ਖੰਨਾ : ਸ਼ਹਿਰ ਦੇ ਵਾਰਡ ਨੰਬਰ-1 ਰਾਹੌਣ 'ਚ ਬੀਤੇ ਦਿਨ ਉਸ ਸਮੇਂ ਤਰਥੱਲੀ ਮਚ ਗਈ, ਜਦੋਂ ਪਲਾਟ ਦੇ ਝਗੜੇ 'ਚ ਇਕ ਵਿਅਕਤੀ ਨੇ ਪੁਲਸ ਸਾਹਮਣੇ ਪੈਟਰੋਲ ਛਿੜਕ ਕੇ ਖੁਦ ਨੂੰ ਅੱਗ ਲਾ ਲਈ। ਪੁਲਸ ਨੇ ਵਿਅਕਤੀ ਨੂੰ ਲੱਗੀ ਅੱਗ ਨੂੰ ਬੁਝਾ ਕੇ ਉਸ ਨੂੰ ਸਿਵਲ ਹਸਪਤਾਲ ਖੰਨਾ ਦਾਖਲ ਕਰਵਾਇਆ, ਉੱਥੇ ਉਸ ਦੀ ਹਾਲਤ ਨੂੰ ਦੇਖਦੇ ਹੋਏ ਡਾਕਟਰਾਂ ਨੇ ਮੁੱਢਲੀ ਸਹਾਇਤਾ ਦੇਣ ਬਾਅਦ ਉਸ ਨੂੰ ਰਾਜਿੰਦਰਾ ਹਸਪਤਾਲ ਪਟਿਆਲਾ ਰੈਫਰ ਕਰ ਦਿੱਤਾ।
ਸਿਵਲ ਹਸਪਤਾਲ 'ਚ ਇਲਾਜ ਲਈ ਆਏ ਕੁਲਵੀਰ ਸਿੰਘ ਵਾਸੀ ਰਾਹੌਣ ਨੇ ਦੱਸਿਆ ਕਿ ਉਸ ਦੇ ਘਰ ਦੇ ਕੋਲ ਦਸ ਬਿਸਵੇ ਦਾ ਪਲਾਟ ਹੈ, ਜਿਸ ਨੂੰ ਉਸ ਦੇ ਦਾਦਾ-ਪੜਦਾਦਾ ਨੇ ਖਰੀਦਿਆ ਸੀ ਅਤੇ ਸਾਲ 1972 ਤੋਂ ਲੈ ਕੇ ਉਸ ਦਾ ਪਲਾਟ 'ਤੇ ਕਬਜ਼ਾ ਹੈ। ਕਰੀਬ 6 ਦਿਨ ਤੋਂ ਇਕ ਐੱਨ. ਆਰ. ਆਈ. ਵਿਧਵਾ ਔਰਤ ਥਾਣੇ 'ਚ ਝੂਠੀ ਸ਼ਿਕਾਇਤ ਦੇ ਕੇ ਉਸ ਨੂੰ ਤੰਗ-ਪਰੇਸ਼ਾਨ ਕਰ ਰਹੀ ਹੈ। ਇਸ ਮਾਮਲੇ 'ਚ ਸੋਮਵਾਰ ਨੂੰ ਉਸ ਨੂੰ ਥਾਣੇ ਬੁਲਾ ਕੇ ਉਸ ਦੇ ਖਿਲਾਫ 107-151 ਤਹਿਤ ਕਾਰਵਾਈ ਕਰ ਕੇ ਹਵਾਲਾਤ 'ਚ ਦੇ ਦਿੱਤਾ, ਜਿਸ ਤੋਂ ਬਾਅਦ ਉਹ ਜ਼ਮਾਨਤ ਲੈ ਕੇ ਮੰਗਲਵਾਰ ਨੂੰ ਬਾਹਰ ਆਇਆ। ਇਸ ਦੌਰਾਨ ਸਿਟੀ ਥਾਣਾ ਖੰਨਾ ਦੇ ਐੱਸ. ਐੱਚ. ਓ. ਲਾਭ ਸਿੰਘ ਪੁਲਸ ਫੋਰਸ ਸਮੇਤ ਮੌਕੇ 'ਤੇ ਆਏ ਅਤੇ ਪਲਾਟ ਖਾਲੀ ਕਰਨ ਨੂੰ ਕਿਹਾ ਗਿਆ। ਕੁਲਵੀਰ ਸਿੰਘ ਦੇ ਕਹਿਣ 'ਤੇ ਵੀ ਪੁਲਸ ਨਹੀਂ ਮੰਨੀ ਅਤੇ ਪਲਾਟ ਖਾਲੀ ਕਰਨ ਲੱਗੀ। ਮਜਬੂਰਨ ਉਸ ਨੇ ਪੈਟਰੋਲ ਛਿੜਕ ਕੇ ਆਪਣੇ ਆਪ ਨੂੰ ਅੱਗ ਲਾ ਲਈ। ਕੁਲਵੀਰ ਦੇ ਪੁੱਤਰ ਦੀਪ ਓਂਕਾਰ ਸਿੰਘ ਨੇ ਕਿਹਾ ਕਿ ਕਰੀਬ 6 ਦਿਨਾਂ ਤੋਂ ਉਨ੍ਹਾਂ ਦੇ ਪਿਤਾ ਨੂੰ ਤੰਗ-ਪਰੇਸ਼ਾਨ ਕੀਤਾ ਜਾ ਰਿਹਾ ਸੀ ਅਤੇ ਜਦੋਂ ਪੁਲਸ ਪਲਾਟ ਖਾਲੀ ਕਰਵਾਉਣ ਪੁੱਜੀ ਤਾਂ ਦੁਖੀ ਹੋ ਕੇ ਉਸ ਦੇ ਪਿਤਾ ਨੇ ਅੱਗ ਲਾ ਲਈ।
ਐੱਸ. ਐੱਚ. ਓ. ਨੇ ਦੋਸ਼ਾਂ ਨੂੰ ਨਕਾਰਿਆ
ਇਸ ਸਬੰਧੀ ਸਿਟੀ ਥਾਣਾ ਖੰਨਾ ਦੇ ਐੱਸ. ਐੱਚ. ਓ. ਲਾਭ ਸਿੰਘ ਨੇ ਸਾਰੇ ਦੋਸ਼ਾਂ ਨੂੰ ਝੂਠਾ ਅਤੇ ਨਿਰਾਧਾਰ ਕਰਾਰ ਦਿੰਦੇ ਹੋਏ ਕਿਹਾ ਕਿ ਐੱਨ. ਆਰ. ਆਈ. ਵਿਧਵਾ ਔਰਤ ਨੇ ਉਸ ਦੇ ਪਲਾਟ 'ਤੇ ਕਬਜ਼ਾ ਹੋਣ ਸਬੰਧੀ ਪੁਲਸ ਨੂੰ ਸ਼ਿਕਾਇਤ ਦਿੱਤੀ ਸੀ, ਜਿਸ ਨੂੰ ਲੈ ਕੇ ਸੋਮਵਾਰ ਦੀ ਸ਼ਾਮ ਨੂੰ ਦੋਹਾਂ ਧਿਰਾਂ ਨੂੰ ਥਾਣੇ ਵੀ ਬੁਲਾਇਆ ਗਿਆ ਸੀ। ਥਾਣੇ 'ਚ ਵੀ ਕੁਲਵੀਰ ਨੇ ਹੰਗਾਮਾ ਕੀਤਾ, ਜਿਸ ਕਾਰਨ ਉਸਦੇ ਖਿਲਾਫ ਧਾਰਾ 107-151 ਦੇ ਤਹਿਤ ਕਾਰਵਾਈ ਕੀਤੀ ਗਈ। ਜ਼ਮਾਨਤ 'ਤੇ ਜਾ ਕੇ ਕੁਲਵੀਰ ਸਿੰਘ ਫਿਰ ਨਹੀਂ ਟਲਿਆ। ਉਸ ਨੇ ਆਪਣਾ ਟਰੱਕ ਪਲਾਟ 'ਚ ਖੜ੍ਹਾ ਕਰ ਦਿੱਤਾ ਅਤੇ ਟਾਇਰ ਖੋਲ੍ਹ ਦਿੱਤੇ। ਨਾਲ ਹੀ ਕੰਡਿਆਂ ਵਾਲੀ ਤਾਰ ਲਾ ਕੇ ਪਲਾਟ 'ਤੇ ਕਬਜ਼ਾ ਸ਼ੋਅ ਕਰ ਦਿੱਤਾ। ਪੁਲਸ ਜਦੋਂ ਮੌਕਾ ਦੇਖਣ ਗਈ ਸੀ ਤਾਂ ਕੁਲਵੀਰ ਨੇ ਉੱਥੇ ਆਪਣੇ ਆਪ ਨੂੰ ਅੱਗ ਲਾ ਲਈ। ਉਨ੍ਹਾਂ ਕਿਹਾ ਕਿ ਪੁਲਸ ਨੇ ਤਾਂ ਉਸ ਦੀ ਜਾਨ ਬਚਾ ਕੇ ਉਸ ਨੂੰ ਸਿਵਲ ਹਸਪਤਾਲ ਖੰਨਾ ਦਾਖਲ ਕਰਾਇਆ ਹੈ।
ਰਿਫਰੈਂਡਮ 2020 ਨੂੰ ਪੰਜਾਬ 'ਚ ਕੋਈ ਸਮਰਥਨ ਨਹੀਂ : ਡੀ.ਜੀ.ਪੀ
NEXT STORY