀ ਕਰੇਗਾ ਕਾਜ਼ੀ'
ਇਸ ਮਾਮਲੇ 'ਚ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਜੋ ਹਾਲਤ ਦੇਖੀ ਗਈ, ਉਸ ਨੂੰ ਦੇਖ ਕੇ ਪੁਰਾਣੀ ਕਹਾਵਤ 'ਜਦ ਮੀਆਂ-ਬੀਵੀ ਰਾਜ਼ੀ ਤਾਂ ਕੀ ਕਰੇਗਾ ਕਾਜ਼ੀ' ਇਥੇ ਪੂਰੀ ਤਰ੍ਹਾਂ ਢੁੱਕਦੀ ਦਿਖਾਈ ਦੇ ਰਹੀ ਹੈ। ਲੜਕੀ ਦੇ ਪਰਿਵਾਰ ਵੱਲੋਂ ਭਾਵੇਂ ਕਥਿਤ ਮੁਲਜ਼ਮ ਖਿਲਾਫ ਕਾਨੂੰਨੀ ਕਾਰਵਾਈ ਦੀ ਕੋਸ਼ਿਸ਼ ਕੀਤੀ ਗਈ ਪਰ ਲੜਕੀ ਸ਼ੁਰੂ ਤੋਂ ਲੈ ਕੇ ਮਾਮਲੇ ਦੇ ਫੈਸਲੇ ਤੱਕ ਖੁਦ ਨੂੰ ਬਾਲਗ ਦੱਸਦਿਆਂ ਕਥਿਤ ਮੁਲਜ਼ਮ ਦੇ ਨਾਲ ਹੀ ਖੜ੍ਹੀ ਰਹੀ। ਅਜਿਹੇ 'ਚ ਨਾ ਸਿਰਫ ਲੜਕੀ ਦਾ ਪਰਿਵਾਰ, ਸਗੋਂ ਕਾਨੂੰਨ ਵੀ ਇਸ ਪ੍ਰੇਮੀ ਜੋੜੇ ਖਿਲਾਫ ਕੁਝ ਕਰ ਸਕਣ ਦੀ ਸਥਿਤੀ ਵਿਚ ਨਹੀਂ ਸੀ।
ਜਦੋਂ ਵਿਅਕਤੀ ਨੇ ਪੁਲਸ ਸਾਹਮਣੇ ਪੈਟਰੋਲ ਛਿੜਕ ਖੁਦ ਨੂੰ ਲਾਈ ਅੱਗ...
NEXT STORY