ਅੰਮ੍ਰਿਤਸਰ : ਬਾਰੂਦਾਂ ਦੇ ਢੇਰ 'ਤੇ ਖੜ੍ਹੀ ਦੁਨੀਆਂ 'ਚ ਬਰਤਾਨਵੀ ਸਰਕਾਰ ਵੱਲੋਂ ਪਹਿਲੀ ਸੰਸਾਰ ਜੰਗ 'ਚ ਭਾਰਤ ਦੇ ਫੌਜੀਆਂ ਨੂੰ ਸ਼ਾਮਲ ਕੀਤਾ ਗਿਆ। ਇਸ ਜੰਗ ਵਿੱਚ 13 ਲੱਖ ਭਾਰਤੀ ਫੌਜੀਆਂ ਨੇ ਹਿੱਸਾ ਲਿਆ।ਇਸ ਤੋਂ ਵੱਡਾ ਉਹਨਾਂ ਪਰਿਵਾਰਾਂ ਲਈ ਜ਼ਖ਼ਮ ਕੀ ਹੋਵੇਗਾ ਕਿ 74000 ਫੌਜੀ ਵਾਪਸ ਨਹੀਂ ਆਏ।ਪਹਿਲੀ ਆਲਮੀ ਜੰਗ (1914-1918) ਲਈ ਪੰਜਾਬੀ ਜੰਗੀ ਸਮਾਨ ਬਣਕੇ ਉਭਰੇ।ਇਹ ਫੌਜੀ ਅਨਪੜ੍ਹ ਸਨ,ਘੱਟ ਪੜ੍ਹੇ ਲਿਖੇ,ਗਰੀਬ ਅਤੇ ਹਾਸ਼ੀਏ 'ਤੇ ਧੱਕੇ ਬੰਦੇ ਸਨ।ਪੰਜਾਬ ਤੋਂ ਇਲਾਵਾ ਬਰਤਾਨਵੀ ਫੌਜ 'ਚ ਸ਼ਾਮਲ ਹੋਣ ਵਾਲੇ ਨੇਪਾਲ,ਉੱਤਰ ਪੱਛਮੀ ਫਰੰਟੀਅਰ ਅਤੇ ਸਾਂਝਾ ਪ੍ਰੋਵੀਨੈਂਸ ਦਾ ਖਿੱਤਾ ਸੀ।ਪੰਜਾਬ ਦਾ ਬਰਤਾਨਵੀ ਫੌਜ 'ਚ ਸ਼ਾਮਲ ਹੋਣ ਦਾ ਹਵਾਲਾ ਖੁਸ਼ੀ ਅਤੇ ਦੁੱਖ ਦੋਵੇਂ ਰੂਪ 'ਚ ਲੋਕ ਧਾਰਾ 'ਚ ਵੀ ਮਿਲਦਾ ਹੈ।
ਗਦਰ
ਗਦਰ ਲਹਿਰ (1913-1917-18) ਨੇ ਅਜ਼ਾਦੀ ਦਾ ਸੰਘਰਸ਼ ਭਾਰਤ ਤੋਂ ਬਾਹਰ ਬੜੀ ਮਜ਼ਬੂਤੀ ਨਾਲ ਲੜਿਆ।ਗਦਰ ਪਾਰਟੀ ਦੀ ਸ਼ੁਰੂਆਤ ਪਹਿਲੀ ਆਲਮੀ ਜੰਗ ਦੇ ਵੇਲਿਆਂ 'ਚ ਹੋਈ ਸੀ।ਅਮਰੀਕਾ ਦੇ ਸੈਨ ਫਰਾਂਸਿਸਕੋ 'ਚ 1913 'ਚ ਗਦਰ ਪਾਰਟੀ ਦੀ ਨੀਂਹ ਰੱਖੀ ਗਈ।ਅਮਰੀਕਾ ਅਤੇ ਕਨੇਡਾ ਗਦਰ ਲਈ ਲੜਾਈ ਦੀ ਜ਼ਮੀਨ ਸੀ।ਪਹਿਲੀ ਸੰਸਾਰ ਜੰਗ ਵੇਲੇ ਗਦਰ ਪਾਰਟੀ ਨੇ ਬਰਤਾਨੀਆ ਦੀ ਭਾਰਤੀ ਫੌਜੀਆਂ ਦੀ ਟੁਕੜੀ 'ਚ 'ਪੂਅਰ ਪੇਅ' (ਮਾੜੀ ਉਜਰਤ) ਦੇ ਪਰਚੇ ਵੰਡੇ।ਇਹ ਪਰਚੇ ਬਰਲਿਨ 'ਚ ਛਾਪੇ ਗਏ ਅਤੇ ਜਰਮਨ ਜਹਾਜ਼ਾਂ ਨਾਲ ਫਰਾਂਸ ਵਿਖੇ ਜੰਗ ਦੌਰਾਨ ਸੁੱਟੇ ਗਏ।ਇਹਨਾਂ ਪਰਚਿਆਂ ਦਾ ਮਕਸਦ ਦੱਸਣਾ ਸੀ ਕਿ ਬ੍ਰਿਟਿਸ਼ ਹਕੂਮਤ ਫੌਜ 'ਚ ਤੁਹਾਡੇ ਨਾਲ ਨਸਲ,ਰੰਗ ਅਤੇ ਧਰਮ ਦੇ ਅਧਾਰ 'ਤੇ ਕਿੰਨਾ ਵਿਤਕਰਾ ਕਰਦੀ ਹੈ।ਗਦਰ ਲਹਿਰ ਨੂੰ ਦਬਾਉਣ ਲਈ ਵੱਡਾ ਸੰਘਰਸ਼ ਕਰਨਾ ਪਿਆ ਅਤੇ ਗਦਰ ਪਾਰਟੀ ਨਾਲ ਸੰਬਧਿਤ ਦੇਸ਼ ਭਗਤਾਂ 'ਤੇ ਦੇਸ਼ ਧ੍ਰੋਹ ਦਾ ਮੁੱਕਦਮਾ ਚਲਾਕੇ ਫਾਂਸੀਆਂ ਦਿੱਤੀਆਂ ਗਈਆਂ।ਇੰਝ ਦੀ ਇੱਕ ਦਾਸਤਾਨ ਕਾਮਾਗਾਟਾ ਮਾਰੂ ਜਹਾਜ਼ ਦੀ ਹੈ ਜਿਹੜਾ ਬਜਬਜ ਘਾਟ ਕਲਕੱਤੇ ਉਤਰਣ 'ਤੇ ਹਕੂਮਤ ਵੱਲੋਂ ਸਜ਼ਾਵਾਂ ਦਾ ਹੱਕਦਾਰ ਬਣਿਆ।
ਸਿਲਕ ਲੈਟਰ ਕੋਨਸਪੀਰੇਸੀ
1916-1917 'ਚ ਰਾਜਾ ਮਹਿੰਦਰ ਪ੍ਰਤਾਪ ਕੁੰਵਰ ਅਤੇ ਮੌਲਵੀ ਬਰਕਤਉੱਲਾ ਨੇ ਆਪਣੇ ਆਪ ਨੂੰ ਰਾਸ਼ਟਰਪਤੀ ਅਤੇ ਪ੍ਰਧਾਨਮੰਤਰੀ ਐਲਾਨ ਦਿੱਤਾ।ਅਬਦੁੱਲਾ ਸਿੰਧੀ ਜੋ ਇਸਲਾਮਿਕ ਦੇਵਬੰਦ ਸਕੂਲ ਤੋਂ ਸਨ ਗ੍ਰਹਿ ਮੰਤਰੀ ਬਣ ਗਏ।ਇਹ ਬਰਤਾਨਵੀ ਸਰਕਾਰ ਖਿਲਾਫ ਜਿਹਾਦ ਸੀ।ਅਬਦੁੱਲਾ ਸਿੰਧੀ ਨਾਲ ਕਾਬੁਲ ਤੋਂ ਵਹਾਬੀ ਮੁਹੰਮਦ ਹਸਨ ਸੀ।ਇਹਨਾਂ ਸਭ ਨੇ ਮਿਲਕੇ 'ਖ਼ੁਦਾ ਦੀ ਫੌਜ' ਬਣਾਈ ਅਤੇ ਇਸੇ ਸਿਲਸਿਲੇ 'ਚ ਰੇਸ਼ਮ ਦੇ ਕਪੜੇ 'ਤੇ ਫਾਰਸੀ 'ਚ ਕੌਮ ਦੇ ਨਾਮ ਚਿੱਠੀ ਲਿਖੀ ਗਈ ਤਾਂ ਕਿ ਬਰਤਾਨੀਆਂ ਸਰਕਾਰ ਖਿਲਾਫ ਬਗਾਵਤ ਲਈ ਕ੍ਰਾਂਤੀ ਕੀਤੀ ਜਾ ਸਕੇ।ਇਤਿਹਾਸ 'ਚ ਇਹਨੂੰ 'ਸਿਲਕ ਲੈਟਰ ਪਲਾਟ' ਕਹਿੰਦੇ ਹਨ।ਲਾਹੌਰ,ਦਿੱਲੀ ਅਤੇ ਕਲਕੱਤੇ ਤੋਂ ਸਿਲਕ ਲੈਟਰ ਸਾਜਿਸ਼ ਨਾਲ ਜੁੜੇ 20 ਬਾਗੀਆਂ ਨੂੰ ਫੜ੍ਹਿਆ ਗਿਆ।ਇਹ ਦਿਲਚਸਪ ਹੈ ਕਿ ਅਫਗਾਨਿਸਤਾਨ ਦੇ ਕਾਬੁਲ 'ਚ ਜਦੋਂ ਇਹ ਲਹਿਰ ਸਰਗਰਮ ਹੋਈ ਉਦੋਂ ਬ੍ਰਿਗੇਡੀਅਰ ਜਨਰਲ ਡਾਇਰ ਅਫਗਾਨਿਸਤਾਨ ਦੇ ਸਰਹੱਦ 'ਚ ਸੇਵਾਵਾਂ ਦੇ ਰਿਹਾ ਸੀ।
ਪੰਜਾਬ ਦੀ ਬਰਬਾਦ ਆਰਥਿਕਤਾ ਅਤੇ ਜ਼ਿੰਦਗੀ
ਪੰਜਾਬ ਦੀ ਆਰਥਿਕਤਾ ਨੇ ਉਸ ਦੌਰ ਅੰਦਰ ਲੋਕਾਂ ਅੰਦਰ ਬਰਤਾਨਵੀ ਸਰਕਾਰ ਲਈ ਚੋਖਾ ਗੁੱਸਾ ਪੈਦਾ ਕੀਤਾ।ਇਸ ਨੂੰ ਇੰਝ ਸਮਝਿਆ ਜਾ ਸਕਦਾ ਹੈ ਕਿ 1 ਅਪ੍ਰੈਲ 1917 ਨੂੰ ਸੁਪਰ ਟੈਕਸ,ਇਸੇ ਤਾਰੀਖ਼ ਨੂੰ 1918 'ਚ ਆਮਦਨ ਟੈਕਸ ਅਤੇ 1919 'ਚ ਇਸੇ ਮਹੀਨੇ ਪ੍ਰੋਫਿਟ ਡਿਊਟੀ ਟੈਕਸ ਲਾਇਆ।ਪਹਿਲੀ ਆਲਮੀ ਜੰਗ ਦੇ ਖਰਚਿਆਂ ਲਈ ਇੰਝ ਹਰ ਸਾਲ ਨਵੇਂ ਟੈਕਸ ਨਾਲ ਉਗਰਾਹੀ ਕਰਦਿਆਂ ਭਾਰਤ ਦੇ ਲੋਕਾਂ ਦਾ ਲਹੂ ਚੂਸਿਆ ਜਾ ਰਿਹਾ ਸੀ।ਪੰਜਾਬ 'ਚ ਇਹਦਾ ਅਸਰ ਇਹ ਸੀ ਕਿ ਲਾਹੌਰ 'ਚ ਮਹਿੰਗਾਈ ਦਰ 30 ਫੀਸਦੀ ਅਤੇ ਅੰਮ੍ਰਿਤਸਰ 'ਚ ਇਹੋ ਦਰ 55 ਫੀਸਦੀ ਵਧ ਗਈ।ਇੰਝ ਅੰਮ੍ਰਿਤਸਰ ਦੇ ਕੱਪੜਾ ਵਪਾਰ ਵੱਡੇ ਘਾਟੇ 'ਚ ਜਾਂਦਾ ਰਿਹਾ।ਇਹੋ ਨਹੀਂ ਉਹਨਾਂ ਸਮਿਆਂ 'ਚ ਕਣਕ 47 ਫੀਸਦ,ਕਪਾਹ 310 ਫੀਸਦੀ,ਖੰਡ 68 ਫੀਸਦੀ,ਅਨਾਜ 93 ਫੀਸਦੀ ਦੀ ਦਰ ਨਾਲ ਮਹਿੰਗੇ ਹੋ ਗਏ।ਸਨਅਤੀ ਖੇਤਰਾਂ 'ਚ ਘਾਟਾ ਇੱਕ ਪਾਸੇ ਪਰ ਪੰਜਾਬ ਦੇ ਪੇਂਡੂ ਖੇਤਰ ਕਰਜ਼ਿਆਂ ਦੀ ਮਾਰ ਥੱਲੇ ਸਨ।ਬਿਮਾਰੀਆਂ ਜਨਮ ਲੈ ਰਹੀਆਂ ਸਨ।1918 ਦੀ ਪੱਤਝੜ ਤੱਕ 50 ਲੱਖ ਭਾਰਤ ਦੀ ਅਬਾਦੀ ਮੌਸਮੀ ਨਜ਼ਲਾ,ਬੁਖ਼ਾਰ ਤੇ ਅਜਿਹੀਆਂ ਮਹਾਂਮਾਰੀਆਂ ਦੀ ਗ੍ਰਿਫਤ 'ਚ ਸੀ ਅਤੇ ਇਹਨਾਂ 'ਚੋਂ 25 ਫੀਸਦੀ ਪੇਂਡੂ ਅਬਾਦੀ ਮੌਤ ਦੇ ਮੂੰਹ 'ਚ ਚਲੀ ਗਈ ਸੀ।ਉਹਨਾਂ ਸਮਿਆਂ 'ਚ ਬਰਬਾਦੀ 'ਤੇ ਕੁਰਤੀ ਕਹਿਰ ਵੀ ਸੀ।ਪਿਛਲੇ 47 ਸਾਲਾਂ 'ਚ ਪਹਿਲੀ ਵਾਰ ਮੁੱਸਲੇਧਾਰ ਮੀਂਹ ਜ਼ੋਰਾਂ 'ਤੇ ਸੀ ਅਤੇ ਬਰਬਾਦ ਫਸਲਾਂ ਨੇ ਕਿਸਾਨੀ ਕਰਜ਼ੇ ਹੇਠਾਂ ਕਰ ਦਿੱਤੀ ਸੀ।
ਹੋਮ ਰੂਲ,ਖਿਲਾਫਤ ਅੰਦੋਲਨ
ਹੋਮ ਰੂਲ ਅੰਦੋਲਨ ਦੀ ਸਥਾਪਨਾ 1916 'ਚ ਬਾਲ ਗੰਗਾਧਰ ਤਿਲਕ ਨੇ ਕੀਤੀ ਸੀ।ਜਿਸ ਦਾ ਮੁੱਖ ਮਕਸਦ ਭਾਰਤ 'ਚ ਖੁਦ ਮੁਖਤਿਆਰੀ ਲੈਕੇ ਆਉਣਾ ਸੀ।ਇਸ ਤੋਂ ਇਲਾਵਾ ਇਸ ਔਦੋਲਨ 'ਚ ਵੱਡੇ ਤੇ ਖਾਸ ਆਗੂ ਐਨੀ ਬੇਸੇਂਟ, ਜੋਸੇਫ ਬਪਟਿਸਟਾ, ਐੱਨ.ਸੀ. ਕੇਲਕਰ ਤੋਂ ਇਲਾਵਾ ਮੁਹੰਮਦ ਅਲੀ ਜਿੱਨਾਹ ਨੇ ਖਾਸ ਭੂਮਿਕਾ ਨਿਭਾਈ।
ਦੂਜੇ ਪਾਸੇ ਆਲਮੀ ਜੰਗ ਤੋਂ ਬਾਅਦ ਰਾਸ਼ਟਰੀ ਮੁਸਲਿਮ ਆਗੂਆਂ ਨੇ “ਖਿਲਾਫਤ ਅੰਦੋਲਨ” ਦੀ ਸ਼ੁਰੂਆਤ ਕੀਤੀ।ਜਿਸ ਦਾ ਮੁੱਖ ਮਕਸਦ ਬ੍ਰਿਟਿਸ਼ ਰਾਜ ਨੂੰ ਖਦੇੜਕੇ ਮੁਸਲਿਮ ਇੱਕਮੁੱਠਤਾ ਨੂੰ ਕਾਇਮ ਕਰਨਾ ਸੀ।
ਮਾਰਲੇ-ਮਿੰਟੋ ਸੁਧਾਰ
ਐਡਵਿਨ ਮੋਟੈਂਗਿਊ 1917-18 ਦੇ ਸਿਆਲਾਂ 'ਚ ਭਾਰਤ ਆਇਆ ਸੀ।ਇਸ ਤੋਂ ਪਹਿਲਾਂ 20 ਅਗਸਤ 1917 ਨੂੰ ਹਾਊਸ ਆਫ ਕਾਮਨ 'ਚ ਮੋਟੈਂਗਿਊ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਸੀ ਕਿ ਭਾਰਤ ਦੇ ਪ੍ਰਬੰਧਕੀ ਢਾਂਚੇ 'ਚ ਸਾਨੂੰ ਭਾਰਤੀਆਂ ਦੀ ਸ਼ਮੂਲੀਅਤ 'ਚ ਵਾਧਾ ਕਰਨ ਦੀ ਲੋੜ ਹੈ।ਬ੍ਰਿਟਿਸ਼ ਸਾਮਰਾਜ ਦੇ ਲਿਹਾਜ ਤੋਂ ਇਹ ਚੰਗਾ ਹੋਵੇਗਾ ਕਿ ਭਾਰਤ 'ਚ ਭਾਰਤੀਆਂ ਦੀ ਖੁਦਮੁਖਤਾਰੀ ਵਾਲਾ ਸ਼ਾਸ਼ਨ ਪ੍ਰਬੰਧ ਹੋਵੇ ਅਤੇ ਇੱਕ ਜ਼ਿੰਮੇਵਾਰ ਸਰਕਾਰ ਦਾ ਅਧਾਰ ਬੱਝੇ।ਇਹ ਸੰਬੋਧਨ ਭਾਰਤ ਅੰਦਰ ਉਦਾਰਵਾਦੀ ਭਾਵਨਾ ਵਾਲਾ ਸੀ।ਅਪ੍ਰੈਲ 1918 ਨੂੰ ਮੋਟੈਂਗਿਊ ਅਤੇ ਭਾਰਤ ਦੇ ਵਾਇਸਰਾਏ ਲੋਰਡ ਚੇਮਸਫੋਰਡ ਨੇ ਇਸ ਨੂੰ ਪੇਸ਼ ਕੀਤਾ।ਇਤਿਹਾਸ 'ਚ ਇਹਨੂੰ ਮਾਰਲੇ ਮਿੰਟੋ ਸੁਧਾਰ ਕਹਿੰਦੇ ਹਨ।ਇਹਨਾਂ ਸੁਧਾਰਾਂ 'ਚ ਸੱਤਾ ਪ੍ਰਬੰਧਨ ਨੂੰ ਨਵੇਂ ਢੰਗ ਨਾਲ ਉਲੀਕਣ ਦੀ ਗੱਲ ਸੀ।ਰਿਪੋਰਟ ਮੁਤਾਬਕ ਸਥਾਨਕ ਪ੍ਰਬੰਧ,ਸਿਹਤ ਅਤੇ ਸਿੱਖਿਆ 'ਚ ਭਾਰਤੀਆਂ ਦੀ ਹਿੱਸੇਦਾਰੀ 'ਚ ਵਾਧਾ ਕਰਨਾ ਸੀ ਅਤੇ 'ਸੁਰੱਖਿਆ ਅਤੇ ਪੁਲਿਸ' ਗਵਰਨਰ ਅਧੀਨ ਰੱਖਣ ਦੀ ਪੇਸ਼ਕਸ਼ ਸੀ।ਇਸ ਸੁਧਾਰ 'ਚ ਇੰਡੀਅਨ ਸਿਵਲ ਸਰਵਿਸ 'ਚ ਭਾਰਤੀਆਂ ਦੀ ਸ਼ਮੂਲੀਅਤ ਵਧਾਉਣ ਦੀ ਵੀ ਗੱਲ ਸੀ।ਇਸ ਸੁਧਾਰ ਦਾ ਵਿਰੋਧ ਬਰਤਾਨਵੀਆਂ 'ਚ ਵੀ ਸੀ ਅਤੇ ਪੰਜਾਬ ਦੇ ਗਵਰਨਰ ਸਰ ਮਾਈਕਲ ਓਡਵਾਇਰ ਨੇ ਇਸ ਸੁਧਾਰ ਦਾ ਤਿੱਖਾ ਵਿਰੋਧ ਕੀਤਾ ਸੀ।
ਰੋਲਟ ਐਕਟ ਅਤੇ ਸੱਤਿਆਗ੍ਰਹਿ
ਇੱਕ ਪਾਸੇ ਖੁਦਮੁਖਤਾਰੀ ਦੀ ਭਾਵਨਾ ਵਾਲੀ ਹੋਮ ਰੂਲ ਲਹਿਰ ਸੀ।ਦੂਜੇ ਪਾਸੇ ਮਾਰਲੇ ਮਿੰਟੋ ਸੁਧਾਰ ਸੀ ਪਰ ਇਹਨਾਂ ਦੇ ਉਲਟ ਇੱਕ ਰੋਲਟ ਐਕਟ ਆਉਣ ਦੀ ਤਿਆਰੀ 'ਚ ਸੀ।ਇਸ ਐਕਟ ਨੇ ਮਾਰਲੇ ਮਿੰਟੋ ਸੁਧਾਰ ਦਾ ਤਿੱਖਾ ਵਿਰੋਧ ਵੀ ਕੀਤਾ ਅਤੇ ਇਸ ਨੂੰ ਯਾਦ ਰੱਖਿਆ ਜਾਵੇ ਕਿ (ਏ ਹਿਸਟਰੀ ਆਫ ਦੀ ਨੈਸ਼ਨਲਿਸਟ ਮੂਵਮੈਂਟ ਇਨ ਇੰਡੀਆ,ਸਰ ਵਰਨੇ ਲੋਵੇਟ,ਲੰਡਨ ਜੋਨ ਮੁਰੇ 1921 ਮੁਤਾਬਕ) 22 ਮਈ 1919 ਨੂੰ ਇੰਗਲੈਂਡ ਪਾਰਲੀਮੈਂਟ 'ਚ ਖੁਦ ਉਧਾਰਵਾਦੀ ਵਿਚਾਰ ਰੱਖਣ ਵਾਲੇ ਮੋਂਟੈਗਿਊ ਨੇ ਵੀ ਇਸ ਦੀ ਹਮਾਇਤ ਕੀਤੀ ਸੀ ਕਿ ਜੇ ਰੋਲਟ ਐਕਟ ਦੀ ਲੋੜ ਹੈ ਤਾਂ ਸਾਨੂੰ ਬਿਨਾਂ ਦੇਰੀ ਤੋਂ ਇਹਨੂੰ ਲਾਗੂ ਕਰਨਾ ਚਾਹੀਦਾ ਹੈ।ਇਸ ਤੋਂ ਇਹ ਅਹਿਸਾਸ ਵੀ ਹੁੰਦਾ ਹੈ ਕਿ ਮੋਟ ਫੋਰਡ ਸੁਧਾਰ ਦੀ ਭਾਵਨਾ ਭਾਰਤ ਦਾ ਵਿਕਾਸ ਨਹੀਂ ਸੀ ਸਗੋਂ ਬਰਤਾਨਵੀ ਹਿੱਤਾਂ ਦੀ ਰਾਖੀ ਕਰਨਾ ਹੀ ਸੀ।
ਜਸਟਿਸ ਸਿਡਨੀ ਆਰਥਰ ਟੇਲਰ ਰੋਲਟ ਨੇ ਭਾਰਤ 'ਚ ਸੁਰੱਖਿਆ ਦੇ ਖਤਰਿਆਂ ਨੂੰ ਲੈਕੇ ਪੁੰਨਛਾਣ ਕੀਤੀ ਅਤੇ ਰਿਪੋਰਟ ਤਿਆਰ ਕੀਤੀ।ਰੋਲਟ ਕਮਿਸ਼ਨ ਨੇ ਇਹ ਚਾਹਿਆ ਕਿ ਵਾਇਸਰਾਏ ਉਹਨਾਂ ਖੇਤਰਾਂ ਨੂੰ ਇਸ ਤੋਂ ਮੁਕਤ ਨਹੀਂ ਕਰ ਸਕਦੇ ਜਿਹੜੇ ਬਰਤਾਨਵੀ ਸਾਮਰਾਜ ਲਈ ਅਤਿ ਦਾ ਖਤਰਾ ਹਨ।ਇੰਝ ਸੈਕਰੇਟਰੀ ਆਫ ਹੋਮ ਸਰ ਵਿਲੀਅਮ ਵਿਨਸੈਂਟ ਦੀ ਦੇਖਰੇਖ 'ਚ ਰੋਲਟ ਰਿਪੋਰਟ ਪੇਸ਼ ਕੀਤੀ ਗਈ ਜਿਹਨੂੰ ਅਸੀਂ ਰੋਲਟ ਐਕਟ ਵਜੋਂ ਜਾਣਦੇ ਹਾਂ।
ਨਾ ਦਲੀਲ-ਨਾ ਵਕੀਲ-ਨਾ ਅਪੀਲ
ਇਸ ਐਕਟ ਦਾ ਵਿਰੋਧ ਪੂਰੇ ਭਾਰਤ 'ਚ ਵੱਡੇ ਪੱਧਰ 'ਤੇ ਹੋਇਆ।ਇਸ ਤਹਿਤ ਪੁਲਿਸ ਦੋ ਜਾਂ ਦੋ ਵੱਧ ਬੰਦਿਆਂ ਨੂੰ ਗ੍ਰਿਫਤਾਰ ਕਰ ਸਕਦੀ ਸੀ।ਇੰਝ ਸ਼ੱਕ ਦੇ ਬਿਨਾਹ 'ਤੇ ਬਿਨਾਂ ਕਿਸੇ ਚੇਤਾਵਨੀ,ਵਾਰੰਟ ਗ੍ਰਿਫਤਾਰੀ ਸੀ।ਇਹੋ ਨਹੀਂ ਵਿਆਹ ਸਮਾਗਮਾਂ ਅਤੇ ਸ਼ਮਸ਼ਾਨ ਘਾਟ 'ਚ ਸਸਕਾਰ ਵੇਲੇ ਪੰਜ ਰੁਪਏ ਟੈਕਸ ਵੀ ਲਗਾਇਆ ਗਿਆ।ਇਹ ਕਾਨੂੰਨ ਕਿਸੇ ਨੂੰ ਵੀ ਬਰਤਾਨਵੀ ਸਾਮਰਾਜ 'ਤੇ ਖਤਰਾ ਦੱਸਦਿਆਂ ਕਤਲ ਕਰ ਸਕਦਾ ਸੀ।ਕਾਨੂੰਨ ਦੀ ਅਜਿਹੀ ਭਾਵਨਾ ਨੂੰ ਉਹਨਾਂ ਸਮਿਆਂ 'ਚ 'ਕਾਲਾ ਕਾਨੂੰਨ' ਕਿਹਾ ਗਿਆ।
ਇਸ ਕਾਨੂੰਨ ਖਿਲਾਫ 30 ਮਾਰਚ ਨੂੰ ਦੇਸ਼ ਵਿਆਪੀ ਹੜਤਾਲ ਸੰਗ ਸੱਤਿਆਗ੍ਰਹਿ ਦਾ ਸੱਦਾ ਦਿਤਾ ਗਿਆ।ਮਹਾਤਮਾ ਗਾਂਧੀ ਦੀ ਅਵਾਜ਼ 'ਤੇ ਲੋਕਾਂ ਨੇ ਇਸ ਹੜਤਾਲ ਨੂੰ ਭਰਵਾ ਹੁੰਗਾਰਾ ਦਿੱਤਾ।30 ਮਾਰਚ ਦੇ ਇਸੇ ਸੱਦੇ ਨੂੰ 6 ਅਪ੍ਰੈਲ ਦੀ ਤਾਰੀਖ਼ 'ਚ ਬਦਲਿਆ ਗਿਆ।ਇਸ ਸੱਤਿਆਗ੍ਰਹਿ ਦੇ ਵਿਚਾਰ 'ਚ ਪੇਸ਼ ਕੀਤਾ ਗਿਆ ਸੀ ਕਿ 10 ਮਾਰਚ 1919 ਦੇ ਇਸ ਕਾਲੇ ਰੋਲਟ ਕਾਨੂੰਨ ਨੇ ਨਿਆਂ ਅਤੇ ਮਨੁੱਖੀ ਅਧਿਕਾਰਾਂ ਦਾ ਕੋਝਾ ਮਜ਼ਾਕ ਉਡਾਇਆ ਹੈ ਅਤੇ ਇਹ ਕਾਨੂੰਨ ਬੁਨਿਆਦੀ ਅਧਿਕਾਰਾਂ ਦੇ ਤਹੱਈਏ ਨੂੰ ਉਜਾੜਦਾ ਹੈ।ਸੱਤਿਆਗ੍ਰਹਿ ਦੀ ਇਸ ਸਹੁੰ 'ਚ ਮਹਾਤਮਾ ਗਾਂਧੀ ਨੇ ਨਾ ਮਿਲਵਰਤਨ ਦਾ ਸੱਦਾ ਦਿੰਦੇ ਹੋਏ ਅਹਿੰਸਾਤਮਕ ਅੰਦੋਲਣ ਦੀ ਨੀਂਹ ਰੱਖੀ ਅਤੇ ਸੱਚ ਦੇ ਮਾਰਗ 'ਤੇ ਚਲਦਿਆਂ ਅਜ਼ਾਦੀ ਦਾ ਪਹਿਲਾਂ ਵੱਡਾ ਅਹਿੰਸਾ ਭਰਪੂਰ ਅੰਦੋਲਣ ਵਿੱਢਿਆ।
ਦਸਤਕ-ਮਹਾਤਮਾ ਗਾਂਧੀ ਅਤੇ ਜਨਰਲ ਰਿਜੀਨਾਲਡ ਡਾਇਰ
ਰੋਲਟ ਐਕਟ ਨੇ ਜਿਹੜੀ ਜ਼ਮੀਨ ਤਿਆਰ ਕੀਤੀ ਸੀ ਇਹ ਭਾਰਤ ਦੇ ਅਜ਼ਾਦੀ ਸੰਘਰਸ਼ ਨੂੰ ਵੱਡੀ ਕ੍ਰਾਂਤੀ ਵੱਲ ਲੈਕੇ ਜਾ ਰਹੀ ਸੀ।ਪਹਿਲਾਂ ਜਿਵੇਂ ਕਿ ਜ਼ਿਕਰ ਕੀਤਾ ਹੈ ਕਿ ਸਿਲਕ ਲੈਟਰ ਕੋਂਸਪੀਰੇਸੀ ਵੇਲੇ ਡਾਇਰ ਅਫਗਾਨਿਸਤਾਨ ਦੇ ਸਰਹੱਦ 'ਚ ਸੀ।ਕਹਿੰਦੇ ਹਨ ਕਿ ਉਹ ਐਬਟਾਬਾਦ 'ਚ ਬਹੁਤੀ ਦੇਰ ਨਾ ਰਹਿ ਸਕਿਆ।29 ਮਾਰਚ 1917 ਨੂੰ ਡਾਇਰ ਗਸ਼ਤ ਦੌਰਾਨ ਘੋੜੇ ਤੋਂ ਡਿੱਗਣ ਕਰਕੇ ਜ਼ਖ਼ਮੀ ਹੋ ਗਿਆ।ਇਸ ਤੋਂ ਬਾਅਦ ਠੀਕ ਹੋਣ ਮਗਰੋਂ ਜਨਰਲ ਡਾਇਰ ਐਬਟਾਬਾਦ ਤੋਂ ਜਲੰਧਰ ਆਕੇ ਹਾਜ਼ਰ ਹੁੰਦਾ ਹੈ।
ਇਹ ਦੌਰ ਉਹ ਵੀ ਸੀ ਕਿ 1915 'ਚ ਦੱਖਣੀ ਅਫਰੀਕਾ ਤੋਂ ਮੋਹਨ ਦਾਸ ਕਰਮ ਚੰਦ ਗਾਂਧੀ ਭਾਰਤ ਆਉਂਦੇ ਹਨ।ਬਾਲ ਗੰਗਾਧਰ ਤਿਲਕ ਨੂੰ ਉਹ ਆਪਣਾ ਸਿਆਸੀ ਗੁਰੂ ਮੰਨਦੇ ਹਨ।ਉਹਨਾਂ ਦੀ ਸਲਾਹ ਨਾਲ ਉਹ ਪੂਰੇ ਭਾਰਤ 'ਚ ਘੁੰਮਦੇ ਹਨ।ਇਸ ਤੋਂ ਬਾਅਦ ਰੋਲਟ ਐਕਟ ਦੇ ਨਾਲੋਂ ਨਾਲ ਇਸ ਕਾਨੂੰਨ ਦੇ ਵਿਰੋਧ 'ਚ ਸੱਤਿਆਗ੍ਰਹਿ ਨਾ ਮਿਲਵਰਤਣ ਅੰਦੋਲਣ 1919 ਪਹਿਲੀ ਵਾਰ ਮਹਾਤਮਾ ਗਾਂਧੀ ਦੀ ਵੱਡੀ ਹਾਜ਼ਰੀ ਸੀ। ਇਹਨਾਂ ਹਲਾਤ ਵਿੱਚ ਅਸੀਂ ਸਮਝ ਸਕਦੇ ਹਾਂ ਕਿ ਉਸ ਦੌਰ 'ਚ ਇੱਕ ਲੜਾਈ ਉਹ ਸੀ ਜੋ ਅਜ਼ਾਦੀ ਲਈ ਮਘ ਰਹੀ ਸੀ।ਦੂਜਾ ਪੰਜਾਬੀ ਜੀਵਨ ਸੀ ਜੋ ਆਪਣੀ ਬਰਬਾਦ ਆਰਥਿਕਤਾ ਅਤੇ ਕੁਦਰਤੀ ਕਰੋਪੀ ਨਾਲ ਜੂਝਦਾ ਅੰਦਰੋ ਅੰਦਰ ਸੁਲਗ ਰਿਹਾ ਸੀ।ਬਰਤਾਨਵੀ ਹਕੂਮਤ ਲਈ ਓਪਰੋਕਤ ਲਹਿਰਾਂ ਵੱਡੀ ਸਿਰਦਰਦੀ ਬਣੀਆਂ ਸਨ।ਪੰਜਾਬ ਉਹਨਾਂ ਲਈ ਉਹ ਜੁਝਾਰੂ ਧਰਤੀ ਸੀ ਜੋ ਉਹਨਾਂ ਨੂੰ ਮੋੜ ਮੋੜ 'ਤੇ ਵੰਗਾਰਦੀ ਸੀ।ਇਹ ਆਮਦ ਰੋਲਟ ਐਕਟ ਦੀ ਵੀ ਸੀ ਅਤੇ 1915 'ਚ ਦੱਖਣੀ ਅਫਰੀਕਾ ਤੋਂ ਆਏ ਮਹਾਮਤਾ ਗਾਂਧੀ ਦੀ ਪਹਿਲੀ ਵੱਡੀ ਦਸਤਕ ਦੀ ਵੀ ਸੀ।ਅੰਮ੍ਰਿਤਸਰ 'ਚ ਉਹਨਾਂ 13 ਦਿਨਾਂ ਨੇ ਅੰਗਰੇਜ਼ ਸਰਕਾਰ ਨੂੰ ਵੱਡੇ ਖੌਫ ਨਾਲ ਭਰ ਦਿੱਤਾ ਸੀ।ਉਹਨਾਂ ਨੂੰ ਲੱਗਦਾ ਸੀ ਕਿ ਕੋਈ ਵੱਡੀ ਕ੍ਰਾਂਤੀ ਜਨਮ ਲੈ ਰਹੀ ਹੈ ਜੋ ਉਹਨਾਂ ਨੂੰ ਤਹਿਸ ਨਹਿਸ ਕਰ ਦੇਵੇਗੀ।
ਸ਼ਰਮਨਾਕ! ਅਧਿਆਪਕ ਵਲੋਂ 16 ਸਾਲਾ ਕੁੜੀ ਨਾਲ ਬਲਾਤਕਾਰ
NEXT STORY