ਅੰਮ੍ਰਿਤਸਰ (ਨੀਰਜ) : ਵਿੰਗ ਕਮਾਂਡਰ ਅਭਿਨੰਦਨ ਦੀ ਵਤਨ ਵਾਪਸੀ ਨਾਲ ਅੱਜ ਸਾਰਾ ਦੇਸ਼ ਆਪਣੇ ਵੀਰ ਸਪੁੱਤਰ ਦਾ ਅਭਿਨੰਦਨ ਕਰ ਰਿਹਾ ਹੈ, ਪੂਰੇ ਦੇਸ਼ 'ਚ ਜੋਸ਼ ਦੀ ਲਹਿਰ ਪੈਦਾ ਹੋ ਗਈ ਹੈ। ਬੇਸ਼ੱਕ ਪਾਕਿਸਤਾਨ ਨੇ ਜੈਨੇਵਾ ਸਮਝੌਤੇ ਤਹਿਤ ਅਭਿਨੰਦਨ ਦੀ ਰਿਹਾਈ ਕੀਤੀ ਹੈ ਪਰ ਸਾਡਾ ਇਕ ਫੌਜੀ ਜ਼ਿੰਦਾ ਸ਼ਹੀਦ ਅਜਿਹਾ ਵੀ ਹੈ, ਜਿਸ ਦਾ 47 ਸਾਲ ਬਾਅਦ ਵੀ 'ਅਭਿਨੰਦਨ' ਨਹੀਂ ਹੋ ਸਕਿਆ ਹੈ। ਭਾਰਤੀ ਫੌਜ ਨੇ 1965 ਤੇ 71 ਦੀ ਜੰਗ ਦੌਰਾਨ ਹਜ਼ਾਰਾਂ ਦੀ ਗਿਣਤੀ 'ਚ ਪਾਕਿਸਤਾਨੀ ਜੰਗੀ ਕੈਦੀਆਂ ਨੂੰ ਰਿਹਾਅ ਕਰ ਦਿੱਤਾ ਸੀ ਪਰ ਪਾਕਿਸਤਾਨ ਨੇ ਸਾਡੇ 54 ਜੰਗੀ ਕੈਦੀਆਂ ਨੂੰ ਅੱਜ ਤੱਕ ਰਿਹਾਅ ਨਹੀਂ ਕੀਤਾ ਹੈ। ਇਨ੍ਹਾਂ 54 ਜੰਗੀ ਕੈਦੀਆਂ ਦੀ ਸੂਚੀ 'ਚ ਜ਼ਿੰਦਾ ਸ਼ਹੀਦ ਫੌਜੀ ਰਾਮਦਾਸ ਦਾ ਨਾਂ ਵੀ ਸ਼ਾਮਲ ਹੈ, ਜੋ 1971 ਦੀ ਭਾਰਤ-ਪਾਕਿਸਤਾਨ ਜੰਗ 'ਚ ਲੜਦਾ ਹੋਇਆ ਪਾਕਿਸਤਾਨ ਦੀ ਸਰਹੱਦ 'ਚ ਕਦੋਂ ਚਲਾ ਗਿਆ, ਉਸ ਨੂੰ ਪਤਾ ਨਹੀਂ ਲੱਗਾ, ਜਿੱਥੇ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ। ਭਾਰਤ ਸਰਕਾਰ ਨੇ ਵੀ ਜੰਗ ਜਿੱਤਣ ਬਾਅਦ 4 ਨਵੰਬਰ 1971 ਦੇ ਦਿਨ ਰਾਮਦਾਸ ਨੂੰ ਸ਼ਹੀਦ ਕਰਾਰ ਦੇ ਦਿੱਤਾ। ਤਤਕਾਲੀਨ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਵੀ ਐਲਾਨ ਕਰ ਦਿੱਤਾ ਕਿ ਪਾਕਿਸਤਾਨ ਦੇ ਕੋਲ ਸਾਡਾ ਕੋਈ ਜੰਗੀ ਕੈਦੀ ਨਹੀਂ ਹੈ ਪਰ ਫੌਜੀ ਪਰਿਵਾਰ ਵਿਲਕ ਰਹੇ ਸਨ ਕਿਉਂਕਿ ਉਨ੍ਹਾਂ ਦੇ ਆਪਣਿਆਂ ਨੂੰ ਸਰਕਾਰ ਨੇ ਸ਼ਹੀਦ ਹੋਣ ਸਬੰਧੀ ਕੋਈ ਸਬੂਤ ਨਹੀਂ ਦਿੱਤਾ। ਇਕ ਦਿਨ ਅਜਿਹਾ ਵੀ ਆਇਆ, ਜਿਸ ਭਾਰਤ ਸਰਕਾਰ ਵਲੋਂ ਕੀਤਾ ਗਿਆ ਐਲਾਨ ਝੂਠਾ ਸਾਬਿਤ ਹੋ ਗਿਆ। ਪਾਕਿਸਤਾਨ ਦੇ ਰਾਵਲਪਿੰਡੀ ਰੇਡੀਓ ਨੇ 25 ਜਨਵਰੀ 1972 ਦੇ ਦਿਨ ਸ਼ਾਮ 4.10 ਵਜੇ ਭਾਰਤੀ ਜੰਗੀ ਕੈਦੀਆਂ ਦਾ ਬਰਾਡਕਾਸਟ ਕੀਤਾ, ਜਿਸ ਵਿਚ ਰਾਮਦਾਸ ਨੇ ਬੋਲਦੇ ਹੋਏ ਕਿਹਾ ਕਿ ਜੇਕਰ ਕੋਈ ਭਾਰਤੀ ਮੇਰੀ ਆਵਾਜ਼ ਸੁਣ ਰਿਹਾ ਹੈ ਤਾਂ ਮੇਰਾ ਸੰਦੇਸ਼ ਭਾਰਤੀ ਫੌਜ ਜਾਂ ਮੇਰੇ ਪਰਿਵਾਰ ਤੱਕ ਪਹੁੰਚਾ ਦਿੱਤਾ ਜਾਵੇ ਕਿਉਂਕਿ ਮੈਂ ਪਾਕਿਸਤਾਨ ਦੀ ਜੇਲ 'ਚ ਕੈਦ ਹਾਂ ਅਤੇ ਜ਼ਿੰਦਾ ਵੀ ਹਾਂ। ਇਸ ਰੇਡੀਓ ਸੰਦੇਸ਼ ਦੀ ਖ਼ਬਰ ਸੁਣਨ ਤੋਂ ਬਾਅਦ ਰਾਮਦਾਸ ਦੇ ਪਰਿਵਾਰ 'ਚ ਖੁਸ਼ੀ ਦੀ ਲਹਿਰ ਪੈਦਾ ਹੋ ਗਈ ਪਰ ਭਾਰਤ ਸਰਕਾਰ ਨੇ ਆਪਣੇ ਇਸ ਵੀਰ ਸਪੁੱਤਰ ਦੀ ਰਿਹਾਈ ਲਈ ਉਹ ਸਖ਼ਤ ਕੋਸ਼ਿਸ਼ ਨਹੀਂ ਕੀਤੀ, ਜਿਵੇਂ ਵਿੰਗ ਕਮਾਂਡਰ ਅਭਿਨੰਦਨ ਦੀ ਰਿਹਾਈ ਲਈ ਕੀਤੀ ਹੈ।
ਪਤਨੀ ਅੱਜ ਵੀ ਰੱਖਦੀ ਹੈ ਕਰਵਾਚੌਥ ਦਾ ਵਰਤ
ਫੌਜੀ ਰਾਮਦਾਸ ਦਾ ਪਰਿਵਾਰ ਅੰਮ੍ਰਿਤਸਰ 'ਚ ਰਹਿੰਦਾ ਹੈ ਅਤੇ ਉਨ੍ਹਾਂ ਦੀ ਪਤਨੀ ਕਾਂਤਾ ਕੁਮਾਰੀ ਅੱਜ ਵੀ ਆਪਣੇ ਪਤੀ ਦੀ ਲੰਮੀ ਉਮਰ ਲਈ ਕਰਵਾਚੌਥ ਦਾ ਵਰਤ ਰੱਖਦੀ ਹੈ। ਰਾਮਦਾਸ ਦਾ ਇਕਲੌਤਾ ਪੁੱਤਰ ਸ਼ਿਵ ਕੁਮਾਰ ਸ਼ਰਮਾ ਪੰਜਾਬ ਪੁਲਸ 'ਚ ਅਧਿਕਾਰੀ ਹੈ ਅਤੇ ਦੇਸ਼ ਸੇਵਾ ਕਰ ਰਿਹਾ ਹੈ। ਸ਼ਿਵ ਕੁਮਾਰ ਨੇ ਦੱਸਿਆ ਕਿ ਹਿੰਦੂ ਰੀਤੀ-ਰਿਵਾਜ ਅਨੁਸਾਰ ਜਦੋਂ ਕਿਸੇ ਵਿਅਕਤੀ ਦੀ ਮੌਤ ਹੋ ਜਾਂਦੀ ਹੈ ਤਾਂ ਉਸ ਦੀ ਅੰਤਿਮ ਕਿਰਿਆ ਕੀਤੀ ਜਾਂਦੀ ਹੈ। ਮਰਨ ਵਾਲੇ ਵਿਅਕਤੀ ਦਾ ਸਰਾਧ ਕੀਤਾ ਜਾਂਦਾ ਹੈ ਪਰ ਮੇਰੇ ਪਰਿਵਾਰ ਨੇ ਅੱਜ ਤੱਕ ਕੋਈ ਸਰਾਧ ਨਹੀਂ ਰੱਖਿਆ ਹੈ ਕਿਉਂਕਿ ਸਾਨੂੰ ਉਮੀਦ ਹੈ ਕਿ ਇਕ ਦਿਨ ਮੇਰੇ ਪਿਤਾ ਪਾਕਿਸਤਾਨ ਦੀ ਜੇਲ ਤੋਂ ਜ਼ਿੰਦਾ ਵਾਪਸ ਪਰਤਣਗੇ ਅਤੇ ਆਪਣੇ ਪਰਿਵਾਰ 'ਚ ਵਾਪਸ ਆਉਣਗੇ।
ਸੈਨਿਕ ਮੰਗਲ ਸਿੰਘ ਦੇ ਪਰਿਵਾਰ ਦੀ ਵੀ ਰਾਮਦਾਸ ਵਰਗੀ ਕਹਾਣੀ
ਜ਼ਿੰਦਾ ਸ਼ਹੀਦ ਫੌਜੀ ਰਾਮਦਾਸ ਦੀ ਤਰ੍ਹਾਂ ਸੈਨਿਕ ਮੰਗਲ ਸਿੰਘ ਦੀ ਵੀ ਇਹੀ ਕਹਾਣੀ ਹੈ। ਸੈਨਿਕ ਮੰਗਲ ਸਿੰਘ ਵੀ 1971 ਦੀ ਭਾਰਤ-ਪਾਕਿਸਤਾਨ ਜੰਗ 'ਚ ਪਾਕਿਸਤਾਨੀ ਫੌਜ ਵਲੋਂ ਗ੍ਰਿਫਤਾਰ ਕਰ ਲਿਆ ਗਿਆ ਸੀ ਪਰ ਉਸ ਦੇ ਜ਼ਿੰਦਾ ਹੋਣ ਦੇ ਸਬੂਤ ਪਾਕਿਸਤਾਨੀ ਅਖਬਾਰਾਂ 'ਚ ਮਿਲੇ। ਭਾਰਤ ਸਰਕਾਰ ਨੇ ਵੀ ਸੈਨਿਕ ਮੰਗਲ ਸਿੰਘ ਦਾ ਨਾਂ 54 ਲਾਪਤਾ ਜੰਗੀ ਕੈਦੀਆਂ ਦੀ ਸੂਚੀ ਵਿਚ ਪਾ ਦਿੱਤਾ ਪਰ ਪਾਕਿਸਤਾਨ ਨੇ ਅੱਜ ਤੱਕ ਮੰਗਲ ਸਿੰਘ ਨੂੰ ਰਿਹਾਅ ਨਹੀਂ ਕੀਤਾ। ਮੰਗਲ ਸਿੰਘ ਦਾ ਪਰਿਵਾਰ ਵੀ ਇਹੀ ਮੰਨਦਾ ਹੈ ਕਿ ਮੰਗਲ ਸਿੰਘ ਜ਼ਿੰਦਾ ਹੈ। ਮੰਗਲ ਸਿੰਘ ਦਾ ਪੁੱਤਰ ਟੈਕਸੀ ਚਲਾ ਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰ ਰਿਹਾ ਹੈ ਪਰ ਸਰਕਾਰ ਵਲੋਂ ਇਸ ਪਰਿਵਾਰ ਨੂੰ ਕੋਈ ਵਿਸ਼ੇਸ਼ ਸਹੂਲਤ ਨਹੀਂ ਦਿੱਤੀ ਗਈ ਹੈ। ਮੰਗਲ ਸਿੰਘ ਦੇ ਪਰਿਵਾਰ ਨੇ ਵੀ ਉਨ੍ਹਾਂ ਦੀ ਅੰਤਿਮ ਕਿਰਿਆ ਜਾਂ ਮਰਨ ਉਪਰੰਤ ਕਿਸੇ ਤਰ੍ਹਾਂ ਦੇ ਧਾਰਮਕ ਰੀਤੀ-ਰਿਵਾਜ ਪੂਰੇ ਨਹੀਂ ਕੀਤੇ ਹਨ ਅਤੇ ਇਸ ਉਮੀਦ ਵਿਚ ਹਨ ਕਿ ਮੰਗਲ ਸਿੰਘ ਇਕ ਦਿਨ ਆਪਣੇ ਵਤਨ ਪਰਤ ਆਉਣਗੇ।
ਬੀ. ਐੱਸ. ਐੱਫ. ਕਾਂਸਟੇਬਲ ਸੁਰਜੀਤ ਸਿੰਘ ਵੀ 52 ਸਾਲਾਂ ਤੋਂ ਪਾਕਿਸਤਾਨ ਦੀ ਜੇਲ 'ਚ
ਭਾਰਤੀ ਫੌਜ ਹੀ ਨਹੀਂ ਸਗੋਂ ਬੀ. ਐੱਸ. ਐੱਫ. ਨੇ ਵੀ ਭਾਰਤ-ਪਾਕਿਸਤਾਨ ਜੰਗ ਦੌਰਾਨ ਪਾਕਿਸਤਾਨ ਦੇ ਦੰਦ ਖੱਟੇ ਕੀਤੇ ਸਨ। ਬੀ. ਐੱਸ. ਐੱਫ. ਦੇ ਕਾਂਸਟੇਬਲ ਸੁਰਜੀਤ ਸਿੰਘ ਨੇ 1965 ਦੀ ਭਾਰਤ-ਪਾਕਿ ਜੰਗ ਦੌਰਾਨ ਦੁਸ਼ਮਣ ਦੇ ਨਾਲ ਲੋਹਾ ਲਿਆ ਅਤੇ ਪਾਕਿਸਤਾਨੀ ਫੌਜ ਵਲੋਂ ਗ੍ਰਿਫਤਾਰ ਕਰ ਲਏ ਗਏ ਪਰ 52 ਸਾਲ ਲੰਘਣ ਦੇ ਬਾਅਦ ਵੀ ਪਾਕਿਸਤਾਨ ਨੇ ਉਨ੍ਹਾਂ ਨੂੰ ਰਿਹਾਅ ਨਹੀਂ ਕੀਤਾ ਹੈ। ਪਾਕਿਸਤਾਨ ਦੀ ਜੇਲ 'ਚ 24 ਸਾਲ ਦੀ ਸਜ਼ਾ ਕੱਟਣ ਬਾਅਦ ਰਿਹਾਅ ਹੋ ਕੇ ਆਏ ਜਾਸੂਸ ਗੋਪਾਲ ਦਾਸ ਨੇ ਵੀ ਪੁਸ਼ਟੀ ਕੀਤੀ ਸੀ ਕਿ ਸੁਰਜੀਤ ਸਿੰਘ ਨੂੰ ਪਾਕਿਸਤਾਨ ਦੀ ਕਿਹੜੀ ਜੇਲ ਵਿਚ ਰੱਖਿਆ ਗਿਆ ਹੈ। ਸਮੇਂ-ਸਮੇਂ 'ਤੇ ਪਾਕਿਸਤਾਨ ਦੀਆਂ ਜੇਲਾਂ ਤੋਂ ਰਿਹਾਅ ਹੋ ਕੇ ਆਏ ਜਾਸੂਸਾਂ ਨੇ ਸੁਰਜੀਤ ਸਿੰਘ ਦੇ ਜ਼ਿੰਦਾ ਹੋਣ ਦੀ ਗੱਲ ਕੀਤੀ ਪਰ ਸੁਰਜੀਤ ਸਿੰਘ ਨੂੰ ਪਾਕਿਸਤਾਨ ਨੇ ਅੱਜ ਤੱਕ ਰਿਹਾਅ ਨਹੀਂ ਕੀਤਾ। ਸੁਰਜੀਤ ਸਿੰਘ ਦਾ ਪਰਿਵਾਰ ਵੀ ਉਨ੍ਹਾਂ ਦਾ ਅਭਿਨੰਦਨ ਕਰਨ ਲਈ ਤੜਫ਼ ਰਿਹਾ ਹੈ।
ਪਾਕਿਸਤਾਨ ਦੀ ਸਾਬਕਾ ਪ੍ਰਧਾਨ ਮੰਤਰੀ ਬੇਨਜ਼ੀਰ ਨੇ ਵੀ ਆਪਣੀ ਕਿਤਾਬ 'ਚ ਕੀਤੀ ਸੀ ਪੁਸ਼ਟੀ
ਪਾਕਿਸਤਾਨ ਦੀ ਸਾਬਕਾ ਪ੍ਰਧਾਨ ਮੰਤਰੀ ਬੇਨਜ਼ੀਰ ਭੁੱਟੋ ਨੇ ਵੀ ਆਪਣੀ ਕਿਤਾਬ 'ਚ ਭਾਰਤੀ ਸੈਨਿਕਾਂ ਦੇ ਜ਼ਿੰਦਾ ਹੋਣ ਦੀ ਪੁਸ਼ਟੀ ਕੀਤੀ ਸੀ। ਬੇਨਜ਼ੀਰ ਦੇ ਪਿਤਾ ਨੂੰ ਜਦੋਂ ਜੇਲ 'ਚ ਪਾ ਦਿੱਤਾ ਗਿਆ ਸੀ ਤਾਂ ਉਨ੍ਹਾਂ ਨੂੰ ਜੇਲ 'ਚ ਭਾਰਤੀ ਸੈਨਿਕਾਂ ਦੀਆਂ ਚੀਕਣ ਦੀਆਂ ਆਵਾਜ਼ਾਂ ਆਉਂਦੀਆਂ ਸਨ। ਬੇਨਜ਼ੀਰ ਨੇ ਇੱਥੋਂ ਤੱਕ ਕਿਹਾ ਸੀ ਕਿ ਜ਼ਿਆਦਾਤਰ ਭਾਰਤੀ ਫੌਜੀ ਪਾਗਲ ਹੋ ਚੁੱਕੇ ਹਨ।
ਮੁੱਖ ਮੰਤਰੀ ਕੈਪ. ਅਮਰਿੰਦਰ ਸਿੰਘ ਨੇ ਵੀ ਕੀਤੀ ਹੈ ਜੰਗੀ ਕੈਦੀਆਂ ਨੂੰ ਰਿਹਾਅ ਕਰਨ ਦੀ ਮੰਗ
ਪੰਜਾਬ ਦੇ ਮੁੱਖ ਮੰਤਰੀ ਕੈਪ. ਅਮਰਿੰਦਰ ਸਿੰਘ ਇਕ ਉੱਚ ਨੇਤਾ ਹੀ ਨਹੀਂ, ਸਗੋਂ ਇਕ ਫੌਜੀ ਅਧਿਕਾਰੀ ਵੀ ਰਹੇ ਹਨ ਅਤੇ ਉਹ ਵੀ ਪਾਕਿਸਤਾਨ ਦੀਆਂ ਜੇਲਾਂ 'ਚ ਕੈਦ 54 ਭਾਰਤੀ ਜੰਗੀ ਕੈਦੀਆਂ ਦੀ ਰਿਹਾਈ ਕਰਨ ਦੀ ਮੰਗ ਕਰਦੇ ਰਹੇ ਹਨ। ਵਿੰਗ ਕਮਾਂਡਰ ਅਭਿਨੰਦਨ ਦੀ ਰਿਹਾਈ ਦੇ ਦਿਨ ਵੀ ਕੈਪਟਨ ਨੇ ਜੰਗੀ ਕੈਦੀਆਂ ਨੂੰ ਰਿਹਾਅ ਕਰਵਾਉਣ ਲਈ ਕੇਂਦਰ ਸਰਕਾਰ ਤੋਂ ਅਪੀਲ ਕੀਤੀ ਹੈ।
ਤੇਜ਼ ਰਫਤਾਰ ਬਸ ਦਾ ਕਹਿਰ, ਸੈਰ ਕਰ ਰਹੇ ਵਿਅਕਤੀ ਨੂੰ ਦਰੜਿਆ
NEXT STORY